Thursday, 7 July 2016

~ ਅੱਧਾ ਕਿੱਲੋ ਖੰਡ, ਤੇ ਪਾਈਆ ਦਾਲ਼ ਲਿਆਵੀਂ ~

ਅੱਧਾ ਕਿੱਲੋ ਖੰਡ, ਤੇ ਪਾਈਆ ਦਾਲ਼ ਲਿਆਵੀਂ
ਗੰਢੇ ਮਿਰਚਾਂ ਨਾਲ ਲਿਆਵੀਂ
ਜੇਕਰ ਬਚ ਗਏ ਬਾਕੀ ਪੈਹੇ
ਦੋ ਕੁ ਟਮਾਟਰ ਲਾਲ ਲਿਆਵੀਂ।
ਟੁੱਟੀ ਹੋਈ ਐਨ੍ਹਕ ਦੀ ਡੰਡੀ
ਜੁੱਤੀ ਵੀ ਮੁਸਕਾਉਂਦੀ ਪਈ ਏ
ਪਿਛਲੇ ਕਈ ਸਾਲਾਂ ਦੇ ਵਾਂਗੂੰ
ਇਹ ਤਨਖਾਹ ਵੀ ਜਾਂਦੀ ਪਈ ਏ।
ਇਹੋ ਈ ਏ ਤਲਖ਼ ਹਕੀਕਤ
ਇਹਦੇ ਸਾਹਮਣੇ ਕਰਨੇ ਈ ਪੈਣੇ
ਇਹ ਤਾਂ ਡੋਲ਼ਾ ਚੁੱਕਣਾ ਈ ਪੈਣਾ
ਇਹ ਜ਼ੁਰਮਾਨੇ ਭਰਨੇ ਈ ਪੈਣੇ।
ਵਹੁਟੀ ਆਖੇ, ਬੰਦਿਆਂ ਵਾਂਗੂੰ
ਘਰ ਆਵੀਂ, ਨਹੀਂ ਤੂੰ ਵੇਖੇਂਗਾ
ਜੇ ਤੂੰ ਪੀ ਕੇ ਆਇਆ ਅੱਜ ਵੀ
ਮਰੀ ਹੋਈ ਦਾ ਮੂੰਹ ਵੇਖੇਂਗਾ।
ਬੰਦਾ ਵੀ ਮਜ਼ਬੂਰ ਜਿਹਾ ਏ
ਦੁੱਖ ਫੋਲੇ ਤਾਂ ਕਿਸ ਨਾਲ ਫੋਲੇ
ਮੁਰਦਾ ਜਿਸਮ 'ਚ ਹਰਕਤ ਪਾਉਂਦੇ
ਪੰਜਾਹ ਦਾ ਪਊਆ, ਦਸਾਂ ਦੇ ਛੋਲੇ।
ਦਿਮਾਗ ਦੀ ਨਾੜੀ ਫਟਣ ਤੋਂ ਪਹਿਲਾਂ
ਆਥਣ ਨੂੰ ਘੁੱਟ ਲਾ ਲੈਂਦੇ ਹਾਂ
ਏਦਾਂ ਧੋਣੇ ਧੋ ਲੈਂਦੇ ਹਾਂ
ਏਦਾਂ ਵਖ਼ਤ ਟਪਾ ਲੈਂਦੇ ਹਾਂ।
ਕਿਸ ਨੇ ਖਾ ਲਏ ਸੁਪਨੇ ਸਾਡੇ
ਭੋਗਿਆ ਕਿਸ ਹਨੀਮੂਨ ਅਸਾਡਾ
ਤੁਹਾਡੇ ਵੀ ਚੁੱਲ੍ਹੇ ਵਿੱਚ ਯਾਰੋ
ਬਲ਼ਦਾ ਹੋਣੈ ਖ਼ੂਨ ਤੁਹਾਡਾ।
ਹੋਰ ਕਿਵੇਂ ਦੇ ਆਵਣਗੇ ਦੱਸ
ਆਖਣ ਉਹ ਦਿਨ ਆ ਰਹੇ ਅੱਛੇ
ਤਨ ਦੇ ਲੀੜੇ ਲਾਹ ਕੇ ਲੈ ਗਏ
ਤੇੜ ਲਟਕਦੇ ਰਹਿ ਗਏ ਕੱਛੇ।
ਕੱਛੇ ਦੇ ਵਿੱਚ ਨਾੜੇ ਤੇ ਵੀ
ਲਿਖਿਆ ਭਾਰਤ ਮਾਤਾ ਦੀ ਜੈ
ਜੇ ਨਾ ਆਖਿਆ ਜੈ ਤਾਂ ਬੀਬਾ
ਇਹ ਕੱਛਾ ਵੀ ਲਹਿ ਗਿਆ ਲੈ।
ਬੇਰੁਜ਼ਗਾਰਾਂ ਵਰ੍ਹਦੀਆਂ ਡਾਂਗਾਂ
ਸਿੱਧੇ ਸਿਗਨਲ ਫੜਦੀਆਂ ਡਾਂਗਾਂ
ਪਿੰਡੇ ਉੱਤੇ ਲਾਸ਼ਾਂ ਬਣਕੇ
ਇਨਕਲਾਬ ਉੱਕਰਦੀਆਂ ਡਾਂਗਾਂ।
ਵੰਡੇ ਹੋਏ ਹਾਂ ਆਪੂੰ ਦੇ ਵਿੱਚ
ਏਨੀ ਗੱਲ ਭੁਲਾ ਲੈਂਦੇ ਹਾਂ
ਗਿੱਦੜ ਸਿੰਗੀ ਹੱਥ ਲੁਟੇਰਿਆਂ
ਅਪਣਾ ਆਪ ਲੁਟਾ ਲੈਂਦੇ ਹਾਂ।
ਚਿੱਟਾ ਮੱਛਰ, ਚਿੱਟਾ ਪਾਉਡਰ
ਚਿੱਟੇ ਦਿਨ ਇਹ ਦੱਸਦਾ ਪਿਆ ਏ
ਸਾਡੇ ਸੱਥਰ ਵਿਛਾਵਣ ਵਾਲਾ
ਰੰਗਾਂ ਦੇ ਵਿੱਚ ਵੱਸਦਾ ਪਿਆ ਏ।
ਫਿਰ ਵੀ ਅਸਾਂ ਨੇ ਆਸ ਨਹੀਂ ਛੱਡੀ
ਸੁਪਨੇ ਬੀਜੇ ਬੰਜਰ ਬਾਝੀਂ
ਦਮੂਖਾਂ ਬੀਜਣ ਵਾਲੇ ਵੀ ਤਾਂ
ਉੱਗਦਿਆਂ ਉੱਗੇ ਬੰਜਰ ਬਾਝੀਂ।
‪#‎ਗੱਗਬਾਣੀ‬ ਦਾ ਵੱਸ ਨਹੀਂ ਚੱਲਦਾ
ਨਹੀਂ ਤੇ ਚਾਨਣ ਲਾਲ ਹੋਣਾ ਸੀ
ਇਸ ਧਰਤੀ ਦਾ ਜਾਇਆ ਪੁੱਤਰ
ਏਸੇ ਧਰਤ ਖੁਸ਼ਹਾਲ ਹੋਣਾ ਸੀ।
ਮਾਂ ਦਾ ਸਰਵਣ, ਰੀੜ੍ਹ ਪਿਓ ਦੀ
ਜਿਉਂ ਪ੍ਰਛਾਵੇਂ ਨਾਲ ਹੋਣਾ ਸੀ
ਕਾਹਨੂੰ ਕਿਸੇ ਪਨਾਮਾ ਜੰਗਲ
ਬੇ-ਪਹਿਚਾਣ ਕੰਕਾਲ ਹੋਣਾ ਸੀ।
ਇਸ ਧਰਤੀ ਤੇ ਕੀ ਨਹੀਂ ਹੈਗਾ?
ਸਭ ਕੁੱਝ ਹੈ, ਪਰ ਖੋਹਣਾ ਪੈਣਾ
ਸੁਸਰੀ ਵਾਂਗੂੰ ਸੁੱਤੇ ਰਹੇ ਜੇ
ਰੋਂਦੇ ਈ ਆਏ, ਰੋਣਾ ਈ ਪੈਣਾ।
ਆਪੇ ਈ ਹਿੰਮਤ ਕਰਨੀ ਪੈਣੀ
ਆਪੇ ਈ ਦੋ ਹੱਥ ਹੋਣਾ ਪੈਣਾ
ਕਿਸੇ ਪੈਗੰਬਰ ਨੇ ਨਹੀਂ ਆਉਣਾ
ਆਪੇ ਈ ਢੂਹਾ ਧੋਣਾ ਪੈਣਾ।

~ ਜ਼ਿੰਦਗ਼ੀ ਬਹੁਤ ਕੀਮਤੀ ਹੈ ~

ਜ਼ਿੰਦਗ਼ੀ ਬਹੁਤ ਕੀਮਤੀ ਹੈ
ਅਸੀਂ ਜਾਣਦੇ ਹਾਂ
ਜ਼ਿੰਦਗ਼ੀ ਦੀ ਅਹਿਮੀਅਤ
ਜ਼ਿੰਦਗ਼ੀ ਦਾ ਮਕਸਦ
ਤੇ ਜ਼ਿੰਦਗ਼ੀ ਦਾ ਲੁਤਫ਼ ਉਠਾਉਣਾ
ਚੰਗੀ ਤਰਾਂ ਆਉਂਦਾ ਹੈ
ਸਾਨੂੰ।
ਅਵਾਰਾ ਕੁੱਤੇ ਦੇ ਰੋੜਾ ਮਾਰ ਕੇ
ਠਹਾਕੇ ਲਗਾਉਣਾ
ਕਾਟੋ ਦਾ ਨਿਸ਼ਾਨਾ ਬੰਨ੍ਹ ਕੇ
ਪਿੱਠ ਥਪ-ਥਪਾਉਣੀ
ਚਾਰ ਟਾਇਰੀ ਦੀਆਂ
ਚਾਰੇ ਤਾਕੀਆਂ ਖੋਲ੍ਹ ਕੇ
ਰਾਤ ਰਾਣੀ ਦੀ ਮਹਿਕ ਵਿੱਚ ਭਰ ਦੇਣੀ
ਬੀਅਰ ਦੀ ਹਵ੍ਹਾੜ
ਬੁੱਲਟ ਦੀ ਦੁੱਗ-ਦੁੱਗ
ਬਦਲ ਦੇਣੀ
ਦੀਵਾਲੀ ਦੇ ਬੁੱਲਟ ਬੰਬ ਨਾਲ
ਮੋੜਾਂ ਤੇ ਖੜ੍ਹ ਕੇ
ਅੱਖਾਂ ਨਾਲ ਮਿਣਨਾ
ਮੁਟਿਆਰਾਂ ਦੀਆਂ ਛਾਤੀਆਂ ਦੇ ਉਭਾਰ
ਹਰ ਸੰਗਰਾਂਦ, ਮੱਸਿਆ ਤੇ
ਬਖਸ਼ਾ ਲੈਣੀਆਂ
ਭੁੱਲਾਂ
ਤੇ ਮੰਗ ਲੈਣੀਆਂ ਖੁੱਲਾਂ
ਗਲ਼ੀਆਂ, ਨਾਲ਼ੀਆਂ ਦੀਆਂ ਗਰਾਂਟਾਂ ਬਦਲੇ
ਦਫ਼ਨ ਕਰ ਦੇਣੀਆਂ
ਲੋਹੇ ਦੀ ਪੇਟੀ ਵਿੱਚ
ਅਪਣੇ ਬੱਚਿਆਂ ਦੀਆਂ ਡਿਗਰੀਆਂ
ਜੇ ਆਹ ਹੀ ਕੁਛ ਕਰਨਾ ਹੁੰਦਾ
ਤਾਂ ਅਸੀਂ ਵੀ
ਚੱਕੀ ਦੇ ਪੁੜਾਂ ਵਿੱਚ ਫਸਿਆਂ ਨੇ
ਤੁਹਾਨੂੰ
ਅੰਬਰ ਦੀ ਗਹਿਰਾਈ ਨਾਪਣ ਵਾਲਿਆਂ ਨੂੰ
ਮੱਤਾਂ ਦਿਆ ਕਰਨੀਆਂ ਸੀ
ਕਿ ਜ਼ਿੰਦਗ਼ੀ ਬਹੁਤ ਕੀਮਤੀ ਹੈ
ਸੰਭਲ ਕੇ ਚੱਲਿਆ ਕਰੋ।
‪- ‎ਗੱਗਬਾਣੀ‬

~ ਜੇਕਰ ਮੰਤਵ ਪੈਸਾ ਹੁੰਦਾ ~

ਜੇਕਰ ਮੰਤਵ ਪੈਸਾ ਹੁੰਦਾ
ਡਾਲਰ ਪੌਂਡ ਕਮਾ ਲਏ ਹੁੰਦੇ
ਚੱਪਲਾਂ ਨਾਲ ਜੁਰਾਬਾਂ ਪਾ ਕੇ
ਸੱਤ ਸਮੁੰਦਰ ਗਾਹ ਲਏ ਹੁੰਦੇ।
ਨਾਲ ਸਮੱਗਲਰਾਂ ਪਾ ਕੇ ਯਾਰੀ
ਗੰਢ ਲੈਣੇ ਸੀ ਥਾਣੇਦਾਰ
ਓਡੀ ਤੇ ਸੀ ਲਿਖਿਆ ਹੋਣਾ
ਇਹ ਵੀ ਦਾਤ ਤੇਰੀ ਦਾਤਾਰ।
ਆਥਣ ਵੇਲੇ ਜੀ-ਜੀ ਕਰਦੇ
ਲਾਉਂਦੇ ਨਾਲ ਗਲਾਸੀ ਮੇਰੇ
ਡੀ ਸੀ-ਡੂ ਸੀ ਬਾਅਦ 'ਚ ਪਹਿਲਾਂ
ਹੋਣੇ ਸੀ ਚਪੜਾਸੀ ਮੇਰੇ।
ਵੋਟਾਂ ਵੇਲੇ ਲੀਡਰਾਂ ਆ ਕੇ
ਸਾਡੇ ਪੈਰੀਂ ਪੱਗ ਧਰਨੀ ਸੀ
ਅਹਿਸਾਨ ਜਤਾ ਕੇ, ਚਾਹ ਪਿਆ ਕੇ
ਉੱਤੋਂ ਬੇਚਤੀ ਅੱਡ ਕਰਨੀ ਸੀ।
ਸਿੱਧੀ ਗੱਲ ਤੇ ਬਾਤ ਹੋਣੀ ਸੀ
ਹੋਰ ਸੁਣਾ ਫਿਰ ਕਿੱਦਾਂ ਗੱਪੀਆ
ਤੂੰ ਪਤਾ ਨਹੀਂ ਕਿਵੇਂ ਪਚਾਉਂਦਾ
ਸਾਨੂੰ ਲੱਗੀਆਂ ਪਈਆਂ ਟੱਟੀਆਂ।
ਉੱਤੋਂ ਤੀਕਰ ਪਹੁੰਚ ਹੋਣੀ ਸੀ
ਥੱਲੇ ਤੀਕਰ ਹੁੰਦਾ ਦਾਬਾ
ਚੰਡੀਗੜ੍ਹ ਵਿੱਚ ਕੋਠੀ ਹੁੰਦੀ
ਵਿੱਚ ਮੁਕਤਸਰ ਹੁੰਦਾ ਢਾਬਾ।
ਕੈਪਟਨ ਦੇ ਨਾਲ ਵ੍ਹਿਸਕੀ ਪੀਂਦੇ
ਬਾਦਲ ਨਾਲ ਕੜਾਹ ਖਾਣਾ ਸੀ
ਮੋਦੀ ਵਾਂਗੂੰ ਧਰਤੀ ਉੱਤੇ
ਪੈਰ ਕਦੇ ਹੀ ਆ ਪਾਉਣਾ ਸੀ।
ਵਿਜੈ ਮਾਲੀਆ ਵਾਂਗੂੰ ਮਿੱਥ ਕੇ
ਜਾਣੀ ਸੀ ਕਿਤੇ ਮਾਰ ਉਡਾਰੀ
ਕੀਹਦੀ ਮਾਂ ਤੇ ਕੀਹਦੀ ਮਾਸੀ
ਖੂਹ ਵਿੱਚ ਪੈਂਦੀ ਦੁਨੀਆਂਦਾਰੀ।
ਪਰ ਅੰਦਰ ਕੋਈ ਚਿਣਗ ਸੁਲਗਦੀ
ਮੁੜ-ਮੁੜ ਯਾਦ ਕਰਾਉਂਦੀ ਪਈ ਏ
ਮਾਂ ਦੀ ਮਮਤਾ, ਪਿਓ ਦੀ ਘੂਰੀ
"ਪੁੱਤ ਨੂੰ ਪੁੱਤ" ਦਿਖਾਉਂਦੀ ਪਈ ਏ।
ਅਪਣਾ ਮੰਤਵ ਪੈਸਾ ਨਹੀਂ ਏ
ਅਪਣਾ ਮੰਤਵ ਲੋਕ ਜਗਾਉਣੇ
ਜਾਗਦਿਆਂ ਨੂੰ ਟੀਚੇ ਦੇ ਕੇ
ਸੁੱਤੇ ਹੋਏ ਵੀ ਨਾਲ ਰਲ਼ਾਉਣੇ।
ਜਾਤ ਧਰਮ ਦਾ ਝੂਠਾ ਰੌਲ਼ਾ
ਮੂਰਖ ਲੋਕ ਬਣਾਉਂਦੇ ਪਏ ਨੇ
ਲੁੱਟਣ ਵਾਲੇ ਲੁੱਟ ਕੇ ਸਾਨੂੰ
ਹਾਏ ਲੁੱਟੇ ਗਏ, ਗਾਉਂਦੇ ਪਏ ਨੇ।
ਵੋਟਾਂ ਪਾ ਤਕਦੀਰ ਬਦਲ ਜੂ
ਇਹ ਵੀ ਇੱਕ ਡਰਾਮਾ ਹੀ ਏ
ਕਿਸ਼ਨ, ਗੋਪੀਆਂ, ਭਗਵਤ, ਲੀਲਾ
ਸੁਧਾਮਾ ਪਰ ਸੁਧਾਮਾ ਹੀ ਏ।
ਇੱਜ਼ਤਾਂ ਲੁੱਟਦੇ, ਕਤਲ ਕਰੇਂਦੇ
ਸ਼ਰ੍ਹ-ਏ-ਆਮ ਲਲਕਾਰਦੇ ਪਏ ਨੇ
ਬੇ-ਅਣਖੇ ਤੇ ਬੇ-ਕਰਤੂਤੇ
ਸਾਡੀ ਅਣਖ ਵੰਗਾਰਦੇ ਪਏ ਨੇ।
ਗੋਬਿੰਦ ਸਿੰਘ ਦੇ ਪੰਜ ਪਿਆਰੇ
ਨਹੀਂ ਸੀ ਕੋਈ ਰਜਵਾੜਿਆਂ ਵਿੱਚੋਂ
ਲੁੱਟੀ ਜਾਂਦੀ ਧਿਰ ਵਿੱਚੋਂ ਸੀ
ਸਾਰੇ ਹੀ ਸੀ ਮਾੜਿਆਂ ਵਿੱਚੋਂ।
ਆਖ਼ਿਰ ਚਿੜੀਆਂ ਕੋਲੋਂ ਬਾਜ਼
ਤੁੜਵਾਇਆ ਤੇ ਤੁੜਵਾਇਆ ਹੀ ਏ
ਨਹੀਂ ਸਿੱਖਣਾ ਤੇ ਨਾ ਸਿੱਖੋ ਪਰ
ਉਸ ਨੇ ਸਬਕ ਸਿਖਾਇਆ ਹੀ ਏ।
ਊਧਮ, ਭਗਤ, ਸਰਾਭੇ ਤੁਰ ਗਏ
ਤੁਰ ਗਏ ਗਦਰੀ ਬਾਬੇ ਤੁਰ ਗਏ
ਕੁਰਸੀਨਾਮੇ ਪੰਡ ਫ਼ਰਜ਼ਾਂ ਦੀ
ਧਰਕੇ ਉਹ ਸਿਰ ਸਾਡੇ ਤੁਰ ਗਏ।
ਇਹ ਤਾਂ ਫ਼ਰਜ਼ ਨਿਭਾਉਣੇ ਪੈਣੇ
ਗੀਤ ਗਦਰ ਦੇ ਗਾਉਣੇ ਪੈਣੇ
ਟੁੱਟੀ ਜੁੱਤੀ ਗੰਢ ਕੇ ਬੀਬਾ
ਲੰਮੇ ਪੈਂਡੇ ਗਾਹੁਣੇ ਪੈਣੇ।
ਪੈਸੇ ਬਾਝੋਂ ਕੁੱਝ ਵੀ ਨਹੀਂ ਪਰ
ਸਭ ਕੁੱਝ ਹੀ ਤੇ ਪੈਸਾ ਨਹੀਂ ਏ
ਜਜ਼ਬੇ ਅੱਗੇ ਸਭ ਕੁੱਝ ਢੇਰੀ
ਕੁੱਝ ਵੀ ਜਜ਼ਬੇ ਜੈਸਾ ਨਹੀਂ ਏ।
ਪੈਸੇ ਵਾਲੇ ਮੌਜਾਂ ਕਰਦੇ
ਗੋਆ ਕਦੇ ਮਾਰੀਸ਼ਸ ਘੁੰਮਣ
ਸਾਡੇ ਹੀ ਕਿਉਂ ਪੁੱਤ ਭਤੀਜੇ
ਪਾ ਕਿੱਕਰ ਨੂੰ ਰੱਸਾ ਚੁਮੰਣ?
ਕਿਉਂ ਮਿਹਨਤਾਂ ਕਰ ਕਰ ਕੇ ਅਸੀਂ
ਰਹਿ ਗਏ ਆਂ ਖਾਲੀ ਦੇ ਖਾਲੀ
ਕਿਉਂ ਨਹੀਂ ਆਉਂਦੇ ਸਾਧਨ ਹੀਣੇ
ਬਣਕੇ ਸਾਡੇ ਦਰ ਸਵਾਲੀ?
ਸੋਚਣਾ ਪੈਣਾ ਸਮਝਣਾ ਪੈਣਾ
ਕਿਉਂ ਅਸੀਂ ਹੀ ਲੱਗੇ ਥੱਲੇ
ਕਿਉਂ ਲੁਟੇਰੇ ਮੁੜ-ਮੁੜ ਕਾਬਜ਼
ਕਿਉਂ ਚੋਰਾਂ ਦੀ ਬੱਲੇ-ਬੱਲੇ?
‪#‎ਗੱਗਬਾਣੀ‬ ਵਿੱਚ ਲਿਖਿਆ ਏ ਕਿ
ਜਿਉਂਦਾ ਰਹਿ ਓਏ ਮਰਨ ਵਾਲਿਆ
ਸਭ ਕੁੱਝ ਅਰਪਿਤ ਕਰਨ ਵਾਲਿਆ
ਮੁਰਦਿਆਂ ਵਿੱਚ ਸਾਹ ਭਰਨ ਵਾਲਿਆ।
ਉੱਕਰੀ ਗਈ ਤਸਵੀਰ ਮਰੇ ਨਾ
ਰਾਂਝੇ ਦੇ ਚਿੱਤ ਹੀਰ ਮਰੇ ਨਾ
ਮਰਦਾ ਏਂ ਤੇ ਬੇਸ਼ੱਕ ਮਰਜਾ
ਪਰ ਤੇਰੀ ਜ਼ਮੀਰ ਮਰੇ ਨਾ।

ਕਤੀੜ੍ਹ

ਖਾਲਸਾ ਜੀ
ਆਪਣੀ ਕਤੀੜ੍ਹ
ਸਾਂਭ ਕੇ ਰੱਖਿਆ ਕਰੋ
ਤੇ ਪਰਖ ਲਿਆ ਕਰੋ
ਅੰਮ੍ਰਿਤ ਛਕਾਉਣ ਤੋਂ ਪਹਿਲਾਂ
ਇਹਨਾਂ ਦਾ DNA
ਕਿਉਂਕਿ
ਔਰੰਗਜ਼ੇਬ ਦੀ ਨਾਜਾਇਜ ਔਲਾਦ
ਪੱਗਾਂ ਬੰਨ੍ਹ ਕੇ
ਗਾਤਰੇ ਪਹਿਨ ਕੇ
ਪੰਜੇ ਕੱਕਾਰਾਂ ਦੀ ਧਾਰਨੀ ਹੋ ਕੇ ਵੀ
ਨਹੀਂ ਛੱਡ ਸਕੀ
ਅਪਣਾ ਮੂਲ
ਕਿਤੇ ਇਹ ਨਾ ਹੋਵੇ
ਕਛਹਿਰੇ ਲਾਹ ਕੇ
ਟੰਗ ਦੇਣ
ਨਿਸ਼ਾਨ ਸਾਹਿਬ ਦੇ ਬਰਾਬਰ
ਤੇ ਐਲਾਨ ਕਰ ਦੇਣ
ਖਾਲਸਾ ਨਿਆਰਾ ਹੀ ਹੁੰਦਾ ਹੈ
ਏਸ ਨਿਆਰੇ ਖਾਲਸੇ ਨੂੰ
ਸੰਗਲੀ ਪਾ ਕੇ ਰੱਖੋ
ਇਸ ਦੀ ਚਊਂ- ਚਊਂ
ਘੋਲ ਰਹੀ ਹੈ
ਫਿਜ਼ਾਵਾਂ ਵਿੱਚ ਜ਼ਹਿਰ
ਗੁਰੂ ਗੋਬਿੰਦ ਸਿੰਘ
ਇਨ੍ਹਾਂ ਲਈ
ਨਾਮ ਦਾ ਹੀ ਗੁਰੂ ਹੈ
ਹਰ ਉਹ ਸ਼ਕਸ
ਜੋ ਇਹਨਾਂ ਵਰਗਾ ਨਹੀਂ ਦਿਸਦਾ
ਇਹਨਾਂ ਵਰਗਾ ਨਹੀਂ ਸੋਚਦਾ
ਇਹਨਾਂ ਅਕਲ ਦੇ ਦੁਸ਼ਮਣਾਂ ਦਾ
ਦੁਸ਼ਮਣ ਹੈ
ਗਰੰਥ ਸਾਹਿਬ
ਇਹਨਾਂ ਲਈ
ਅੰਨ੍ਹੀ,ਬੋਲ਼ੀ,ਗੂੰਗੀ ਅਤੇ
ਸੁਨੱਖੀ ਨਾਰ ਤੋਂ ਵੱਧ ਕੇ
ਕੁੱਝ ਵੀ ਨਹੀਂ
ਇਹਨਾਂ ਨੂੰ ਸਮਝਾ ਦੇਣਾ
ਖਾਲਸਾ ਜੀ
ਕਿ ਗੋਬਿੰਦ ਸਿੰਘ ਨੇ
ਦੇਸੀ ਘਿਓ ਦੀਆਂ
ਦੇਗਾਂ ਛਕਾਉਣ ਲਈ
ਸਰਬੰਸ ਨਹੀਂ ਸੀ ਵਾਰਿਆ
ਸੰਗਮਰਮਰੀ ਬੁੱਚੜਖਾਨਿਆਂ ਵਿੱਚ
ਸੋਨੇ ਦੀਆਂ ਕੰਧਾਂ ਅਤੇ ਦਰਵਾਜ਼ੇ
ਲਵਾਉਣ ਦਾ ਸ਼ਾਹੀ ਸ਼ੌਕ
ਔਰੰਗਜ਼ੇਬ ਰੱਖਿਆ ਕਰਦਾ ਸੀ
ਗੋਲ੍ਹਕਾਂ ਵੰਡ ਛਕਣ
ਦਾ ਸੁਨੇਹਾ ਦਿੰਦੀਆਂ ਸੀ
ਵੱਢ ਛਕਣ ਦਾ ਨਹੀਂ
ਖਾਲਸਾ ਜੀ
ਅੱਖਰ ਵਾਧ ਘਾਟ
ਮੁਆਫ਼ ਕਰਨਾ
ਜੇ ਸੱਚਮੁੱਚ ਦੇ ਖਾਲਸੇ ਹੋ
ਖਾਲਸਾ ਮੇਰੋ ਰੂਪ ਹੈ ਖਾਸ ਵਾਲੇ
ਨਹੀਂ ਤੇ
ਚਊਂ ਚਊਂ ਬੰਦ ਕਰਾਉ
ਅਪਣੇ ਭੌਂਕਿਆਂ ਦੀ
ਸਾਨੂੰ ਉਹ ਸਲੋਕ
ਬਿਲਕੁਲ ਵੀ ਪਸੰਦ ਨਹੀਂ
ਜੋ ਧਰਮ ਦੀ ਹਾਰ ਹੁੰਦੀ ਵੇਖ ਕੇ
ਉੱਚੀ ਉੱਚੀ ਉਚਾਰੇ ਜਾਂਦੇ ਨੇ।

ਇਮਰੋਜ਼ ਦੇ ਨਾਂ (2011)

ਇਮਰੋਜ਼!
ਮੁਆਫ਼ ਕਰਨਾ
ਕਿ ਜਿੱਥੇ ਅਸੀਂ ਜ਼ਿੰਦਗੀ ਦੇ ਹੁਸੀਨ ਪਲ ਸਾਂਝੇ ਕੀਤੇ
ਸੁਪਨਿਆਂ ਨੂੰ ਅਮਲੀ ਰੂਪ ਦਿੱਤਾ
ਸੱਭਿਅਤਾ ਦੀ ਕੈਨਵਸ ਤੇ
ਆਧੁਨਿਕਤਾ ਦੇ ਰੰਗ ਭਰੇ
ਉਹ ਆਸ਼ਿਆਨਾ
ਆਰਥਿਕਤਾ ਦੀ ਚਾਦਰ ਵਲੇਟੀ
ਮੰਡੀਕਰਨ ਦੀ ਬੁੱਕਲ ਵਿੱਚ ਆਤਮ ਸਮਰਪਣ ਕਰਕੇ
ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਿਆ ਹੈ.......
ਇਹ ਮਹਿਜ ਇੱਕ ਘਰ ਨਹੀਂ ਟੁੱਟਿਆ
ਕੁੱਝ ਭਰਮ ਟੁੱਟੇ ਨੇ
ਕਿ ਚੰਗਾ ਹੋਇਆ
ਸ਼ੈਕਸਪੀਅਰ ਭਾਰਤ ਵਿੱਚ ਨਹੀਂ ਜਨਮਿਆ
ਏਥੇ ਤਾਂ ਗੋਰਕੀ ਨੇ ਵੀ ਮਾਂ ਸਣੇ
ਰੁਲ-ਖੁਲ਼ ਜਾਣਾ ਸੀ..........
ਮੈਂ ਜਾਣਦੀ ਹਾਂ
ਏਥੇ ਕੰਮ ਦੀ ਕਦਰ ਨਹੀਂ ਹੁੰਦੀ
ਘੋੜਿਆਂ ਦੇ ਦਲਾਲ ਦੇ ਰਾਤੋ-ਰਾਤ
ਕਰੋੜਪਤੀ ਬਣ ਜਾਣ ਦੇ ਸੋਹਿਲੇ ਗਾਏ ਜਾਂਦੇ ਨੇ
ਅਖੌਤੀ ਬਾਬਿਆਂ ਦੇ ਕਮੀਨਪੁਣਿਆਂ ਤੇ
ਚਾਦਰ ਚੜ੍ਹਾਈ ਜਾਂਦੀ ਹੈ
ਸਾਈਂ ਬਾਬਿਆਂ ਦੀਆਂ ਚਲਾਕੀਆਂ ਤੇ
ਚਮਤਕਾਰਾਂ ਦੀ ਪਾਣ ਚੜ੍ਹਾ ਕੇ
ਭੇਡਾਂ ਦੀ ਗਿਣਤੀ ਵਧਾਈ ਜਾਂਦੀ ਹੈ........
ਏਥੇ ਕੰਮ ਦੀ ਕਦਰ ਨਹੀਂ ਹੁੰਦੀ
ਦੇਸ਼ ਦੀ ਰੀੜ੍ਹ ਅਖਵਾਉਂਦੇ ਲੋਕਾਂ ਦੇ ਕੁੱਬ ਤੇ
ਲੱਤ ਮਾਰ ਕੇ ਅਹਿਸਾਨ ਜਤਾਇਆ ਜਾਂਦਾ ਹੈ
ਉਨ੍ਹਾਂ ਨੂੰ ਪੁਲਾਂ ਹੇਠੋਂ ਕੱਢ ਕੇ
ਨੀਲੀ ਛੱਤ ਦੀਆਂ ਟਾਕੀਆਂ
ਅਲਾਟ ਕੀਤੀਆਂ ਜਾਂਦੀਆਂ ਹਨ
ਉਨ੍ਹਾਂ ਦੇ ਬੱਚਿਆਂ ਦੀਆਂ ਛਾਤੀਆਂ ਵਿੱਚ
ਤ੍ਰਿਸ਼ੂਲਾਂ ਖੋਭ ਕੇ
ਹਰ ਹਰ ਮਹਾਂਦੇਵ ਦੇ
ਨਾਅਰੇ ਲਾਏ ਜਾਂਦੇ ਹਨ
ਤਾਂਡਵ ਕੀਤਾ ਜਾਂਦਾ ਹੈ...................
ਕੇ 25 ਹੋਜ਼ ਖ਼ਾਸ ਤਾਂ ਇੱਕ ਸਟੇਸ਼ਨ ਸੀ
ਜਿੱਥੇ ਗੱਡੀਆਂ ਰੁਕ ਕੇ
ਸਵਾਰੀਆਂ ਬਦਲਦੀਆਂ ਹਨ
ਤੇ ਚਲੇ ਜਾਂਦੀਆਂ ਹਨ.....
ਮੈਂ ਸਮਝ ਸਕਦੀ ਹਾਂ
ਕਿ ਅਸ਼ਟਾਮ ਤੇ ਦਸਤਖ਼ਤ ਕਰਨ ਲੱਗਿਆਂ
ਤੇਰੇ ਹੱਥ ਕੰਬੇ ਹੋਣਗੇ
ਅਖਾਂ ਭਰ ਆਈਆਂ ਹੋਣਗੀਆਂ
ਲੱਤਾਂ ਲੜਖੜਾਈਆਂ ਹੋਣਗੀਆਂ
ਤੇ ਬੁੱਲ੍ਹ ਥਰਥਰਾਏ ਹੋਣਗੇ
ਅਕਸਰ
ਆਤਮਹੱਤਿਆ ਕਰਨ ਤੋਂ ਪਹਿਲਾਂ
ਇੰਝ ਹੀ ਹੁੰਦਾ ਹੈ.......
ਮਲਬੇ ਦੇ ਢੇਰ ਥੱਲੇ ਮੇਰੀ ਰੂਹ ਦੱਬੀ ਗਈ ਹੈ
ਉਸ ਨੂੰ ਲੱਭਣ ਦੀ ਕੋਸ਼ਿਸ਼ ਨਾ ਕਰੀਂ
ਗੁਆਚ ਜਾਏਂਗਾ
ਮੇਰੇ ਵਾਂਗ ਹੀ.......
ਮੈਨੂੰ ਲੱਭਣਾ ਹੈ ਤਾਂ
ਕੂੜੇ ਦੇ ਢੇਰ ਤੋਂ ਕਾਗਜ਼ ਚੁੱਕਦੇ ਬੱਚੇ ਦੀਆਂ
ਅੱਖਾਂ ਵਿੱਚ ਆਏ ਸਵਾਲ ਵਿੱਚੋਂ ਲੱਭੀਂ
ਗੂੰਗੀ ਮੰਗਤੀ ਦੀਆਂ ਢਿਲਕੀਆਂ ਹੋਈਆਂ ਛਾਤੀਆਂ
ਤੇ ਵਧੇ ਹੋਏ ਢਿੱਡ ਵਿੱਚੋਂ ਲੱਭੀਂ
ਦੇਸ਼ ਦੀ ਖੁਸ਼ਹਾਲੀ ਦੀ ਤਸਵੀਰ ਬਣਾਉਂਦੇ
ਚਿੱਤਰਕਾਰ ਦੀ ਕੰਗਾਲੀ ਵਿੱਚੋਂ ਲੱਭੀਂ
ਦੇਸ਼ ਨੂੰ ਅਨਾਜ ਪੱਖੋਂ ਸੁਰੱਖਿਅਤ ਕਰਨ ਵਾਲੇ ਅੰਨਦਾਤਾ ਵਲੋਂ
ਜ਼ਿੰਦਗੀ ਨੂੰ ਲਿਖੇ ਬੇ-ਦਾਵੇ ਵਿੱਚੋਂ ਲੱਭੀਂ.........
ਪਰ ਭੁੱਲਕੇ ਵੀ
ਪੱਥਰ ਦੀਆਂ ਇਮਾਰਤਾਂ ਵਿੱਚ
ਸੱਤਾਂ ਪੁੱਤਾਂ ਦੀ ਬੇਸਹਾਰਾ ਮਾਂ ਦੀ ਜੂਨ ਹੰਢਾਉਂਦੀਆਂ
ਸਰਕਾਰੂ ਫਾਈਲਾਂ ਵਿੱਚੋਂ ਲੱਭਣ ਦੀ ਕੋਸ਼ਿਸ਼ ਨਾ ਕਰੀਂ.....
ਨਹੀਂ ਤਾਂ ਮੈਂ, ਮੈਂ ਨਹੀਂ ਰਹਿਣਾ
ਤੇ ਤੂੰ, ਤੂੰ ਨਹੀਂ ਰਹਿ ਜਾਣਾ.....
ਮੈਨੂੰ ਉਮੀਦ ਹੈ
ਤੂੰ ਮੈਨੂੰ ਲੱਭ ਲਏਂਗਾ
ਤੂੰ ਉਦਾਸ ਹੋਇਆ ਏਂ
ਨਿਰਾਸ਼ ਨਹੀਂ ਹੋਇਆ
ਮੈਂ ਜਾਣਦੀ ਹਾਂ
ਮੈਂ ਸਮਝਦੀ ਹਾਂ
ਤੈਨੂੰ ਮੇਰੇ ਤੋਂ ਵੱਧ ਭਲਾ
ਕੋਣ ਸਮਝ ਸਕਦਾ ਏ
..................ਤੇਰੀ ਐਮੀਂ

ਪਰਮ ਧਰਮ

ਦਾਰੂ ਪੀ ਕੇ ਵੀ
ਸ਼ਹਿਨਸ਼ਾਹ ਹੋਣਾ
ਸਾਨੂੰ ਨਹੀਂ ਆਇਆ
ਨਹੀਂ ਚੁੱਕੇ ਜਾਂਦੇ 
ਸਾਡੇ ਪੈਰ
ਨਹੀਂ ਉਡਾਏ ਜਾਂਦੇ
ਸਾਡੇ ਕੋਲੋਂ
ਗਾਂਧੀ ਵਾਲੇ ਨੋਟ
ਨਹੀਂ ਕੀਤੀ ਜਾਂਦੀ
ਅਪਣੇ ਆਪ ਦੀ
ਵਕਾਲਤ
ਸਾਨੂੰ ਪਤਾ ਨਹੀਂ
ਸ਼ਰਾਬ ਕਿਉਂ ਨਹੀਂ ਚੜ੍ਹਦੀ
ਅਸੀਂ ਅਜੇ ਵੀ
ਦੁੱਧ ਪੀ ਕੇ
ਸ਼ੀਸ਼ੇ ਮੂਹਰੇ ਖਲੋ ਕੇ
ਡੋਲੇ ਫੁਲਾ ਕੇ
ਅਪਣੀ ਤਾਕਤ ਪਰਖਣ ਦਾ
ਭਰਮ ਪਾਲੀ ਬੈਠੇ ਹਾਂ
ਸ਼ਰਾਬ ਪੀਣ ਤੋਂ ਬਾਅਦ
ਜਿਹਨਾਂ ਦੀਆਂ ਅੱਖਾਂ ਵਿੱਚ
ਲਾਲੀ ਉੱਤਰਦੀ ਹੈ
ਉਹ ਪਤਾ ਨਹੀਂ
ਕਿਸ ਮਿੱਟੀ ਦੇ ਬਣੇ ਹੋਣਗੇ
ਸਾਡੀਆਂ ਅੱਖਾਂ ਵਿੱਚ
ਅਜੇ ਵੀ
ਭੈਅ ਉੱਤਰਦਾ ਹੈ
ਕਿ ਸਾਡੇ ਵਾਰੀ
ਹਰ ਨਸ਼ਾ
ਕਿਉਂ ਭੁੱਲ ਜਾਂਦਾ ਹੈ
ਅਪਣਾ
ਪਰਮ ਧਰਮ ।
‪- ਗੱਗਬਾਣੀ‬