Saturday, 12 April 2014

"ਫਖਰ-ਏ-ਪੰਜਾਬ" ਕਵੀ ਐਵਾਰਡ ....

ਅਪਣੀ ਜ਼ਿੰਦਗ਼ੀ ਦੀ
ਸਭ ਤੋਂ ਖੂਬਸੂਰਤ ਕਵਿਤਾ
ਕੰਪਿਊਟਰ ਦੇ ਵਰਕਿਆਂ ਤੇ
ਉਤਾਰ ਰਿਹਾ ਸੀ।
ਇਹ ਕਵਿਤਾ ਲਿਖਣ ਤੋਂ ਬਾਅਦ
ਮੈਨੂੰ ਮਿਲ ਜਾਣਾ ਸੀ
"ਫਖਰ-ਏ-ਪੰਜਾਬ"
ਤੇ ਨਾਲ ਦੁਸ਼ਾਲਾ
ਜਾਂ ਸਿਰੌਪਾ।

ਤੇ ਸਰਕਾਰੇ ਦਰਬਾਰੇ
ਸਾਡੀਆਂ ਵੀ ਚੱਪਲਾਂ ਤੇ
ਲਿਸ਼ਕਦੇ ਬੂਟਾਂ ਵਾਲਿਆਂ ਨੇ
ਜੈ ਹਿੰਦ ਲਿਖ ਦੇਣਾ ਸੀ।

ਲਿਖਣ ਲੱਗਿਆ ਸੀ
ਪੰਜ ਦਰਿਆਵਾਂ ਦੀ ਧਰਤੀ ਪੰਜਾਬ
ਸੁਖਬੀਰ ਦੀ ਅਗਵਾਈ ਵਿੱਚ
ਤਰੱਕੀ ਦੀਆਂ ਸਿਖਰਾਂ ਛੋਹ ਰਹੀ ਹੈ।

ਲਿਖਣ ਲੱਗਿਆ ਸੀ
ਪਹਿਲੀ ਵਾਰ ਲਿਖਣ ਲੱਗਿਆ ਸੀ
ਬਾਦਲ ਦਾ ਗੁਣਗਾਨ
ਉਹ ਹੈ ਮਹਾਨ ਇਨਸਾਨ
ਜਿਵੇਂ ਆਖਦੈ ਹਰਭਜਨ ਮਾਨ।

ਮੈਂ ਵੀ ਅਪਣੇ ਖਾਲੀ ਖੀਸਿਆਂ ਨੂੰ ਮੁੱਖ ਰੱਖ ਕੇ
ਲਿਖਣ ਲੱਗਿਆ ਸੀ
ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ
ਸਾਹਿਬ-ਏ-ਆਲਾ
ਪੰਜਾਬੀਆਂ ਦਾ ਰੱਬ
ਜਿਸਦੀ ਦਾਹੜੀ ਬੜੀ ਸੋਹਣੀ ਹੈ
ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਲਈ
ਹਰ ਸਮੇਂ ਪੱਗ ਬੰਨ੍ਹ ਕੇ ਰੱਖਦਾ ਹੈ।

ਬੇਸ਼ੱਕ ਹਸਪਤਾਲ ਵਿੱਚ
ਡਾਕਟਰਾਂ ਦੀ ਕਮੀ ਕਾਰਣ
ਗਰਭਵਤੀ ਔਰਤਾਂ ਨੂੰ
ਫੱਟੜ ਮਰੀਜ਼ਾਂ ਨੂੰ
ਰੱਬ ਹੀ ਬਚਾਉਂਦਾ ਹੈ
ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ
ਕੱਲ੍ਹੇ ਕੱਲ੍ਹੇ ਨੂੰ
108 ਵਿੱਚ ਲੱਦ ਕੇ
ਹਸਪਤਾਲ ਆਪ ਛੱਡਣ ਜਾਂਦਾ ਹੈ।

ਸਰਕਾਰੀ ਸਕੂਲਾਂ ਦੇ ਜੁਆਕ
ਬਾਦਲ ਸਾਹਬ ਦੇ ਗੁਣ ਗਾਉਂਦੇ ਨੇ
ਜਿਨ੍ਹਾਂ ਦੇ ਸਕੂਲ
ਬਗੈਰ ਮਾਸਟਰਾਂ ਚੱਲੀ ਜਾਂਦੇ ਨੇ
ਤੇ ਜੀਹਨੂੰ ਬਾਪੂ ਦਾ ਨਾਂ ਲਿਖਣਾ ਵੀ ਨਹੀਂ ਆਉਂਦਾ
ਅੱਠ ਤਾਂ ਚੁਟਕੀ ਨਾਲ ਕਰ ਜਾਂਦੇ ਨੇ।

ਲਿਖਣ ਲੱਗਿਆ ਸੀ
ਬਾਦਲ ਦੇ ਰਾਜ ਵਿੱਚ
ਸਭ ਪੰਜਾਬੀਆਂ ਦਾ ਏਕਾ ਹੈ
ਪਿੰਡਾਂ ਵਿੱਚ ਚਾਰ ਚਾਰ ਗੁਰੂਦੁਆਰੇ ਨੇ
ਤੇ ਚੋਹਾਂ ਵਿਚਾਲੇ ਸਭ ਦਾ ਸਾਂਝਾ ਠੇਕਾ ਹੈ।

ਲਿਖਣ ਲੱਗਿਆ ਸੀ
ਕਿ ਹਰਸਿਮਰਤ ਚੁੰਨੀਆਂ ਵਟਾਉਂਦੀ ਹੈ
ਨੰਨ੍ਹੀਂ ਛਾਂ ਗਾਉਂਦੀ ਹੈ
ਤੇ ਕੱਲ੍ਹੀ-ਕੱਲ੍ਹੀ ਚੁੰਨੀ
ਮਲੂਕੇ ਦੇ ਦਫਤਰ ਜਮ੍ਹਾਂ ਕਰਾਉਂਦੀ ਹੈ।

ਅੰਦਰੋਂ ਹੋਊ ਕਾਣ ਬਾਹਰੋਂ
ਪੁੱਜ ਕੇ ਸੁਨੱਖੀ ਐ
ਇੰਝ ਜਾਪਦੈ ਜਿਉਂ ਸੁਖਬੀਰ ਨੇ
ਮੇਲੇ ਵਿੱਚੋਂ ਚੱਕੀ ਐ।
ਭੋਲ਼ਾ ਸੀ ਜਦੋਂ ਲਿਖਦਾ ਸੀ
ਥੁੱਕ ਲਾਈ ਜਾਂਦੇ ਐ
ਵੇਖੋ ਕਿਵੇਂ ਸੜਕਾਂ ਤੇ ਲੁੱਕ ਪਾਈ ਜਾਂਦੇ ਐ।

ਤੱਕੜੀ ਨਿਸ਼ਾਨ ਹਰ ਥਾਂ ਤੇ ਪੁਜਾ ਦਿੱਤੀ
ਖੱਡਾਂ ਵਿੱਚ ਰੇਤਾ-ਬਜਰੀ ਤੋਲਣ ਵੀ ਲਾ ਦਿੱਤੀ।

ਹਰ ਪਾਸੇ ਮਾਰੀ ਹੋਈ ਮੱਲ ਬਾਦਲ ਸਾਹਬ ਨੇ
ਕਿਹੜੀ ਏ ਜੋ ਕੀਤੀ ਨਹੀਂ ਗੱਲ ਬਾਦਲ ਸਾਹਬ ਨੇ।

ਏਨੀ ਸੋਹਣੀ ਕਵਿਤਾ ਲਿਖਕੇ
ਪਦਮਸ਼੍ਰੀ ਤਾਂ ਪੱਕਾ ਸੀ
ਬੇਸ਼ੱਕ ਮੇਰੇ ਵਲੋਂ ਮੈਂ ਨਾਲ ਧੱਕਾ ਸੀ।

ਪਰ ਜਿੱਥੇ ਜ਼ੁਲਮ ਲੋਕ ਚੁੱਪ ਚਾਪ ਸਹਿੰਦੇ ਆ
ਏਨੇ ਸੋਹਣੇ ਮੁਲਕ ਨੂੰ "ਕੈਲੀਫੋਰਨੀਆ" ਕਹਿੰਦੇ ਆ।

ਬੇੜਾ ਬਹਿ ਜਾਏ ਬਾਦਲਾਂ ਦਾ
ਸਿਰੇ ਦਿਆਂ ਪਾਗਲਾਂ ਦਾ
ਬਿਜਲੀ ਦੇ ਕੱਟ ਸਾਰੀ ਖੇਡ ਹੀ ਵਿਗਾੜ'ਤੀ
ਏਨੀ ਸੋਹਣੀ ਕਵਿਤਾ
ਨਾ ਮੁੜ ਲਿਖ ਹੋਣੀ ਕਵਿਤਾ
ਪਤਾ ਨਹੀਂ ਕਿੱਥੇ ਵਾੜ'ਤੀ।

'ਗੱਗ-ਬਾਣੀ' ਸੱਚ ਆਖਦੀ
ਬੰਜਰ ਹੋਣੋਂ ਬਚਿਆ
ਕੰਜਰਾਂ ਦੇ ਨਾਲ ਮੈਂ ਕੰਜਰ ਹੋਣੋਂ ਬਚਿਆ।

No comments:

Post a Comment