Tuesday, 29 April 2014

ਆਜਾ ਮੇਰੇ ਦੇਸ਼ ਦੀ ਨੁਹਾਰ ਵੇਖ ਲੈ

ਆਜਾ ਮੇਰੇ ਦੇਸ਼ ਦੀ ਨੁਹਾਰ ਵੇਖ ਲੈ
ਰਾਜਧਾਨੀ ਵਿੱਚ ਬਲਾਤਕਾਰ ਵੇਖ ਲੈ

ਗੋਦੀ ਚੁੱਕ ਪਿਆਉਂਦੀ ਫਿਰੇ ਨਿੱਪਲ ਦੇ ਨਾਲ
ਗੁੰਡਿਆਂ ਨੂੰ ਦੁੱਧ ਸਰਕਾਰ ਵੇਖ ਲੈ

ਅਪਣੀਆਂ ਤ੍ਰੀਮਤਾਂ ਦੇ ਪੱਟਾਂ ਦੀ ਗੋਲਾਈ
ਲੋਕਾਂ ਨੂੰ ਵਿਖਾਉਂਦੇ ਕਲਾਕਾਰ ਵੇਖ ਲੈ

ਰਾਣਾ ਗੁਰਜੀਤ ਤੇ ਮਜੀਠੀਆ ਕੀ ਭਿੜੇ
ਅੰਨ੍ਹਾ-ਬੋਲ਼ਾ ਹੋਇਆ ਅਟਵਾਲ ਵੇਖ ਲੈ

ਚੁੰਨੀਆਂ ਨੂੰ ਕਹਿਣ ਤੁਸਾਂ ਸਿਰਾਂ ਤੇ ਹੀ ਰਹਿਣਾ
ਖੁਦ ਪੈਰੀਂ ਰੋਲ ਦੇਣ ਦਸਤਾਰ ਵੇਖ ਲੈ

ਧਿਆਨ ਪਾਸੇ ਲਾਉਣਾ ਜਾਂ ਫੇ ਬੇਹੋਸ਼ ਨੀਮ ਹੋਣਾ
ਚੈਨਲਾਂ ਦੇ ਉੱਤੇ ਲੜੀਵਾਰ ਵੇਖ ਲੈ

ਦਿੱਲੀ ਨੂੰ ਕੀ ਦੋਸ਼ ਦਿੰਦੇ ਓ ਪੰਜਾਬ ਵਾਲਿਓ
ਏਥੇ ਕਿਹੜਾ ਘੱਟ ਮਾਰੋਮਾਰ ਵੇਖ ਲੈ

ਧਰਮ ਦੇ ਨਾਂ ਤੇ ਲੁੱਟ ਹੋਣ ਲੱਗੇ ਲੋਕ ਜਦੋਂ
ਹੁੰਦੀ ਮਨੁੱਖਤਾ ਉਦੋਂ ਤੋਂ ਤਾਰ-ਤਾਰ ਵੇਖ ਲੈ

'ਗੱਗ-ਬਾਣੀ' ਨੂੰ ਤਾਂ ਐਵੇਂ ਭੰਡਦੇ ਨੇ ਲੋਕ
ਭਾਵੇਂ ਸ਼ੀਸ਼ਾ ਵੇਖਲੈ ਤੇ ਭਾਵੇਂ ਸਾਰ ਵੇਖ ਲੈ

ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ
ਆਜਾ ਮੇਰੇ ਦੇਸ਼ ਦੀ ਨੁਹਾਰ ਵੇਖ ਲੈ...।

No comments:

Post a Comment