Thursday, 24 July 2014

ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ..

ਬਾਦਲ ਰਾਜ ਦੀ ਬੱਤੀ ਵਾਂਗੂੰ
ਜਾਂ ਛੜਿਆਂ ਦੀ ਹੱਟੀ ਵਾਂਗੂੰ
ਟਾਕੀਆਂ ਵਾਲੀ ਛੱਤੀ ਵਾਂਗੂੰ
ਹਰ ਮਹੀਨੇ ਦੀ 'ਕੱਤੀ ਵਾਂਗੂੰ

ਹਾਲ ਹੋ ਗਿਆ ਅੱਜ-ਕੱਲ੍ਹ ਅਪਣਾ, ਬਿਲਕੁਲ ਏਦਾਂ ਦਾ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਕਦੇ-ਕਦੇ ਇੰਝ ਲੱਗਦੈ ਜੀਕਣ ਕੁੱਝ ਵੀ ਹੋ ਨਹੀਂ ਸਕਦਾ
ਮੁਲਕ ਮੇਰੇ ਵਿੱਚ ਫੈਲੇ ਗੰਦ ਨੂੰ ਕੋਈ ਧੋ ਨਹੀਂ ਸਕਦਾ
ਜਾਗਣ ਦਾ ਵਰ ਜਿਸਨੇ ਪਾਇਆ, ਬੇਸ਼ੱਕ ਸੋ ਨਹੀਂ ਸਕਦਾ
ਨਿਰਾ ਝੂਠ ਹੈ ਹਾਸੇ ਵੰਡਣ ਵਾਲਾ ਰੋ ਨਹੀਂ ਸਕਦਾ
ਆਤਮਹੱਤਿਆ ਕਰ ਗਏ ਅੱਥਰੂ, ਸਾਡੀ ਅੱਖ ਵਿੱਚ ਆ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਉੰਝ ਤਾਂ ਮਹਿਫਿਲ ਦੇ ਵਿੱਚ ਉਸਨੂੰ ਕਾਤਿਲ ਆਖ
ਬੁਲਾਈਏ
ਨਾ ਚਾਹੁੰਦੇ ਵੀ ਐਪਰ ਉਸ ਦੀ ਲੁਕ-ਲੁਕ ਖੈਰ ਮਨਾਈਏ
ਕਾਣਿਆਂ ਦੇ ਵਿੱਚ ਅਸੀਂ ਸੁਜਾਖੇ, ਅੰਨ੍ਹਿਆਂ ਆਖ ਸਦਾਈਏ
ਛੱਡ ਸੰਘਰਸ਼ਾਂ ਵਾਲਾ ਰਾਹ, ਵੋਟਾਂ ਤੇ ਟੇਕ ਲਗਾਈਏ
ਖੋਹ ਕੇ ਸੁਪਨੇ ਹੱਥਫੜਾ ਗਏ, ਠੂਠਾ ਆਟਾ-ਦਾਲ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਹਰ ਸੰਘਰਸ਼ ਨੇ ਇੱਕ ਥਾਂ ਆਕੇ ਰੁਕ ਹੀ ਜਾਣਾ ਹੁੰਦਾ
ਭੁੱਲ ਜਾਂਦੇ ਹਾਂ ਅਸੀਂ ਵੀ ਇਸਨੂੰ, ਕਿੰਝ ਨਵਿਆਉਣਾ ਹੁੰਦਾ
ਡਾਹਢੇ ਨੇ ਵੀ ਆਖਿਰ ਅਪਣਾ ਜ਼ੋਰ ਲਗਾਉਣਾ ਹੁੰਦਾ
ਹਰ ਸਿੱਧੀ ਤੇ ਅਪਣਾ ਪੁੱਠਾ ਦਾਅ ਚਲਾਉਣਾ ਹੁੰਦਾ
ਸਾਨੂੰ ਹੀ ਨਹੀਂ ਆਇਆਤੁਰਨਾ, ਤੁਰੀ ਦਾ ਏ ਕਿੱਦਾਂ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਗੱਗਬਾਣੀ ਵਿੱਚ ਸੱਚੀਆਂ ਗੱਲਾਂ, ਐਪਰ ਸੱਚ ਨਾ ਆਵੇ
ਭੁੱਖਿਆਂ ਹੋਵੇ ਭਗਤੀ ਨਾਹੀਂ, ਭੁੱਖਿਆਂ ਨੂੰ ਕੁੱਝ ਭਾਵੇ
ਅਪਣੇ ਪੈਰੀਂ ਆਪ ਕੁਹਾੜਾ ਮਾਰ ਕੋਈ ਮੁਸਕਾਵੇ
ਨਿੱਕੀਆਂ-ਨਿੱਕੀਆਂ ਲੋੜਾਂ ਐਪਰ ਵੱਡੇ-ਵੱਡੇ ਦਾਅਵੇ
ਸਾਡੇ ਸਿਰ ਨੂੰ ਐਸਾ ਚੜ੍ਹਿਆ, ਪ੍ਰੇਮ ਖੇਡਣ ਕਾ ਚਾਓ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਲਾ ਠਹਾਕੇ ਹੱਸਣ ਵਾਲੇ...

ਲਾ ਠਹਾਕੇ ਹੱਸਣ ਵਾਲੇ, ਲੁਕ-ਲੁਕ ਰੋਇਆ ਕਰਦੇ ਨੇ
ਚਾਨਣ ਵੰਡਣ ਵਾਲੇ ਅਕਸਰ 'ਨ੍ਹੇਰਾ ਢੋਇਆ ਕਰਦੇ ਨੇ।

ਮੁਰਦੇ ਵੀ ਸਾਹ ਲੈਂਦੇ ਵੇਖੇ ਕਰਮਾਂ ਵਾਲੀ ਧਰਤੀ ਤੇ
ਭੀੜ ਪੈਣ ਤੇ ਚੱਡਿਆਂ ਅੰਦਰ ਪੂਛ ਲੁਕੋਇਆ ਕਰਦੇ ਨੇ।

ਬਾਬੇ ਨਾਨਕ ਆਖ ਕੁਰਾਹੀਆ, ਧੱਕੇ ਮਾਰੇ ਲੋਕਾਂ ਨੇ
ਹਰ ਯੁੱਗ ਦੇ ਵਿੱਚ ਏਦਾਂ ਦੇ ਪੈਦਾ ਹੋਇਆ ਕਰਦੇ ਨੇ।

ਲੋੜ ਪੰਥ ਦੀ ਸਦਾ ਰਹੇਗੀ, ਬਾਦਲ ਵਰਗੇ ਦੱਲਿਆਂ ਨੂੰ
ਜਿਹੜੇ ਪੰਥ ਦੇ ਓਹਲੇ ਅਪਣੀ ਗੰਦਗੀ ਧੋਇਆ ਕਰਦੇ ਨੇ।

ਗੱਗਬਾਣੀ ਵਿੱਚ ਲਿਖਿਆ ਸਮਝੇ ਕੋਈ ਵਿਰਲਾ ਟਾਵਾਂ ਹੀ
ਭੀੜ 'ਚ ਬਹੁਤੇ ਧੜ ਹੁੰਦੇ ਸਿਰ ਥੋੜ੍ਹੇ ਹੋਇਆ ਕਰਦੇ ਨੇ।

Thursday, 10 July 2014

ਸ਼ੋਸ਼ਣ...

ਮੇਨਕਾ ਨਾਲ
ਰਿਸ਼ੀ ਨੇ ਕੀ ਕੀਤਾ ਸੀ?

ਮਰੀਅਮ ਕਿਸ ਦੇ ਬੱਚੇ ਦੀ ਮਾਂ
ਕਿਵੇਂ ਬਣ ਗਈ?
ਉਹ ਤਾਂ ਕੁਆਰੀ ਸੀ?

ਸਰੂਪਨਖਾ ਨਾਲ
ਲਛਮਣ ਜਤੀ
ਕਿਹੜੀ ਤਲਵਾਰ ਬਾਜ਼ੀ ਕਰਦਾ ਰਿਹਾ
ਜੋ ਉਸਦਾ ਨੱਕ ਵੱਢਿਆ ਗਿਆ?

ਸੀਤਾ ਦੇ ਦੋ ਪੁੱਤਰ
ਕਿਹੜੇ ਅਸਮਾਨੋਂ ਡਿੱਗੇ ਸੀ?

ਪਨਘਟ ਤੇ
ਗੋਪੀਆਂ ਨਾਲ
ਕਿਹੜੀ ਲੀਲਾ ਰਚਾਉਂਦਾ ਰਿਹਾ
ਤੁਹਾਡਾ ਕਿਸ਼ਨ ਘਨੱਈਆ?

ਗੰਧਾਰੀ ਦਾ ਪਲੇਠਾ ਪੁੱਤਰ
ਸ਼ੂਦਰ ਕਿਉਂ ਸਦਵਾਇਆ
ਖੱਤਰੀ ਪੁੱਤਰ
ਕਿਉਂ ਨਹੀਂ ਕਿਹਾ ਗਿਆ ਉਸਨੂੰ?

ਦਰੋਪਤੀ
ਪੰਜਾਂ ਵਿੱਚ ਕਿਉਂ ਵੰਡੀ ਗਈ?

ਜੂਏ ਵਿੱਚ ਦਾਅ ਤੇ
ਕਿਉਂ ਲਾਈ ਗਈ?

ਕੌਰੂਆਂ ਦੀ ਸਭਾ ਵਿੱਚ
ਕਿਉਂ ਵਸਤਰਹੀਣ ਕੀਤੀ ਗਈ?

ਸਵਾਲ ਤਾਂ ਹੋਰ ਵੀ ਬੜੇ ਨੇ
ਰਾਜੇ ਰਣਜੀਤ ਦੀਆਂ ਅੱਯਾਸ਼ੀਆਂ
ਉਸ ਦੀਆਂ ਰਖੈਲਾਂ ਦੀ ਗਿਣਤੀ
ਆਦਿ-ਆਦਿ।
ਪਰ ਅਪਣੇ ਧਰਮ ਗੁਰੂਆਂ ਕੋਲੋਂ
ਏਨਾ ਹੀ ਪੁੱਛਿਓ
ਕਿ ਦੇਵਦਾਸੀਆਂ ਨੂੰ
ਦੇਵੀਆਂ ਬਣਾਉਣ ਲਈ
ਕਿੰਨੇ ਕੁ ਮਰਦਾਂ ਹੇਠ੍ਹੋਂ ਲੰਘਾਉਣਾ ਪੈਂਦਾ ਸੀ?

ਤਾਂ ਜਾ ਕੇ
ਉਹ ਪੂਜਣ ਯੋਗ ਮੂਰਤ ਬਣਦੀ ਸੀ?

ਜਵਾਬ ਕਿਤਿਓਂ ਲੱਭਣ ਦੀ ਲੋੜ ਨਹੀਂ
ਹੁਣ ਇੱਕੀਵੀਂ ਸਦੀ ਹੈ।
ਸਾਨੂੰ ਪਤਾ ਹੋਣਾ ਚਾਹੀਦਾ ਹੈ
ਬਲਾਤਕਾਰੀ ਬਿਰਤੀ
ਕਾਨੂੰਨ ਦੇ ਨਰਮ ਰਹਿਣ ਦਾ ਨਤੀਜਾ ਨਹੀਂ
ਇਹ ਸਾਡੇ ਧਰਮ-ਗਰੰਥਾਂ ਦਾ ਥਾਪੜਾ ਹੈ।

ਯੁਗਾਂ-ਯੁਗਾਂਤਰਾਂ ਤੋਂ
ਔਰਤ ਦਾ ਸ਼ੋਸ਼ਣ ਹੁੰਦਾ ਆਇਆ ਹੈ।

ਨਿੱਤ ਦਿਨ ਹੁੰਦੇ ਬਲਾਤਕਾਰ
ਸਾਡੀ ਪ੍ਰਾਚੀਨ ਮਾਨਸਿਕਤਾ
ਦੀ ਆਧੁਨਿਕਤਾ ਹੈ
ਹੋਰ ਕੁੱਝ ਵੀ ਨਹੀਂ।

Wednesday, 9 July 2014

ਮੁਆਫ਼ ਕਰੀਂ ਐ ਨਾਨਕ...

ਮੁਆਫ਼ ਕਰੀਂ
ਐ ਨਾਨਕ!
ਅਸੀਂ ਹੁਣ ਤੇਰੇ
ਸੱਚੇ ਸਿੱਖ ਨਹੀਂ ਰਹੇ।

ਅਕਾਲ ਤਖ਼ਤ ਤੇ
ਹੋ ਜਾਂਦੇ ਹਾਂ ਜੂੰਡੋ-ਜੂੰਡੀ
ਸੂਤ ਲੈਂਦੇ ਹਾਂ ਤਲਵਾਰਾਂ
ਤੇ ਸਤਨਾਮ ਵਾਹਿਗੁਰੂ ਦੀ ਮੁਹਾਰਨੀ
ਬਦਲ ਜਾਂਦੀ ਹੈ
ਤੇਰੀ ਮਾਂ ਦੀ
ਤੇਰੀ ਧੀ ਦੀ ਵਿੱਚ।

ਮੁਆਫ਼ ਕਰੀਂ
ਐ ਨਾਨਕ!
ਅਸੀਂ ਹੁਣ ਤੈਨੂੰ
ਮੂਰਖ ਸਮਝਣ ਲੱਗ ਪਏ ਹਾਂ
ਕਿ ਐਵੇਂ ਸਿੱਧਾਂ ਨਾਲ
ਗੋਸ਼ਟੀਆਂ ਕਰਦਾ ਰਿਹਾ
ਸਮਾਂ ਬਰਬਾਦ ਕਰਦਾ ਰਿਹਾ।

ਜੇ ਤੇਰੀ ਥਾਂ ਅਸੀਂ ਹੁੰਦੇ
ਉਹਨਾਂ ਦੇ ਗਾਟੇ ਲਾਹ ਕੇ
ਜਿੱਤ ਦੇ ਜਸ਼ਨ ਮਨਾਏ ਹੁੰਦੇ
ਫੇਰ ਇਤਿਹਾਸ ਵਿੱਚ ਅਸੀਂ ਭਾਵੇਂ
ਮਹਾਂ-ਮੂਰਖ ਹੀ ਕਿਉਂ ਨਾ ਗਿਣੇ ਜਾਂਦੇ
ਪਰ ਅਸੀਂ
ਖੁਦ ਨੂੰ ਬਹਾਦਰ ਹੀ ਮੰਨਣਾ ਸੀ।

ਮੁਆਫ਼ ਕਰੀਂ
ਐ ਨਾਨਕ!
ਅਸੀਂ ਹੁਣ ਤੈਨੂੰ ਅਕਾਲ ਪੁਰਖ ਮੰਨ ਲਿਆ ਹੈ
ਤੂੰ ਸੋ ਵਾਰ ਵੀ ਜਨਮ ਲਵੇਂ
ਤੇਰੇ ਨਾਲ ਸੋ ਵਾਰ
ਉਹੀ ਹੋਊ
ਜੋ ਉਦੋਂ ਹੋਇਆ ਸੀ
ਕਿਉਂਕਿ ਸਾਨੂੰ ਨਾਨਕ ਨਹੀਂ ਚਾਹੀਦਾ
ਨਾਨਕ ਨਾਮ ਦਾ ਸੌਦਾ ਵੇਚਣ ਵਾਲੀ ਦੁਕਾਨ ਵਿੱਚੋਂ
ਮੁਨਾਫ਼ਾ ਚਾਹੀਦਾ ਹੈ।

ਉਹ ਤੂੰ ਹੀ ਸੀ
ਜੋ ਤੁਰ ਪਿਆ ਸੀ
ਸੱਚਾ ਸੌਦਾ ਕਰਨ
ਭੁੱਖਿਆਂ ਨੂੰ ਰਜਾਉਣ
ਉਹ ਤੂੰ ਹੀ ਸੀ।

ਅਸੀਂ ਤਾਂ ਹੁਣ
ਤੇਰੇ ਨਾਂ ਦੇ
ਮਹੱਲ ਉਸਾਰ ਲਏ ਨੇ
ਤਖਤਾਂ ਤੇ ਮਲਿਕ ਭਾਗੋ ਬਿਠਾ ਦਿੱਤੇ ਨੇ
ਗੋਲ੍ਹਕਾਂ ਪਿੱਛੇ
ਬਹੁਤ ਵਾਰ ਈਮਾਨ ਤੋਂ ਡਿੱਗੇ ਹਨ
ਅਸੀਂ ਹੁਣ ਤੇਰੇ
ਸੱਚੇ ਸਿੱਖ ਨਹੀਂ ਰਹੇ।

ਉਹ ਨਸਲ ਹੀ ਹੋਰ ਸੀ
ਜਿਹੜੀ ਧਾੜਵੀਆਂ ਕੋਲੋਂ
ਲੁੱਟੇ ਹੋਏ ਗਹਿਣੇ
ਅਤੇ ਔਰਤਾਂ ਮਹਿਫੂਜ ਵਾਪਸ ਲਿਆਉਂਦੇ ਰਹੇ।

ਸਾਡੇ ਵਿੱਚ
ਉਹ ਮਾਦਾ ਨਹੀਂ
ਅਸੀਂ ਤਾਂ ਵਾਹਿਗੁਰੂ ਨਾਮ ਜਪਾਉਣ ਤੱਕ
ਸੀਮਿਤ ਹੋ ਗਏ ਹਾਂ।
ਸਾਡੇ ਵਿੱਚ ਉਹ ਕਣ ਨਹੀਂ
ਹਿੰਮਤ ਨਹੀਂ
ਕਿ ਅਸੀਂ ਪੀੜਿਤਾਂ ਨੂੰ ਇਨਸਾਫ ਦਿਵਾਉਣ ਲਈ
ਉਹਨਾਂ ਦੇ ਨਾਲ ਖਲੋ ਸਕੀਏ।

ਅਸੀਂ ਤਾਂ ਚਿੱਟੀਆਂ ਵਰਦੀਆਂ ਪਾ ਕੇ
ਗੋਲ੍ਹਕਾਂ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੀ
ਟਾਸਕ ਫੋਰਸ ਵਜੋਂ ਜਾਣੇ ਜਾਂਦੇ ਹਾਂ
ਅਸੀਂ ਤੇਰੇ ਸੱਚੇ ਸਿੱਖ
ਹੋ ਹੀ ਨਹੀਂ ਸਕਦੇ।

ਹੇ ਗੋਬਿੰਦ
ਮੁਆਫ ਕਰੀ!
ਅਸੀਂ ਹੁਣ ਅਮ੍ਰਿਤ ਦੀ ਸੁੱਚੀ ਦਾਤ
ਉਹਨਾਂ ਨੂੰ ਵੀ ਛਕਾਉਣ ਲੱਗ ਪਏ ਹਾਂ
ਜਿਹਨਾਂ ਨੇ ਪੰਜ ਕੱਕਾਰਾਂ ਦੀ ਵਰਤੋਂ
ਨਸ਼ਿਆਂ ਦੀ ਸਮੱਗਲਿੰਗ ਵਾਸਤੇ ਕਰਨੀ ਹੁੰਦੀ ਹੈ।

ਸਾਡਾ ਪੱਗ ਦੀ ਤਲਾਸ਼ੀ ਦੇਣ ਤੋਂ
ਮੁਨਕਰ ਹੋਣਾ
ਵਰਦਾਨ ਹੈ ਉਹਨਾਂ ਲਈ
ਜਿਹਨਾਂ ਨੇ ਪੱਗਾਂ ਵਿੱਚ
ਸਮੈਕ, ਹੈਰੋਇਨ ਲੁਕਾ ਕੇ
ਸਿੱਖੀ ਨੂੰ ਢਾਹ ਲਾਉਣੀ ਹੁੰਦੀ ਹੈ।

ਹੇ ਨਾਨਕ!
ਹੇ ਗੋਬਿੰਦ!
ਸਾਡੇ ਤੋਂ ਉਮੀਦ ਨਾ ਰੱਖਣਾ
ਕਿ ਅਸੀਂ ਤੇਰੇ ਸੱਚੇ ਸਿੱਖਾਂ ਨੂੰ
ਏਸ ਲਈ ਬਖਸ਼ ਦੇਵਾਂਗੇ
ਕਿ ਉਹ ਸੱਚ ਬੋਲਣ ਲੱਗੇ
ਕੁੱਝ ਜਿਆਦਾ ਹੀ ਸੱਚ ਬੋਲ ਜਾਂਦੇ ਨੇ।

ਸਿੱਖੀ ਵਿੱਚ
ਘੁਸਪੈਠ ਕਰ ਗਈਆਂ
ਕੁਰਹਿਤਾਂ
ਪਾਖੰਡਵਾਦ
ਬ੍ਰਾਹਮਣਵਾਦ
ਡੇਰਾਵਾਦ
ਅੰਧਵਿਸ਼ਵਾਸ ਅਤੇ ਕੂੜ ਪਰਚਾਰ
ਸਾਡੇ ਹਜ਼ਮ ਨਹੀਂ ਹੁੰਦਾ।

ਅਸੀਂ ਤਾਂ ਬੋਲਾਂਗੇ
ਸਾਨੂੰ ਅਜੇ ਤੱਕ ਆਇਆ ਹੀ ਨਹੀਂ
ਕਾਫਰਾਂ ਮੂਹਰੇ
ਨੰਗੀਆਂ ਤਲਵਾਰਾਂ ਮੂਹਰੇ
ਛਵ੍ਹੀਆਂ, ਗੰਡਾਸਿਆਂ ਮੂਹਰੇ
ਅੱਖਾਂ ਬੰਦ ਕਰਕੇ
ਵਾਹਿਗੁਰੂ ਜਾਪ ਕਰਨਾ।

ਵੇ ਲੋਕੋ...

ਲਾਹ ਲਓ ਗੱਗ ਦੀ ਖੱਲ ਵੇ ਲੋਕੋ
ਖੱਟ ਲਓ, ਖੱਟ ਲਓ ਭੱਲ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਤੇਰਾਂ-ਤੇਰਾਂ ਤੋਲਣ ਵਾਲਾ
ਭੇਤ ਜੋ ਗੁੱਝੇ ਖੋਲ੍ਹਣ ਵਾਲਾ
ਸਾਨੂੰ ਤੇ ਸੱਚ ਬੋਲਣ ਵਾਲਾ
ਚੜ੍ਹਿਆ ਰਹਿਣਾ ਝੱਲ ਵੇ ਲੋਕੋ
ਹੋਰ ਨਹੀਂ ਕੋਈ ਹੱਲ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਬੇਸ਼ੱਕ ਬਹੁਤਾ ਚਿਰ ਨਹੀਂ ਰਹਿਣਾ
ਸਾਡੇ ਧੜ ਤੇ ਸਿਰ ਨਹੀਂ ਰਹਿਣਾ
ਸੱਚ ਨੇ ਕੀ ਸੱਚ ਫਿਰ ਨਹੀਂ ਰਹਿਣਾ?
ਸੋਚਣ ਵਾਲੀ ਗੱਲ ਵੇ ਲੋਕੋ
ਬਹਿ ਵਿਚਾਰੋ ਪਲ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਹਿੰਦੂ ਮੁਸਲਿਮ ਸਿੱਖ ਈਸਾਈ
ਆਪਸ ਵਿੱਚ ਜੇ ਭਾਈ ਭਾਈ
ਫਿਰ ਕਿਉਂ ਹੋਵਣ ਹੱਥੋ-ਪਾਈ
ਉੱਠਦਾ ਸੀਨੇ ਸੱਲ੍ਹ ਵੇ ਲੋਕੋ
ਧਰਮਾਂ ਵਿੱਚ ਕੋਈ ਝੱਲ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਹਿੰਦੂਆਂ ਨੇ ਰੱਬ ਘੜੇ ਹਜ਼ਾਰਾਂ
ਸਿੱਖਾਂ ਦੇ ਵੀ ਧੜੇ ਹਜ਼ਾਰਾਂ
ਮੁਸਲਿਮਾਂ ਦੀਆਂ ਵੀ 'ਲੱਗ ਕਤਾਰਾਂ
ਧਰਮਾਂ ਦੀ ਦਲ-ਦਲ ਵੇ ਲੋਕੋ
ਇਨਸਾਨ ਰਹੇ ਕਿਤੁ ਵੱਲ੍ਹ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਪੜ੍ਹ-ਪੜ੍ਹ ਪੋਥੀਆਂ ਅਮਲੋਂ ਹਾਰੀ
ਲੋਕਾਂ ਭਾਣੇ ਮੈਂ ਸਚਿਆਰੀ
ਚਿੱਟੇ, ਭਗਵੇਂ. ਪੰਜ ਕੱਕਾਰੀ
ਮੇਰੇ ਲੱਲ੍ਹ-ਪਲੱਲ ਵੇ ਲੋਕੋ
ਜਾਂਦੇ ਨੇ ਚਲੀ ਚੱਲ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਸੱਚ ਆਖਦੀ ਪਈ ਗੱਗਬਾਣੀ
ਸਾਫ ਦਿੱਖ ਤੇ ਨੀਅਤ ਕਾਣੀ
ਜੀਕਣ ਡੇਰਾ ਰਾਧਾ ਸੁਆਮੀ
ਚੱਲ, ਚਲਾ ਚੱਲ, ਚੱਲ ਵੇ ਲੋਕੋ
ਲੋਕ ਲੁਹਾਵਣ ਕੱਲ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਐ ਕਵਿਤਾ...

ਐ ਕਵਿਤਾ!
ਤੈਨੂੰ ਮੈਂ ਹੀ ਲੱਭਦਾ ਹਾਂ
ਛਿੱਤਰ ਪਵਾਉਣ ਨੂੰ?

ਕਿਉਂ ਨਹੀਂ ਚਲੀ ਜਾਂਦੀ
ਮੈਥੋਂ ਦੂਰ
ਬਹੁਤ ਦੂਰ
ਓਥੇ
ਜਿੱਥੇ
ਮੂਰਖਾਂ ਦਾ ਵਾਸਾ ਨਹੀਂ ਹੁੰਦਾ।

ਜਿੱਥੇ
ਧਰਮਾਂ ਦਾ ਵਿਉਪਾਰ ਨਹੀਂ ਹੁੰਦਾ।

ਜਿੱਥੇ
ਮਾਰੂ ਹਥਿਆਰਾਂ ਦੀ ਨੁਮਾਇਸ਼ ਨਹੀਂ ਲੱਗਦੀ।

ਕਿਉਂ
ਮੇਰੇ ਨਾਲ ਵੈਰ ਹੈ
ਪਿਆਰੀਏ?

ਬਹੁਤ ਵਾਰ ਸੋਚਦਾ ਹਾਂ
ਮੈਂ ਵੀ
ਭੰਗ ਪੀ ਕੇ
ਅਧਿਆਤਮਕ ਖਰੜਾ ਲਿਖਾਂ।

ਸੁਨਹਿਰੀ ਜਿਲਦ ਵਿੱਚ ਮੜ੍ਹਾ ਕੇ
ਅੱਖਾਂ ਬੰਦ ਕਰਕੇ
ਪੜ੍ਹਨ ਦਾ
ਹੁਕਮ ਸੁਣਾ ਦੇਵਾਂ।

ਤੇ ਬਣ ਜਾਵਾਂ
ਜਗਤ ਗੁਰੂ
ਥੋੜ੍ਹੇ ਜਿਹੇ ਮੂਰਖਾਂ ਦੇ ਸਿਰ ਤੇ।

ਮੈਨੂੰ ਆਇਆ ਹੀ ਨਹੀਂ
ਖੇਡ੍ਹਣਾ
ਸ਼ਬਦਾਂ ਨਾਲ।
ਮੇਰੀ ਕਲਮ ਵਿੱਚ
ਧਾਰਮਿਕ ਖੁਸਰਾਪਨ ਨਹੀਂ ਹੈ।

ਸ਼ਾਇਦ
ਕਵਿਤਾ ਮੈਨੂੰ
ਕਤਲ ਕਰਵਾ ਹੀ ਦੇਵੇ।

Wednesday, 28 May 2014

ਰਿਟਾਇਰਮੈਂਟ....

ਮਿਲਿਆ ਕਰਾਂਗੇ ਵੱਧ-ਘੱਟ ਫੇਸਬੁੱਕ ਤੇ
ਹੁਣ ਸਾਡੇ ਲੱਗ ਜਾਣੇ ਕੱਟ ਫੇਸਬੁੱਕ ਤੇ।

ਕਦੇ ਕਦੇ ਅੱਪਡੇਟ ਚਾੜ੍ਹ ਦਿਆ ਕਰਾਂਗੇ
ਗਾਜਰਾਂ 'ਚ ਗਧਾ ਆਕੇ ਵਾੜ ਦਿਆ ਕਰਾਂਗੇ।

ਹੁਣ ਕੀਤੇ ਟੈਗ ਤੇ ਕਮੈਂਟ ਨਾ ਉਡੀਕਿਓ
ਕੱਛੇ ਵਾਲੀ ਫੋਟੋ ਪਿੱਛੋਂ, ਪੈਂਟ ਨਾ ਉਡੀਕਿਓ।

ਝੂਠ ਪ੍ਰਧਾਨ ਭਾਵੇਂ, ਸੱਚ ਫੜੀ ਰੱਖਿਓ
ਬਾਦਲਾਂ ਦੀ ਧੋਣ ਉਤੇ, ਗੋਡਾ ਧਰੀ ਰੱਖਿਓ।

ਅਣਜਾਣੇ ਵਿੱਚ ਹੋਇਆ ਜੇ ਕਸੂਰ ਮੈਨੂੰ ਦੱਸਣਾ
ਅੱਛੇ ਦਿਨ ਆਏ ਤਾਂ ਜ਼ਰੂਰ ਮੈਨੂੰ ਦੱਸਣਾ।

ਤਾ-ਉਮਰ ਅਪਣੇ, ਏਦਾਂ ਦੇ ਚੱਜ ਰਹਿਣਗੇ
ਲੋੜ ਹੋਈ ਜਿਨ੍ਹਾਂ ਨੂੰ ਉਹ ਆਪੇ ਲੱਭ ਲੈਣਗੇ।

ਗੱਗਬਾਣੀ ਹੋ ਰਹੀ, ਰਿਟਾਇਰ ਪਹਿਲੀ ਜੂਨ ਤੋਂ
ਅਲਵਿਦਾ, ਬਾਏ-ਬਾਏ, ਖੈਰ ਪਹਿਲੀ ਜੂਨ ਤੋਂ।

Thursday, 22 May 2014

ਅਣਹੋਣੀਆਂ


ਹਨੇਰਾ ਹੋਣ ਵਾਲਾ ਹੈ।

ਰੋਜ਼ਾਨਾ ਦੀ ਤਰਾਂ
ਉਹ ਮੁਟਿਆਰ
ਏਸ ਸੁੰਨਸਾਨ ਰਸਤੇ ਤੋਂ
ਅੱਜ ਵੀ ਕੱਲ੍ਹੀ-ਕਾਰੀ
ਲੰਘਣ ਵਾਲੀ ਹੈ।

ਮੈਂ ਸਿਰ ਤੇ ਕਾਮ ਚੜ੍ਹਾ ਕੇ
ਬੜੀ ਹੀ ਬੇਸੱਬਰੀ ਨਾਲ
ਉਸ ਦਾ ਇੰਤਜ਼ਾਰ ਕਰ ਰਿਹਾ ਹਾਂ।

ਕਿ ਕਦੋਂ ਉਹ ਏਧਰੋਂ ਲੰਘੇ
ਤੇ ਮੈਂ
ਮੌਕਾ ਤਾੜ ਕੇ
ਹਨ੍ਹੇਰੇ ਵਿੱਚ ਮੂੰਹ ਕਾਲਾ ਕਰਕੇ
ਚਾਨਣ ਵਿੱਚ ਦੁੱਧ ਧੋਤਾ ਰਹਿ ਜਾਵਾਂ।

ਉਹ ਆ ਰਹੀ ਹੈ
ਅੱਜ ਤਾਂ ਉਸ ਨੇ
ਹੋਰ ਵੀ ਭੜਕਾਊ ਕੱਪੜੇ ਪਾਏ ਹੋਏ ਹਨ।

ਪੱਟ-ਘੁੱਟਵੀਂ ਜੀਨ
ਪਤਲਾ ਸ਼ੀਂਟ ਦਾ ਕੁਰਤਾ
ਅੱਜ ਤਾਂ ਉਸ ਦੀਆਂ ਛਾਤੀਆਂ
ਹੋਰ ਵੀ ਉੱਘੜ ਕੇ
ਚਮਕ ਰਹੀਆਂ ਹਨ
ਟੁੱਟੀ ਹੋਈ ਸਟਰੀਟ ਲਾਈਟ ਦੀ
ਮੱਧਮ ਰੌਸ਼ਨੀ ਵਿੱਚ।

ਮੇਰੇ ਕਦਮ ਕਾਹਲ਼ੇ ਪੈਂਦੇ ਜਾ ਰਹੇ ਹਨ
ਦਿਲ ਧੱਕ-ਧੱਕ ਕਰ ਰਿਹਾ ਹੈ
ਮੈਂ ਉਸ ਦੇ ਹੋਰ ਨੇੜੇ ਹੁੰਦਾ ਜਾ ਰਿਹਾ ਹਾਂ।

ਦਸ ਕੁ ਕਦਮਾਂ ਦੀ ਵਿੱਥ ਤੇ
ਉਹ ਬਿਲਕੁਲ ਸੁੰਨੀ ਅਤੇ ਹਨ੍ਹੇਰੀ ਥਾਂ ਤੋਂ
ਲੰਘ ਰਹੀ ਹੋਵੇਗੀ
ਤੇ ਮੈਂ ਪਿੱਛਿਓਂ ਦੀ ਜਾ ਕੇ
ਰੁਮਾਲ ਨਾਲ ਉਸਦਾ ਮੂੰਹ
ਬੰਦ ਕਰਕੇ
ਖੋਲ੍ਹਣ ਵਾਲਾ ਹਾਂ
ਉਸ ਦੀਆਂ ਅੱਖਾਂ
ਕਿ ਉਹ
ਕਿਸੇ ਭੁਲੇਖੇ ਵਿੱਚ ਨਾ ਰਹੇ
ਕਿ ਉਹ
ਅੱਜ ਵੀ
ਉਹੀ ਮੇਨਕਾ ਹੈ
ਜਿਸ ਨੂੰ
ਰਿਸ਼ੀ ਦੀ ਤਪੱਸਿਆ ਭੰਗ ਕਰਨ ਦਾ
ਸ਼ਰਾਪ ਮਿਲਿਆ ਹੋਇਆ ਹੈ
ਤੇ ਉਹ ਹਜ਼ਾਰਾਂ ਜਨਮ ਲੈ ਕੇ ਵੀ
ਏਸ ਸ਼ਰਾਪ ਤੋਂ ਮੁਕਤ ਨਹੀਂ ਹੋ ਸਕਦੀ।

ਪਰ ਇਹ ਕੀ?
ਇੱਕ ਸ਼ੂਕਦੀ ਹੋਈ ਕਾਰ
ਉਸ ਦੇ ਕੋਲ ਆ ਰੁਕੀ ਹੈ
ਤੇ 3-4 ਨੌਜਵਾਨ
ਉਸ ਨੂੰ ਚੀਕਦੀ-ਚਿੱਲਾਉਂਦੀ ਨੂੰ
ਲੱਤਾਂ-ਬਾਹਾਂ ਤੋਂ ਘੜੀਸ ਕੇ
ਕਾਰ ਵਿੱਚ ਸੁੱਟ ਕੇ
ਅੱਖ ਦੇ ਫੋਰ ਵਿੱਚ ਹੀ
ਧੂੜ ਵਿੱਚ ਗੁਆਚ ਗਏ ਹਨ।

ਮੈਨੂੰ ਉਸ ਦੀਆਂ ਚੀਕਾਂ
ਉਸ ਦੀ ਨਜ਼ਰ ਦਾ ਤਰਲਾ
ਉਸ ਦੀ ਬੇਵਸੀ
ਉਸ ਦਾ ਔਰਤ ਹੋਣਾ
ਬੇ-ਚੈਨ ਕਰ ਰਿਹਾ ਹੈ।

ਮੈਂ ਬਚਾਓ-ਬਚਾਓ ਦਾ ਰੌਲ਼ਾ ਪਾਉਂਦਾ
ਕਾਰ ਪਿੱਛੇ ਭੱਜਣ ਦੀ ਕੋਸ਼ਿਸ਼ ਕਰਦਾ ਹਾਂ
ਮੋਬਾਈਲ ਕੱਢ ਕੇ
100 ਨੰਬਰ ਤੇ ਸੂਚਿਤ ਕਰਦਾ ਹਾਂ
ਲੋਕੇਸ਼ਨ ਦੱਸਦਾ ਹਾਂ।

ਉੱਚੀ-ਉੱਚੀ ਚੀਕ ਰਿਹਾ ਹਾਂ
ਮੇਰੀਆਂ ਕੂਕਾਂ
ਉਸ ਲੜਕੀ ਦੀਆਂ ਕੂਕਾਂ ਤੋਂ
ਕਿਤੇ ਉੱਚੀ ਆਵਾਜ਼ ਵਿੱਚ ਗੂੰਜ ਰਹੀਆਂ ਹਨ।

ਪਰ ਏਥੇ
ਕਿਸੇ ਨੇ ਵੀ ਚੀਕਾਂ ਨਹੀਂ ਸੁਣਨੀਆਂ
ਇਹ ਮੈਨੂੰ ਵੀ ਪਤਾ ਹੈ
ਕਿ ਏਥੇ ਅਪਣੀਆਂ ਹੀ ਚੀਕਾਂ ਦੀ ਗੂੰਜ
ਜੰਗਲ ਦੇ ਪੰਛੀਆਂ ਨੂੰ ਡਰਾਉਂਦੀ ਹੈ।
ਮੈਂ
ਅਪਰਾਧ ਬੋਧ ਨਾਲ ਗ੍ਰਸਤ
ਅਜੇ ਵੀ ਇਹੋ ਸੋਚਦਾ ਹਾਂ
ਕਿ ਉਸ ਵਿਚਾਰੀ ਨਾਲ
ਅਣਹੋਣੀ ਵਾਪਰ ਗਈ।
ਇਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾਂ
ਕਿ ਅਣਹੋਣੀਆਂ
ਪਨਪਦੀਆਂ ਕਿੱਥੇ ਹਨ
ਮੌਲਦੀਆਂ ਕਿੱਥੇ ਹਨ
ਤੇ ਵਰਤਦੀਆਂ ਕਿੱਥੇ ਹਨ?

ਪਾਈਆ ਦੁੱਧ ਨਾਲ ਗੜਵੀ ਕਦੇ ਵੀ ਨਹੀਂ ਭਰਦੀ...

ਪਾਈਆ ਦੁੱਧ ਨਾਲ
ਗੜਵੀ ਕਦੇ ਵੀ ਨਹੀਂ ਭਰਦੀ।

ਪਤਾ ਦੀਪੇ ਨੂੰ ਵੀ ਹੈ
ਪਰ ਡਾਕਟਰ ਨੇ ਕਿਹਾ ਹੈ
ਸਵੇਰੇ ਸ਼ਾਮ
ਦੁੱਧ ਪੀਣ ਨੂੰ
ਤਾਂ ਜੁ ਉਸ ਦੀਆਂ
ਹੱਡੀਆਂ ਵਿੱਚ ਜਾਨ ਆ ਜਾਵੇ
ਤੇ ਉਹ ਮੁੜ ਸਿੱਧੂਆਂ ਦੇ ਟਰੈਕਟਰ ਮੂਹਰੇ
ਬਲ਼ਦ ਬਣ
ਜੋਤਾ ਲਾਉਣ ਜੋਗਾ ਹੋ ਜਾਵੇ।

ਪਾਈਆ ਦੁੱਧ ਨਾਲ
ਗੜਵੀ ਕਦੇ ਵੀ ਨਹੀਂ ਭਰਦੀ
ਪਤਾ ਰਾਮ ਰਤਨੀ ਨੂੰ ਵੀ ਹੈ।

ਪਰ ਘਰ ਦਾ ਇੱਕੋ ਇੱਕ
ਕਮਾਊ ਬੰਦਾ
ਮੰਜੇ ਤੇ ਪੈ ਜਾਵੇ
ਤਾਂ ਚੁੱਲ੍ਹੇ ਦੀ ਅੱਗ
ਲੂਣ, ਤੇਲ, ਸਾਬਣ
ਮੱਲੋ-ਮੱਲੀ ਲੈ ਜਾਂਦਾ ਹੈ ਉਸਨੂੰ
ਸਿੱਧੂਆਂ ਦੇ ਵਾੜੇ ਵਿੱਚ
ਤੇ ਕੁੰਡੀਆਂ ਮੁੱਛਾਂ ਵਾਲਾ ਸਰਦਾਰ
ਮੁੱਛਾਂ ਨੂੰ ਹੋਰ ਕੁੰਡੀਆਂ ਕਰਦਾ ਹੋਇਆ
ਖਚਰੀ ਹਾਸੀ ਹੱਸਦਾ ਹੈ
ਚਾਦਰੇ ਨੂੰ ਲੱਗੀ ਮਿੱਟੀ ਝਾੜਦਾ ਹੈ
ਤੇ ਭਈਏ ਨੂੰ ਰੋਅਬਦਾਰ ਆਵਾਜ਼ ਨਾਲ
ਹੁਕਮ ਚਾੜ੍ਹਦਾ ਹੈ
ਉੱਪਰ ਵਾਲੇ ਦੀ ਕਿਰਪਾ ਨਾਲ
ਹੇਠ੍ਹਾਂ ਵਾਲਿਆਂ ਦੇ ਲੂਣ, ਤੇਲ ਦਾ
ਜੁਗਾੜ ਹੋ ਜਾਂਦਾ ਹੈ
ਪਾਈਆ ਦੁੱਧ ਨਾਲ
ਗੜਵੀ ਕਦੇ ਵੀ ਨਹੀਂ ਭਰਦੀ।

ਦੁੱਧ ਦੇ ਗਲਾਸ ਬਦਲੇ
ਅਸਮਤ ਦਾ ਸੌਦਾ ਕਰ ਲੈਣ ਵਾਲੇ
ਕਮੀਣ ਤਾਂ ਹੋਣਗੇ
ਜ਼ਰੂਰ ਹੋਣਗੇ
ਪਰ ਕਮੀਨੇ ?
ਕਮੀਨੇ ਤਾਂ ਉਹ ਹਨ
ਜੋ ਦਾਰੂ ਦੇ ਗਲਾਸ ਬਦਲੇ
ਖਰੀਦ ਲੈਂਦੇ ਹਨ
ਵਾਧੂ ਮਿਹਨਤ
ਵੋਟਾਂ ਦੀ ਗਿਣਤੀ
ਮਾਸੂਮਾਂ ਦਾ ਭਵਿੱਖ
ਤੇ ਖੈਰਾਤ ਵਿੱਚ ਵੰਡ ਦਿੰਦੇ ਹਨ
ਅਣਚਾਹੇ ਗਰਭ
ਆਂਦਰਾਂ ਨੂੰ ਸੋਕਾ
ਮੰਜਿਆਂ ਨੂੰ ਮਰੀਜ਼ ।

ਪਾਈਆ ਦੁੱਧ ਨਾਲ
ਗੜਵੀ ਕਦੇ ਵੀ ਨਹੀਂ ਭਰਦੀ।

ਪਤਾ ਨਹੀਂ
ਮਿੱਤਲਾਂ/ਅੰਬਾਨੀਆਂ ਨੇ
ਕਿਹੜੇ ਸਿੱਧੂਆਂ ਨਾਲ
ਮਾਰਿਆ ਹੋਣਾ ਏ
ਅਸਮਤਾਂ ਦਾ ਸੌਦਾ
ਜੋ ਨੱਕੋ-ਨੱਕ ਗੜਵੀਆਂ ਭਰੀ ਫਿਰਦੇ ਨੇ?

ਪਾਈਆ ਦੁੱਧ ਨਾਲ
ਗੜਵੀ ਕਦੇ ਵੀ ਨਹੀਂ ਭਰਦੀ।

Tuesday, 6 May 2014

ਥਾਣੇ ਜਾ ਆਇਆ ਹਾਂ...

ਲਓ ਮਿੱਤਰੋ ਥਾਣੇ ਜਾ ਆਇਆ ਹਾਂ
ਵਾਹਣੇ ਪੈ ਵਾਹਣੇ ਪਾ ਆਇਆ ਹਾਂ।

ਇੰਝ ਨਾ ਸੋਚਿਓ ਮਰ ਗਿਆ ਏ ਸੱਪ
ਐਪਰ ਕੁੰਜ ਜਿਹੀ ਲਾਹ ਆਇਆ ਹਾਂ।

ਸਾਨੂੰ ਜਾਗਣ ਦਾ ਵਰ ਮਿਲਿਆ
ਉਹਦੀ ਨੀਂਦ ਉਡਾ ਆਇਆ ਹਾਂ।

ਗੱਗਬਾਣੀ ਅਮਲਾਂ ਵਿੱਚ ਆ ਗਈ
ਆਹ ਲਓ ਕਮਲ ਕਮਾ ਆਇਆ ਹਾਂ।

ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ...

ਨਾਜ਼ੀਆਂ ਆਖਿਆ ਅੱਲ੍ਹਾ ਬੋਲ
ਮੈਂ ਆਖਿਆ ਤੂੰ 'ਕੱਲ੍ਹਾ ਬੋਲ।

ਕਿਸੇ ਆਖਿਆ ਵਾਹਿਗੁਰੂ ਜਪ
ਮੈਂ ਆਖਿਆ ਤੂੰ ਰਸਤਾ ਨੱਪ।

ਰਾਮ-ਰਾਮ ਕੋਈ ਪਿਆ ਜਪਾਉਂਦਾ
ਮੈਂ ਇਹਨਾਂ ਨੂੰ ਘਾਹ ਨਹੀਂ ਪਾਉਂਦਾ।

ਬਣ ਗਿਆ ਜੇ ਮੈਂ ਰਾਧਾ ਸੁਆਮੀ
ਕਿਸ਼ਨ ਰਿਹਾ ਫਿਰ ਕਾਹਦਾ ਸੁਆਮੀ?

ਬਾਲ ਬਾਬਾ, ਕਿਤੇ ਆਸਾ ਰਾਮ
ਸਭ ਦੀ ਖੋਪੜੀ ਇੱਕੋ ਗਿਆਨ।

ਦਾਨ, ਦਾਨ, ਦਾਨਾ ਸਿਰ ਦਾਨ
ਪੈਰੀਂ ਇੱਜ਼ਤ ਸਿਰ ਤੇ ਕਾਮ।

ਆਪਾਂ ਨਾ ਕੋਈ ਭੇਸ ਵਟਾਇਆ
ਆਪਾਂ ਨਾ ਕੋਈ ਢੋਂਗ ਰਚਾਇਆ।

ਅੰਦਰੋਂ ਬਾਹਰੋਂ ਚੰਗਿਆਂ ਹੋ ਕੇ
ਵੇਖ ਤਮਾਸ਼ਾ ਨੰਗਿਆਂ ਹੋ ਕੇ।

ਜਦ ਬੰਦੇ ਨੂੰ ਥੋੜ੍ਹ ਨਾ ਰਹਿਣੀ
ਧਰਮ-ਧੁਰਮ ਦੀ ਲੋੜ ਨਾ ਰਹਿਣੀ।

ਠੇਕਿਆਂ ਉੱਤੇ ਉਧਾਰ ਨਹੀਂ ਹੁੰਦਾ
ਐਵੇਂ ਈ ਕੱਢ ਗੁਬਾਰ ਨਹੀਂ ਹੁੰਦਾ।

ਧਰਮਾਂ ਦਾ ਪ੍ਰਚਾਰ ਹੁੰਦਾ ਏ
ਧਰਮਾਂ ਦਾ ਵਿਉਪਾਰ ਨਹੀਂ ਹੁੰਦਾ।

ਆਥਣੇ ਪੀਤੀ, ਤੜਕੇ ਲਹਿ ਜਾਏ
ਧਰਮਾਂ ਵਾਲੀ ਜੜ੍ਹਾਂ 'ਚ ਬਹਿ ਜਾਏ।

ਪੜ੍ਹਿਆ ਕਰ 'ਗੱਗਬਾਣੀ' ਬੀਬਾ
ਦੁੱਧ ਦਾ ਦੁੱਧ ਤੇ ਪਾਣੀ ਬੀਬਾ।

Monday, 5 May 2014

ਬੇ-ਦਾਅਵੇ...

ਲਾਹ ਦਿਓ ਗਾਤਰੇ
ਸਮੇਟ ਲਵੋ ਦਸਤਾਰਾਂ
ਤੇ ਲਿਖ ਦਿਓ ਬੇ-ਦਾਅਵੇ।

ਹੁਣ ਸਿੱਖੀ
ਸਿੰਘਾਂ ਦੀ ਪਹਿਚਾਣ ਨਹੀਂ ਰਹੀ
ਹੁਣ ਸਿੰਘ
ਨਿਮਾਣੇ ਨਹੀਂ ਰਹੇ
ਅਤੇ ਨਿਤਾਣੇ ਵੀ ਨਹੀਂ ਰਹੇ।

ਧੂਸ ਲੈਂਦੇ ਨੇ ਤਲਵਾਰਾਂ
ਤੇ ਹੋ ਜਾਂਦੇ ਨੇ
ਆਪੇ ਤੋਂ ਬਾਹਰ।
ਜਿਵੇਂ ਕਿਸੇ ਨੇ
ਵਰਤਣਾ ਚਾਹਿਆ
ਵਰਤ ਲੈਂਦਾ ਹੈ
ਸਿੱਖੀ ਨਿਓਟਿਆਂ ਦੀ ਓਟ ਨਹੀਂ ਰਹੀ ਹੁਣ।

ਪੈ ਹੀ ਜਾਂਦਾ ਹੈ
ਖੋਤਾ ਖੂਹ ਵਿੱਚ
ਹਰ ਵਾਰ
ਵਾਰ ਵਾਰ
ਅਤੇ ਪੈਂਦਾ ਹੀ ਰਹੇਗਾ?

ਭੁੱਲ ਗਿਆ ਹੈ ਸਾਨੂੰ
ਮਾਨਸ ਕੀ ਜਾਤ
ਸਭੈ ਏਕੈ ਪਹਿਚਾਨਬੋ
ਤੇ ਚੁੱਕੀ ਫਿਰਦੇ ਹਾਂ
ਢਿੱਲੋਆਂ, ਸਿੱਧੂਆਂ ਅਤੇ ਸੰਧੂਆਂ ਦੀ
ਗਲ਼-ਸੜ ਚੁੱਕੀ ਪੂਛ।

ਇਹ ਖਾਲਸਾ
ਵਾਹਿਗੁਰੂ ਦਾ ਤਾਂ
ਹੋ ਹੀ ਨਹੀਂ ਸਕਦਾ
ਜੋ ਫਤਹਿ ਬੁਲਾਉਣ ਲੱਗਿਆਂ
ਵੇਖਦਾ ਹੈ
ਕਿ ਨਵਜੋਤ ਸਿੱਧੂ
ਸਾਡਾ ਬੰਦਾ ਹੈ
ਜਾਂ ਆਰ ਐਸ ਐਸ ਦਾ।

ਹਰਿਮੰਦਰ ਦੇ ਚਾਰੇ ਦੁਆਰ
ਜਦੋਂ ਕੇਜਰੀਵਾਲ ਜਿਹੇ ਬੰਦੇ ਲਈ
ਬੰਦ ਹੋ ਜਾਣ
ਤਾਂ ਜਨਰਲ ਡਾਇਰ ਨੂੰ ਸਿਰੌਪਾ
ਅਤੇ ਬਾਦਲ ਨੂੰ
ਫਖਰ-ਏ-ਕੌਮ
ਦਾ ਮਤਲਬ ਸਮਝ ਆਉਂਦਾ ਹੈ
ਕਿ ਹਾਥੀ ਦੇ ਦੰਦ
ਖਾਣ ਦੇ ਹੋਰ
ਅਤੇ ਦਿਖਾਉਣ ਦੇ ਹੋਰ ਹੀ ਹੁੰਦੇ ਨੇ।

ਮੈਂ ਨਹੀਂ ਕਹਿੰਦਾ
ਕਿ ਕਿਸੇ ਮਨਦੀਪ ਸਰੋਏ ਨਾਮ ਦੇ ਇਨਸਾਨ ਨੂੰ
ਸਜ਼ਾ ਨਾ ਦਿਓ
ਉਸ ਦੀ ਭੁੱਲ
ਤੁਹਾਡੇ ਲਈ
ਬੱਜਰ ਗਲਤੀ ਹੋ ਸਕਦੀ ਹੈ।

ਪਰ ਓਸ ਲਈ
ਕਿਸੇ ਜੱਥੇਦਾਰ ਨੇ
ਰਵਾਇਤੀ ਤਨਖਾਹ ਨਹੀਂ ਲਾਉਣੀ।

ਉਹ ਕਿਸੇ ਮਜੀਠੀਏ ਦਾ
ਸਕਾ-ਸੋਧਰਾ ਨਹੀਂ
ਤੇ ਨਾ ਹੀ ਕਿਸੇ ਮੱਕੜ ਦਾ
ਮੀ-ਲਾਰਡ।

ਕਰ ਲਵੋ ਚਾਅ ਪੂਰੇ
ਉਸ ਦੇ ਬੱਚਿਆਂ ਨੂੰ ਅਨਾਥ ਕਰਕੇ
ਉਸ ਦੀ ਵਿਧਵਾ ਨੂੰ
ਲੰਗਰ ਹਾਲ ਦੇ ਬਾਹਰ
ਬਿਠਾ ਦਿਓ
ਹੱਥ ਵਿੱਚ ਬਾਟੀ ਦੇ ਕੇ।

ਪਰ ਇਸ ਤੋਂ ਪਹਿਲਾਂ
ਜਵਾਬ ਦਿਓ
ਕਿ ਬਾਬਾ ਦੀਪ ਸਿੰਘ ਦੀ
ਸਿਰ ਤੋਂ ਧੜ ਵੱਖ ਕੀਤੀ ਤਸਵੀਰ
ਤੁਹਾਡੀਆਂ ਕੰਧਾਂ ਤੇ
ਕਿਹੜੇ ਚਮਤਕਾਰ ਦਾ ਦਾਅਵਾ ਕਰਦੀ ਹੈ?

ਕੀ ਕਿਹੈ?
ਇਹ ਬਹਾਦਰੀ ਦਾ ਪ੍ਰਤੀਕ ਹੈ
ਫੇਰ ਸ਼ਰਧਾ ਦਾ ਪ੍ਰਤੀਕ ਤੱਕਣ ਲੱਗਿਆਂ
ਅੱਖਾਂ ਤੇ ਸਿੱਖੀ ਦਾ
ਸੰਕੀਰਣ ਜਾਲ਼ਾ ਕਿਉਂ ਆ ਜਾਂਦਾ ਹੈ?

ਨਹੀਂ
ਇਹ ਸਿੱਖੀ ਨਹੀਂ
ਇਹ ਕਿਸੇ ਗੋਬਿੰਦ ਦੇ ਸਿੰਘ ਨਹੀਂ।

ਇਹ ਕਿਸੇ
ਅੰਨ੍ਹੇ ਬਾਦਸਾਹ ਦੀ
ਸੁਜਾਖੀ ਫੌਜ ਹੈ
ਜੋ ਹੁਕਮ ਵਜਾਉਣਾ ਜਾਣਦੀ ਹੈ
ਤੇ ਸਿਰਫ ਹੁਕਮ ਵਜਾਉਣਾ ਜਾਣਦੀ ਹੈ।

ਲਾਹ ਦਿਓ ਗਾਤਰੇ
ਸਮੇਟ ਲਵੋ ਦਸਤਾਰਾਂ
ਤੇ ਲਿਖ ਦਿਓ ਬੇ-ਦਾਅਵੇ।
ਹੁਣ ਸਿੱਖੀ
ਸਿੰਘਾਂ ਦੀ ਪਹਿਚਾਣ ਨਹੀਂ ਰਹੀ।

Wednesday, 30 April 2014

ਐ ਕਵਿਤਾ...

ਐ ਕਵਿਤਾ
ਅੱਜ-ਕੱਲ੍ਹ ਤੂੰ ਮੇਰੇ ਨਾਲ
ਅਜੀਬੋ-ਗਰੀਬ ਤਜ਼ਰਬੇ ਕਰ ਰਹੀ ਏਂ
ਜਦੋਂ ਤੇਰੀ ਆਮਦ ਹੁੰਦੀ ਏ
ਤਾਂ ਕਲਮ ਨਹੀਂ ਲੱਭਦੀ
ਤੇ ਜਦੋਂ ਕਲਮ ਲੱਭਦੀ ਹੈ
ਤਾਂ ਤੂੰ ਗੁਆਚ ਜਾਂਦੀ ਹੈ
ਠੀਕ ਉਵੇਂ
ਜਿਵੇਂ
ਇੱਛਾ ਜਾਗਣ ਤੇ
ਸਾਥ ਨਹੀਂ ਮਿਲਦਾ
ਤੇ ਜਦੋਂ ਸਾਥ ਮਿਲਦਾ ਹੈ
ਇੱਛਾ ਦਾ ਤਿਆਗ ਹੋ ਜਾਂਦਾ ਹੈ ।।

ਨਾ ਗੁੰਮ ਹੈ ਨਾ ਭਾਲ ਹੈ...

ਇੱਕ ਕੁੜੀ, ਜੀਹਦਾ ਨਾਂ ਮੁਹੱਬਤ
ਨਾ ਗੁੰਮ ਹੈ ਨਾ ਭਾਲ ਹੈ..........
ਨਿਰਲੇਪ ਰਹਿ, ਦੁਹਾਈਆਂ ਪਾਉਣਾ
ਇਹੋ ਸਮੇਂ ਦੀ ਚਾਲ ਹੈ...........।

ਮਾਰੂਥਲ ਵਿੱਚ ਭਟਕਦੀ
ਹੋਠਾਂ ਤੇ ਪਿਆਸ ਲੈਕੇ,
ਖੁਦ ਹੀ ਖੁਦ ਨੂੰ ਪੀ ਗਈ
ਇਹ ਨਦੀ ਦਾ ਹਾਲ ਹੈ
ਇੱਕ ਕੁੜੀ, ਜੀਹਦਾ ਨਾਂ ਮੁਹੱਬਤ
ਨਾ ਗੁੰਮ ਹੈ ਨਾ ਭਾਲ ਹੈ..........।

ਜ਼ਿੰਦਗੀ ਜੂਆ ਨਹੀਂ
ਕਿ ਜਿੱਤ ਗਏ ਜਾਂ ਹਾਰ ਗਏ,
ਨਾ ਸੇਜ ਹੈ ਫੁੱਲਾਂ ਦੀ ਇਹ
ਨਾ ਜੀਅ ਦਾ ਇਹ ਜੰਜਾਲ ਹੈ
ਇੱਕ ਕੁੜੀ, ਜੀਹਦਾ ਨਾਂ ਮੁਹੱਬਤ
ਨਾ ਗੁੰਮ ਹੈ ਨਾ ਭਾਲ ਹੈ..........।

ਕਮਾਲ ਹੈ ਜਾਦੂਗਰੀ
ਸ਼ਬਦਾਂ ਨੂੰ ਭਾਵ ਦੇਣੇ,
ਭਾਵਾਂ ਤੋਂ ਪਰ ਮੂੰਹ ਫੇਰਨਾ
ਜਿਉਂਦਾ ਖੜ੍ਹਾ ਸਵਾਲ ਹੈ
ਇੱਕ ਕੁੜੀ, ਜੀਹਦਾ ਨਾਂ ਮੁਹੱਬਤ
ਨਾ ਗੁੰਮ ਹੈ ਨਾ ਭਾਲ ਹੈ..........।

ਉਸਨੂੰ ਕਹੋ ਕਿ ਏਦਾਂ ਨ੍ਹੀਂ ਹੁੰਦਾ
ਉਸਨੂੰ ਕਹੋ ਕਿ ਓਦਾਂ ਨ੍ਹੀਂ ਹੁੰਦਾ
ਉਸਨੂੰ ਕਹੋ, ਹਵਾ ਦਾ ਨ੍ਹੀਂ ਬੁੱਲ੍ਹਾ
ਉਸਨੂੰ ਕਹੋ, ਇਹ ਜੀਵਨ ਅਮੁੱਲਾ
ਉਸਨੂੰ ਕਹੋ, ਛੱਡ ਗਿਆ ਜਿਹੜੇ ਦਰ ਨੂੰ
ਉਸਨੂੰ ਕਹੋ, ਪਰਤ ਆਵੇ ਘਰ ਨੂੰ
ਉਸਨੂੰ ਪੁੱਛੋ, ਕਿ ਡਰ ਕਿਹੜੀ ਗੱਲੋਂ
ਸੁਹਾਗਣ ਨੂੰ ਵਿਧਵਾ ਦਾ ਵਰ ਕਿਹੜੀ ਗੱਲੋਂ
ਉਸਨੂੰ ਕਹੋ ਹਵਾ ਨਾ ਕਰੇ ਉਹ
ਮਰਨਾ ਤਾਂ ਹੈ ਐਵੇਂ ਨਾ ਮਰੇ ਉਹ
ਇਹ ਜੋਬਨ ਦੀ ਰੁੱਤ ਹੈ
ਇਹ ਮਾਨਣ ਦੀ ਰੁੱਤ ਹੈ
ਹਨ੍ਹੇਰਿਆਂ 'ਚੋਂ ਨਿਕਲੇ
ਇਹ ਚਾਨਣ ਦੀ ਰੁੱਤ ਹੈ
ਭੁਲੇਖਾ ਹੈ, ਫੁੱਲ ਨਾ ਉਹ ਤਾਰਾ ਹੈ ਬਣਦਾ
ਸੁਰਮੇ ਦਾ ਵੈਰੀ, ਹੰਝੂ ਖਾਰਾ ਹੈ ਬਣਦਾ
ਸ਼ਰਾਬਾਂ ਦੀ ਗੱਲ ਹੈ ਸ਼ਬਾਬਾਂ ਦੀ ਗੱਲ ਹੈ
ਆਪੋ ਅਪਣੇ ਸਵਾਦਾਂ ਦੀ ਗੱਲ ਹੈ
ਗੁਲ ਦੀ ਕਿਤੇ ਗੁਲਾਬਾਂ ਦੀ ਗੱਲ ਹੈ
ਉਸਨੂੰ ਕਹੋ ਕਿ ਇਹ ਖਾਬਾਂ ਦੀ ਗੱਲ ਹੈ
ਉਸਨੂੰ ਕਹੋ ਕਿ ਉਹ ਧਰਤੀ ਤੇ ਆਵੇ
ਅੰਬਰਾਂ ਤੇ ਹੀ ਨਾ ਉਹ ਪਰ ਆਜ਼ਮਾਵੇ
ਉਸਨੂੰ ਕਹੋ ਕੁੱਝ ਫਰਜ਼ ਵੀ ਹੁੰਦੇ
ਪੁਰਖਿਆਂ ਦੇ ਕੁੱਝ ਕਰਜ਼ ਵੀ ਹੁੰਦੇ
ਉਸਨੂੰ ਕਹੋ ਕਿ ਏਦਾਂ ਨ੍ਹੀਂ ਹੁੰਦਾ
ਉਸਨੂੰ ਕਹੋ ਕਿ ਓਦਾਂ ਨ੍ਹੀਂ ਹੁੰਦਾ
ਕੁੱਝ ਵੀ ਕਹੋ, ਉਹਨੂੰ ਫਰਕ ਨ੍ਹੀਂ ਪੈਣਾ
ਖੁਦ ਹੀ ਨਾ ਖੁਦ ਦੇ ਨਾਲ ਹੈ
ਇੱਕ ਕੁੜੀ ਜੀਹਦਾ ਨਾਂ ਮੁਹੱਬਤ
ਨਾ ਗੁੰਮ ਹੈ ਨਾ ਭਾਲ ਹੈ...........॥

ਹੱਕ...

ਹੱਕ ਤਾਂ ਤੇਰਾ ਹੀ ਸੀ
ਮੈਂ ਤਾਂ ਜ਼ਿੰਦਗੀ ਦੇ ਕੀਮਤੀ ਵਰ੍ਹਿਆਂ ਦਾ
ਇੱਕ-ਇੱਕ ਪਲ
ਤੇਰੇ ਲਈ ਸਾਂਭ ਕੇ ਰੱਖਿਆ ਸੀ
ਅਪਣੇ ਚਾਵਾਂ ਦੀ ਸੰਘੀ ਘੁੱਟਕੇ
ਤੈਨੂੰ ਅਲਵਿਦਾ ਆਖਣ ਲੱਗਿਆਂ
ਭਰ ਆਇਆ ਸੰਘ
ਜੇ ਵੇਖ ਲੈਂਦਾ
ਤਾਂ ਡਾਲਰਾਂ ਦੀ ਚਮਕ
ਫਿੱਕੀ ਪੈ ਜਾਣੀ ਸੀ....
ਮਖਮਲੀ ਸੇਜਾਂ ਨੇ
ਇਕਲਾਪੇ ਦੀ ਰੋਗਣ ਨੂੰ
ਸੰਤਾਪੀਆਂ ਰੂਹਾਂ ਦਾ
ਵਰਦਾਨ ਦੇਕੇ
ਇਹ ਸੋਚਣ ਲਈ
ਮਜ਼ਬੂਰ ਕਰ ਦਿੱਤਾ
ਕਿ ਇਹ ਕੈਦਾਂ
ਇਹ ਵਲਗਣਾਂ
ਇਹ ਬੰਧਨ
ਇਹ ਦਾਇਰੇ
ਇਹ ਲਛਮਣ ਰੇਖਾਵਾਂ
ਮੇਰੇ ਲਈ ਹੀ ਕਿਉਂ ਹਨ?
ਮੁਕਤੀ ਦਾ ਮਾਰਗ ਤਾਂ
ਜ਼ਿੰਦਗੀ ਦੇ ਰੰਗਾਂ ਵਿੱਚ ਹੈ.....
ਵਰ੍ਹ ਰਹੇ ਸਾਉਣ ਵਿੱਚ
ਤਪਦੇ ਪਿੰਡੇ ਤੇ
ਤੇਰੇ ਪਿਆਰ ਦੀ
ਇੱਕ ਬੂੰਦ ਹੀ ਕਾਫੀ ਸੀ
ਮੈਨੂੰ ਸਾਰੀ ਦੀ ਸਾਰੀ
ਭਿੱਜ ਜਾਣ ਲਈ..
ਕਾਸ਼!
ਤੂੰ ਮੇਰੀ ਖਾਮੋਸ਼ੀ ਵਿੱਚੋਂ
ਅੰਦਾਜ਼ਾ ਲਾ ਲੈਂਦਾ
ਬੀਜ ਦੇ ਫੁੱਟਣ ਤੋਂ ਪਹਿਲਾਂ
ਅਸੂਲਾਂ ਦੇ ਟੁੱਟਣ ਤੋਂ ਪਹਿਲਾਂ
ਮੇਰੇ ਬਾਗੀ ਹੋ ਜਾਣ ਤੋਂ ਪਹਿਲਾਂ
ਮੇਰੇ ਦਾਗੀ ਹੋ ਜਾਣ ਤੋਂ ਪਹਿਲਾਂ
ਕਾਸ਼, ਕਿਤੇ ਮੇਰੀ ਥਾਂ
ਤੂੰ ਹੁੰਦਾ.......
ਮੇਰੇ ਜ਼ਖਮੀ ਪਰਾਂ ਨੂੰ ਪਲੋਸਣ ਦਾ
ਹੱਕ ਤਾਂ ਆਖਿਰ
ਤੇਰਾ ਹੀ ਸੀ....।।

Tuesday, 29 April 2014

ਮਾਹੀਆ...

ਐਵੇਂ ਛੱਡ ਕੇ ਨਾ ਜਾ ਮਾਹੀਆ
ਕੋਈ ਪੁੱਛੇਗਾ ਤਾਂ ਕੀ ਦੱਸੇਂਗਾ
ਕੋਈ ਦੋਸ਼ ਤਾਂ ਲਾ ਮਾਹੀਆ..........॥

ਪਾਣੀ ਸ਼ੂਕੇ ਦਰਿਆਵਾਂ ਦਾ
ਤੂੰ ਮਰਜ਼ੀਆਂ ਕਰ ਅੜਿਆ
ਕੀ ਏ ਸਾਡਿਆਂ ਚਾਵਾਂ ਦਾ............॥

ਕੀ ਹੁੰਦੀ ਭੰਨ-ਘੜ ਮਾਹੀਆ
ਸੋਲ਼ਾਂ ਤੂੰ ਜਮਾਤਾਂ ਪੜ੍ਹਿਆ
ਸਾਡੇ ਦਿਲ ਵਿੱਚੋਂ ਪੜ੍ਹ ਮਾਹੀਆ......॥

ਸੋਨੇ ਦੀਆਂ ਡੰਡੀਆਂ ਨੇ
ਖੰਡ ਦੇ ਕੜ੍ਹਾਹ ਵਰਗੀ
ਤੈਨੂੰ ਪੱਟ ਦਿੱਤਾ ਮੰਡੀਆਂ ਨੇ...........॥

ਸਾਡੇ ਵੱਲ੍ਹ ਦੀ ਹਵਾ ਕੋਈ ਨਾ
ਮਹੀਨਾ ਹੋਇਆ ਜੁੱਤੀ ਟੁੱਟੀ ਨੂੰ
ਤੈਨੂੰ ਸਾਡੀ ਪ੍ਰਵਾਹ ਕੋਈ ਨਾ..........॥

ਕਿੱਥੋਂ ਆ ਜਾਨੈਂ ਚਰ ਕੇ ਵੇ
ਰਹਿ ਜਾਂਦੀ ਪਾਸੇ ਮਾਰਦੀ
ਪੈ ਜਾਨੈਂ ਪਿੱਠ ਕਰਕੇ ਵੇ............॥

ਕਦੇ ਅੱਤ ਕਰ ਜਾਂਦਾ ਹੁੰਦਾ ਸੀ
ਹਟਾਂ ਜਾਂ ਮੇਕਅੱਪ ਕਰਕੇ
ਸਾਰਾ ਚੱਟ ਕਰ ਜਾਂਦਾ ਹੁੰਦਾ ਸੀ.....॥

ਸਾਥ੍ਹੋਂ ਦੁੱਖ ਨ੍ਹੀਂ ਸਹਾਰ ਹੁੰਦੇ
ਲੂਣ ਵੱਧ-ਘੱਟ ਹੋ ਜਾਵੇ
ਭਾਂਡੇ ਬੂਹਿਓਂ ਬਾਹਰ ਹੁੰਦੇ............॥

ਅੱਗੇ ਕਦੇ ਵੀ ਨਾਂ ਇੰਝ ਹੋਇਆ
ਬਾਰਾਂ ਦੀਆਂ ਬਾਰਾਂ ਪੂਰੀਆਂ
ਵੰਗਾਂ ਟੁੱਟੀਆਂ ਨਾ ਕਿੰਝ ਹੋਇਆ......॥

ਰੋਣਾ ਪੈਂਦਾ ਏ ਨਸੀਬਾਂ ਨੂੰ
ਬਿਨਾਂ ਕੋਈ ਕਸੂਰ ਕੀਤਿਆਂ
ਸਜ਼ਾ ਮਿਲਦੀ ਗਰੀਬਾਂ ਨੂੰ.............॥

ਰੱਬ...

ਕੋਈ ਰੱਬ ਆਖੇ, ਕੋਈ ਯੱਭ ਆਖੇ,
ਕੋਈ ਮੌਲਾ,ਕੋਈ ਪੀਰ, ਫਕੀਰ ਆਖੇ,
ਕੋਈ ਗੁਰੂ ਤੇ ਕੋਈ ਭਗਵਾਨ ਕਹਿੰਦਾ,
ਸਭ ਤੁੱਕੇ ਨੂੰ ਵੱਜਿਆ ਤੀਰ ਆਖੇ......
ਰੱਬਾ, ਜੇ ਹੈਗਾ ਏ ਤਾਂ ਸਾਹਮਣੇ ਵੀ ਆ
ਰੱਬਾ, ਹੈਂ ਕਿਹੋ ਜਿਹਾ ਸ਼ਕਲ ਵਿਖਾ
ਰੱਬਾ, ਤੂੰ ਮੇਰੇ ਕੋਲੋਂ ਨਾ ਘਬਰਾ
ਰੱਬਾ, ਤੂੰ ਦੁਨੀਆਂ ਦੀ ਛੱਡ ਪਰਵਾਹ
ਰੱਬਾ, ਤੂੰ ਭਾਵੇਂ ਘੋੜੇ ਉੱਤੇ ਚੜ੍ਹ ਆ
ਰੱਬਾ, ਤੂੰ ਭਾਵੇਂ ਜਿਪਸੀ ਦੇ ਵਿੱਚ ਆ
ਰੱਬਾ, ਤੂੰ ਇੱਕ ਵਾਰੀ ਨਜ਼ਰੀਂ ਤਾਂ ਆ
ਓ ਰੱਬਾ, ਨਾ ਸਿੱਧਿਆਂ ਨੂੰ ਮੂਰਖ ਬਣਾ
ਰੱਬਾ, ਵੇ ਪੰਡਿਤਾਂ ਨੂੰ ਅਕਲ ਸਿਖਾ
ਰੱਬਾ, ਵੇ ਮੁੱਲਾਂ ਦੇ ਵੀ ਖਾਨੇ ਕੁੱਝ ਪਾ
ਰੱਬਾ, ਵੇ ਭਾਈ ਜੀ ਨੂੰ ਧਰਤੀ ਤੇ ਲਾਹ
ਰੱਬਾ, ਗਰੀਬਾਂ ਚੁੱਲ੍ਹੇ ਅੱਗ ਵੀ ਮਚਾ
ਰੱਬਾ, ਵੇ ਦੁਖੀਆਂ ਦੇ ਦੁੱਖ ਵੀ ਵੰਡਾ
ਰੱਬਾ, ਸੋਨੇ ਦੀ ਚਿੜੀ ਢਾਹ ਕੇ ਬਣਾ
ਰੱਬਾ, ਵੇ ਇਹਦੇ 'ਚ ਈਮਾਨ ਵੀ ਮਿਲਾ
ਰੱਬਾ, ਭ੍ਰਿਸ਼ਟਾਚਾਰੀ ਖਤਮ ਕਰਾ
ਰੱਬਾ, ਮੈਂ ਜਾਣਦਾਂ ਤੂੰ ਕਿਤੇ ਵੀ ਨ੍ਹੀਂ 'ਗਾ
ਰੱਬਾ, ਪੁਜਾਰੀਆਂ ਨੂੰ ਤੇਰਾ ਆਸਰਾ
ਰੱਬਾ, ਤਰਕਸ਼ੀਲਾਂ ਲਈ ਤੂੰ ਖਾਹਮਖਾਹ
ਰੱਬਾ, ਵੇ ਭੋਲ਼ੇ-ਭਾਲ਼ੇ ਲੋਕਾਂ ਦਾ ਏ ਕਿਆ
ਓ ਰੱਬਾ, ਤੂੰ ਸਾਡੇ ਕੋਲੋਂ ਮੂੰਹ ਨਾ ਲੁਕਾ.......
ਲੋਕੋ, ਵੇ ਅਪਣੇ ਦਿਮਾਗ ਨਾਲ ਸੋਚੋ,
ਲੋਕੋ, ਵੇ ਧਰਮਾਂ ਦੇ ਨਾਂ ਤੇ ਲੁੱਟ ਰੋਕੋ
ਲੋਕੋ ਕਿਸੇ ਦੇ ਨਾ ਮਗਰ ਲੱਗ ਜਾਇਓ
ਲੋਕੋ ਵੇ ਅਪਣਾ ਦਿਮਾਗ ਵੀ ਦੁੜਾਇਓ
ਲੋਕੋ ਜੋ ਤੰਗ ਕਰੇ ਉਹਦੀ ਮੰਜੀ ਠੋਕੋ
ਲੋਕੋ ਵੇ ਕੇਰਾਂ ਇਤਿਹਾਸ ਤਾਂ ਖਰੋਚੋ
ਲੋਕੋ ਵੇ ਅਪਣੇ ਦਿਮਾਗ ਨਾਲ ਸੋਚੋ.... ਓ ਲੋਕੋ..
ਰੱਬ ਹੁੰਦਾ, ਤਾਂ ਕਿਸੇ ਤੇ ਗਰੀਬੀ ਨਾ ਹੁੰਦੀ
ਰੱਬ ਹੁੰਦਾ, ਨਸੀਬ, ਬਦਨਸੀਬੀ ਨਾ ਹੁੰਦੀ
ਰੱਬ ਹੁੰਦਾ, ਬੇਕਾਰੀ, ਬੇਰੁਜ਼ਗਾਰੀ ਨਾ ਹੁੰਦੀ
ਰੱਬ ਹੁੰਦਾ, ਇਹ ਜੱਗ ਤੇ ਬੀਮਾਰੀ ਨਾ ਹੁੰਦੀ
ਰੱਬ ਹੁੰਦਾ, ਝੂਠੇ ਦੀ ਸਰਦਾਰੀ ਨਾ ਹੁੰਦੀ
ਰੱਬ ਹੁੰਦਾ, ਤਾਂ ਕਿਤੇ ਭ੍ਰਿਸ਼ਟਾਚਾਰੀ ਨਾ ਹੁੰਦੀ
ਰੱਬ ਹੁੰਦਾ ਬੇਈਮਾਨੀ, ਇਮਾਨਦਾਰੀ ਨਾ ਹੁੰਦੀ
ਰੱਬ ਹੁੰਦਾ, ਗਰੀਬਾਂ ਸਿਰ ਛੱਤ ਵੀ ਹੁੰਦੀ
ਰੱਬ ਹੁੰਦਾ, ਕਿਸੇ ਦੀ ਵਿੰਗੀ ਲੱਤ ਨਾ ਹੁੰਦੀ
ਰੱਬ ਹੁੰਦਾ, ਇਹ ਜ਼ਾਤ-ਪਾਤ ਕੋਹੜ ਨਾ ਹੁੰਦੇ
ਰੱਬ ਹੁੰਦਾ ਤਾਂ ਟੱਟੀਆਂ, ਮਰੋੜ ਨਾ ਹੁੰਦੇ
ਰੱਬ ਹੁੰਦਾ ਤਾਂ ਰਾਮ ਬਨਵਾਸ ਨਹੀਂ ਸੀ ਹੋਣਾ
ਰੱਬ ਹੁੰਦਾ ਤਾਂ ਰਾਵਣ ਦਾ ਨਾਸ਼ ਨਹੀਂ ਸੀ ਹੋਣਾ
ਰੱਬ ਹੁੰਦਾ ਤਾਂ ਸੀਤਾ ਦਾ ਮਖੌਲ ਨਾ ਹੁੰਦਾ
ਰੱਬ ਹੁੰਦਾ, ਤਾਂ ਸਿੱਕਿਆਂ 'ਚ ਤੋਲ ਨਾ ਹੁੰਦਾ
ਰੱਬ ਹੁੰਦਾ ਸੁਧਾਮੇ ਦਾ ਵੈਰਾਗ ਵੀ ਨਾ ਹੁੰਦਾ
ਰੱਬ ਹੁੰਦਾ ਤਾਂ ਸੀਤਾ ਦਾ ਤਿਆਗ ਵੀ ਨਾ ਹੁੰਦਾ
ਰੱਬ ਹੁੰਦਾ, ਦਰੋਪਤੀ ਦਾ ਚੀਰ ਨਾ ਹੁੰਦਾ
ਰੱਬ ਹੁੰਦਾ ਤਾਂ ਰੱਬ ਦਾ ਅਖੀਰ ਨਾ ਹੁੰਦਾ
ਰੱਬ ਹੁੰਦਾ ਤਾਂ ਕਦੇ ਵੀ ਸੁਨਾਮੀ ਨਹੀਂ ਸੀ ਆਉਣੀ
ਰੱਬ ਹੁੰਦਾ ਤਾਂ ਸਾਡੇ ਤੇ ਗੁਲਾਮੀ ਨਹੀਂ ਸੀ ਆਉਣੀ
ਰੱਬ ਹੁੰਦਾ ਚੁਰਾਸੀ ਦੇ ਫਸਾਦ ਨਹੀਂ ਸੀ ਹੋਣੇ
ਰੱਬ ਹੁੰਦਾ ਤਾਂ ਲੋਟੂ ਹੀ ਆਜ਼ਾਦ ਨਹੀਂ ਸੀ ਹੋਣੇ
ਰੱਬ ਹੁੰਦਾ, ਸੰਤਾਲ਼ੀ ਕਤਲਾਮ ਨਹੀਂ ਸੀ ਹੋਣਾ
ਰੱਬ ਹੁੰਦਾ ਜਿਉਂਦਿਆਂ ਨੂੰ ਕਿਸੇ ਨਹੀਂ ਸੀ ਰੋਣਾ
ਰੱਬ ਹੁੰਦਾ ਤਾਂ ਧੀਆਂ ਉੱਤੇ ਕਹਿਰ ਨਹੀਂ ਸੀ ਢਹਿਣਾ
ਰੱਬ ਹੁੰਦਾ ਤਾਂ ਭਾਈ ਭਾਈ ਵੈਰ ਨਹੀਂ ਸੀ ਪੈਣਾ
ਰੱਬ ਹੁੰਦਾ ਤਾਂ ਏਨੀ ਮਹਿੰਗਾਈ ਨਹੀਂ ਸੀ ਹੋਣੀ
ਰੱਬ ਹੁੰਦਾ ਪ੍ਰਦੂਸ਼ਿਤ ਆਵਾਜਾਈ ਨਹੀਂ ਸੀ ਹੋਣੀ
ਰੱਬ ਹੁੰਦਾ ਤਾਂ ਹਿੰਦੂਆਂ ਦਾ ਵੱਖ ਨਾ ਹੁੰਦਾ
ਰੱਬ ਹੁੰਦਾ ਤਾਂ ਮੰਦਰਾਂ 'ਚ ਡੱਕ ਨਾ ਹੁੰਦਾ
ਰੱਬ ਹੁੰਦਾ ਮਸ੍ਹੀਤਾਂ ਵਿੱਚ ਘੇਰ ਨਾ ਹੁੰਦਾ
ਰੱਬ ਹੁੰਦਾ ਤਾਂ ਚਰਚਾਂ 'ਚ ਨ੍ਹੇਰ ਨਾ ਹੁੰਦਾ
ਰੱਬ ਹੁੰਦਾ ਗੁਰੂਦੁਆਰਿਆਂ 'ਚ ਪਾਖੰਡ ਨਾ ਹੁੰਦਾ
ਰੱਬ ਹੁੰਦਾ ਤਾਂ ਵਿਕਾਊ ਪਾਠ-ਅਖੰਡ ਨਾ ਹੁੰਦਾ
ਰੱਬ ਹੁੰਦਾ ਤਾਂ ਹੋਰ ਬੜਾ ਕੁੱਝ ਨਹੀਂ ਸੀ ਹੋਣਾ
ਰੱਬ ਹੁੰਦਾ ਨਾ ਕਿਸੇ ਨੇ ਨਸੀਬਾਂ ਨੂੰ ਸੀ ਰੋਣਾ
ਰੱਬ ਹੈਨ੍ਹੀਂ, ਜੇ ਸ਼ੱਕ ਹੈ ਤਾਂ ਖੁਦ ਆਜ਼ਮਾ ਲਓ
ਰੱਬ ਹੈਨ੍ਹੀਂ, ਭਾਵੇਂ ਧੂਫ-ਧੂਣੀ ਵੀ ਧੁਖਾ ਲਓ
ਰੱਬ ਹੈਨ੍ਹੀਂ, ਕਿ ਲੱਭਣੇ ਨੂੰ ਟਿੱਲ ਪੂਰਾ ਲਾ ਲਓ
ਰੱਬ ਹੈਨ੍ਹੀਂ, ਇਹ ਭੋਲ਼ਾ ਜਿਹਾ ਮਨ ਸਮਝਾ ਲਓ
ਰੱਬ ਹੈਗਾ ਤਾਂ ਵਿਹਲੜ ਪੁਜਾਰੀਆਂ ਲਈ ਹੈਗਾ
ਰੱਬ ਹੈਗਾ ਤਾਂ ਆਜ਼ਾਦ ਦੰਗਾਕਾਰੀਆਂ ਲਈ ਹੈਗਾ
ਰੱਬ ਹੈਗਾ ਤਾਂ ਮੰਦਰੀਂ ਚੜ੍ਹਾਵੇ ਲਈ ਹੈਗਾ
ਰੱਬ ਹੈਗਾ ਤਾਂ ਥਾਣੇ 'ਚ ਵਿਖਾਵੇ ਲਈ ਹੈਗਾ
ਆਓ ਜੇ ਰੱਬ ਦਾ ਹੈ ਭੇਤ ਪਾਉਣਾ ਆਓ
ਆਓ ਕਿ ਰੱਬ ਵਾਲੇ ਯੱਭ ਨੂੰ ਮੁਕਾਓ
ਆਓ ਮੈਂ ਰੱਬ ਕਿੱਦਾਂ ਜੰਮਿਆ ਵਿਖਾਵਾਂ
ਆਓ ਮੈਂ ਭੇਤ ਉੱਤੋਂ ਪਰਦੇ ਹਟਾਵਾਂ
ਰੱਬ ਇੱਕ ਪਰ ਵੇਖੋ ਅਣਗਿਣਤ ਨੇ ਮਾਵਾਂ
ਇੱਕ ਰੱਬ ਨਾਲ ਢੱਕ ਲਈਆਂ ਸਾਰੀਆਂ ਬਲਾਵਾਂ
ਸਮਾਂ ਸੀ ਸੁਹਾਣਾ, ਕੋਈ ਰੱਬ ਸੀ ਨਾ ਯੱਭ ਸੀ
ਇੱਕ ਦੂਜੇ ਨਾਲ ਪਿਆਰ ਹੱਦ ਨਾਲੋਂ ਵੱਧ ਸੀ
ਮਿਹਨਤੀ ਸੀ ਸਾਰੇ, ਸਾਰੇ ਹੱਥੀਂ ਕੰਮ ਕਰਦੇ
ਇੱਕ ਦੂਜੇ ਨਾਲ ਦੁੱਖ-ਸੁੱਖ ਵਿੱਚ ਖੜਦੇ
ਮੀਂਹ ਹੜ੍ਹ ਸੋਕਾ, ਕੁਦਰਤ ਵਾਲੀ ਮਾਰ ਸੀ
ਪਰ ਏਹਦੇ ਬਾਰੇ ਉਦੋਂ ਕਿਸੇ ਨੂੰ ਨਾ ਸਾਰ ਸੀ
ਬੀਮਾਰੀ ਪੈ ਜਾਂਦੀ ਸੀ ਤੇ ਕਾਲ ਪੈ ਜਾਂਦਾ ਸੀ
ਪੁੱਠਾ ਸਿੱਧਾ ਮਨ 'ਚ ਖਿਆਲ ਪੈ ਜਾਂਦਾ ਸੀ
ਪਾਣੀ ਲਈ ਇੰਦਰ, ਖਵਾਜਾ ਕਿਸੇ ਘੜਿਆ
ਸੋਕੇ ਲਈ ਅਪਣਾ ਮੁਲਾਹਜਾ ਕਿਸੇ ਘੜਿਆ
ਅਧੂਰੀ ਜਾਣਕਾਰੀ ਸੀ ਤੇ ਮਨ ਵਿੱਚ ਡਰ ਸੀ
ਜੱਕੋ ਤਕੀ ਵਿੱਚ ਕਿਸੇ ਰੱਬ ਲਿਆ ਘੜ ਸੀ
ਮੀਂਹ ਆਵੇ ਨ੍ਹੇਰੀ ਆਵੇ, ਰੱਬ ਨੂੰ ਧਿਆਓ ਜੀ
ਰੱਬ ਰੱਬ ਕਰ ਔਖੀ ਘੜੀ ਨੂੰ ਲੰਘਾਓ ਜੀ
ਨਾ ਸਮਝੀ ਨੂੰ ਕਹਿਣ ਚਮਤਕਾਰ ਹੋਣ ਲੱਗਿਆ
ਹੋਲ਼ੀ-ਹੋਲ਼ੀ ਰੱਬ ਪ੍ਰਚਾਰ ਹੋਣ ਲੱਗਿਆ
ਫਸਲ ਚੰਗੀ ਹੋਗੀ ਆਖ ਮੇਹਰਬਾਨੀ ਰੱਬ ਦੀ
ਘੜ ਹੋਈ ਏਦਾਂ ਜੀ ਵਿਉਂਤ ਫਿਰ ਯੱਗ ਦੀ
ਫਸਲ ਹੋਈ ਮਾੜੀ ਵਹਿਮਾਂ ਵਿੱਚ ਪੈਣ ਲੱਗ ਪਏ
ਏਦਾਂ ਜੀਆ-ਜੰਤੂਆਂ ਦੀ ਬਲੀ ਲੈਣ ਲੱਗ ਪਏ
ਕਬੀਲੇ ਚੋਂ ਸਿਆਣਾ ਬੰਦਾ ਲੱਭ ਕੇ ਬਿਠਾ ਲਿਆ
ਸਾਰੇ ਧਨ ਮਾਲ ਦਾ ਉਹ ਰਾਖਾ ਸੀ ਬਣਾ ਲਿਆ
ਲਾਲਚ ਫਰੇਬ ਨਾ ਕੋਈ ਮਨ ਵਿੱਚ ਖੋਟ ਸੀ
ਰੱਬ ਰੱਬ ਕਰਦੇ ਦਾ ਕੰਮ ਆਇਆ ਲੋਟ ਸੀ
ਪੁੱਤ ਪੌਤੇ ਪੈਦਾ ਹੋਏ ਵੰਸ਼ ਅੱਗੇ ਵਧਿਆ
ਇਹ ਰੱਬ ਵਾਲਾ ਧੰਦਾ ਉਹਨਾਂ ਲਾਹੇਵੰਦ ਲੱਗਿਆ
ਮਿਹਨਤੀ ਦੇ ਪੁੱਤ ਪੌਤਿਆਂ ਦਾ ਵੀ ਇਹ ਹਾਲ ਸੀ
ਉਵੇਂ ਹੀ ਚਲਾਈ ਗਏ ਜਿਵੇਂ ਚੱਲੀ ਚਾਲ ਸੀ
ਵਿਗਿਆਨੀਆਂ ਨੇ ਕੁਦਰਤ ਵਾਲਾ ਭੇਤ ਪਾ ਲਿਆ
ਵਿਹਲੜਾਂ ਨੇ ਰੱਬ ਵਾਲਾ ਧੰਦਾ ਅਪਣਾ ਲਿਆ
ਵਿਹਲੜ ਪੁਜਾਰੀ, ਕਾਮੇ ਭਗਤ ਹੁੰਦੇ ਚਲੇ ਗਏ
ਏਦਾਂ ਈ ਅੱਗੇ, ਅੱਗੇ ਤੋਂ ਜਗਤ ਹੁੰਦੇ ਚਲੇ ਗਏ
ਪੁਜਾਰੀਆਂ ਦੇ ਨਾਲ ਜੀ ਲੁਟੇਰੇ ਆਣ ਰਲ਼ ਗਏ
ਏਧਰੋਂ ਤੇ ਓਧਰੋਂ ਬਥ੍ਹੇਰੇ ਆਣ ਰਲ਼ ਗਏ
ਵਿਗਿਆਨ ਦੀ ਤਰੱਕੀ ਖੂਹ ਖਾਤੇ ਵਿੱਚ ਪੈ ਗਈ
ਰੱਬ ਵਾਲੀ ਘਾੜਤ ਦਿਮਾਗ ਵਿੱਚ ਬਹਿ ਗਈ
ਲੁਟੇਰੇ ਬਣੇ ਰਾਜੇ ਨਾਲ਼ ਰਲ਼ ਗਿਆ ਪੁਜਾਰੀ ਜੀ
ਦੋਹਾਂ ਨੇ ਚਲਾਈ ਰੱਬ ਦੀ ਦੁਕਾਨਦਾਰੀ ਜੀ
ਖੂਬ ਕਰੋ ਮਿਹਨਤ ਤੇ ਖੂਬ ਕਰੋ ਦਾਨ ਜੀ
ਹੋਊ ਬੜਾ ਪੁੰਨ ਖੁਸ਼ ਹੋਊ ਭਗਵਾਨ ਜੀ
ਪਿਛਲੇ ਜਨਮ ਵਾਲੇ ਪਾਪ ਕੱਟੇ ਜਾਣਗੇ
ਬੋਲੇ ਜਿਹੜੇ ਅਨਾਪ ਤੇ ਸ਼ਨਾਪ ਕੱਟੇ ਜਾਣਗੇ
ਬੀਮਾਰੀ ਤੇ ਕਲੇਸ਼ ਵਾਲਾ ਘਰ ਵਿੱਚੋਂ ਨਾਸ਼ ਹੋਊ
ਰਾਮ ਰਾਮ ਕਰੋ, ਰਾਮ ਜੀ ਨਾਲ ਮਿਲਾਪ ਹੋਊ
ਮੁਕਤੀ ਮਿਲੇਗੀ ਤੇ ਸਵਰਗਾਂ 'ਚ ਜਾਓਗੇ
ਕਿਸੇ ਨਾ ਸੱਚ ਦੱਸਿਆ ਏਥੇ ਹੀ ਧੱਕੇ ਖਾਓਗੇ
ਕਿਰਤੀ ਤਾਂ ਕਿਰਤ ਕਮਾਉਣ ਜੋਗਾ ਰਹਿ ਗਿਆ
ਮਿਹਨਤਾਂ ਦੀ ਚੋਪੜੀ ਲੁਟਾਉਣ ਜੋਗਾ ਰਹਿ ਗਿਆ
ਫੋੜਾ ਵੀ ਜੇ ਹੋਇਆ ਝੱਟ ਪੰਡਿਤ ਬੁਲਾ ਲਿਆ
ਦਾਣਿਆਂ ਦੀ ਬੋਰੀ ਨਾਲ ਠਾਕਾ ਕਰਵਾ ਲਿਆ
ਲੋਕਾਂ ਦਿਆਂ ਦੁੱਖਾਂ ਤੇ ਵੀ ਮੋਰਚੇ ਬਣਾ ਲਏ
ਮਰ-ਮੁੱਕ ਗਿਆਂ ਦੇ ਸਰਾਧ ਰਖਵਾ ਲਏ
ਬਦਲਿਆ ਸਮਾਂ ਲੋਕ ਲਿਖ ਪੜ੍ਹ ਗਏ ਜੀ
ਜਗੀਰਦਾਰ ਰਾਜਿਆਂ ਦੀ ਥਾਵੇਂ ਖੜ੍ਹ ਗਏ ਜੀ
ਹੱਕ ਲਿਆ ਵੋਟ ਦਾ ਉਹ ਹੱਕ ਮਾਰ ਲੈ ਗਏ
ਏਥੇ ਵੀ ਤਾਂ ਬਾਜ਼ੀ ਸਰਮਾਏਦਾਰ ਲੈ ਗਏ
ਰੱਬ ਇੱਕ ਢੋਂਗ ਹੈ, ਨਾ ਜੀਹਦੀ ਕੋਈ ਹੋਂਦ ਹੈ
ਹਜੂਰਾਂ ਨਾਲ ਪੁੱਗ ਤੇ ਮਜ਼ੂਰਾਂ ਨਾਲ ਰੋਂਢ ਹੈ
ਰੱਬ ਇੱਕ ਮਿੱਥ ਹੈ ਨਾ ਜੀਹਦੀ ਕੋਈ ਤਿੱਥ ਹੈ
ਹਜ਼ੂਰਾਂ ਨਾਲ ਸਾਂਝ ਤੇ ਮਜ਼ੂਰਾਂ ਨਾਲ ਵਿੱਥ ਹੈ
ਰੱਬ ਇੱਕ ਦੰਭ ਹੈ ਇਹ ਕੂੜ ਪ੍ਰਚਾਰ ਹੈ
ਤਰੱਕੀਆਂ ਦੇ ਰਾਹ 'ਚ ਅਣਦਿਸਦਾ ਪਹਾੜ ਹੈ... ਓਏ ਲੋਕਾ
ਲੋਕਾ, ਮੈਂ ਦੇਂਦਾ ਫਿਰਾਂ ਸੱਚ ਵਾਲਾ ਹੋਕਾ
ਲੋਕਾ, ਵੇ ਤੇਰੇ ਨਾਲ ਹੁੰਦਾ ਆਇਆ ਧੋਖਾ
ਲੋਕਾ, ਵੇ ਇਹ ਜੋ ਲਹੂ ਪੀਣੀਆਂ ਨੇ ਜੋਕਾਂ
ਲੋਕਾ ਵੇ ਇਨ੍ਹਾਂ ਨੂੰ ਤੂੰ ਗਲ਼ੋਂ ਲਾਹਦੇ ਲੋਕਾ
ਲੋਕਾ, ਮੈਂ ਦੇਂਦਾ ਫਿਰਾਂ ਸੱਚ ਵਾਲਾ ਹੋਕਾ.......... ਓ ਓ ਲੋਕਾ॥