Tuesday, 15 April 2014

ਮਸਲਾ ਰੋਟੀ ਦਾ...

ਜੀਅ ਕਰਦਾ ਮੈਂ ਸਿੰਗਰ ਬਣਜਾਂ
ਮਿੱਸ ਪੂਜਾ ਨਾਲ ਜੋੜੀ
ਅਪਣੇ ਗਲ਼ ਵਿੱਚ ਸਰਸਵਤੀ ਹੈ
ਬਹੁਤੀ ਨਹੀਂ ਤਾਂ ਥੋੜ੍ਹੀ
ਸ਼੍ਰੀ ਦੇਵੀ ਦੀਆਂ ਭੇਟਾਂ ਗਾਵਾਂ, ਬਾਦਲ ਸਾਹਬ ਦੀ ਘੋੜੀ
ਮਸਲਾ ਰੋਟੀ ਦਾ, ਬਹੁੜੀਂ ਰੱਬਾ ਬਹੁੜੀਂ, ਮਸਲਾ ਰੋਟੀ ਦਾ।

ਜਾਂ ਫਿਰ ਬਣਜਾਂ ਪਾਠੀ ਰਾਗੀ
ਮੂਰਖ ਲੋਕ ਬਣਾਵਾਂ
ਇਤਿਹਾਸ ਦੇ ਵਿੱਚ ਮਿਥਿਹਾਸ ਰਲ਼ਾ ਕੇ
ਕੋਲੋਂ ਘੜ ਸੁਣਾਵਾਂ
ਸੂਰਜ ਮੂੰਹ ਵਿੱਚ ਪੈਂਦਾ ਦੱਸਾਂ, ਚੰਨਾ ਨੂੰ ਲੱਗਦੀ ਪੌੜੀ
ਮਸਲਾ ਰੋਟੀ ਦਾ, ਬਹੁੜੀਂ ਰੱਬਾ ਬਹੁੜੀਂ, ਮਸਲਾ ਰੋਟੀ ਦਾ।

ਮੱਥੇ ਉੱਤੇ ਤਿਲਕ ਲਗਾ ਕੇ
ਗਲ਼ ਵਿੱਚ ਧਾਗਾ ਪਾਕੇ
ਰਾਮ ਦੇਵ ਦੀ ਫੋਟੋ ਉੱਤੇ
ਆਸਾ ਰਾਮ ਚੜ੍ਹਾ ਕੇ
ਨਿਰਮਲ ਬਾਬੇ ਵਾਂਗੂੰ ਦੇ ਕੇ ਕਿਰਪਾ ਜਾਵਾਂ ਤੋਰੀ
ਮਸਲਾ ਰੋਟੀ ਦਾ, ਬਹੁੜੀਂ ਰੱਬਾ ਬਹੁੜੀਂ, ਮਸਲਾ ਰੋਟੀ ਦਾ।

ਜਾਂ ਬਣ ਜਾਵਾਂ ਲੀਡਰ ਲੂਡਰ
ਦੇਸ਼ਭਗਤ ਸਦਵਾਵਾਂ
ਚਿੱਟੇ ਕੱਪੜਿਆਂ ਹੇਠ੍ਹ ਕਾਲੀਆਂ
ਕਰਤੂਤਾਂ ਲੁਕਾਵਾਂ
ਹਾਥੀਆਂ ਉੱਤੇ ਮਾਇਆ ਵੇਖਿਓ ਕਿਵੇਂ ਆਉਂਦੀ ਐ ਦੌੜੀ
ਮਸਲਾ ਰੋਟੀ ਦਾ, ਬਹੁੜੀਂ ਰੱਬਾ ਬਹੁੜੀਂ, ਮਸਲਾ ਰੋਟੀ ਦਾ।

# ਗੱਗਬਾਣੀ ਵਿੱਚ ਲਿਖਿਆ ਹੋਇਆ
ਜੇਕਰ ਜਿਉਂਦੇ ਰਹਿਣਾ
ਫਾਕੇ-ਭੋਖੜੇ ਕੱਟਣੇ ਪੈਣੇ
ਕੁੰਦਨ ਬਣਨਾ ਪੈਣਾ
ਭਗਤ ਸਿੰਘ ਸੁਖਦੇਵ, ਰਾਜਗੁਰੂ, ਗੱਡ ਕੇ ਤੁਰ ਗਏ ਮੋਹੜੀ
ਗੱਲ ਤਾਂ ਇੱਕੋ ਈ ਐ, ਕੀ ਕਾਲ਼ੀ ਕੀ ਗੋਰੀ, ਗੱਲ ਤਾਂ ਇੱਕੋ ਈ ਐ।

No comments:

Post a Comment