Tuesday, 29 April 2014

ਕਿਰਦਾਰ...

ਇਹ ਕੈਸੇ ਯਾਰ ਜਿਊਣੇ ਪੈ ਰਹੇ, ਦੋ-ਦੋ ਕਿਰਦਾਰ ਜਿਊਣੇ ਪੈ ਰਹੇ।
ਕਿਉਂ ਉਮਰਾਂ ਤੋਂ ਲੰਮੇ ਨੇ, ਜੋ ਇਹ ਦਿਨ ਚਾਰ ਜਿਊਣੇ ਪੈ ਰਹੇ।

ਕੀਤਾ ਨਹੀਂ ਸੀ, ਹੋ ਗਿਆ, ਪਤਾ ਨਹੀਂ ਕਿਵੇਂ, ਜਿਵੇਂ ਵੀ,
ਕਾਰਣ ਹੋਰ ਵੀ ਹੋਣੇ ਪਰ, ਕਰਕੇ ਪਿਆਰ ਜਿਊਣੇ ਪੈ ਰਹੇ।

ਪਤਾ ਲੱਗੇ, ਨਾ ਸ਼ੱਕ ਉਪਜੇ, ਉਹਦੇ ਉਸਨੂੰ, ਮੇਰੇ ਉਸਨੂੰ,
ਗੁੜ ਚੋਰੀ ਦਾ ਬੁੱਕਲ਼ ਵਿੱਚ, ਬਾ-ਹੁਸ਼ਿਆਰ ਜਿਊਣੇ ਪੈ ਰਹੇ।

ਕੋਈ ਮੇਲ ਨਾ ਮੇਲਾ, ਨਾ ਕੋਈ ਚੱਜ ਤੇ ਨਾ ਰੱਜ ਮਿਲਣੇ ਦਾ,
ਕੀਹਨੂੰ ਦੱਸੀਏ ਮਰਜ਼ ਕੀ ਹੈ, ਹੋ ਕੇ ਲਾਚਾਰ ਜਿਊਣੇ ਪੈ ਰਹੇ।

ਕਦੇ ਜਾਪੇ ਕਿ ਸੱਚ-ਮੁੱਚ ਧੜਕ ਰਿਹੈ, ਸੀਨੇ ਦੇ ਅੰਦਰ ਕੁੱਝ,
ਕਦੇ ਜਾਪੇ ਕਿ ਕੀ ਫਾਇਦਾ, ਐਵੇਂ ਬੇਕਾਰ ਜਿਊਣੇ ਪੈ ਰਹੇ।

ਇਹ ਕੀ ਵਰਤਿਆ ਭਾਣਾ, ਨਾ ਤੂੰ ਜਾਣੇਂ ਨਾ ਮੈਂ ਜਾਣਾਂ,
ਕਰਕੇ ਬੇਵਕੂਫੀਆਂ ਵੀ, ਅਕਸ ਸਮਝਦਾਰ ਜਿਊਣੇ ਪੈ ਰਹੇ।

ਸਾਂਝ ਉਮਰਾਂ ਤੋਂ ਲੰਮੀ ਹੈ, ਇਸ਼ਕ ਅਜ਼ਲਾਂ ਤੋਂ ਬਾਗੀ ਹੈ,
ਕੋਈ ਇਹਦੀ ਤਨਜ਼ ਕੀ ਜਾਣੇ, ਜੋ ਇਹ ਦਿਨ ਚਾਰ ਜਿਊਣੇ ਪੈ ਰਹੇ।

ਹਾਲਾਤ ਬਦਲੇ, ਹਾਲਤ ਬਦਲੀ, ਪੈਮਾਨੇ ਵੀ ਬਦਲਨੇ ਈ ਸੀ,
ਕਰਕੇ ਹੁਣ ਜ਼ਮਾਨੇ ਨਾਲ, ਹੱਥ ਦੋ-ਚਾਰ ਜਿਊਣੇ ਪੈ ਰਹੇ।

ਕਿਸ਼ਤੀਆਂ ਦੋ ਮੁਸਾਫਿਰ ਇੱਕ, ਪਤਾ ਨਹੀਂ ਡੁੱਬਣਾ, ਤਰਨਾ,
ਆਰ ਜਾਂ ਪਾਰ, ਵੇਖਾਂਗੇ, ਅਜੇ ਵਿਚਕਾਰ ਜਿਊਣੇ ਪੈ ਰਹੇ।

ਨਾਂਓ ਲੋਕ ਰਾਜ ਸੁਣੀਂਦਾ ਹੈ, ਮਾਨਸਿਕ ਰੋਗਾਂ ਦਾ ਮਾਹਿਰ ਹੈ,
ਹੱਲ ਉਹ ਵੀ ਨਹੀਂ ਦੱਸਦਾ, ਕਿਉਂ ਬੀਮਾਰ ਜਿਊਣੇ ਪੈ ਰਹੇ।

ਇਹ ਕੈਸੇ ਯਾਰ ਜਿਊਣੇ ਪੈ ਰਹੇ, ਦੋ-ਦੋ ਕਿਰਦਾਰ ਜਿਊਣੇ ਪੈ ਰਹੇ।
ਕਿਉਂ ਉਮਰਾਂ ਤੋਂ ਲੰਮੇ ਨੇ, ਜੋ ਇਹ ਦਿਨ ਚਾਰ ਜਿਊਣੇ ਪੈ ਰਹੇ।

No comments:

Post a Comment