Tuesday, 29 April 2014

ਬੇ-ਦਾਅਵਾ ਏਦਾਂ ਹੀ ਨਹੀਂ ਲਿਖਿਆ ਜਾਂਦੈ...



ਮੈਂ ਕਿਤਾਬਾਂ ਨਹੀਂ ਪੜ੍ਹੀਆਂ
ਮੈਂ ਉਨ੍ਹਾਂ ਖਰੜਿਆਂ ਨੂੰ
ਮੱਥਾ ਹੀ ਟੇਕ ਦਿੱਤਾ
ਜਿਨ੍ਹਾਂ ਨੂੰ ਸੋਧਣ ਦੀ
ਗੱਲ ਕਰਨ ਵਾਲੇ ਨੂੰ
ਸੋਧੇ ਜਾਣ ਦੇ
ਫਤਵੇ ਜਾਰੀ ਹੁੰਦੇ ਨੇ।

ਮੈਂ ਕਿਤਾਬਾਂ ਨਹੀਂ ਪੜ੍ਹੀਆਂ
ਕੁੱਝ ਚਿਹਰੇ ਪੜ੍ਹੇ ਹਨ
ਅੱਥਰੂਆਂ ਵਿੱਚ ਲੁਕੇ
ਸਵਾਲ ਪੜ੍ਹੇ ਹਨ
ਉਨ੍ਹਾਂ ਦੇ ਭਵਿੱਖ ਤੇ ਲੱਗਿਆ
ਪ੍ਰਸ਼ਨਚਿੰਨ੍ਹ ਪੜ੍ਹਿਆ ਹੈ।

ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ
ਕਿ ਚੌਪੜੀ
ਬੇਗਾਨਿਆਂ ਨੂੰ ਹੀ ਕਿਉਂ ਨਸੀਬ ਹੁੰਦੀ ਹੈ।

ਭਾਈ ਲਾਲੋ ਦੇ ਹਿੱਸੇ ਦਾ
ਨਾਨਕ
ਮਲਿਕ ਭਾਗੋਆਂ ਦਾ
ਕੈਦੀ ਕਿਵੇਂ ਹੋ ਗਿਆ।

ਲੱਤਾਂ ਵਿੰਗੀਆਂ ਕਰ ਲੈਣ ਤੋਂ ਬਾਅਦ ਵੀ
ਚਾਦਰ
ਛੋਟੀ ਹੀ ਕਿਉਂ ਰਹਿ ਜਾਂਦੀ ਹੈ।

ਮੁਗਲਾਂ ਨਾਲ ਟੱਕਰ ਲੈਣ ਵਾਲਾ
ਗੋਬਿੰਦ
ਕਿਹੜੀ ਮਿੱਟੀ ਦਾ ਬਣਿਆ ਸੀ।

ਭਾਈ ਘਨੱਈਏ ਦੀ
ਜ਼ਾਤ ਕੀ ਸੀ।
ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ।

ਔਰੰਗਜ਼ੇਬ ਨੂੰ ਸਿਰੌਪਾ
ਜਨਰਲ ਡਾਇਰ ਨੂੰ ਦੋ-ਸ਼ਾਲਾ
ਬਾਦਲ ਨੂੰ ਫਖ਼ਰ-ਏ-ਕੌਮ
ਕੀਹਦੇ ਸਿਰ ਤੋਂ
ਧੜ ਅਲੱਗ ਕਰ ਕੇ ਦਿੱਤਾ ਗਿਆ
ਮੈਨੂੰ ਕਿਸੇ ਨੇ
ਦੱਸਿਆ ਹੀ ਨਹੀਂ।

ਮੈਂ ਕਿਤਾਬਾਂ ਨਹੀਂ ਪੜ੍ਹੀਆਂ
ਕੁੱਝ ਚਿਹਰੇ ਪੜ੍ਹੇ ਹਨ
ਜੋ ਪੁੱਛਦੇ ਹਨ
ਕਿ ਗੋਬਿੰਦ ਕਿਨ੍ਹਾਂ ਲਈ
ਕੁਰਬਾਨ ਹੋਇਆ ਸੀ।

ਕਿ ਨਾਨਕ
ਪੰਜਵੀ ਉਦਾਸੀ ਤੋਂ
ਕਿਉਂ ਨਹੀਂ ਮੁੜਿਆ।

ਕਿ ਉਹ ਸਰੋਵਰ ਕਿਹੜਾ ਸੀ
ਜਿੱਥੇ ਕਾਗਾਂ ਨੇ
ਹੰਸਾਂ ਦਾ ਰੂਪ ਧਾਰ ਕੇ
ਚਿੜੀਆਂ ਦੇ ਆਂਡੇ ਖਾਣ ਦੀ
ਰਸਮ ਤੋਰੀ ਸੀ।

ਮੈਂ ਕੁੱਝ ਚਿਹਰੇ ਪੜ੍ਹੇ ਨੇ
ਜੋ ਕਹਿੰਦੇ ਨੇ
ਕਿ ਤੱਤੀ ਤਵੀ ਤੇ
ਬੈਠਣ ਵਾਲੀ ਕੌਮ ਨੂੰ
ਆਰਿਆਂ ਤੇ
ਚਿਰਾਏ ਜਾਣ ਵਾਲੀ ਕੌਮ ਨੂੰ
ਨੀਹਾਂ ਵਿੱਚ
ਚਿਣੇ ਜਾਣ ਵਾਲੀ ਕੌਮ ਨੂੰ
ਬੰਦ-ਬੰਦ ਕਟਵਾ ਕੇ
ਸੀ ਤੱਕ ਨਾ ਕਰਨ ਵਾਲੀ ਕੌਮ ਨੂੰ
ਭਾਣਾ ਮੰਨਣ ਦੀ ਅਫੀਮ
ਕਿਹੜੇ ਗੁਰੂ ਨੇ ਦਿੱਤੀ ਸੀ?

ਮੈਂ ਕਿਤਾਬਾਂ ਨਹੀਂ ਪੜ੍ਹੀਆਂ
ਪਰ ਮੈਨੂੰ ਪਤਾ ਹੈ
ਬੇ-ਦਾਅਵਾ
ਏਦਾਂ ਹੀ ਨਹੀਂ ਲਿਖਿਆ ਜਾਂਦੈ।

ਉਮੀਦ ਦੇ ਮਰ ਜਾਣ ਤੋਂ ਬਾਅਦ
ਅੰਗੂਠਾ
ਸਭ ਤੋਂ ਪਹਿਲਾਂ
ਅਪਣੀ ਹੀ ਸੰਘੀ ਤੇ ਲੱਗਦਾ ਹੈ।

ਸਮੁੰਦਰੋਂ ਪਾਰ
ਬੇਗਾਨੇ ਮੁਲਕ
ਬੇਗਾਨਗੀ ਦਾ ਅਹਿਸਾਸ
ਮੈਨੂੰ ਪਤੈ
ਸਭ ਤੋਂ ਖਤਰਨਾਕ ਨਹੀਂ ਹੁੰਦਾ।

ਪਰ ਮਿੱਟੀ ਦਾ ਮੋਹ
ਅਪਣੇ ਮੁਲਕ ਨਾਲ
ਅਤੇ ਅਪਣੇ ਦੁਸ਼ਮਣਾਂ ਨਾਲ ਵੀ
ਕੋਈ ਰਿਸ਼ਤਾ ਗੰਢ ਕੇ ਰੱਖਦਾ ਹੈ
ਮੈਨੂੰ ਪਤਾ ਹੈ।

ਮੈਂ ਕਿਤਾਬਾਂ ਨਹੀਂ ਪੜ੍ਹੀਆਂ
ਪਰ
ਜੇ ਕਿਤਾਬਾਂ ਹੀ ਮੈਨੂੰ ਪੜ੍ਹ ਲੈਂਦੀਆਂ
ਤਾਂ ਮੇਰੇ ਹੱਥ ਵਿੱਚ
ਬੰਦੂਕ ਨਹੀਂ ਸੀ ਹੋਣੀ
ਸਲਫਾਸ ਨਹੀਂ ਸੀ ਹੋਣੀ
ਵਰਤਮਾਨ ਹੋਣਾ ਸੀ।
 

No comments:

Post a Comment