ਬਾਦਲ:-
ਸੀਟੀ ਮਾਰ ਕੇ ਬੁਲਾਉਣੋਂ ਹਟਜਾ
ਵੇ ਸਾਨੂੰ ਰੋਜ਼ ਦਾ ਸਤਾਉਣੋਂ ਹਟਜਾ।
ਗੱਗਬਾਣੀ
ਤੂੰ ਵੀ ਨਸ਼ੇ ਵਰਤਾਉਣੋਂ ਹਟ ਜਾ
ਸਾਨੂੰ ਕੁੱਟਣੋਂ-ਕੁਟਾਉਣੋਂ ਹਟ ਜਾਹ।
ਬਾਦਲ
ਅੱਜ ਨੀਲੀ ਬੰਨ੍ਹ ਲਈ ਕੱਲ੍ਹ ਬੰਨ੍ਹਦਾ ਸੀ ਕਾਲ਼ੀ
ਤੈਨੂੰ ਦੇ ਦਈਏ ਸਿਰੌਪਾ, ਆਜਾ ਬਣਜਾ ਅਕਾਲੀ
ਵੱਟ ਮੁੱਛਾਂ ਨੂੰ ਚੜ੍ਹਾਉਣੋਂ ਹਟ ਜਾ,
ਵੇ ਨਾਲੇ ਲਿਖਣੋਂ ਲਿਖਾਉਣੋਂ ਹਟ ਜਾਹ
ਗੱਗ-ਬਾਣੀ
ਲੁੱਟ ਖਾ ਲਿਆ ਪੰਜਾਬ ਤੁਸਾਂ ਮਿਲ ਕੇ ਜਨਾਬ
ਅਸੀਂ ਮੰਗੀਏ ਜੇ ਹੱਕ ਸਾਨੂੰ ਮਿਲਦਾ ਜਵਾਬ
ਫੂਕ ਪੰਥ ਦੀ ਛਕਾਉਣੋਂ ਹਟ ਜਾਹ
ਕੈਲੀਫੋਰਨੀ ਦਿਖਾਉਣੋਂ ਹਟ ਜਾਹ।
ਬਾਦਲ
ਆਈਂ ਆਈਂ ਵੇ ਮਲੂਕੇ, ਏਹਨੂੰ ਦੇਈਏ ਕੇਰਾਂ ਗੱਫੇ
ਇਹ ਜਾਤ ਦੀ ਐ ਕਿਰਲੀ ਸ਼ਤੀਰਾਂ ਤਾਈਂ ਜੱਫੇ
ਸਾਨੂੰ ਸ਼ੀਸ਼ਾ ਤੂੰ ਦਿਖਾਉਣੋਂ ਹਟ ਜਾਹ
ਵੱਟੇ ਬੇੜੀਆਂ 'ਚ ਪਾਉਣੋਂ ਹਟ ਜਾਹ।
ਗੱਗ-ਬਾਣੀ
ਤੈਨੂੰ ਪਤਾ ਨਹੀਂ ਪਜਾਮੇ 'ਚ ਇਲਾਸਟਿਕ ਆਉਂਦਾ
ਨਾਲ਼ਾ ਬੰਨ੍ਹਣੇ ਨੂੰ ਬਾਦਲਾ ਤੂੰ ਇੱਕ ਘੰਟਾ ਲਾਉਂਦਾ
ਸਾਨੂੰ ਮੂਰਖ ਬਣਾਉਣੋਂ ਹਟ ਜਾਹ
ਸੁੱਖਾ ਗੋਦੀ 'ਚ ਖਿਡਾਉਣੋਂ ਹਟ ਜਾਹ।
ਬਾਦਲ
ਤੇਰਾ ਕਰਨਾ ਹੀ ਪੈਣਾ ਏ ਇਲਾਜ ਸਾਨੂੰ ਪੱਕਾ
ਕਿਤੇ ਟੈਂਕੀ ਉੱਤੇ ਚੜ੍ਹ, ਤੈਨੂੰ ਦੇਈਏ ਉੱਤੋਂ ਧੱਕਾ
ਐਵੇਂ ਹਵਾ ਜਿਹੀ ਕਰਾਉਣੋਂ ਹਟ ਜਾਹ
ਸਾਡੇ ਜੜ੍ਹੀਂ ਤੇਲ ਪਾਉਣੋਂ ਹਟ ਜਾਹ।
ਗੱਗਬਾਣੀ
ਅਸੀਂ ਹਟਦੇ ਨ੍ਹੀਂ ਗੋਰਿਆਂ ਵੀ ਬੜਾ ਜ਼ੋਰ ਲਾਇਆ
ਸਾਨੂੰ ਪਤਾ ਏ ਤੂੰ ਚੌਰਿਆ ਵੇ ਕੀਹਦੀ ਮਾਂ ਦਾ ਜਾਇਆ
ਐਵੇਂ ਮੂਰਖ ਬਣਾਉਣੋਂ ਹਟ ਜਾਹ
ਅੰਬ ਕਿੱਕਰਾਂ ਨੂੰ ਲਾਉਣੋਂ ਹਟ ਜਾਹ।
ਬਾਦਲ
ਨੋਟ ਕਰਦੇ ਆਂ ਜਿਨ੍ਹਾਂ ਦੇ ਕਮੈਂਟ ਤੈਨੂੰ ਆਉਂਦੇ
ਸਿੱਧੇ ਕਰ ਦੇਣੇ ਜਿਹੜੇ ਤੈਨੂੰ ਫੂਕ ਨੇ ਛਕਾਉਂਦੇ
ਵਲ਼ ਯਾਰਾਂ ਦੇ ਕਢਾਉਣੋਂ ਹਟ ਜਾਹ
ਐਵੇਂ ਪੀਪਨੀ ਵਜਾਉਣੋਂ ਹਟ ਜਾਹ।
ਗੱਗਬਾਣੀ
ਤੈਨੂੰ ਖੁਰਕ ਵੀ ਹੋਵੇ, ਅਮਰੀਕਾ ਨੂੰ ਉਡਾਰੀ
ਸਾਡੇ ਖੰਘ-ਖੰਘ ਮਰ ਜਾਂਦੇ ਕੇਹੀ ਹੁਸ਼ਿਆਰੀ
ਲਾ ਕੇ ਅੱਗ ਤੇਲ ਪਾਉਣੋਂ ਹਟ ਜਾਹ
ਤੇ ਨਾਲ਼ੇ ਆਪੇ ਰੌਲ਼ਾ ਪਾਉਣੋਂ ਹਟ ਜਾਹ।
ਬਾਦਲ
ਤੂੰ ਨਹੀਂ ਹਟਦਾ ਇਲਾਜ ਤੇਰਾ ਕਰਨਾ ਹੀ ਪੈਣਾ
ਕਿਸੇ ਬੱਸ-ਗੱਡੀ ਹੇਠ੍ਹ ਤੈਨੂੰ ਮਰਨਾ ਹੀ ਪੈਣਾ
ਐਵੇਂ ਲੋਕਾਂ ਨੂੰ ਜਗਾਉਣੋਂ ਹਟ ਜਾਹ
ਸਿੱਧੇ ਰਾਹ ਉੱਤੇ ਪਾਉਣੋਂ ਹਟ ਜਾਹ।
ਗੱਗਬਾਣੀ
ਹੁੰਦਾ ਮੌਤ ਦਾ ਜੇ ਡਰ ਤਾਂ ਕਦੋਂ ਦੇ ਟਿਕ ਜਾਂਦੇ
ਰਾਮੂਵਾਲੀਏ ਦੇ ਵਾਂਗ ਸਣੇ ਟੱਬਰ ਵਿਕ ਜਾਂਦੇ
ਇਹ ਨਹੀਂ ਸੱਚੀਆਂ ਸੁਣਾਉਣੋਂ ਹਟਦਾ
ਇਹ ਨਹੀਂ ਪੀਪਨੀ ਵਜਾਉਣੋਂ ਹਟਦਾ
ਤੂੰ ਹੀ "ਮੁਰਲੀ" ਵਜਾਉਣੋਂ ਹਟ ਜਾਹ
ਤੇ ਨਾਲੇ ਸੇਵਾ-ਸੇਵਾ ਗਾਉਣੋਂ ਹਟ ਜਾਹ।।
No comments:
Post a Comment