Thursday, 30 January 2014

ਆਈ ਵਿਸਾਖੀ...

ਆਈ ਵਿਸਾਖੀ ਮੰਡੀਆਂ ਦੇ ਵਿੱਚ ਮੁੜ ਤੋਂ ਰੌਣਕ ਲੱਗੇਗੀ,
ਫਸਲ ਵੇਚਣ ਆਏ ਕਿਸਾਨ ਨੂੰ ਫਸਲ ਵੇਚ ਕੇ ਛੱਡੇਗੀ।

ਜਿਣਸਾਂ ਦੇ ਮੁੱਲ ਉਹ ਨਾ ਪੈਂਦੇ, ਜੋ ਲਾਗਤ ਤੇ ਖਰਚੇ ਨੇ,
ਕੀਹਦੀ ਮਾਂ ਨੂੰ ਪਿੱਟੇ ਸੁਆਣੀ, ਕੀਹਦੀ ਮਾਂ ਨੂੰ ਛੱਡੇਗੀ।

ਆੜ੍ਹਤ, ਚੁੰਗੀਆਂ, ਟੈਕਸ, ਪੁਲਿਸ ਖਰਚੇ ਤੇ ਕੁੰਡੀ,
ਖੂਨ ਪਸੀਨਾ ਵਹਾਅ ਚੁੱਕੇ ਦਾ ਮਾਸ ਨੋਚ ਕੇ ਛੱਡੇਗੀ।

ਨਵੀਂ ਪੈਂਟ ਦੀ ਆਸ ਲਗਾਈ, ਉਸ ਕਿਸਾਨ ਦੇ ਪੁੱਤਰ ਦੀ,
ਖੁਸ਼ਕ-ਖੁਰਦਰੀ ਢੂਹੀ ਉੱਤੇ ਫਿਰ ਤੋਂ ਟਾਕੀ ਵੱਜੇਗੀ।

ਸਾਇਕਲ ਨੂੰ ਵੀ ਨਵੀਂ ਟਿਊਬ ਦੀ ਆਸ ਤੇ ਪਾਣੀ ਫਿਰਜੂਗਾ,
ਫੁੱਲੇ ਟਾਇਰ 'ਚੋਂ ਆਰਥਿਕਤਾ ਹੁਣ ਫੇਰ ਪਟਾਕੇ ਛੱਡੇਗੀ।

ਚਿੱਟੇ ਦਿਨ ਦੀ ਆਸ ਤੇ ਰਾਤਾਂ ਕਾਲੀਆਂ ਜਾਗ ਬਿਤਾਉਂਦਾ ਰਿਹਾ,
ਭਰ ਜੁਆਨੀ ਵਿੱਚ ਚਿਟਿਆਈ, ਕੇਸਾਂ 'ਚੋਂ ਹੀ ਲੱਭੇਗੀ।

21ਵੀਂ ਸਦੀ ਵਿੱਚ ਆਕੇ ਵੀ ਜੇ ਰਹੀ ਕਿਸਾਨੀ ਲੰਗੜੀ ਹੀ,
ਗੱਗ-ਬਾਣੀ ਵਿੱਚ ਲਿਖਿਐ, ਗਰੀਬੀ ਕਦੇ ਨਾ ਖਹਿੜਾ ਛੱਡੇਗੀ।

ਕਾਸ਼!!!

ਏਦਾਂ ਕਿਉਂ ਨਹੀਂ ਹੋ ਜਾਂਦਾ
ਕਿ ਸੂਰਜ
ਪੱਛਮ ਵਲੋਂ ਨਿਕਲੇ
ਚੰਨ ਨੂੰ
ਹੱਥ ਲਾ ਕੇ ਮਹਿਸੂਸ ਕੀਤਾ ਜਾ ਸਕੇ
ਸਿਆਣਪ
ਜੋਸ਼ ਤੇ ਬਚਪਨਾ
ਇਕੋ ਵੇਲੇ ਹਮਲਾ ਨਾ ਕਰਨ।

ਦੁੱਧ ਦੇ ਉਬਾਲ ਤੋਂ ਪਹਿਲਾਂ
ਤੇ ਭੂਚਾਲ ਦੇ ਆਉਣ ਤੋਂ ਪਹਿਲਾਂ
ਸਭ ਕੁੱਝ
ਸ਼ਾਂਤ ਹੀ ਕਿਉਂ ਲੱਗਦਾ ਹੈ
ਪਤਾ ਨਹੀਂ
ਇੱਕ ਦਮ
ਕੀ ਹੋ ਜਾਂਦਾ ਹੈ।

ਕਿਉਂ ਨਹੀਂ ਹੋ ਜਾਂਦਾ ਏਦਾਂ
ਕਿ ਤੂੰ ਤੇ ਮੈਂ ਮਿਲਕੇ
ਇੱਕ ਹੋ ਜਾਈਏ
ਜੇ ਵਿਛੜੀਏ
ਤੇ ਇੱਕ ਵੀ ਨਾ ਰਹੀਏ।
ਪੂਰੇ-ਸੂਰੇ ਹੁੰਦਿਆਂ ਵੀ
ਅੱਧੇ-ਅਧੂਰੇ ਕਿਉਂ ਹਾਂ
ਆਪਾਂ।

ਏਦਾਂ ਕਿਉਂ ਨਹੀਂ ਹੋ ਜਾਂਦਾ
ਕਿ ਹੱਥਾਂ ਵਿੱਚ ਹੱਥ ਫੜਕੇ
ਨਿਕਲ ਜਾਈਏ ਕਿਤੇ ਦੂਰ
ਸੁਪਨਿਆਂ ਨੂੰ
ਹਕੀਕਤ ਵਿੱਚ ਬਦਲਣ ਦੀ
ਜਿੱਥੇ ਦੱਸ ਪੈਂਦੀ ਹੋਵੇ
ਕਿਉਂ ਨਹੀਂ ਹੁੰਦਾ ਏਦਾਂ।

ਸਾਡੇ ਹੱਥ
ਹੱਥਾਂ ਦੀ ਛੋਹ ਨੂੰ ਤਰਸਣ
ਤੇ ਭਿੱਜ ਕੇ ਵੀ
ਅਣਭਿੱਜੇ ਹੀ ਰਹਿ ਜਾਣ
ਏਦਾਂ ਹੀ ਕਿਉਂ ਹੁੰਦਾ ਹੈ।

ਕਾਸ਼!
ਏਦਾਂ ਹੋ ਜਾਵੇ
ਕਿ ਧਰਤੀ
ਸੱਚ-ਮੁੱਚ ਘੁੰਮਦੀ ਹੋਈ ਪ੍ਰਤੀਤ ਹੋਵੇ
ਚੰਨ ਤੇ ਪੀਂਘ ਪਾਈ ਜਾ ਸਕੇ
ਸੂਰਜ ਨੂੰ ਮਸ਼ਕਰੀ ਕੀਤੀ ਜਾ ਸਕੇ
ਪਰ ਦਿਮਾਗ ਦੇ ਘੁੰਮਣ ਨਾਲ
ਸਭ ਕੁੱਝ ਨਹੀਂ ਘੁੰਮ ਜਾਂਦਾ।

ਜਿਸ ਦਿਨ ਏਦਾਂ ਹੋ ਗਿਆ
ਉਸ ਦਿਨ
ਮੈਂ ਤੇਰੀਆਂ ਬਾਹਾਂ ਵਿੱਚ
ਆਖਰੀ ਘੜੀਆਂ ਗਿਣ ਰਿਹਾ ਹੋਵਾਂਗਾ
ਤੇ ਤੂੰ ਸਭ ਕੁੱਝ ਪਹਿਲਾਂ ਜਿਹਾ ਹੋਣ ਲਈ
ਦੁਆ ਕਰ ਰਹੀ ਹੋਵੇਂਗੀ।

ਮਹਿੰਗਾਈ...

ਮਾਂ ਸਾਰੀ ਰਾਤ ਖੰਘਦੀ ਰਹੀ।
ਨਿੱਕੇ ਹੁੰਦਿਆਂ
ਜਦੋਂ ਮੈਨੂੰ ਖੰਘ ਛਿੜਦੀ ਸੀ
ਤਾਂ ਮਾਂ ਸ਼ਹਿਦ ਵਿੱਚ ਪੁੜੀਆਂ ਮਿਲਾ ਕੇ
ਚਟਾਉਂਦੀ ਹੁੰਦੀ ਸੀ
ਮੇਰਾ ਪੁੱਤ
ਮੇਰਾ ਸੂਰਮਾ
ਮੇਰੇ ਲਾਡਲੇ ਨੂੰ
ਕਿਸੇ ਦੀ ਨਜ਼ਰ ਨਾ ਲੱਗੇ।

ਰਾਤ ਖੰਘਦੇ-ਖੰਘਦੇ
ਮਾਂ ਦਾ ਸਾਹ ਪਲਟ ਗਿਆ
ਅਜਿਹੇ ਵੇਲੇ
ਰੱਬ ਹੀ ਯਾਦ ਆਉਂਦਾ ਹੈ
ਡਾਕਟਰ ਯਾਦ ਨਹੀਂ ਆਉਂਦਾ
ਜਦੋਂ ਭੜੋਲੇ ਵਿੱਚ ਚੂਹੇ ਨੱਚਦੇ ਹੋਣ।

ਜਿੱਕ-ਦੱਬ ਕਰਕੇ
ਸਾਹ ਤਾਂ ਪਰਤ ਆਇਐ
ਪਰ ਮਾਂ ਨੂੰ ਤਾਂ
ਤਾਪ ਵੀ ਚੜ੍ਹਿਆ ਪਿਆ ਸੀ।

ਸੀਬੋ ਵਿਹੜੇ ਵਿੱਚੋਂ ਮੰਗ ਕੇ
ਬਰਫ ਲੈ ਆਈ
ਵਿਹੜੇ ਵਾਲੇ 'ਕੱਠੇ ਹੋ ਗਏ
ਤੇ ਵ੍ਹਾਗੁਰੂ-ਵ੍ਹਾਗੁਰੂ ਕਰਨ ਲੱਗ ਪਏ।

ਨਾਲ ਦੇ ਕਮਰੇ 'ਚੋਂ
ਜੁਆਕ ਚੀਕਾਂ ਮਾਰਨ ਲੱਗ ਪਏ
ਮੱਛਰ ਵੀ ਸਾਲ਼ਾ
ਉਨ੍ਹਾਂ ਦਾ ਖੂਨ ਚੂਸਦਾ ਹੈ
ਜਿਨ੍ਹਾਂ ਦੀਆਂ ਨਾੜਾਂ
ਸੁੱਕੀਆਂ ਵਗਦੀਆਂ ਹਨ।

ਪੱਖਾ ਵੀ ਸ਼ਾਇਦ
ਮੇਰੇ ਵਾਂਗ ਹੀ ਸੋਚਦਾ ਹੈ
ਕਬੀਲਦਾਰੀ ਦਾ ਬੋਝ
ਢੋਣਾ ਹੀ ਪੈਣਾ ਹੈ
ਰੀਂਗ-ਰੀਂਗ ਕੇ ਹੀ ਸਹੀ
ਚੱਲਣਾ ਤਾਂ ਪੈਣਾ ਹੈ।

ਮੈਂ ਚਾਹ ਕੇ ਵੀ ਮਾਂ ਨੂੰ
ਹਸਪਤਾਲ ਨਹੀਂ ਲਿਜਾਂਦਾ
ਓਥੇ ਸਿਰਫ ਪਰਚੀ ਮਿਲਦੀ ਹੈ
ਜਿਸ ਤੇ ਛੋਟੇ-ਛੋਟੇ ਅੱਖਰਾਂ ਵਿੱਚ
ਮੋਟੇ-ਮੋਟੇ ਟੈਸਟ ਲਿਖੇ ਹੁੰਦੇ ਐ।
ਜਿੰਨੀ ਕੁ ਜਮ੍ਹਾਂ ਪੂੰਜੀ ਹੈ
ਟੈਸਟਾਂ ਤੇ ਲੱਗ ਜਾਣੀ ਐ
ਇਕੱਲ੍ਹੇ ਟੈਸਟਾਂ ਦਾ ਕੀ ਫਾਇਦਾ
ਮਾਂ ਦੀ ਤਾਂ ਉਮਰ ਵੀ ਸੁੱਖ ਨਾਲ...........?

ਮੈਨੂੰ ਮੁਆਫ ਕਰੀਂ ਮਾਂ
ਮੈਂ ਏਦਾਂ ਕਦੇ ਨਹੀਂ ਸੋਚ ਸਕਦਾ
ਮੇਰੀ ਸੋਚ
ਵਕਤ ਦੇ ਥਪੇੜਿਆਂ ਨੇ
ਖੁੰਢੀ ਕਰ ਦਿੱਤੀ ਹੈ
ਮੇਰੀ ਮਾਂ ਦੇ ਹਿੱਸੇ ਦੀਆਂ ਪੁੜੀਆਂ
ਸਵਿਟਜ਼ਰਲੈਂਡ ਚਲੀਆਂ ਗਈਆਂ ਹਨ।

ਝੋਲਾ ਛਾਪ ਡਾਕਟਰ ਨੇ ਵੀ
ਮੂੰਗੀ ਦੀ ਦਾਲ ਹੀ ਦੱਸਣੀ ਹੈ।
ਮੂੰਗੀ ਦੀ ਦਾਲ਼!
ਕਹਿ ਦੇਣਾ ਬਹੁਤ ਸੋਖਾ ਹੈ
ਬਾਪੂ ਦੇ ਮਰਨ ਤੋਂ ਬਾਅਦ
ਏਹਦਾ ਕਦੇ ਭਾਅ ਹੀ ਨਹੀਂ ਪੁੱਛਿਆ।

ਪਿੰਡ ਵਿੱਚ
ਤੀਏ-ਚੌਥੇ
ਵਿਆਹ, ਜਗਰਾਤਾ, 'ਖੰਡ-ਪਾਠ
ਹੁੰਦਾ ਰਹਿੰਦਾ ਹੈ
ਪਰ ਮੂੰਗੀ ਦੀ ਦਾਲ਼
ਉਹ ਵੀ ਨਹੀਂ ਬਣਾਉਂਦੇ।

ਬਾਪੂ ਨੇ ਮਰਨ ਵੇਲੇ ਕਿਹਾ ਸੀ
ਕਿ ਪੁੱਤ
ਐਵੇਂ ਹੁਣ ਪੈਸੇ ਬਰਬਾਦ ਨਾ ਕਰ
ਜੋੜ ਲੈ, ਕਿਤੇ ਕੰਮ ਆਉਣਗੇ।

ਬਾਪੂ ਸੱਚਾ ਸੀ
ਦੋ ਕਮਰਿਆਂ ਦਾ ਇੰਤਕਾਲ ਚੜ੍ਹਾਉਣ ਵੇਲੇ
ਪਟਵਾਰੀ ਦੇ ਕੰਮ ਆਏ ਸੀ
ਉਹ ਪੈਸੇ
ਜਿਨ੍ਹਾਂ ਨਾਲ
ਬਾਪੂ ਦੇ ਸਾਹ ਖਰੀਦੇ ਜਾ ਸਕਦੇ ਸੀ।

ਬਾਪੂ ਵੀ ਤਾਂ
ਬਗੈਰ ਦਵਾਈ ਦੇ ਹੀ ਮਰਿਆ ਹੈ
ਸਾਡੇ ਤਾਂ ਇਹ ਰੀਤ ਐ
ਸਾਡੇ ਤਾਂ ਏਦਾਂ ਹੀ ਮਰਦੇ ਨੇ
ਸਾਡੇ ਤਾਂ ਏਦਾਂ ਹੀ ਮਰਨਗੇ
ਅਸੀਂ ਤਾਂ ਹਰਾਮਦੇ ਆਂ
ਤੇ ਉਹ
ਅੰਗ੍ਰੇਜ਼ ਦੀ ਸਕੀ ਔਲਾਦ
ਜਿਹੜੀ ਕਹਿੰਦੀ ਐ
ਕਿ ਅਸੀਂ
ਜਿਆਦਾ ਖਾਣ ਲੱਗ ਪਏ ਹਾਂ
ਸਾਡੇ ਜਿਆਦਾ ਖਾਣ ਨਾਲ
ਮਹਿੰਗਾਈ ਵਧਦੀ ਹੈ
ਕੀ ਅਸੀਂ
ਸੱਚ-ਮੁੱਚ ਜਿਆਦਾ ਖਾਣ ਲੱਗ ਪਏ ਹਾਂ?

ਪਿਆਰ...

ਪਿਆਰ
ਰੂਹ ਦਾ ਅਹਿਸਾਸ 
ਰੂਹਾਂ ਦੀ ਭਟਕਣ 
ਰੂਹਾਂ ਦਾ ਮਿਲਨ 
ਰੂਹਾਂ ਦੀ ਤ੍ਰਿਪਤੀ 
ਰੂਹ ਦੀ ਜਕੜਨ ਹੈ।

ਪਿਆਰ
ਨਾ ਕੋਈ ਖਰੀਦ ਸਕਦਾ ਏ
ਨਾ ਕੋਈ ਵੇਚ ਸਕਦਾ ਏ
ਨਾ ਕੋਈ ਪਰਖ ਸਕਦਾ ਏ
ਤੇ ਨਾ ਕੋਈ ਛੇਕ ਸਕਦਾ ਏ।

ਪਿਆਰ
ਵਿਸ਼ਵਾਸ ਹੈ
ਅਹਿਸਾਸ ਹੈ
ਸੂਰਜ ਦਾ ਤਪ
ਨਦੀ ਦੀ ਪਿਆਸ
ਮਰਨ ਦਾ ਜਜ਼ਬਾ
ਜਿਊਣ ਦੀ ਆਸ ਹੈ।

ਪਿਆਰ
ਪ੍ਰੰਪਰਾਵਾਂ ਦਾ ਗੁਲਾਮ ਨਹੀਂ
ਸੱਧਰਾਂ ਦਾ ਅਨੁਵਾਦ ਹੈ
ਪਿਆਰ
ਕੋਈ ਸਵਾਲ ਨਹੀਂ
ਪਿਆਰ
ਇੱਕ ਖੂਬਸੂਰਤ ਜਵਾਬ ਹੈ।

ਪਿਆਰ
ਕਾਮ ਦੀ ਭੁੱਖ ਨਹੀਂ ਹੁੰਦੀ
ਪਿਆਰ
ਸਾਜਿਸ਼ੀ ਚੁੱਪ ਨਹੀਂ ਹੁੰਦੀ।

ਪਿਆਰ
ਗੱਲਾਂ ਕਰਨ ਸਿਖਾਉਂਦਾ ਹੈ
ਗੂੰਗਿਆਂ ਨੂੰ ਬੋਲਣ ਲਾਉਂਦਾ ਹੈ।

ਪਿਆਰ
ਅੰਨ੍ਹਾ ਨਹੀਂ ਹੁੰਦਾ
ਸੁਜਾਖਿਆਂ ਦੀ ਅੱਖ ਦਾ ਟੀਰ ਹੁੰਦਾ ਹੈ
ਅਪਣੇ ਆਪ ਦਾ
ਆਪੇ ਵਜ਼ੀਰ ਹੁੰਦਾ ਹੈ।

ਪਿਆਰ
ਕਦੇ ਵੀ ਸਾਜਿਸ਼ ਨਹੀਂ ਹੁੰਦਾ
ਕਦੇ ਵੀ ਕੀਤਾ ਨਹੀਂ ਜਾਂਦਾ
ਕਦੇ ਵੀ ਖਤਮ ਨਹੀਂ ਹੁੰਦਾ
ਫੈਲਾਇਆਂ, ਫੈਲਦਾ ਹੈ
ਘਟਾਇਆਂ, ਘਟਦਾ ਨਹੀਂ।


ਅਸੀਂ ਪਿਆਰ ਦੀ
ਸੁੱਚਮਤਾ
ਉੱਚਮਤਾ
ਕਾਇਮ ਰੱਖੀਏ।

ਪਿਆਰ ਨੂੰ
ਕੋਈ ਫਰਕ ਨਹੀਂ ਪੈਂਦਾ
ਸਰੀਰਾਂ ਦੇ ਮਿਲਣ ਨਾਲ
ਨਾ ਮਿਲਣ ਨਾਲ।

ਜਿੱਥੇ ਪਿਆਰ ਹੁੰਦਾ ਹੈ
ਓਥੇ ਸਿਰਫ ਪਿਆਰ ਹੀ ਹੁੰਦਾ ਹੈ
ਕੁੱਝ ਵੀ ਹੋਰ ਨਹੀਂ ਹੁੰਦਾ
ਸਰੀਰ
ਜਿਸਮ
ਭੁੱਖ
ਹਵਸ
ਕੁੱਝ ਵੀ ਨਹੀਂ।

ਕੁਰਬਾਨੀ...

ਤੱਤੀ ਤਵੀ ਤੇ ਬਹਿ ਕੇ
ਕੁਰਬਾਨੀ ਦੀ ਮਿਸਾਲ ਬਣ ਜਾਣਾ
ਵੱਡੀ ਗੱਲ ਨਹੀਂ।

ਚਰਖੜੀਆਂ ਤੇ ਚੜ੍ਹ ਜਾਣਾ
ਬੰਦ-ਬੰਦ ਕਟਵਾ ਦੇਣਾ
ਤੇ ਮੁੱਖੋਂ ਸੀ ਨਾ ਕਰਨੀ
ਇਹ ਵੀ ਵੱਡੀ ਗੱਲ ਨਹੀਂ।

ਨੀਹਾਂ ਵਿੱਚ ਚਿਣੇ ਜਾਣਾ
ਆਰਿਆਂ ਤੇ ਚਿਰਾਏ ਜਾਣਾ
ਲੜਦੇ ਹੋਏ ਸ਼ਹਾਦਤ ਪਾ ਲੈਣੀ
ਵੱਡੀ ਗੱਲ ਤਾਂ ਇਹ ਵੀ ਨਹੀਂ।

ਜ਼ਾਲਮ ਦਾ ਤਾਂ ਧਰਮ ਹੈ
ਜ਼ੁਲਮ ਕਮਾਉਣਾ
ਲੁੱਟ ਮਚਾਉਣੀ
ਨਿਰਦੋਸ਼ਾਂ ਦਾ ਕਤਲ ਕਰਕੇ
ਠਹਾਕੇ ਲਾਉਣੇ।

ਤੇ ਇਸ ਜ਼ੁਲਮ ਵਿਰੁੱਧ
ਨਿੱਤਰਨ ਲੱਗਿਆਂ
ਮਿਟ ਜਾਂਦਾ ਹੈ ਫ਼ਰਕ
ਤੱਤੀ ਤਵੀ ਦਾ
ਤੇ ਠੰਢੇ ਬੁਰਜ ਦਾ।

ਤਵੀ ਤਾਂ ਹੁਣ ਵੀ ਭਖਦੀ ਪਈ ਐ
ਬੁਰਜ ਤਾਂ ਹੁਣ ਵੀ ਸ਼ੂਕਦੇ ਪਏ ਨੇ
ਆਰੇ ਤਾਂ ਹੁਣ ਵੀ ਲਟਕੇ ਹੋਏ ਨੇ ਸਿਰਾਂ ਤੇ
ਔਰੰਗਜ਼ੇਬ ਤਾਂ
ਹੁਣ ਵੀ ਦਨਦਨਾਉਂਦਾ ਫਿਰਦਾ ਏ
ਵੱਡੀ ਗੱਲ ਤਾਂ ਇਹ ਵੀ ਨਹੀਂ।

ਵੱਡੀ ਗੱਲ ਤਾਂ ਇਹੋ ਐ
ਕਿ ਤੱਤੀ ਤਵੀ ਤੇ
ਸ਼ਹੀਦ ਹੋਏ ਗੁਰਾਂ ਦੇ ਸੋਹਿਲੇ
ਔਰੰਗਜ਼ੇਬ ਗਾ ਰਿਹਾ ਹੈ
ਤੇ
ਜਿਨ੍ਹਾਂ ਲਈ ਬੰਦ ਬੰਦ ਕਟਵਾ ਕੇ
ਸੁਨਹਿਰੇ ਭਵਿੱਖ ਦਾ
ਸੁਪਨਾ ਸਿਰਜਿਆ ਗਿਆ
ਸਿਆਸੀ ਜੁਗਲਬੰਦੀਆਂ ਤੋਂ ਅਣਜਾਣ
ਉਹ ਹੁਣ ਵੀ ਦਰੜੇ ਜਾ ਰਹੇ ਨੇ
ਉਹ ਹੁਣ ਵੀ ਨਰੜੇ ਜਾ ਰਹੇ ਨੇ।

ਦੱਬ ਗਏ ਨੇ ਸ਼ਾਇਦ
ਤੱਤੀ ਤਵੀ ਦੇ ਅਹਿਸਾਨ ਥੱਲੇ
ਤੇ ਔਰੰਗਜ਼ੇਬ
ਠਹਾਕੇ ਲਗਾ ਰਿਹਾ ਹੈ।

ਕਈ ਦਿਨਾਂ ਤੋਂ ਗੱਗ ਨ੍ਹੀਂ ਦੀਂਹਦਾ...

ਕਈ ਦਿਨਾਂ ਤੋਂ ਗੱਗ ਨ੍ਹੀਂ ਦੀਂਹਦਾ
ਚੰਗੀ ਗੱਲ ਐ ਯੱਭ ਨ੍ਹੀਂ ਦੀਂਹਦਾ।

ਆ ਵਿਖਾਵਾਂ ਕੁੱਲੀਆਂ ਦੇ ਵਿੱਚ
ਕਿਹੜਾ ਕਹਿੰਦਾ ਰੱਬ ਨ੍ਹੀਂ ਦੀਂਹਦਾ?

ਬਾਦਲ ਪਿੳ-ਪੁੱਤ ਠੰਢੇ ਮੁਲਕ 'ਚ
ਪੰਜਾਬ ਪਿਆ ਵਿੱਚ ਅੱਗ ਨ੍ਹੀਂ ਦੀਂਹਦਾ।

ਭਲਕ ਦਾ ਉਸ ਨੂੰ ਫ਼ਿਕਰ ਸਤਾਵੇ
ਮੈਨੂੰ ਉਸ ਦਾ ਅੱਜ ਨ੍ਹੀਂ ਦੀਂਹਦਾ।

ਸੋਨ ਚਿੜੀ, ਚੋਰਾਂ ਦਾ ਪਹਿਰਾ
ਮੈਨੂੰ ਤਾਂ ਕੋਈ ਚੱਜ ਨ੍ਹੀਂ ਦੀਂਹਦਾ।

ਲੁੱਟ ਕੇ ਖਾ ਲਿਆ ਮੁਲਕ ਅਸਾਡਾ
ਅਜੇ ਵੀ ਆਇਆ ਰੱਜ ਨ੍ਹੀਂ ਦੀਂਹਦਾ।

ਮੋਦੀ ਨੇ ਅਡਵਾਨੀ ਢਾਹ ਲਿਆ
ਰਥ ਨ੍ਹੀਂ ਦੀਂਹਦਾ, ਗੱਡ ਨ੍ਹੀਂ ਦੀਂਹਦਾ।

ਕਿਨੇਂ ਬਚਾਵਾਂ ਅਕਸ ਤੇ ਇੱਜ਼ਤ
ਮੋਹਣੇ ਨੂੰ ਕੋਈ ਪੱਜ ਨ੍ਹੀਂ ਦੀਂਹਦਾ।

ਆ ਜਾਓ ਕਰ ਲਓ ਦਰਸ਼ਣ ਭਗਤੋ
ਜਿਹੜੇ ਆਖਣ ਗੱਗ ਨ੍ਹੀਂ ਦੀਂਹਦਾ।

ਰੱਬ ਉੱਤੇ ਵਿਸ਼ਵਾਸ ਕਰੋ...

ਕਰੋ-ਕਰੋ ਸ਼ਿਵ-ਲਿੰਗ ਦੀ ਪੂਜਾ, ਹਵਨ ਕਰੋ, ਅਰਦਾਸ ਕਰੋ,
ਆਪੇ ਸਭ ਕੁੱਝ ਠੀਕ ਹੋਜੂਗਾ, ਰੱਬ ਉੱਤੇ ਵਿਸ਼ਵਾਸ ਕਰੋ।

ਕੀ ਹੋਇਆ ਜੇ ਆਫਤ ਆ ਗਈ, ਤੀਜਾ ਨੇਤਰ ਖੋਲ੍ਹਿਆ ਏ,
ਹਾਲੇ ਤਾਂ ਮੈਂ ਤਾਂਡਵ ਨਹੀਂ ਕੀਤਾ, ਕੀ ਹੁੰਦਾ ਜੇ ਗਿਆਸ ਕਰੋ।

ਮੰਦਰ ਦੇ ਵਿੱਚ ਆਸਣ ਲਾਕੇ, ਅੱਖਾਂ ਤੱਤੀਆਂ ਕਰਦੇ ਰਹੋ,
ਟੱਲ ਵਜਾਓ, ਸੁਲਫ਼ਾ ਪੀਵੋ, ਜੀਅ ਆਵੇ ਬਕਵਾਸ ਕਰੋ।

ਰਜ਼ਾ ਬਿਨਾਂ ਪੱਤਾ ਨਾ ਹਿੱਲ੍ਹੇ, ਇਹ ਤਾਂ ਉਸ ਦੀ ਲੀਲਾ ਹੈ,
ਰਜ਼ਾ 'ਚ ਰਾਜ਼ੀ ਰਹੋ ਪਿਆਰਿਓ, ਮਹਾਂਦੇਵ ਦਾ ਜਾਪ ਕਰੋ।

ਕਦੇ ਨਾ ਸੋਚਿਓ, ਸੋਚਣ ਦੇ ਨਾਲ ਸ਼ਰਧਾ ਨੂੰ ਸੱਪ ਲੜਦਾ ਏ,
ਅਪਣੇ ਫਰਜ਼ਾਂ ਤੋਂ ਭੱਜਣ ਦਾ ਏਦਾਂ ਹੀ ਪਰਿਆਸ ਕਰੋ।

ਜਿਸ ਧਰਤੀ ਦੇ ਗਰਭ 'ਚੋਂ ਕੱਢ ਕੇ ਖਣਿਜ ਖੋਖਲੀ ਕਰਤਾ,
ਉਸ ਧਰਤੀ ਨੇ ਖੁਰਨਾ ਹੀ ਸੀ, ਭੋਰਾ ਤਾਂ ਅਹਿਸਾਸ ਕਰੋ

ਖੁਦਗਰਜ਼....

ਮੰਨ ਗਏ ਤੇਰੀ ਸਕੀਮ ਨੂੰ
ਕੁੱਤੇ ਨਾ ਖਾਂਦੇ 'ਫੀਮ ਨੂੰ।

ਬਾਈ ਮੰਨ ਗਏ ਤੇਰੀਆਂ ਥੋਥੀਆਂ
ਕੁੱਤੇ ਨਾ ਪੜ੍ਹਦੇ ਪੋਥੀਆਂ।

ਨਾ ਵਜਾਵਣ ਸੰਖ ਨੂੰ
ਘੋਟਾ ਨਾ ਲਾਉਣ ਗਰੰਥ ਨੂੰ।

ਨਾ ਮੂਰਤੀਆਂ ਨੂੰ ਧੂਪਦੇ
ਅਕਸਰ ਲੱਤ ਚੱਕ ਕੇ ਮੂਤਦੇ।

ਗੀਤਾ ਬਾਈਬਲ ਕੁਰਾਨ ਦੇ
ਇਹ ਨਾ ਜਾਣ ਮਕਾਣ ਤੇ।

ਗੱਗਬਾਣੀ ਵਿੱਚ ਦਰਜ ਹੈ
ਕੁੱਤਾ ਨਹੀਂ ਖੁਦਗਰਜ਼ ਹੈ।

ਕੁਰਕੁਰੇ...

ਵੇਖੋ ਬੀਬੀ ਕਿੰਨੀ ਸਿਆਣੀ, ਮੂਰਖਾਂ ਸਮ੍ਝ ਨਾ ਆਇਆ,
ਦੋ ਕੁਰਕੁਰੇ ਪਹਿਲਾਂ ਈ ਫੜੇ, ਤੀਜੇ ਵੀ ਹੱਥ ਪਾਇਆ।

ਚਿਹਰਾ ਇੰਝ ਮੁਸਕਾਉਂਦਾ ਜੀਕਣ ਚੰਨ ਤੇ ਕਾਟਾ ਵਾਹਿਆ,
ਏਦਾਂ ਜਾਪੇ ਚੰਨ ਨੂੰ ਚੰਨ ਜਿਵੇਂ ਮੱਥਾ ਟੇਕਣ ਆਇਆ।

ਪਿੱਛੇ ਖੜ੍ਹਾ ਸ਼ਿਵਰਾਜ ਵਿਚਾਰਾ, ਫੋਨ ਕੰਨ ਨੂੰ ਲਾਇਆ,
ਪਤਾ ਨ੍ਹੀਂ ਕੀਹਨੂੰ ਕਰੇ ਸ਼ਿਕਾਇਤ, ਕੁਰਕੁਰਾ ਹੱਥ ਨਹੀਂ ਆਇਆ।

ਏਧਰ ਭੁਪਿੰਦਰ ਪਿਆ ਮੁਸਕਾਵੇ, ਪਤਾ ਨ੍ਹੀਂ ਕੀ ਹੱਥ ਆਇਆ,
ਸ਼ਾਇਦ ਕੁਰਕੁਰਿਆਂ ਉੱਤੇ ਅੱਖ ਐ, ਜੋ ਗੁੱਝਾ ਮੁਸਕਾਇਆ।

ਓਧਰ ਸੰਦੀਪ ਗੱਡੀ ਦੀ ਬਾਰੀ, ਖੋਲ੍ਹ ਕੇ ਰੋਲ਼ਾ ਪਾਇਆ,
ਲੁੱਟੇ ਗਏ ਮਾਰੇ ਗਏ ਲੋਕੋ, ਕੁਰਕੁਰਿਆਂ ਨੇ ਮਰਵਾਇਆ।

ਕੁਰਕੁਰੇ ਖਾਣ ਦੀ ਕਾਹਲ 'ਚ ਫੋਟੋ ਅਪਣੀ ਖਿੱਚਣੀ ਭੁੱਲ ਗਿਆ,
ਪਿੱਛੇ ਲਿਖਿਆ 'ਠਹਿਰੋ' DrVimal ਫਿਰ ਵੀ ਠਹਿਰ ਨਾ ਪਾਇਆ।

ਰਾਜ਼ ਵਿਚਾਰੀ ਸੱਚਮੁੱਚ ਭੋਲ਼ੀ, ਐਵੇਂ ਰੋਵਣ ਬਹਿ ਗਈ।
ਫੂਕ ਭਰੀ ਐ ਵਿੱਚ ਲਿਫਾਫੇ, ਅੱਧਾ ਈ ਹੱਥ ਆਇਆ।

ਆਖਿਰ ਗੱਗ ਨੇ ਐਨ੍ਹਕ ਲਾਹ ਕੇ ਮੁੱਛੀਂ ਵੱਟ ਚੜ੍ਹਾਇਆ,
ਖੋਹ ਕੇ ਕੁਰਕੁਰਿਆਂ ਵਾਲਾ ਲਿਫਾਫਾ, ਫੇਰ ਨਜ਼ਰ ਨਾ ਆਇਆ।

ਵੇਖੋ ਕੁਰਕੁਰਿਆਂ ਵਿੱਚ ਮੁਨਾਫਾ ਕਿੰਨਾ ਕਿਸੇ ਕਮਾਇਆ,
ਭਰਕੇ ਫੂਕ ਲਿਫਾਫਿਆਂ ਦੇ ਵਿੱਚ ਸਾਨੂੰ ਉੱਲੂ ਬਣਾਇਆ।

ਸਾਡਾ ਮਾਲ ਤੇ ਮੋਹਰ ਬੇਗਾਨੀ, ਸਾਨੂੰ ਈ ਮੂਹਰੇ ਲਾਇਆ,
ਪੂੰਜੀਵਾਦ ਨੇ ਵੇਖੋ ਲੋਕੋ ਕਿੰਝ ਪਸਾਰਾ ਪਾਇਆ।

ਖਿੱਲਾਂ ਨੂੰ ਪੋਪਕੋਰਨ ਕਹਿਕੇ, 'ਗਰੇਜ਼ੀ ਰੰਗ ਚੜ੍ਹਾਇਆ,
ਇੰਡੀਆ, ਇੰਡੀਆ ਆਖਦਿਆਂ ਨੇ ਭਾਰਤ ਮਾਰ ਮੁਕਾਇਆ।

ਹਵਾ ਲਿਫਾਫਿਆਂ ਦੇ ਵਿੱਚ ਭਰਕੇ ਵਿਕਦੀ ਵਿੱਚ ਬਾਜ਼ਾਰਾਂ
ਪੰਜ ਦਰਿਆ ਦੀ ਧਰਤੀ ਉੱਤੇ ਪਾਣੀ ਵਿਕਣੇ ਆਇਆ।

ਵਾਹ ਏ ਬਾਦਲ, ਵਾਹ ਸੋਨੀਆਂ, ਮਿੱਤਲ ਕੀ ਅੰਬਾਨੀ,
ਜਿਨ੍ਹਾਂ ਨੇ ਸਾਡੇ ਚੁੱਲਿਆਂ ਉੱਤੇ ਅਪਣਾ ਤਵਾ ਚੜ੍ਹਾਇਆ।

RaazSandeepShiv RaajBhupinder, ਕੁਰਕੁਰਿਆਂ ਨੇ ਪੱਟੇ,
ਫੂਕ ਨਿਕਲ ਗਈ ਪੈਕੇਟ ਖੋਲ੍ਹਦਿਆਂ, ਕੀ ਖੋਇਆ ਕੀ ਪਾਇਆ?

ਜੀਅ ਕਰਦਾ...

ਜੀਅ ਕਰਦਾ ਹੁਣ 'ਕਾਲੀ ਹੋ'ਜਾਂ, ਸਿਰ ਤੇ ਧਰ'ਲਾਂ ਨੀਲੀ
ਤਿੰਨ ਦਿਨ ਹੋ ਗਏ ਕੁੱਝ ਨਾ ਰਿੱਧਾ, ਮੂਧੀ ਪਈ ਪਤੀਲੀ।

ਘਰ ਦੀ ਖੇਤੀ,ਕੇਸ ਤੇ ਦਾਹੜ੍ਹੀ, ਕੋਈ ਫਰਕ ਨਹੀਂ ਪੈਂਦਾ
ਜੱਥੇਦਾਰ ਸਦਵਾਉਣ ਦੀ ਖਾਤਿਰ, ਕੀ ਕੁੱਝ ਕਰਨਾ ਪੈਂਦਾ।

ਮੁਫਤ ਦਾ ਲੰਗਰ, ਮੁਫਤ ਦੀ ਚੌਧਰ, ਬੱਸ ਮਾਰਨੇ ਜੱਕੜ
ਡੱਕੇ ਦੀਆਂ ਉਹ ਦੋ ਨਹੀਂ ਕਰਦਾ, ਐਸ਼ਾਂ ਕਰਦਾ ਮੱਕੜ।

ਲਾਕੇ ਅਪਣੀ ਜੀਭ ਨੂੰ ਜਿੰਦਾ, ਅਕਲ ਭੋਰੇ ਵਿੱਚ ਪਾਕੇ
ਬਣ ਜਾਵਾਂਗੇ ਗਿਆਨੀ-ਧਿਆਨੀ, ਮੂਰਖ ਲੋਕ ਬਣਾਕੇ।

ਭਗਤ ਸਿੰਘ ਨੇ ਕੀ ਖੱਟ ਲਿਆ ਤੇ ਕਾਮਰੇਡਾਂ ਕੀ ਖੱਟਣਾ
ਐਵੇਂ ਪਿੱਛੇ ਲੱਗ ਕੇ ਪੱਟ ਲਈ ਅਪਣੇ ਘਰ ਦੀ ਜੱਖਣਾ।

ਵੱਡੀ ਕੋਠੀ ਕਾਰ ਹੋਣੀ ਸੀ, ਉਤੇ ਬੱਤੀ ਲਾਲ ਹੋਣੀ ਸੀ
ਉਤਰਨ ਪਹਿਨਣ ਵਾਲੀਏ ਤੂੰ ਵੀ ਲੱਦੀ ਸੋਨੇ ਨਾਲ ਹੋਣੀ ਸੀ।

ਕੁੱਝ ਨਾ ਵਿਗੜਿਆ ਡੁੱਲ੍ਹੇ ਬੇਰਾਂ, ਬਾਦਲ ਬੜਾ ਦਿਆਲੂ ਐ
ਹੁਣ ਨਾ ਆਖਾਂ ਕੁੱਤੇ ਦਾ ਵੱਢਿਆ, ਹੁਣ ਨਾ ਆਖਾਂ ਚਾਲੂ ਐ।

ਲੁੱਟ ਹੋਣ ਤੇ ਆਈ ਜੰਤਾ, ਲੁੱਟਣ ਵਿੱਚ ਭਲਾਈ ਐ
ਅਪਣੀ ਕਿਹੜਾ ਵੱਟ ਸਾਂਝੀ, ਕੀ ਬਾਦਲਾਂ ਨਾਲ ਲੜਾਈ ਐ?

ਬੇਈਮਾਨੀ ਲੱਕ ਬੰਨ੍ਹਣਾ ਪੈਣਾ ਜੇਕਰ ਰੋਟੀ ਖਾਣੀ ਐ
ਕਰ ਲੈਂਦੀ ਐ ਗੱਲ ਅਕਲ ਦੀ ਵਹੁਟੀ ਬੜੀ ਸਿਆਣੀ ਐ।

ਘਾਟੇ ਵਾਲਾ ਸੌਦਾ ਨਹੀਂ ਏ, ਧਰਮਾਂ ਦਾ ਵਿਓਪਾਰ ਕਰੋ
ਧਰਮ ਦੀ ਚਾਦਰ ਤਾਣ ਕੇ ਹੇਠ੍ਹਾਂ ਜੋ ਜੀਅ ਆਵੇ ਯਾਰ ਕਰੋ।

ਕਤਲ ਕਰੋ, ਬਲਾਤਕਾਰ ਕਰੋ ਤੇ ਭਾਵੇਂ ਸ਼ਰੇ ਬਾਜ਼ਾਰ ਕਰੋ
ਕੋਣ ਮਾਈ ਦਾ ਲਾਲ ਪਿਆ ਟੋਕੇ ਅਪਣੀ ਐ ਸਰਕਾਰ ਕਰੋ।

ਪਤਾ ਨਹੀਂ ਅੰਦਰ ਕਿਹੜੀ ਸ਼ੈਅ ਜੋ ਢਹਿ ਜਾਂਦੀ ਪਰ ਹਰਦੀ ਨਹੀਂ
ਹਾਏ ਜ਼ਮੀਰੇ ਮਰ ਗਏ ਭੁੱਖੇ ਤੂੰ ਪਰ ਕਾਹਤੋਂ ਮਰਦੀ ਨਹੀਂ?

ਸਿੱਧੇ-ਸਾਦੇ ਜਿਹੇ ਬੰਦੇ ਆਂ....

ਸਿੱਧੇ-ਸਾਦੇ ਜਿਹੇ ਬੰਦੇ ਆਂ 
ਲੱਗੇ ਹੋਏ ਅਪਣੇ ਧੰਦੇ ਆਂ,
'ਉਹ' ਸਦਾ ਸੁਹਾਗਣ ਪੈਸੇ ਦੀ
ਅਸੀਂ ਮੁੱਢੋਂ-ਸੁੱਢੋਂ ਰੰਡੇ ਆਂ।

ਜੋ ਕਮਾਈਦਾ ਉਹੀ ਖਾਈਦਾ ਐ
ਨਾ ਬਹੁਤ ਖਲਾਰਾ ਪਾਈਦਾ ਐ,
ਕੇ ਐਫ ਸੀ ਦੇ ਬਾਰ ਮੂਹਰਿਓਂ
ਗਾਲ਼੍ਹਾਂ ਕੱਢ ਮੁੜ ਆਈਦਾ ਐ।

ਬੱਸ ਓਦੇਂ ਸ਼ਾਹ ਬਣ ਜਾਂਦੇ ਆਂ
ਜਿੱਦੇਂ ਸੌ ਦਾ ਤੇਲ ਪਵਾਉਂਦੇ ਆਂ,
ਕਿਸ਼ਤਾਂ ਵਿੱਚ ਜ਼ਿੰਦਗ਼ੀ ਜਿਉਂਦੇ ਆਂ
ਅਸੀਂ ਕਿਹੜੀ ਜੂਨ ਹੰਢਾਉਂਦੇ ਆਂ?

ਜਦ ਹੁਣ ਜਿਹੇ ਵੋਟਾਂ ਪਈਆਂ ਸੀ
ਅਸੀਂ ਬੜੀਆਂ ਝਈਆਂ ਲਈਆਂ ਸੀ,
ਚਿਪਕੇ ਕੰਧ ਤੇ ਬਾਦਲ-ਮਰਿੰਦਰ ਨੂੰ
ਅਸੀਂ ਜੋ ਮੂੰਹ ਆਈਆਂ ਕਹੀਆਂ ਸੀ।

ਸਾਨੂੰ ਪਤਾ ਹੈ ਕਿੰਨੇ ਪਾਣੀ ਵਿੱਚ
ਕਿੰਨਾ ਦਮ ਹੈ ਏਸ ਕਹਾਣੀ ਵਿੱਚ,
ਜੱਗ ਜਿੱਤਣ ਦਾ ਦਾਅਵਾ ਕਰਦੇ ਹਾਂ
ਉਲਝੇ ਹੋਏ ਅਪਣੀ ਤਾਣੀ ਵਿੱਚ।

ਕੀ ਕਰੀਏ ਰਹਿ ਵੀ ਹੁੰਦਾ ਨਹੀਂ
ਭੌਰੇ ਵਿੱਚ ਲਹਿ ਵੀ ਹੁੰਦਾ ਨਹੀਂ
ਸਾਡੀ ਅੱਖ ਨੂੰ ਲੱਗੀ ਚੋਭ ਜਿਵੇਂ
ਸਾਥ੍ਹੋਂ ਟਿਕ ਕੇ ਬਹਿ ਵੀ ਹੁੰਦਾ ਨਹੀਂ।

'ਜੀਤੋ' ਹੁਣ ਵੰਗਾਂ ਪਾਉਂਦੀ ਨਹੀਂ
ਸੁਰਖੀ-ਬਿੰਦੀ ਵੀ ਲਾਉਂਦੀ ਨਹੀਂ,
ਸਾਡੇ ਚਾਵਾਂ ਨੂੰ ਕੋਈ ਚੋਰ ਪਿਆ
ਰਾਤਾਂ ਨੂੰ ਨੀਂਦਰ ਆਉਂਦੀ ਨਹੀਂ।

ਬੱਸ ਦਿਨ ਕਟੀਆਂ ਪਏ ਕਰਦੇ ਆਂ
ਅਪਣੀ ਹੀ ਅੱਗ ਵਿੱਚ ਸੜਦੇ ਆਂ,
ਕਾਗਜ਼ ਤੇ ਲੀਕਾਂ ਵਾਹ ਲੈਂਦੇ
ਅਸੀਂ ਏਦਾਂ ਸੂਰਜ ਫੜਦੇ ਆਂ।

ਉਹ ਕਦੇ ਤਾਂ ਸੁਰਖ਼ ਸਵੇਰ ਹੋਊ
ਜਦ ਚਾਨਣ ਚਾਰ-ਚੁਫੇਰ ਹੋਊ,
ਲੜ ਫੜਿਆ ਅਸੀਂ ਉਮੀਦ ਵਾਲਾ
ਹੋਊ ਲਾਜ਼ਮੀ, ਦੇਰ-ਸਵੇਰ ਹੋਊ।

ਸਾਨੂੰ ਜਾਗਦੇ ਰਹਿਣ ਬਿਮਾਰੀ ਐ
ਇੱਕ ਏਹੋ ਸਾਡੀ ਹੁਸ਼ਿਆਰੀ ਐ,
ਸਾਡੀ ਜਿੰਨੀ ਕੁ ਸਮਰੱਥਾ ਏ
ਓਨੀ ਤਾਂ ਕੋਸ਼ਿਸ਼ ਜਾਰੀ ਐ।

'ਗੱਗ-ਬਾਣੀ' ਦਾ ਇਹ ਹੌਕਾ ਏ
ਜੀਹਨੂੰ ਜਿੰਨਾ ਮਿਲਦਾ ਮੌਕਾ ਏ,
ਆਓ ਪੁਗਾਈਏ ਅਪਣੀ ਵਾਰੀ ਨੂੰ
ਜਿੱਦਾਂ ਵੀ ਜਿਹੜਾ ਸੌਖਾ ਏ।

ਜੱਗ ਜਿੱਤਣਾ ਬੇਸ਼ੱਕ ਸੌਖਾ ਨਹੀਂ
ਪਰ ਕਿਹੜਾ ਕੰਮ, ਅਨੌਖਾ ਨਹੀਂ,
ਜੁੱਟ ਜਾਵੋ ਜਿੱਦਾਂ ਜੁੱਟ ਸਕਦੇ
ਕਦੇ ਇਹ ਨਾ ਕਹਿਣਾ ਮੌਕਾ ਨਹੀਂ।

ਜੇਕਰ ਸ਼ੀਰੀਂ੍ਹ ਦੀ ਲੋਚਾ ਹੈ
ਫਿਰ ਪਹਾੜ ਵੀ ਬਹੁਤ ਛੋਟਾ ਹੈ
ਅੰਬਰ ਨੂੰ ਛੀਂਡਾ ਪਾਵਾਂਗੇ
ਹਾਲੇ ਕੱਦ ਸਾਡਾ ਛੋਟਾ ਹੈ।

ਵਾਹਵਾ ਯਾਰ ਚੜ੍ਹਾਈ, ਕਾਲ਼ੇ ਸਾਬਣ ਦੀ..

ਕਰਦੇ ਅੱਜ-ਕੱਲ੍ਹ ਨ੍ਹਾਈ, ਕਾਲ਼ੇ ਸਾਬਣ ਦੀ
ਵਾਹਵਾ ਯਾਰ ਚੜ੍ਹਾਈ, ਕਾਲ਼ੇ ਸਾਬਣ ਦੀ।

ਮੁਸ਼ਕੀ ਸਾਬਣ ਸੁਣਿਐ, ਚੁੜੇਲਾਂ ਚਿੰਬੜਦੀਆਂ
ਕਦੇ ਮੁਸ਼ਕ ਨਾ ਆਈ, ਕਾਲ਼ੇ ਸਾਬਣ ਦੀ।

100 ਗ੍ਰਾਮ ਦੀ ਟਿੱਕੀ, ਰੁਪਈਏ 15 ਦੀ
ਮਿਲ ਜਾਂਦੀ ਗੁਣਾ ਢਾਈ, ਕਾਲ਼ੇ ਸਾਬਣ ਦੀ।

ਸਾਰਾ ਟੱਬਰ ਨ੍ਹਾਵੇ, ਮੁੱਕਣ ਆਵੇ ਨਾ
ਕਰੀਦੀ ਖ਼ੂਬ ਘਸਾਈ, ਕਾਲ਼ੇ ਸਾਬਣ ਦੀ।

ਅੱਜ-ਕਲ੍ਹ ਅਪਣੀ ਹਾਲਤ ਥੋੜ੍ਹੀ ਪਤਲੀ ਐ
ਤਦੇ ਵਿਉਂਤ ਅਪਣਾਈ, ਕਾਲ਼ੇ ਸਾਬਣ ਦੀ।

ਹੁਣ ਤੱਕ ਭਾਂਡੇ ਟੀਂਡੇ ਸਭ ਵਿਕ ਜਾਣੇ ਸੀ
ਸਾਡੀ ਸ਼ਾਨ ਬਚਾਈ, ਕਾਲ਼ੇ ਸਾਬਣ ਦੀ।

ਨਾ ਪਾਣੀ ਵਿੱਚ ਗਲ਼ਦਾ, ਝੱਗ ਬਥ੍ਹੇਰੀ ਐ
ਬੁੱਕ ਕਰਵਾ ਲਓ ਸਾਈ, ਕਾਲ਼ੇ ਸਾਬਣ ਦੀ।

ਕੱਪੜੇ ਧੋਣ ਤੋਂ ਬਾਅਦ 'ਚ ਜਿਹੜਾ ਬਚ ਜਾਂਦਾ
ਅਸੀਂ ਕਦਰ ਹੈ ਪਾਈ, ਕਾਲ਼ੇ ਸਾਬਣ ਦੀ।

ਸ਼ੇਵਿੰਗ ਕ੍ਰੀਮ, ਸ਼ੈਂਪੂ, ਦੰਤ ਮੰਜਨ ਤੇ ਨਹਾਉਣਾ
ਕੱਪੜਿਆਂ ਦੀ ਵੀ ਧੁਆਈ, ਕਾਲ਼ੇ ਸਾਬਣ ਦੀ।

ਸ਼ਿਲਪਾ ਸ਼ੈੱਟੀਆਂ ਨੂੰ ਹੀ ਫੱਬਦੇ ਲੈਕਸ ਯਾਰੋ
ਅਸੀਂ ਤਾਂ ਕਿਸਮਤ ਪਾਈ, ਕਾਲ਼ੇ ਸਾਬਣ ਦੀ।

ਮਹਿੰਗਾਈ ਨੇ ਤਾਂ ਜਮ੍ਹਾਂ ਕਚੂੰਬਰ ਕੱਢ ਦਿੱਤਾ
ਰਤਾ ਕੁ ਰਾਹਤ ਪਾਈ, ਕਾਲ਼ੇ ਸਾਬਣ ਦੀ।

ਅਫਵਾਹ ਐ ਇਹਦੇ ਨ੍ਹਾਤਿਆਂ ਕਾਲ਼ੇ ਹੋ ਜਾਂਦੇ
ਕੀਤੀ ਮੇਮਾਂ ਤੇ ਅਜ਼ਮਾਈ, ਕਾਲ਼ੇ ਸਾਬਣ ਦੀ।

ਨਾ ਵਾਲ਼ ਝੜਨ ਨਾ ਗੰਜੇ ਹੋਣ ਦਾ ਡਰ ਬੀਬਾ
ਸਿੱਕਰੀ ਦੀ ਦੱਦ ਮੁਕਾਈ ਕਾਲ਼ੇ ਸਾਬਣ ਦੀ।

ਨਾ ਜੂਆਂ ਨਾ ਲ੍ਹੀਖਾਂ ਇਹ ਗੱਲ ਝੂਠੀ ਆ
ਸੱਚੀ ਗੱਲ ਤਾਂ ਆਹ ਈ ਕਾਲ਼ੇ ਸਾਬਣ ਦੀ।

ਫੋੜਾ, ਫੁੰਣਸੀ, ਖੁਰਕ ਨਾ ਖੁਸ਼ਕੀ ਹੁੰਦੀ ਏ
ਆਟੋ-ਮੈਟਿਕ ਦਵਾਈ, ਕਾਲ਼ੇ ਸਾਬਣ ਦੀ।

ਉਹ ਆਖਣ ਪੰਜ ਰੁਪਈਏ ਢਿੱਡ ਭਰ ਜਾਂਦਾ ਏ
ਮੈਂ ਆਖਾਂ ਕੁੱਤੇ ਭਕਾਈ, (ਸਹੁੰ) ਕਾਲ਼ੇ ਸਾਬਣ ਦੀ।

ਬਣੇ ਜਿਨ੍ਹਾਂ ਦੇ ਬਾਥਰੂਮ ਨੇ ਸੋਨੇ ਦੇ
ਉਨ੍ਹਾਂ ਨੂੰ ਕੀ ਪਰਵਾਹ ਈ, ਕਾਲ਼ੇ ਸਾਬਣ ਦੀ।

ਜਦ ਉਹ ਵੰਡਣ ਲੱਗੇ ਸਾੜ੍ਹੀਆਂ ਤੇ ਕੰਬਲ਼
ਗੱਲ ਹੋ ਗਈ, ਗਈ-ਆਈ ਕਾਲ਼ੇ ਸਾਬਣ ਦੀ।

ਲਾ ਪਰਫਿਊਮਾਂ ਝੂਠੇ ਪਾਉਂਦੇ ਫੁੱਲਾਂ ਨੂੰ
ਉਨ੍ਹਾਂ ਨੂੰ ਕੀ ਥਾਹ ਈ ਕਾਲ਼ੇ ਸਾਬਣ ਦੀ।

ਕੀ ਕਰੀਏ ਹੁਣ ਪੇਸ਼ ਵੀ ਤੇ ਕੋਈ ਚੱਲਦੀ ਨਹੀਂ
ਹੈ ਤਾਂ ਭਾਵੇਂ ਸਜ਼ਾ ਈ ਕਾਲ਼ੇ ਸਾਬਣ ਦੀ।

ਜੰਮਦਿਆਂ ਇਹਦੇ ਬੰਧਨ ਦੇ ਵਿੱਚ ਬੱਝ ਗਏ ਆਂ
ਸਾਹਾਂ ਸੰਗ ਕੁੜਮਾਈ ਕਾਲ਼ੇ ਸਾਬਣ ਦੀ।

ਆਵੇਗਾ ਜਦ ਵਕਤ ਉਦੋਂ ਈ ਵੇਖਾਂਗੇ
ਹਾਲੇ ਤਾਂ ਵਾਹ-ਵਾਹ ਈ ਕਾਲ਼ੇ ਸਾਬਣ ਦੀ।

ਵਹੁਟੀ ਆਖੇ ਘਸਦਿਆਂ ਘਸਦਿਆਂ ਘਸ ਗਿਆ ਏ
ਮੈਂ ਗੱਲ ਅਪਣੇ ਤੇ ਲਾਈ ਕਾਲ਼ੇ ਸਾਬਣ ਦੀ।

ਸੱਚੀ ਗੱਲ ਐ ਬੰਦਾ ਈ ਵਾਧੂ ਘਸਦਾ ਐ
ਹੁੰਦੀ ਘੱਟ ਘਸਾਈ ਕਾਲ਼ੇ ਸਾਬਣ ਦੀ।

ਮਲਟੀ ਨੈਸ਼ਨਲ ਕੰਪਨੀਆਂ ਕਰ ਕੰਗਾਲ ਦਿੱਤਾ
ਤੇ ਮੈਨੂੰ ਦੱਸ ਪਾਈ ਕਾਲ਼ੇ ਸਾਬਣ ਦੀ।

ਆਈ ਆਜ਼ਾਦੀ ਸੋਚਿਆ ਹੁਣ ਤਾਂ ਸੁਣੀ ਜਾਊ
ਕਦ ਹੋਈ ਸੁਣਵਾਈ ਕਾਲ਼ੇ ਸਾਬਣ ਦੀ।

ਵੰਡਣ ਲੱਗਿਆਂ ਦੇਸ਼ ਖਜ਼ਾਨੇ ਉਹ ਲੈ ਗਏ
ਹਿੱਸੇ ਚਾਕੀ ਆਈ ਕਾਲ਼ੇ ਸਾਬਣ ਦੀ।

ਹੰਝੂਆਂ ਥਾਣੀਂ ਰੋਂਦੀ ਤੇ ਕੁਰਲਾਉਂਦੀ ਜਿਹੀ
ਕਵਿਤਾ ਬਣ ਕੇ ਆਈ ਕਾਲ਼ੇ ਸਾਬਣ ਦੀ।

ਹੋਵੇਗਾ ਤੁਹਾਡਾ ਵੀ ਹਾਲ ਜੋ ਮੇਰਾ ਹੈ
ਹਏ-ਓਏ ਹਾਲ ਦੁਹਾਈ ਕਾਲ਼ੇ ਸਾਬਣ ਦੀ।

ਉਹ ਰੱਜਿਆਂ ਵਿੱਚ ਆਉਂਦਾ ਹੋਣੈ ਸੱਚ-ਮੁੱਚ ਹੀ
ਜੀਹਨੂੰ ਸਮਝ ਨਾ ਆਈ ਕਾਲ਼ੇ ਸਾਬਣ ਦੀ।

'ਗੱਗ-ਬਾਣੀ' ਵਿੱਚ ਲਿਖਿਆ, ਕੀ ਸੁਆਹ ਲਿਖਿਆ
ਐਵੇਂ ਈ ਰੇਲ ਬਣਾਈ ਕਾਲ਼ੇ ਸਾਬਣ ਦੀ।

ਇਹ ਹੈ ਸੰਸਦ ਭਵਨ...

ਇਹ ਹੈ ਸੰਸਦ ਭਵਨ
ਉਰਫ਼ ਪਾਰਲੀਆਮੈਂਟ
ਉਰਫ਼ ਦੁਨੀਆਂ ਦੇ ਸਭ ਤੋਂ ਵੱਡੇ 
ਲੋਕਤੰਤਰ ਦਾ ਜਨਾਜਾ।

ਏਥੇ ਸਿਰ ਨਹੀਂ ਜੁੜਦੇ
ਸਿਰਫਿਰੇ ਜੁੜਦੇ ਨੇ
ਮੁਲਕ ਦੇ ਵੱਖ-ਵੱਖ ਹਲਕਿਆਂ 'ਚੋਂ
ਛਾਂਟਿਆ ਹੋਇਆ ਗੰਦ
ਏਸੇ ਗਟਰ ਵਿੱਚ ਡਿੱਗਦਾ ਹੈ।

ਹੁਣ ਏਥੇ ਬਹਿਸ ਨਹੀਂ ਹੁੰਦੀ
ਲੋਕਤਾਂਤਰਿਕ ਵਿਵਸਥਾ
ਤਹਿਸ-ਨਹਿਸ ਹੁੰਦੀ ਹੈ
ਕੀੜੀ ਦੇ ਸਿਰ ਤੇ ਕੱਦੂ ਰੱਖ ਕੇ
ਉਸ ਦਾ ਸਬਰ ਪਰਖਿਆ ਜਾਂਦਾ ਹੈ।

ਆਦਰਸ਼ ਸੋਸਾਇਟੀ
ਕਾਮਨਵੈੱਲਥ
ਚਾਰਾ, ਸੱਤਿਅਮ, ਬੋਫੋਰਸ
ਰੱਖਿਆ, ਕੋਇਲਾ
ਅਤੇ ਸ਼ਹੀਦਾਂ ਦੇ ਕੱਫਣਾਂ ਵਿੱਚੋਂ ਕਮੀਸ਼ਨ
ਇਹ ਸਾਰਾ ਕਾਰੋਬਾਰ
ਏਸੇ ਬਿਲਡਿੰਗ ਵਿੱਚੋਂ
ਨਿਰਦੇਸ਼ਿਤ ਕੀਤਾ ਜਾਂਦਾ ਹੈ।

ਏਥੇ ਘਪਲਿਆਂ ਨੂੰ
ਤੋਹਮਤਬਾਜ਼ੀ ਆਖ ਕੇ
ਇੱਕ ਅਰਬ ਵੀਹ ਕਰੋੜ ਸਿਰਾਂ ਨੂੰ
ਮੂਰਖ ਬਣਾਇਆ ਜਾਂਦਾ ਹੈ
ਏਦਾਂ ਹਲਾਲ ਕੀਤਾ ਜਾਂਦੈ
ਕਿ ਮਕਤੂਲ
ਕਾਤਲ ਦਾ ਅਹਿਸਾਨਮੰਦ ਹੋ ਨਿੱਬੜਦਾ ਹੈ।

'ਦਿਹਾੜ ਵਿੱਚ 26 ਰੁਪਏ ਖਰਚਣ ਵਾਲਾ
ਗਰੀਬ ਨਹੀਂ'
'ਗਰੀਬਾਂ ਦੇ ਜਿਆਦਾ ਖਾਣ ਨਾਲ
ਮਹਿੰਗਾਈ ਵਧਦੀ ਹੈ'
'ਗਰੀਬ ਹੀ ਹਨ
ਮਹਿੰਗਾਈ ਦੀ ਜੜ੍ਹ'
'ਦਿੱਲੀ ਵਿੱਚ ਪੰਜ ਰੁਪਏ ਵਿੱਚ
ਢਿੱਡ ਭਰ ਕੇ ਰੋਟੀ ਮਿਲ ਜਾਂਦੀ ਹੈ'
'ਭਾਰਤ ਵਿੱਚ ਇੱਕ ਰੁਪਏ ਨਾਲ ਵੀ
ਢਿੱਡ ਭਰਿਆ ਜਾ ਸਕਦਾ ਹੈ'।

ਫਟੇ ਹੋਏ ਕੰਡੋਮ ਦਾ ਨਤੀਜਾ ਹੈ
ਜੋ ਅਜਿਹੇ ਬਿਆਨ ਦੇਣ ਵਾਲੇ
ਏਸ ਭਵਨ ਦਾ
ਵੀਜ਼ਾ ਲਵਾਉਣ ਵਿੱਚ ਸਫਲ ਹੋ ਗਏ
ਜੋ ਅਪਣੀ ਨਿਪੁੰਸਕ ਸੋਚ ਦਾ
ਪ੍ਰਗਟਾਵਾ ਕਰਨ ਲੱਗਿਆਂ
ਅਪਣੀ ਔਕਾਤ ਭੁੱਲ ਜਾਂਦੇ ਹਨ
ਕਿ ਛੇ ਮਹੀਨੇ ਤੱਕ
ਉਹ ਵੀ ਦੁੱਧ ਹੀ ਚੁੰਘਦੇ ਰਹੇ
ਜਿਨ੍ਹਾਂ ਦੇ ਮੂੰਹ ਨੂੰ
ਲਹੂ ਲੱਗ ਚੁੱਕਿਆ ਹੈ।

ਏਸ ਇਮਾਰਤ ਦੇ ਕਿਸੇ ਚਬੂਤਰੇ ਹੇਠ੍ਹ
ਦਫਨ ਹੋ ਗਏ ਨੇ
ਆਜ਼ਾਦੀ ਘੁਲਾਟੀਆਂ ਦੇ ਸੁਫਨੇ
ਲੋਕ-ਪੱਖੀ ਯੋਜਨਾਵਾਂ ਦੇ ਖਰੜੇ
ਆਮ ਲੋਕਾਂ ਦੇ ਮਨੁੱਖੀ ਅਧਿਕਾਰ।

ਤੇ ਉੱਗ ਆਈਆਂ ਨੇ
ਭ੍ਰਿਸ਼ਟਾਚਾਰੀ ਦੀਆਂ ਟੋਪੀਆਂ
ਬੇਈਮਾਨੀ ਦੀਆਂ ਨਿੱਕਰਾਂ
ਤੇ ਕੁਕਰਮਾਂ ਤੇ ਪਰਦਾ ਪਾਉਂਦੀਆਂ ਧੋਤੀਆਂ।

ਹੁਣ ਏਸ ਇਮਾਰਤ ਵਿੱਚ
ਸਿਰ ਨਹੀਂ ਜੁੜਦੇ
ਸਿਰਫਿਰੇ ਜੁੜਦੇ ਨੇ
ਮੁਲਕ ਦੇ ਵੱਖ-ਵੱਖ ਹਲਕਿਆਂ 'ਚੋਂ
ਛਾਂਟਿਆ ਹੋਇਆ ਗੰਦ
ਏਸੇ ਗਟਰ ਵਿੱਚ ਡਿੱਗਦਾ ਹੈ।

ਕੋਣ ਹੈ ਇਹ ?

ਕੋਣ ਹੈ ਇਹ?
ਸਿੱਖ ਹੈ?
ਫੂਕ ਦਿਓ ਜਿਉਂਦੇ ਨੂੰ ਈ
ਜੇ ਫੂਕ ਸਕਦੇ ਓ ਤਾਂ।

ਮੁਸਲਿਮ ਹੈ?
ਬਿੰਨ੍ਹ ਦਿਓ ਤ੍ਰਿਸ਼ੂਲਾਂ ਨਾਲ
ਬੋਟੀ ਬੋਟੀ ਕਰਕੇ
ਕੁੱਤਿਆਂ ਨੂੰ ਪਾ ਦਿਓ
ਜੇ ਪਾ ਸਕਦੇ ਓ ਤਾਂ।

ਹਿੰਦੂ ਐ?
ਲੱਤਾਂ ਤੋਂ ਫੜਕੇ
ਗੱਭੇ ਤੋਂ ਪਾੜ ਦਿਓ
ਤੇ ਜੇ ਈਸਾਈ ਹੈ
ਬੋਧੀ ਹੈ
ਜਾਂ ਜੈਨੀ ਐ
ਖਤਮ ਕਰ ਦਿਓ ਬੱਸ।

ਹੈਂ ਹੈਂ
ਇਹ ਇਸਾਈ ਵੀ ਨਹੀਂ?
ਹਿੰਦੂ ਮੁਸਲਿਮ ਸਿੱਖ
ਕੁੱਝ ਵੀ ਨਹੀਂ?

ਕੀ ਕਹਿੰਦਾ ਹੈ?
ਮੈਂ ਇਨਸਾਨ ਹਾਂ?
ਫੇਰ ਨਾ ਛੱਡਿਓ
ਇਹਦਾ ਜਿਉਂਦਾ ਰਹਿਣਾ
ਸਭ ਧਰਮਾਂ ਲਈ ਖਤਰਾ ਹੈ
ਹਰ ਹਾਲਤ ਵਿੱਚ
ਇਹਨੂੰ ਖਤਮ ਕਰਨਾ ਲਾਜ਼ਮੀ ਹੈ।

ਤੇ ਵੇਖਦਿਆਂ ਵੇਖਦਿਆਂ
ਤ੍ਰਿਸ਼ੂਲ
ਕਿਰਪਾਨ
ਬਰਛੇ
ਤਲਵਾਰਾਂ
ਅਪਣਾ ਅਪਣਾ ਧਰਮ ਭੁੱਲ ਗਈਆਂ।

ਗਿਆ ਮੈਂ ਬਾਜ਼ਾਰ...

ਗਿਆ ਮੈਂ ਬਾਜ਼ਾਰ ਵਿੱਚ, ਦੋ ਪਹੀਆਂ ਵਾਲੀ ਕਾਰ ਵਿੱਚ
ਜਾਂਦਾ ਜਿਵੇਂ ਬੱਕਰਾ, ਕਸਾਈ ਦੀ ਮਜਾਰ ਵਿੱਚ।

ਟੱਲੀਆਂ ਵਜਾਉਂਦਾ ਗਿਆ, ਢੋਲੇ ਦੀਆਂ ਲਾਉਂਦਾ ਗਿਆ
ਆਪਾਂ ਕਿਹੜਾ ਤਾਨਸੈਨ, ਲੋਰ ਵਿੱਚ ਗਾਉਂਦਾ ਗਿਆ।

ਲਾਲ ਸੂਹੀ ਬੁੱਲ੍ਹਾਂ ਉੱਤੇ ਲਿਸਟਿਕ ਲਾਈ ਸੀ
ਕੈਰੀਅਲ ਦੇ ਉੱਤੇ ਬੈਠੀ ਥੋਡੀ ਭਰਜਾਈ ਸੀ।

ਕੈਟਰੀਨਾ ਕੈਫ ਨੂੰ ਵੀ ਮਾਤ ਪਾਈ ਹੋਈ ਸੀ
ਫੁੱਲਾਂ ਵਾਲੀ ਸੁੱਥਣ, ਕਿਆ ਬਾਤ ਪਾਈ ਹੋਈ ਸੀ।

ਆਣ ਕਿਸੇ ਪਿੱਛਿਓਂ ਦੀ ਹੇਕ ਜਿਹੀ ਲਾਈ ਸੀ
ਸੋਹਣੀ ਤੀਵੀਂ ਵੇਖ ਉਹਨੇ ਟੱਲੀ ਵੀ ਵਜਾਈ ਸੀ।

ਮੂੰਹ ਵਿੱਚ ਰਹਿਗੀ ਜਿਹੜੀ ਗਾਲ੍ਹ ਮੂੰਹ 'ਚ ਆਈ ਸੀ
ਏਦਾਂ ਦੇ ਮੁਲਕ 'ਚ ਜੰਮਣੇ ਨੂੰ ਕੀਹਨੇ ਭਾਰੀ ਪਾਈ ਸੀ?

ਡੰਡੇ ਉੱਤੇ ਕਾਕਾ ਸੀ, ਤੇ ਉਸੇ ਦਾ ਸਿਆਪਾ ਸੀ
ਕਹਿੰਦਾ ਮੈਂ ਵੀ ਨਾਲ ਜਾਣਾ, ਹੋਇਆ ਰੋਣ ਹਾਕਾ ਸੀ।

ਜ਼ਿੱਦੀ ਬੜਾ ਮੰਨਿਆ ਨਾ, ਚਾੜ੍ਹਿਆ ਕੁਟਾਪਾ ਸੀ
ਕਦੇ ਕਦੇ ਸ਼ੱਕ ਪੈਂਦੈ, ਮੈਂ ਹੀ ਉਹਦਾ ਭਾਪਾ ਸੀ?

ਹੈਂਡਲ ਤੇ ਥੈਲਾ ਸੀ ਤੇ ਰੰਗ ਮਟਮੈਲਾ ਸੀ
ਓਸ ਥੈਲੇ ਵਿੱਚ ਇੱਕ ਹੋਰ ਪਾਇਆ ਥੈਲਾ ਸੀ।

ਮਹੀਨੇ ਦੀ ਕਮਾਈ ਸੀ, ਜੋ ਬਟੂਏ 'ਚ ਪਾਈ ਸੀ
ਐਵੇਂ ਨ੍ਹੀਂ ਬਣਾਇਆ ਹੋਇਆ ਸਾਇਕਲ ਹਵਾਈ ਸੀ।

ਕਾਕੇ ਨੂੰ ਜ਼ੁਰਾਬਾਂ ਸਣੇ ਬੂਟ ਲੈ ਕੇ ਦੇਣੇ ਸੀ
ਆਉਣ ਜਾਣ ਲਈ ਦੋ ਸੂਟ ਲੈ ਕੇ ਦੇਣੇ ਸੀ।

ਸੰਗਣ-ਮੰਗਣਾਂ ਦੀ ਵਹੁਟੀ ਨੇ ਵੀ ਲਿਸਟ ਬਣਾਈ ਸੀ
ਲੈ ਲੈ ਜੋ ਵੀ ਲੈਣਾ, ਅੱਜ ਸਾਡੀ ਬਾਦਸ਼ਾਹੀ ਸੀ।

ਲੂਣ ਤੇਲ ਆਟਾ, ਦਾਲ਼ਾਂ ਸਭ ਪਈਆਂ ਮੁੱਕੀਆਂ
ਮੈਂ ਕਿਹਾ ਭਾਗਵਾਨੇ, ਕੱਢ ਦਿਆਂਗੇ ਧੁੱਕੀਆਂ।

ਸਾਰਾ ਸੌਦਾ ਕਿੱਲੋ-ਕਿੱਲੋ ਫਾਲਤੂ ਪਵਾਲਾਂਗੇ
ਅਗਲੇ ਮਹੀਨੇ ਤੱਕ ਸੋਖਿਆਂ ਲੰਘਾਲਾਂਗੇ।

ਦਿੱਤੀ ਹੋਈ ਸਾਢੂ ਨੇ ਕਮੀਜ਼ ਵੀ ਸਿਆਉਣੀ ਸੀ
ਨਾਲ ਮੈਚ ਕਰਦੀ, ਪੱਗ ਵੀ ਲਿਆਉਣੀ ਸੀ।

ਮਨ 'ਚ ਸਕੀਮ ਇੱਕ ਫੁਰੀ ਬੜੀ ਵਧੀਆ
ਵਾਪਸੀ ਤੇ ਠੇਕਿਓਂ ਅੰਗ੍ਰੇਜ਼ੀ ਵਾਲਾ ਅਧੀਆ।

ਦੋ ਦਿਨ ਰੋਟੀ ਵੀ ਸਵਾਦ ਨਾਲ ਖਾਵਾਂਗੇ
ਚਿਰਾਂ ਪਿੱਛੋਂ ਕਿਤੇ ਅੱਜ ਮੀਟ ਵੀ ਬਣਾਵਾਂਗੇ।

ਕਦੇ ਕਦੇ ਪੀਂਦਾ ਹਾਂ, ਨਾਰਾਜ਼ ਨਹੀਓਂ ਹੁੰਦੀ ਏ
ਨਿੱਤ ਪੀਣ ਵਾਲੀ ਸਾਡੇ ਖਾਜ ਨਹੀਓਂ ਹੁੰਦੀ ਏ।

ਏਦਾਂ ਈ ਸੋਚਾਂ ਸੋਚਦਿਆਂ ਸ਼ਹਿਰ ਨੇੜੇ ਆ ਗਿਆ
ਲੰਘਿਆ ਸਵੇਰਾ ਤੇ ਦੁਪਹਿਰ ਨੇੜੇ ਆ ਗਿਆ।

ਗੁਰੂਦੁਆਰੇ ਦੇ ਮੂਹਰੇ ਜਾ ਬਰੇਕ ਮਾਰੀ ਠੋਕ ਕੇ
ਜੀਤੋ ਨੇ ਵੀ ਕੱਢ ਲਏ 10 ਰੁਪਏ ਸੋਚ ਕੇ।

ਬਰਕਤਾਂ ਪਾਵੀਂ ਤੇ ਕਮਾਈ ਵਿੱਚ ਵਾਧਾ ਵੀ
ਹੱਥ ਰੱਖੀਂ ਸਿਰ ਤੇ ਤੂੰ ਵਾਹੇਗੁਰੂ ਸਾਡਾ ਵੀ।

ਦਿੱਤੀ ਲੱਤ ਸਾਇਕਲ ਬਾਜ਼ਾਰ ਵਿੱਚ ਵਾੜਿਆ
ਘੂਰ ਘੂਰ ਸਾਰਿਆਂ ਦੁਕਾਨਦਾਰਾਂ ਤਾੜਿਆ।

ਆਜੋ ਭਾਜੀ, ਭੈਣਜੀ, ਏਧਰ ਤੁਸੀਂ ਆਓ ਜੀ
ਅਪਣੇ ਚਰਨ ਸਾਡੀ ਕੁੱਲੀ ਵਿੱਚ ਪਾਓ ਜੀ।

ਕਾਕਾ ਕਹਿੰਦਾ ਪਹਿਲਾਂ ਸੂਟ ਬੂਟ ਮੈਨੂੰ ਲੈ ਕੇ ਦਿਓ
ਲੈਣਾ ਇੱਕ ਪਹੀਆਂ ਵਾਲਾ ਊਠ ਮੈਨੂੰ ਲੈ ਕੇ ਦਿਓ।

ਜੱਕੋ ਤਕੀ ਵਿੱਚ ਘਰਵਾਲੀ ਵੱਲ੍ਹ ਮੁੜਿਆ
ਕਹਿੰਦੀ ਪਹਿਲਾਂ ਸੌਦਾ, ਸਬਜ਼ੀ ਮੰਡੀ ਵੱਲ੍ਹ ਤੁਰ ਆ।

ਲਾਹ ਕੇ ਹੈਂਡਲ ਤੋਂ ਥੈਲਾ ਇੱਕ ਰੇੜ੍ਹੀ ਤੇ ਖਲੋ ਗਏ
ਓ ਭਈਆ, ਗੰਢੇ ਕਿਵੇਂ ਲਾਏ ਆਲੂ ਕੀ ਭਾਅ ਹੋ ਗਏ।

ਗੰਢੇ ਲੈ ਲਓ ਸਰਦਾਰ ਜੀ, ਗੰਢਿਆਂ ਦੇ ਕੀ ਕਹਿਣੇ ਐ
ਪਹਿਲਾਂ ਯੇਹ ਬਤਾਓ ਤੁਸੀਂ ਕਿੰਨੇ ਕੀਲੋ ਲੈਣੇ ਐ?

ਬੱਲੇ ਓਏ ਭਈਆ, ਤੂੰ ਤਾਂ ਬੰਦਾ ਬੜਾ ਚਾਲੂ ਆ
ਪੰਜ ਕਿਲੋ ਗੰਢੇ ਲੈਣੇ, ਪੰਜ ਕਿਲੋ ਆਲੂ ਆ।

ਬੱਲੇ ਸਰਦਾਰ ਜੀ ਕੀਹਦੇ ਨਾਲ ਮਾਰੀ ਠੱਗੀ ਐ
ਬੈਂਕ ਕੋਈ ਲੁੱਟਿਆ ਜਾਂ ਲਾਟਰੀ ਕੋਈ ਲੱਗੀ ਐ?

ਬਕਵਾਸ ਬੰਦ ਕਰ ਮੂੰਹ ਨੂੰ ਸੰਭਾਲ਼ ਓਏ
ਤੂੰ ਭਈਆ, ਅਸੀਂ ਸਰਦਾਰ ਤੈਨੂੰ ਏਨਾ ਵੀ ਨ੍ਹੀਂ ਖਿਆਲ ਓਏ?

ਬੀਸ ਰੁਪਏ ਆਲੂ ਹੈ ਤੇ ਸਾਠ ਰੁਪਏ ਗੰਢਾ ਹੈ
ਕਲ ਰੇਟ 80 ਥਾ, ਆਜ ਕੁਛ ਠੰਢਾ ਹੈ।

ਤੇਰਾ ਦਿਮਾਗ ਠੀਕ ਐ, ਲੁੱਟ ਪਾਈ ਹੋਈ ਐ
ਵਹੁਟੀ ਕਹਿੰਦੀ ਚੱਲੋ ਜੀ, ਅੱਗ ਲਾਈ ਹੋਈ ਐ।

ਹਿੱਲਿਆ ਦਿਮਾਗ ਸੀ ਟਿਕਾਣੇ ਉੱਤੇ ਆ ਗਿਆ
ਪੰਜ ਕਿੱਲੋ ਗੰਢਿਆਂ ਤੋਂ ਪਾਈਆ ਉੱਤੇ ਆ ਗਿਆ।

ਟਮਾਟਰ ਆਲੂ ਮਿਰਚਾਂ, ਲਿਆ ਜੋ ਵੀ ਸਰਿਆ
ਦੋ ਥੈਲੇ ਆਂਦੇ ਸੀ ਤੇ ਇੱਕ ਵੀ ਨ੍ਹੀਂ ਭਰਿਆ।

ਸੋ ਤੋਂ ਥੱਲੇ ਦਾਲ਼ ਨ੍ਹੀਂ, ਚਾਹ-ਮਿੱਠੇ ਅੱਤ ਚੁੱਕੀ ਐ
ਸਾਡੀ ਕਿਹੜਾ ਚਾਹ ਬਿਨਾਂ ਪੈਨਸ਼ਨ ਰੁਕੀ ਐ।

ਦੋ ਕਿੱਲੋ ਖੰਡ ਪਾਈਆ ਚਾਹ ਪੱਤੀ ਤੋਲ ਦੇਹ
ਪਾਈਆ ਪਾਈਆ ਦਾਲ਼ਾਂ ਪਾਕੇ ਬਾਕੀ ਪੈਹੇ ਮੋੜ ਦੇਹ।

ਲਹਿ ਗਿਆ ਸਾਰਾ ਹੀ ਖ਼ੁਮਾਰ ਵੱਡੇ ਸੇਠ ਦਾ
ਬਟੂਏ ਦੇ ਵੱਲ੍ਹ ਕਦੀ ਵਹੁਟੀ ਵੱਲ੍ਹ ਵੇਖਦਾ।

ਭੌਰਾ ਨ੍ਹੀਂ ਸ਼ਰਮ ਤੇਰੀ ਅਕਲ ਵਿੱਚ ਗਿੱਟਿਆਂ
ਵੇਖ ਕਿਵੇਂ ਪੌਡਰ ਦੇ ਨਾਲ ਬੂਥਾ ਲਿੱਪਿਆ।

ਤੇਰੇ ਮੇਕਅੱਪ ਨੇ ਕੰਗਾਲ ਕੀਤੇ ਹੋਏ ਐ
ਬੁੱਲ੍ਹ, ਬਾਂਦਰ ਦੇ ਢੂਹੇ ਵਾਂਗੂੰ ਲਾਲ ਕੀਤੇ ਹੋਏ ਐੇ।

ਬੇ ਤਰਤੀਬੀ ਹੋ ਗਈ ਸਾਰੀ ਤਰਤੀਬ ਦੀ
ਕੀ ਬੋਲਦੀ ਉਹ, ਸੁਣਦਾ ਵੀ ਕੋਣ ਹੈ ਗਰੀਬ ਦੀ।

ਥਾਏਂ ਝਾੜ ਦੇਣੀ ਸੀ, ਜਵਾਰ ਕੱਢ ਲੈਣਾ ਸੀ
ਵਹੁਟੀ ਅੱਗੋਂ ਬੋਲਦੀ ਗੁਬਾਰ ਕੱਢ ਲੈਣਾ ਸੀ।

ਖਊਂ-ਖਊਂ ਬਾਪੂ ਜੀ ਦੀ ਫੇਰ ਅੱਗੇ ਪੈ ਗਈ
ਦਵਾਈ ਵਾਲੀ ਪਰਚੀ ਜੇਬ੍ਹ ਵਿੱਚ ਈ ਰਹਿ ਗਈ।

ਪਹੀਆਂ ਵਾਲਾ ਊਠ, ਸੂਟ-ਬੂਟ ਸਭ ਰੁਲ਼ ਗਏ
ਸਾਡੀ ਬਾਦਸ਼ਾਹੀ ਦੇ ਸਬੂਤ ਸਬ ਰੁਲ਼ ਗਏ।

ਨਿੱਕਾ ਜਿਹਾ ਜੁਆਕ ਬੜੇ ਮਨ ਵਿੱਚ ਚਾਅ ਸੀ
ਭਰ ਆਈਆਂ ਅੱਖਾਂ ਉੱਚੀ ਕੱਢਿਆ ਨਾ ਸਾਹ ਸੀ।

ਗਰਮੀ ਦੇ ਨਾਲ ਪਿਆ ਪੂੰਝਦਾ ਪਸੀਨੇ ਨੂੰ
ਪਤਾ ਨਹੀਂ ਕੀ ਹੋਗਿਆ ਏ ਸਾਇਕਲ ਕਮੀਨੇ ਨੂੰ।

ਠਿੱਲ੍ਹਦਾ ਨ੍ਹੀਂ ਅੱਗੇ ਮੈਂ ਤਾਂ ਵਾਹ ਪੂਰੀ ਲਾਈ ਐ
ਸੜਕ ਵੀ ਠੀਕ ਨਾ ਕੋਈ ਰਾਹ 'ਚ ਚੜ੍ਹਾਈ ਐ।

ਮੱਥੇ ਵੱਟ ਪਾਕੇ ਗੁਰੂਦੁਆਰੇ ਕੋਲੋਂ ਲੰਘਿਆ
ਬਰਕਤ ਮੰਗੀ ਸੀ, ਖਜ਼ਾਨਾ ਤੇ ਨਹੀਂ ਮੰਗਿਆ।

ਛੱਡ ਯਾਰ ਪੱਥਰਾਂ ਤੇ ਆਸ ਲਾਈ ਬੈਠਾ ਏਂ
ਐਵੇਂ ਸੁੱਕੇ ਢੀਂਗਰ ਪਿਆਸ ਲਾਈ ਬੈਠਾ ਏਂ।

ਮਾੜਿਆਂ ਨੂੰ ਚੰਗੀਆਂ ਨਸੀਬ ਨਹੀਂਓਂ ਹੁੰਦੀਆਂ
ਗਰੀਬਾਂ ਦੀਆਂ ਚਿੱਠੀਆਂ ਰਸੀਦ ਨਹੀਂਓਂ ਹੁੰਦੀਆਂ।

ਸਾਇਕਲ ਲਾਇਆ ਕੰਧ ਨਾਲ ਬਟੂਏ ਨੂੰ ਝਾੜਿਆ
ਖੁਦ ਨੂੰ ਬੀਮਾਰਾਂ ਵਾਂਗੂੰ ਮੰਜੇ ਉੱਤੇ ਮਾਰਿਆ।

ਸਿਰ ਫੜੀ ਬੈਠੀ ਏਂ, ਮਰਲੈ, ਕੁਸ਼ ਕਰ ਲੈ
ਹੋਰ ਨਹੀਂ ਤਾਂ ਦੋ ਘੁੱਟ ਚਾਹ ਦੇ ਈ ਧਰਲੈ।

ਚਾਹ ਪੀ ਕੇ ਆਈ ਜਿਉਂ ਸਰੀਰ ਵਿੱਚ ਸੱਤਿਆ
ਸਾਇਕਲ ਤੇ ਲੱਤ ਦਿੱਤੀ, ਚੱਲ ਮੇਰੇ ਯੱਕਿਆ।

ਸਰਪੰਚਾਂ ਦਾ ਵਾੜਾ ਏ ਤੇ ਲੱਗਾ ਹੋਇਆ 'ਖਾੜ੍ਹਾ ਏ
ਹਰ ਕੋਈ ਲੋਰ ਵਿੱਚ ਲਾਉਂਦਾ ਪਿਆ ਹਾੜ੍ਹਾ ਏ।

ਸਿਰ ਫੜ ਲੈਂਦੀ ਐ, 'ਗਰੇਜ਼ੀ ਦਾ ਤਾਂ ਯੱਭ ਐ
ਘਰੇ ਕੱਢੀ ਹੋਈ ਦਾ ਸਵਾਦ ਈ ਅਲੱਗ ਐ।

ਦੋ-ਤਿੰਨ ਪੈੱਗ ਪੀਕੇ ਮਘਦਾ ਡਰਾਮਾ ਏ
ਸੋਨੀਆ ਕੀਹਦੀ ਮਾਸੀ ਐ ਤੇ ਬਾਦਲ ਕੀਹਦਾ ਮਾਮਾ ਏ?

ਤੁਹਾਡੀ ਮਾਂ ਦੀ ਤੁਹਾਡੀ ਭੈਣ, ਕੁੱਤਿਓ ਹਰਾਮੀਓ
ਲੁੱਟ ਦਿਓ ਮਾਸੜੋ ਤੇ ਭੁੱਖ ਦੀਓ ਨਾਨੀਓ।

ਪੰਜ ਰੁਪਏ ਢਿੱਡ ਦੱਸੋ ਕਿਹੜੇ ਸ਼ਹਿਰ ਭਰਦਾ
ਲੁੱਟ ਖਾ ਗਏ ਦੇਸ਼ ਤੁਹਾਡਾ ਅਜੇ ਵੀ ਨ੍ਹੀਂ ਸਰਦਾ।

ਗਰੀਬਾਂ ਦੀ ਗਰੀਬੀ ਦਾ ਮਜ਼ਾਕ ਪਏ ਉਡਾਉਂਦੇ ਓ
ਸਾਡੇ ਸਿਵੇ ਬਾਲ਼ ਚੁੱਲ੍ਹੇ ਅਪਣੇ ਤਪਾਉਂਦੇ ਓ।

ਡਾਲਰ ਚੁੱਕ ਦਿੰਦੇ ਓ, ਰੁਪੱਈਆ ਡੇਗ ਲੈਂਦੇ ਓ
ਗਰੀਬਾਂ ਦਿਆਂ ਜਜ਼ਬਾਤਾਂ ਨਾਲ ਚੰਗਾ ਖੇਡ ਲੈਂਦੇ ਓ।

ਐਵੇਂ ਰਹਿੰਦੇ ਬਕਦੇ ਇਹ ਭਾਰਤ ਮਹਾਨ ਏ
ਜਿਊਣਾ ਔਖਾ ਕਰਿਆ ਮਹਿੰਗਾਈ ਥੋਡੀ ਮਾਂ ਨੇ।

ਛੱਡ ਯਾਰ ਐਵੇਂ ਕਾਹਨੂੰ ਮੱਥਾ ਮਾਰੀ ਜਾਂਦਾ ਏਂ
ਮੀਸਣਿਆਂ ਅੱਗੇ ਐਵੇਂ ਸੰਘ ਪਾੜੀ ਜਾਂਦਾ ਏਂ।

ਡਾਹਢਿਆਂ ਦੀ ਚਾਲ ਤੇ ਹਮ੍ਹਾਤੜਾਂ ਦੇ ਹਾਲ ਨੇ
ਗੈਰਤ ਹੈ ਪੱਲੇ, ਭਾਵੇਂ ਮੁੱਢ ਤੋਂ ਕੰਗਾਲ ਨੇ।

ਕੋਠਾ ਭਾਵੇਂ ਵਿਕ ਜਾਏ, ਸ਼ਤੀਰ ਨਹੀਓਂ ਵੇਚਦੇ
ਅਸੀਂ ਉਨ੍ਹਾਂ ਵਿੱਚੋਂ ਜੋ ਜ਼ਮੀਰ ਨਹੀਓਂ ਵੇਚਦੇ।

ਗੱਗ-ਬਾਣੀ ਵਿੱਚ ਹੁੰਦਾ ਏ ਜ਼ਿਕਰ ਬੰਦੇ ਆਮ ਦਾ
ਜੀਹਨੂੰ ਕੋਈ ਬੇਰੀਆਂ ਦੇ ਵੱਟੇ ਵੀ ਨਹੀਂ ਜਾਣਦਾ।

ਇਹ ਜੰਗ ਹੈ ਹੱਕਾਂ ਦੀ...

ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ
ਕੀਮਤ ਕੁਰਬਾਨੀਆਂ ਦੀ ਭਰਨੀ ਹੀ ਪੈਣੀ ਐ।

ਨਾ ਊਧਮ ਨੇ ਆਉਣਾ, ਨਾ ਭਗਤ ਸਰਾਭਿਆਂ ਨੇ
ਨਾ ਨੇਤਾ ਜੀ ਮੁੜਨਾ, ਨਾ ਗਦਰੀ ਬਾਬਿਆਂ ਨੇ
ਹਿੱਕ ਅਪਣੀ ਤੇ ਗੋਲ਼ੀ, ਜਰਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥

ਸਾਨੂੰ ਲੁੱਟਣ ਵਿੱਚ ਹਿੱਸਾ ਧਰਮਾਂ ਵੀ ਪਾਇਆ ਏ
ਇਨ੍ਹਾਂ ਮੋਮੋਠਗਣੀਆਂ ਨੇ ਭਰਮਾਂ ਵਿੱਚ ਪਾਇਆ ਏ
ਇਨ੍ਹਾਂ ਦੀ ਵੀ ਗਿੱਚੀ ਫੜਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥

ਕੀ ਹੋਇਆ ਸੋਘੇ ਨਹੀਂ, ਕੀ ਹੋਇਆ ਅਲੱੜ੍ਹ ਆਂ
ਕੀ ਹੋਇਆ ਇੱਕਜੁੱਟ ਨਹੀਂ, ਕੀ ਹੋਇਆ ਖਿੱਲਰੇ ਆਂ
ਸ਼ਾਹਦੀ, ਜਿਉਂਦੇ ਹੋਵਣ ਦੀ, ਭਰਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥

ਇਹ ਧਰਤ ਅਸਾਡੀ ਹੈ, ਇਹ ਮੁਲਕ ਅਸਾਡਾ ਹੈ
ਪ੍ਰਬੰਧ ਹੈ ਸਾਡੇ ਲਈ, ਹਰ ਸ਼ੁਲਕ ਅਸਾਡਾ ਹੈ
ਗੱਡੀ ਤਾਂ ਟੇਸ਼ਨ ਦੀ ਫੜਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥

'ਗੱਗ-ਬਾਣੀ' ਵਿੱਚ ਲਿਖਿਆ, ਮੋਕਾ ਨਾ ਜਾਣ ਦਿਓ
ਅਪਣੇ ਜਿਉਂਦੇ ਹੋਵਣ ਦਾ, ਕੋਈ ਪ੍ਰਮਾਣ ਦਿਓ
ਕੋਈ ਘਾੜਤ ਸਮਿਆਂ ਦੀ, ਘੜਨੀ ਹੀ ਪੈਣੀ ਐ
ਇਹ ਜੰਗ ਹੈ ਹੱਕਾਂ ਦੀ ਲੜਨੀ ਹੀ ਪੈਣੀ ਐ॥

ਕੌਣ ਕਹਿੰਦਾ ਸੁਖਬੀਰ ਹੰਕਾਰੀ ਐ...

ਕੋਣ ਕਹਿੰਦਾ ਸੁਖਬੀਰ ਹੰਕਾਰੀ ਐ
ਭਲਾ ਕੀਹਦੀ ਕਿਸਮਤ ਮਾੜੀ ਐ?

ਇਹ ਤਾਂ ਬੰਦਾ ਬੜਾ ਜੁਗਾੜੀ ਐ
ਹੇਠ੍ਹਾਂ ਸੁੱਥਣ, ਉੱਤੋਂ ਸਾੜ੍ਹੀ ਐ।

ਅਮ੍ਰਿਤ ਛਕਣ ਵੇਲੇ ਹੀ ਖੋਲ੍ਹੀ ਸੀ
ਹੁਣ ਹਰ ਦਮ ਬੱਧੀ ਦਾੜ੍ਹੀ ਐ।

'ਜੱਗ ਬਾਣੀ ਨਾਲੋਂ 'ਗੱਗ-ਬਾਣੀ' ਨੂੰ
ਸੱਚ ਆਖਣ ਦੀ ਬੀਮਾਰੀ ਐ।

ਜੱਥੇਦਾਰ ਪੈਰੀਂ ਹੱਥ ਲਾਉਂਦੇ ਨੇ
ਬੱਸ ਚੌਰ ਝੁਲਾਉਣ ਦੀ ਤਿਆਰੀ ਐ।

ਬੇਸ਼ੱਕ ਇਹਦੀ ਸਰਦਾਰੀ ਐ
ਪਰ ਮੁਲਕ ਦੀ ਹਾਲਤ ਮਾੜੀ ਐ।

ਹੱਥ ਮਿਲਾਇਆ ਨਾਲ ਧਨਾਢਾਂ ਦੇ
ਪੰਜਾਬ ਵੇਚਣ ਦੀ ਤਿਆਰੀ ਐ।

ਊਂ ਹੈ ਤਾਂ ਬੰਦਾ 'ਵਧੀਆ ਏ
ਪਰ ਇੱਕੋ ਆਦਤ ਮਾੜੀ ਐ।

ਸਕੇ ਪਿਓ ਦੀ ਵੀ ਨਹੀਂ ਸੁਣਦਾ ਏ
ਜਦੋਂ ਹੁੰਦੀ 'ਘੁੱਟ ਕੁ' ਚਾੜ੍ਹੀ ਐ।

ਮੈਂ ਕੀ ਆਖਾਂ, ਕੀ ਨਾ ਆਖਾਂ
ਬੱਸ ਚੁੱਪ ਹੀ ਭਲੀ, ਵੀਚਾਰੀ ਐ।

ਉੰਝ ਇਹ ਗੱਲ ਤਾਂ ਪੱਕੀ ਐ
'ਜੱਗ ਬਾਣੀ' ਦੀ ਸੋਚ ਵਪਾਰੀ ਐ।

ਟਾਈਮ ਟੀਵੀ, ਪੀ ਟੀ ਸੀ ਵਾਂਗੂੰ
ਇਹ ਅਖਬਾਰ ਵੀ ਬਘਿਆੜੀ ਐ।

ਜੋ ਮਰਜ਼ੀ ਫਟੇ, ਕੁੜਤਾ ਨਾ ਫਟੇ
ਇਹੋ ਗਰੀਬਾਂ ਜੂਨ ਗੁਜ਼ਾਰੀ ਐ।

ਬੋਲਣ ਦੇ ਨਾਲੋਂ ਚੁੱਪ ਭਲੀ
'ਗੱਗ' ਨੂੰ ਵੀ ਜਾਨ ਪਿਆਰੀ ਐ।

ਮੁੜ ਆਂਇਆ ਹੈ ਸਾਲ ਨਵਾਂ...

ਮੁੜ ਆਂਇਆ ਹੈ ਸਾਲ ਨਵਾਂ
ਕੀ-ਕੀ ਲੈ ਕੇ ਨਾਲ ਨਵਾਂ।

ਬੁੱਢੇ ਹੱਡ, ਹਜ਼ਮ ਨਹੀਂ ਹੁੰਦਾ
ਬੰਦਾ ਕੇਜਰੀਵਾਲ ਨਵਾਂ।

ਗੂੰਗੀ ਮੰਗਤੀ ਦੇ ਹੱਥ ਵਿੱਚ ਹੈ
ਚਮਚਮਾਉਂਦਾ ਥਾਲ਼ ਨਵਾਂ।

ਕਈ ਦਿਨ ਹੋ ਗਏ ਸਾਨੂੰ ਵੀ ਨਹੀਂ
ਆਉਂਦਾ ਪਿਆ ਕੋਈ ਖਿਆਲ ਨਵਾਂ।

ਮੱਛੀਆਂ ਆਖਣ ਵਾਹ ਨੀਂ ਕਿਸਮਤ
ਹੱਥ ਮਛੇਰੇ ਜਾਲ਼ ਨਵਾਂ।

ਇੱਕੋ ਰਾਤ ਸੁਹਾਗਣ ਸੀ ਉਹ
ਜਿਸ ਦੇ ਕੁੱਛੜ ਬਾਲ ਨਵਾਂ।

ਨਸ਼ਿਆਂ ਵਿੱਚ ਜਵਾਨੀ ਗਰਕੀ
ਕਿਹੜਾ ਪੰਜਾਬ ਦਾ ਹਾਲ ਨਵਾਂ?

ਲੁੱਟਾਂ, ਖੋਹਾਂ, ਏ ਟੀ ਐਮ ਡਾਕੇ
ਕੀ ਕਰ ਸਕਦੇ ਹਾਲ ਨਵਾਂ?

ਅਰਾਜਕਤਾ ਫੈਲੀ, ਫੈਲਣੀ ਹੀ ਸੀ
ਲੀਡਰ ਮਾਲਾ-ਮਾਲ ਨਵਾਂ।

'ਕੱਲ੍ਹਾ-ਕਲ੍ਹਾ ਮੈਨੂੰ ਕਹੇ ਮੁਬਾਰਕ
ਮੈਂ ਆਖਾਂ ਸੇਮ ਟੂ ਆਲ ਨਵਾਂ।

ਗਰੂਰ...

ਉਹ ਭੌਰਾ ਮਸ਼ਹੂਰ ਕੀ ਹੋਇਆ
ਬੋਝੇ ਦੇ ਵਿੱਚ ਨੂਰ ਕੀ ਹੋਇਆ।

ਆਖਦਾ ਏ ਹੁਣ ਮੈਂ ਹੀ ਮੈਂ ਹਾਂ
ਚੜ੍ਹੇ ਨਾ ਜੋ, ਗਰੂਰ ਕੀ ਹੋਇਆ।

ਬੁਲਬੁਲਿਆਂ ਦੀ ਉਮਰ ਨਾ ਪੁੱਛੋ
ਪੁੱਛੋ ਭਲਾ ਕਸੂਰ ਕੀ ਹੋਇਆ।

ਲਾ ਠਹਾਕਾ ਹੱਸਿਆ ਸ਼ੀਸ਼ਾ
ਉਹ ਸ਼ੀਸ਼ੇ ਤੋਂ ਦੂਰ ਕੀ ਹੋਇਆ।

ਸਾਰੇ ਦਾ ਸਾਰਾ ਹੀ ਟੁੱਟਿਆ
ਥੋੜ੍ਹਾ ਜੇਹਾ ਘੂਰ ਕੀ ਹੋਇਆ।।

ਠੇਕੇ ਉੱਤੇ...

ਪੀ ਕੇ ਦਾਰੂ, ਠੇਕੇ ਉੱਤੇ
ਮਰਜੂੰ, ਮਾਰੂੰ, ਠੇਕੇ ਉੱਤੇ।

ਜਾਂ ਪੜਵਾਊ, ਪੱਕੀ ਗੱਲ ਐ
ਜਾਂ ਸਿਰ ਪਾੜੂ, ਠੇਕੇ ਉੱਤੇ।

ਡੁੱਬਦੀ ਬੇੜੀ ਕੋਈ ਨ੍ਹੀਂ ਵੇਹੰਦਾ
ਹਰ ਕੋਈ ਤਾਰੂ, ਠੇਕੇ ਉੱਤੇ।

ਘਰੇ ਗੁੰਨ੍ਹਣ ਲਈ ਆਟਾ ਹੈਨ੍ਹੀਂ
ਮਹਿਲ ਉਸਾਰੂ, ਠੇਕੇ ਉੱਤੇ।

ਬੰਦੇ ਦਾ ਜਦ ਵੱਸ ਨਹੀਂ ਚੱਲਦਾ
ਅਧੀਆ ਚਾੜ੍ਹੂ, ਠੇਕੇ ਉੱਤੇ।

ਹੋਰ ਭਲਾ ਕੀ ਕਰਨ ਜੋਕਰਾ
ਜਿਸ ਦੀ ਦਾਰੂ, ਠੇਕੇ ਉੱਤੇ।

ਸਾਡੀ ਵੀ ਮਜ਼ਬੂਰੀ ‘ਜੀਤੋ’
’ਮਰੂਦ ਨਾ ਆੜੂ, ਠੇਕੇ ਉੱਤੇ।

ਹੱਸਦੀ-ਵੱਸਦੀ ਦੁਨੀਆਂ ਹੋਵੇ
ਕੋਣ ਉਜਾੜੂ? ਠੇਕੇ ਉੱਤੇ।

ਕੀ ਰੋਜ਼ੀ ਕੀ ਧੁੰਨਾ-ਧੰਨਾ
ਸਭ ਲਗਾੜੂ, ਠੇਕੇ ਉੱਤੇ।

ਜਿਸ ਦੀ ਘਰ ਵਿੱਚ ਕੋਈ ਨ੍ਹੀਂ ਸੁਣਦਾ
ਵਚਨ ਉਚਾਰੂ, ਠੇਕੇ ਉੱਤੇ।

ਲੱਖ ਪਚਾਸੀਵੀਂ ਤਾਂ ਆਹ ਹੀ
ਜੂਨ ਸੁਧਾਰੂ ਠੇਕੇ ਉਤੇ।

ਤਾ-ਉਮਰ ਜਿਸ ਨਰਕ ਹੰਢਾਇਆ
ਸਵਰਗ ਸਿਧਾਰੂ, ਠੇਕੇ ਉੱਤੇ।

ਵਹੁਟੀ ਲੱਭਦੀ ਫਿਰਦੀ ਕੱਲ੍ਹ ਦੀ
ਲੈ ਕੇ ਝਾੜੂ, ਠੇਕੇ ਉੱਤੇ।

ਜੋ ਕਮਾਉਂਦਾ ਦੋ ਨੰਬਰ ਦੀ
ਕਿੱਥੇ ਵਾੜੂ, ਠੇਕੇ ਉੱਤੇ।

ਜਿਸ ਦੇ ਹੱਡਾਂ ਦੇ ਵਿੱਚ ਰਚ ਗਈ
ਅੱਖ ਉਘਾੜੂ, ਠੇਕੇ ਉੱਤੇ।

ਬਾਦਲ, ਮੋਦੀ, ਮਮਤਾ ਸੋਨੀਆ
ਸਭ ਬਾਜ਼ਾਰੂ, ਠੇਕੇ ਉੱਤੇ।

ਕੁਫਰ ਵੀ ਤੋਲੂ, ਝੂਠ ਵੀ ਬੋਲੂ
ਬੰਦਾ ਸਚਿਆਰੂ, ਠੇਕੇ ਉੱਤੇ।

ਜਿਸ ਦੇ ਸੀਨੇ ਮਘੇ ਮਹਿੰਗਾਈ
ਕਿੱਥੇ ਠਾਰੂ, ਠੇਕੇ ਉੱਤੇ।

ਜਦ ਵੀ ਮੰਗੇ ਹੱਕ ਅਸਾਂ ਨੇ
ਗੋਰਮਿੰਟ ਵਾੜੂ, ਠੇਕੇ ਉੱਤੇ।

‘ਗੱਗ-ਬਾਣੀ’ ਵਿੱਚ ਲਿਖਿਆ ਹੋਇਆ
ਸੋ ਦੁੱਖ ‘ਦਾਰੂ, ਠੇਕੇ ਉੱਤੇ।

Sunday, 26 January 2014

ਖਜ਼ਾਨਾ ਖਾਲੀ ਐ...

ਕੀ ਕਰਨ ਬਾਦਲ ਸਾਹਬ, ਖਜ਼ਾਨਾ ਖਾਲੀ ਐ
ਆਪੇ ਲਾ ਲਓ 'ਸ੍ਹਾਬ, ਖਜ਼ਾਨਾ ਖਾਲੀ ਐ।

ਵਿਧਾਇਕਾਂ ਦਾ ਸੀ ਬਣਦਾ ਜੋ, ਹੱਕ ਮਾਰਨਾ ਪਿਆ
ਲਗਜ਼ਰੀ ਕਾਰਾਂ ਦੇ ਕੇ ਹੀ ਡੰਗ ਸਾਰਨਾ ਪਿਆ
ਸੀ ਲੈ ਕੇ ਦੇਣੇ ਜਹਾਜ਼, ਖਜ਼ਾਨਾ ਖਾਲੀ ਐ
ਆਪੇ ਲਾ ਲਓ 'ਸ੍ਹਾਬ, ਖਜ਼ਾਨਾ ਖਾਲੀ ਐ।

ਚਲਾਨ ਕੱਟੋ ਸਕੂਟਰ, ਮੋਟਰ ਕਾਰਾਂ ਦੇ
ਬਿਊਟੀ ਪਾਰਲਿਓਂ ਨਿਕਲਦੀਆਂ ਮੁਟਿਆਰਾਂ ਦੇ
ਰਾਜ਼ ਰਹਿਣ ਦਿਓ ਰਾਜ਼, ਖਜ਼ਾਨਾ ਖਾਲੀ ਐ
ਕਿੱਥੇ ਮਰਨ ਬਾਦਲ ਸਾਹਬ, ਖਜ਼ਾਨਾ ਖਾਲੀ ਐ।

ਅੱਧੇ ਮੁਲਕ ਦਾ ਢਿੱਡ ਭਰ ਦਿੰਦਾ ਹੁੰਦਾ ਸੀ
ਮੁਲਕ ਨੂੰ ਪੈਰਾਂ ਸਿਰ ਕਰ ਦਿੰਦਾ ਹੁੰਦਾ ਸੀ
ਨੰਗਾਂ ਸੰਗ ਨੰਗ ਪੰਜਾਬ, ਖਜ਼ਾਨਾ ਖਾਲੀ ਐ
ਆਪੇ ਲਾ ਲਓ 'ਸ੍ਹਾਬ, ਖਜ਼ਾਨਾ ਖਾਲੀ ਐ।

ਪੰਜ ਦਰਿਆ ਦੀ ਧਰਤੀ ਪਾਣੀ ਮੁੱਲ ਵਿਕੇ
ਪ੍ਰਦੂਸ਼ਿਤ ਹੋ ਗਈ ਹਵਾ ਵੀ ਜਾਣੀਂ ਮੁੱਲ ਵਿਕੇ
ਗੰਧਲ਼ੇ ਹੋ ਗਏ ਆਬ, ਖਜ਼ਾਨਾ ਖਾਲੀ ਐ
ਕਿੱਥੇ ਵਿਕ ਜਾਈਏ ਜਨਾਬ, ਖਜ਼ਾਨਾ ਖਾਲੀ ਐ।

ਗੱਗ-ਬਾਣੀ ਵਿੱਚ ਲਿਖਿਆ ਢਾਹ ਨਾ ਢੇਰੀ ਓਏ
ਮੌਤਾਂ ਵੰਡਦੀ ਦਾਰੂ ਵਿਕੇ ਬਥ੍ਹੇਰੀ ਓਏ
ਹੋਰ ਖੋਲ੍ਹਾਂਗੇ ਠੇਕੇ ਸ਼ਰਾਬ, ਖਜ਼ਾਨਾ ਖਾਲੀ ਐ
ਹੋਰ ਕੀ ਕਰਨ ਬਾਦਲ ਸਾਹਬ ਖਜ਼ਾਨਾ ਖਾਲੀ ਐ?

ਦੀਵਾਲੀ...

ਦੀਵਾਲੀ
ਇਸ ਵਾਰ ਫੇਰ 
ਦਨਦਨਾਉਂਦੀ ਆ ਗਈ ਹੈ
ਸੁਪਰ ਫਾਸਟ ਦੇ ਇੰਜਣ ਵਾਂਗ
ਡੱਬਿਆਂ ਨੂੰ ਧੂੰਹਦੀ ਹੋਈ।

ਕਿੰਨੀ ਛੇਤੀ ਮੁੱਕ ਜਾਂਦੇ ਹਨ
363 ਦਿਨ
ਤੇ ਇਹ ਇੱਕ ਦਿਨ
ਦਸਤਕ ਦੇਣ ਤੋਂ ਪਹਿਲਾਂ ਹੀ
ਸਾਹ ਸੁਕਾ ਦਿੰਦਾ ਹੈ
ਪੁਲਿਸ ਦੀ ਜਿਪਸੀ
ਬੈਂਕ ਦੇ ਮੈਨੇਜਰ
ਤੇ ਅਦਾਲਤ ਦੇ ਸੰਮਨਾਂ ਵਾਂਗ।

ਏਸ ਵਾਰ ਫੇਰ
ਬੱਚਿਆਂ ਨੇ ਜ਼ਿੱਦ ਕਰਨੀ ਹੈ
ਪਟਾਕੇ ਲੈਣ ਲਈ
ਭੁੱਲ ਜਾਣਾ ਹੈ
ਪਿਛਲੀ ਵਾਰ ਪਏ
ਪਟਾਕਿਆਂ ਦੀ ਚੀਸ ਨੂੰ।

ਗ਼ਰੀਬ ਦਾ ਵੱਸ
ਤੀਵੀਂ ਤੇ ਹੀ ਚੱਲਦਾ ਹੈ
ਜਾਂ ਬੱਚਿਆਂ ਤੇ
ਇੱਛਾਵਾਂ ਤੇ ਨਹੀਂ ਚੱਲਦਾ
ਬਦਲ ਜਾਂਦੀਆਂ ਹਨ ਇੱਛਾਵਾਂ
ਦੁਰਘਟਨਾਵਾਂ ਵਿੱਚ।

ਏਸ ਵਾਰ ਫੇਰ
ਬਾਜ਼ਾਰ ਖੜ੍ਹਾ ਮੁਸਕੁਰਾ ਰਿਹਾ ਹੈ
ਹੱਸ ਰਿਹਾ ਹੈ
ਕਿਸੇ ਦੀ ਬੇਬਸੀ ਤੇ
ਹਮਦਰਦੀ ਦੇ ਦੋ ਬੋਲ
ਬਾਜ਼ਾਰ ਦੀ ਫਿਤਰਤ ਨਹੀਂ।

ਜਾਣਦਾ ਹੈ ਬਾਜ਼ਾਰ
ਕਿ ਏਸ ਖੀਸੇ ਵਿੱਚ ਭਾਨ ਨਹੀਂ
ਤੇ ਫਿਰ ਵੀ
ਤਪਾਕ ਨਾਲ ਮਿਲਦਾ ਹੈ
ਖਿੜੇ ਮੱਥੇ ਸਵਾਗਤ ਕਰਦਾ ਹੈ
ਜਿਵੇਂ ਜਾਣਦਾ ਹੋਵੇ
ਕਿ ਬੱਚੂ
ਬਚ ਕੇ ਜਾਏਂਗਾ ਵੀ ਕਿੱਥੇ
ਮੈਂ ਤੇਰੀ ਹਰ ਜ਼ਰੂਰਤ ਤੇ
ਕਬਜ਼ਾ ਕਰ ਲਿਆ ਹੈ।

ਉਸ ਨੂੰ ਪਤਾ ਹੈ
ਜਿਨ੍ਹਾਂ ਖੀਸਿਆਂ ਵਿੱਚ ਭਾਨ ਨਹੀਂ ਹੁੰਦੀ
ਉਨ੍ਹਾਂ ਦੇ ਬੰਟੀ-ਬਬਲੀ ਵੀ
ਕਿਸੇ ਸ਼ਹਿਜ਼ਾਦੇ ਤੋਂ ਘੱਟ ਨਹੀਂ ਹੁੰਦੇ।

ਬਾਜ਼ਾਰ ਦੀ ਚਮਕ
ਚੁੰਧਿਆਂਉਂਦੀ ਹੋਵੇਗੀ
ਉਨ੍ਹਾਂ ਦੀਆਂ ਅੱਖਾਂ
ਜਿਨ੍ਹਾਂ ਦੀਆਂ ਅੱਖਾਂ ਵਿੱਚ
ਸੁਪਨੇ ਹੁੰਦੇ ਨੇ
ਚਾਅ ਹੁੰਦੇ ਨੇ।

ਜਿਨ੍ਹਾਂ ਅੱਖਾਂ ਵਿੱਚ
ਮਾਯੂਸੀ ਛੱਪਰ ਫਾੜ ਕੇ ਉੱਤਰਦੀ ਹੈ
ਉਨ੍ਹਾਂ ਲਈ ਬਾਜ਼ਾਰ ਵੀ
ਕਿਸੇ ਕਬਰਿਸਤਾਨ ਦਾ
ਵਿਕਸਿਤ ਰੂਪ ਹੈ।

ਪਟਾਕੇ ਵੀ ਲੈਣੇ ਨੇ
ਫੁੱਲਝੜੀਆਂ, ਆਤਿਸ਼ਬਾਜ਼ੀਆਂ ਵੀ
ਤੇ ਆਲੂ ਬੰਬ ਵੀ
ਹਫ਼ਤਾ ਪਹਿਲਾਂ ਹੀ
ਬੱਚਿਆਂ ਨੇ
ਲਿਸਟ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

ਉਹ ਨਹੀਂ ਜਾਣਦੇ
ਕਿ ਗ਼ਰੀਬ ਲਿਸਟਾਂ ਨਹੀਂ ਬਣਾਇਆ ਕਰਦੇ
ਗ਼ਰੀਬਾਂ ਦੀਆਂ ਲਿਸਟਾਂ ਬਣਦੀਆਂ ਨੇ।

ਉਹ ਨਹੀਂ ਜਾਣਦੇ
ਕਿ ਇਹ ਠਾਹ-ਠੂਹ
ਬਹੁਤ ਕੁੱਝ ਫੁੱਸ ਕਰ ਦਿੰਦੀ ਹੈ
ਬਹੁਤ ਭੋਲ਼ੇ ਹੁੰਦੇ ਨੇ ਬੱਚੇ
ਕੁੱਝ ਵੀ ਨਹੀਂ ਸਮਝਦੇ
ਤੇ ਕੁੱਝ ਸਮਝਣਾ ਵੀ ਨਹੀਂ ਚਾਹੁੰਦੇ।

ਕਿੰਨੇ ਮਾਸੂਮ ਨੇ
ਕਿੰਨਾ ਚਾਅ ਹੈ
ਉਡੀਕ ਰਹੇ ਨੇ ਤਿਉਹਾਰ
ਤੇ ਮੈਂ
ਦੀਵਿਆਂ ਵੱਲ੍ਹ
ਨੀਝ ਲਾ ਕੇ ਤੱਕਦਾ ਪਿਆ ਹਾਂ
ਇਹ ਲਹੂ ਕਿਸਦਾ ਹੈ
ਜੋ ਲਗਾਤਾਰ ਬਲ਼ ਰਿਹਾ ਹੈ।

ਉਸ ਨੇ ਘਰ ਰੁਸ਼ਨਾਇਆ ਹੈ...

ਉਸ ਨੇ ਘਰ ਰੁਸ਼ਨਾਇਆ ਹੈ
ਜਿਸਨੇ ਨ੍ਹੇਰ ਮਚਾਇਆ ਹੈ।

ਅਸੀਂ ਤਾਂ ਦੀਵੇ ਬਾਲਣ ਲੱਗਿਆਂ
ਅਪਣਾ ਘਰ ਜਲਾਇਆ ਹੈ। 

ਤੇਰੇ ਹੱਥ ਲਕੀਰਾਂ ਆਈਆਂ
ਉਸ ਦੇ ਹੱਥ ਸਰਮਾਇਆ ਹੈ।

ਕਿਉਂ ਹਰ ਥਾਂ ਕੰਗਾਲੀ ਵਰਤੀ
ਕੋਣ ਲੁਟੇਰਾ ਆਇਆ ਹੈ।

ਕਿਸ ਨੇ ਤੇਰੇ ਖੁਸ਼ਕ ਹੋਠਾਂ ਤੇ
ਚੁੱਪ ਦਾ ਚੁੰਮਣ ਵਾਹਿਆ ਹੈ।

ਰੰਗਲੀ ਧਰਤੀ, ਬੰਜਰ ਹੋ ਗਈ
ਹਰ ਥਾਂ ਮਾਤਮ ਛਾਇਆ ਹੈ।

ਉੱਠ ਕਿਰਤੀਆ, ਜਾਗ ਕਿਰਤੀਆ
ਜਾਗਣ ਵੇਲਾ ਆਇਆ ਹੈ।

ਲੈ ਲੈ ਇਸ ਤੋਂ ਲੋਅ ਉਧਾਰੀ
ਚਾਨਣ ਬੂਹੇ ਆਇਆ ਹੈ।

ਆਈ ਦੀਵਾਲੀ, ਦੀਵਾਲੀ ਆਈ ......

ਤੇਰੇ ਸ਼ਹਿਰ ਦੀਵਾਲੀ ਆਈ
ਅਪਣੇ ਮੁੜ 'ਅਕਾਲੀ' ਆਈ।

ਮੈਂ ਆਖਾਂ ਇਹ ਬੜੀ ਹਰਾਮੀ
ਲੋਕ ਕਹਿਣ ਟਕਸਾਲੀ ਆਈ।

ਉਸਨੇ ਆਖਿਆ ਮਾਨਯੋਗ ਜਦ
ਮੇਰੇ ਮੂੰਹ ਤੇ ਗਾਲੀ ਆਈ।

ਨਾ ਕਾਂਗਰਸ ਨਾ 'ਕਾਲੀ ਆਈ
ਮੁੜ-ਮੁੜ ਕੇ ਅਬਦਾਲੀ ਆਈ।

ਰੋਂਦਾ ਟੱਬਰ ਸਿਰ ਫੜ-ਫੜ ਕੇ
ਹੱਸਦੀ ਬੋਤਲ ਖਾਲੀ ਆਈ।

ਉਸ ਦੇ ਹੱਥ ਪਰਾਣੀ ਆਈ
ਸਾਡੇ ਗਲ਼ ਪੰਜਾਲੀ ਆਈ।

ਉਸ ਦੀਆਂ ਪੰਜੇ ਘਿਓ ਵਿੱਚ ਯਾਰੋ
84 ਚਾਹੇ 47 ਆਈ।

ਖਾਕੀ ਹੋ ਗਈਆਂ ਸਭ ਸੜਕਾਂ
ਕੀਹਦੇ ਪਿਓ ਦੀ ਸਾਲ਼ੀ ਆਈ।

ਉਸਨੇ ਆਖਿਆ ਸਭੀ ਚੋਰ ਹੈਂ
ਕਿਹੜੇ ਪਾਸਿਓਂ ਤਾਲੀ ਆਈ।

ਧੰਨ-ਧੰਨ ਮਹਿੰਗਾਈ ਬੀਬੀ
ਆਲੂਆਂ ਤੇ ਵੀ ਲਾਲੀ ਆਈ।

ਹੋਰ ਵੀ ਗੂੜ੍ਹੇ ਹੋ ਗਏ ਵੇਖੋ
ਬੱਦਲਾਂ ਵਿੱਚ ਪਰਾਲ਼ੀ ਆਈ।

ਉਸ ਦੇ ਲਈ ਹੀ ਰੰਗ-ਬਿਰੰਗੀ
ਸਾਡੀ ਸਦਾ ਹੀ ਕਾਲੀ ਆਈ।

ਗੱਗ ਬਾਈ ਨਾਲ ਧੌਖਾ ਹੋ ਗਿਆ
ਸੱਦੀ ਬਠਿੰਡੇ, ਮੁਹਾਲੀ ਆਈ।

ਮਿੱਸ ਕਾਲ ਜੋਗੇ ਸੀ, ਉੱਡ ਗਏ
ਮਿੱਸ ਕਾਲ ਵੀ ਜਾਅਲੀ ਆਈ।

ਉੱਤੋਂ ਵੇਖੋ ਕਹਿਰ ਖੁਦਾ ਦਾ
ਸੁਪਨੇ ਵੀ ਘਰਵਾਲੀ ਆਈ।

ਆਈ ਦੀਵਾਲੀ, ਦੀਵਾਲੀ ਆਈ
ਰੋਂਦੀ ਹੋਈ ਹਰਿਆਲੀ ਆਈ।

ਬਾਲ ਕਵਿਤਾ...

ਭੈਣੋ ਵੀਰੋ ਤੇ ਭਰਜਾਈਓ
ਮਾਮੀਓ, ਮਾਸੀਓ, ਚਾਚੀਓ-ਤਾਈਓ

ਆਓ ਕਰੀਏ ਇੱਕ ਵਿਚਾਰ
ਜਦ ਵੀ ਜਾਈਏ ਵਿੱਚ ਬਾਜ਼ਾਰ

ਆਹ ਕੰਮ ਕਰੀਏ ਸਭ ਤੋਂ ਪਹਿਲਾ
ਲੈ ਕੇ ਜਾਈਏ ਹੱਥ ਵਿੱਚ ਥੈਲਾ।

ਜੇਕਰ ਹੱਥ ਵਿੱਚ ਥੈਲਾ ਹੋਵੇ
ਫਿਰ ਕੋਈ ਨਾ ਬਹਿ ਕੇ ਰੋਵੇ।

ਰਾਮ ਲਾਲ ਦੀ ਸੁਣੋ ਕਹਾਣੀ
ਬਹੁਤੀ ਨਹੀਂ ਇਹ ਗੱਲ ਪੁਰਾਣੀ।

ਖਾਲੀ ਹੱਥ ਸੀ ਗਿਆ ਬਾਜ਼ਾਰ
ਪੋਲੀਥੀਨ ਵਿੱਚ ਲਏ ਅਨਾਰ।

ਇੱਕ ਲਿਫਾਫੇ ਵਿੱਚ ਕਰੇਲੇ
ਸੇਬ-ਸੰਤਰੇ ਤੇ ਕੁੱਝ ਕੇਲੇ।

ਅਪਣੇ ਘਰ ਨੂੰ ਮੁੜਿਆ ਆਵੇ
ਢਿਚਕੂੰ-ਢਿਚਕੂੰ ਤੁਰਿਆ ਆਵੇ।

ਰਸਤੇ ਵਿੱਚ ਸੀ ਪੈਂਦਾ ਮੰਦਰ
ਮੰਦਰ ਤੇ ਚੜ੍ਹ ਬੈਠੇ ਬੰਦਰ।

ਬੰਦਰ ਬੜੇ ਹੀ ਪੰਗੇਬਾਜ਼
ਬੰਦੇ ਨਾਲ ਭਲਾ ਕੀ ਲਿਹਾਜ?

ਮਾਰਿਆ ਝਪੱਟਾ ਪਾੜ ਲਿਫਾਫੇ
ਸੜਕ ਤੇ ਦਿੱਤੇ ਝਾੜ ਲਿਫਾਫੇ।

ਕੋਈ ਸੰਤਰਾ, ਕੋਈ ਕੇਲਾ ਲੈ ਗਿਆ
ਆਇਆ ਹੱਥ ਕਰੇਲਾ ਲੈ ਗਿਆ।

ਰਾਮ ਲਾਲ ਪਿਆ ਬਿੱਟ-ਬਿੱਟ ਝਾਕੇ
ਕੀਹਦੀ ਮਾਂ ਨੂੰ ਮਾਸੀ ਆਖੇ?

ਓਧਰੋਂ ਆਈ ਗਾਂ ਅਵਾਰਾ
ਸਣੇ ਲਿਫਾਫੇ ਕਰ ਗਈ ਕਾਰਾ।

ਪੋਲੀਥੀਨ ਸਣੇ ਕੇਲੇ ਖਾ ਗਈ
ਕੋੜੇ ਕੀ, ਕਰੇਲੇ ਖਾ ਗਈ।

ਖਬਰ ਭਲਕ ਦੀ ਵਿੱਚ ਅਖਬਾਰ
ਗਊ ਮਾਤਾ ਸੀ ਇੱਕ ਬੀਮਾਰ।

ਪੋਲੀਥੀਨ ਸੀ ਚਰ ਗਈ ਗਾਂ
ਤੜਫ-ਤੜਫ ਕੇ ਮਰ ਗਈ ਗਾਂ।

ਵਰਤੇ ਜਾਂਦੇ ਥੋਕ ਲਿਫਾਫੇ
ਸੀਵਰੇਜ਼ ਕਰਨ ਬਲੋਕ ਲਿਫਾਫੇ।

ਨਾ ਇਹ ਸੜਦੇ, ਨਾ ਇਹ ਗਲ਼ਦੇ
ਅੱਜ ਦੇ ਸਾਥੀ, ਦੁਸ਼ਮਣ ਕੱਲ੍ਹ ਦੇ।

ਸਾਡੀ ਅਰਜ਼ ਨੂੰ ਕਰੋ ਕਬੂਲ
ਜ਼ਿੰਦਗੀ ਦਾ ਲਓ ਜਾਣ ਅਸੂਲ।

ਧਰਤੀ ਸੋਹਣੀ ਸਵੱਛ ਬਣਾਉਣੀ
ਪੋਲੀਥੀਨ ਦੀ ਦੱਦ ਮੁਕਾਉਣੀ।

ਆਓ ਮਿਲਕੇ ਸਭ ਲਾਈਏ ਨਾਅਰਾ
ਪੋਲੀਥੀਨ ਦੁਸ਼ਮਣ ਹਮਾਰਾ।

ਮਿੱਤਰਾਂ ਦਾ ਨਾਂ ਚੱਲਦਾ....

ਸਾਡੀ ਬਾਦਲਾਂ ਦੇ ਨਾਲ ਬੰਦੀ-ਭਾਈ ਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਲੁੱਦੇਹਾਣੇ ਵਾਲਾ ਸੀ ਤਸ੍ਹੀਲਦਾਰ ਕੁੱਟਿਆ
ਕੀਹਨੇ ਕੀ ਵਿਗਾੜਿਆ ਤੇ ਕੀ ਸਾਡਾ ਪੁੱਟਿਆ
ਅਸੀਂ ਜੱਜਾਂ ਦੀ ਵੀ ਬੜੀ ਝੰਡ ਲਾਹੀ ਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਆਕੜੇ ਜੇ ਕੋਈ ਉਹਨੂੰ ਕੱਚਾ ਚੱਬ ਲੈਂਨੇ ਆਂ
ਵਿਧਾਨ ਸਭਾ ਵਿੱਚ ਅਸੀਂ ਗਾਲਾਂ ਕੱਢ ਲੈਂਨੇ ਆਂ
ਕੋਣ ਖੰਘੇਗਾ ਤੇ ਕੀਹਦੀ ਮੌਤ ਆਈ ਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਧੜੱਲੇ ਨਾਲ ਕਰਦੇ ਆਂ ਅਸੀਂ ਕਾਰੋਬਾਰ ਨੀਂ
ਸਮੈਕ ਤੇ ਹੈਰੋਇਨ ਏ ਸਾਡਾ ਵਿਉਪਾਰ ਨੀਂ
ਆਲ ਇੰਡੀਆ 'ਚ ਸਾਡੀ ਸਪਲਾਈ ਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਹੋਇਆ ਕੀ ਜੇ ਜਗਦੀਸ਼ ਭੋਲਾ ਗਿਆ ਫੜਿਆ
ਬਹੁਤਾ ਚਿਰ ਰਹਿੰਦਾ ਨ੍ਹੀਂ ਉਹ ਜੇਲ੍ਹਾਂ ਵਿੱਚ ਤੜਿਆ
ਜਗੀਰ ਕੌਰ ਵੀ ਤਾਂ ਅਸੀਂ ਹੀ ਛੁਡਾਈ ਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਜਦੋਂ ਕਿਤੇ ਔਖੇ ਬਾਹਲੇ ਹੋ ਜਾਂਦੇ ਲੋਕ ਨੀਂ
ਕਾਰਗਰ ਬੜੀ ਹੈ ਚਲਾਈ ਅਸੀਂ ਤੋਪ ਨੀਂ
ਅਸੀਂ ਸਿੰਘਾਂ ਨਾਲ ਸਿਰਸੇ ਭਿੜਾਈਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਅੜਦੀ ਗਰਾਰੀ 'ਮਗਲੈਲ ਬੜੇ ਚਿਰ ਦੇ
ਮੱਕੜ ਜਿਹੇ ਰੱਖੇ ਨੇ ਰਖੈਲ ਬੜੇ ਚਿਰ ਦੇ
ਬੱਸ ਮਾੜੀ ਜਿਹੀ ਚਾਬੀ ਹੀ ਘੁਮਾਈਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਅੜ ਜਾਵੇ ਜਿਹੜਾ ਉਹ ਮੁੜਕੇ ਨਾ ਦੀਂਹਦਾ ਏ
ਮਲੂਕੇ ਮੂਹਰੇ ਪਨੂੰ ਬਹੁਤਾ ਚਿਰ ਨਹੀਂਓਂ ਜੀਂਦਾ ਏ
ਖੱਬੇ ਹੱਥ ਨਾਲ ਗੁੱਡੀਆਂ ਘੁਮਾਈਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਗੱਗ-ਬਾਣੀ ਲਿਖ ਕੇ ਜੋ ਛਾਲ਼ਾਂ ਪਿਆ ਮਾਰਦਾ
ਹੈਗਾ ਏ ਇਲਾਜ ਉਹਦੇ ਸਿਰ ਦੇ ਬੁਖਾਰ ਦਾ
ਸੱਪ ਮਰਿਆ ਏ, ਕਾਹਨੂੰ ਗਲ਼ ਪਾਈਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਜੇਲ੍ਹਾਂ

ਜੇਲ੍ਹਾਂ ਵਿੱਚ 
ਸਿਰਫ ਕੈਦੀ ਹੀ ਨਹੀਂ ਹੁੰਦੇ।

ਜੇਲ੍ਹਾਂ ਵਿੱਚ 
ਸਿਰਫ਼ ਸ਼ੈਤਾਨ ਹੀ ਨਹੀਂ ਹੁੰਦੇ।

ਜੇਲ੍ਹਾਂ ਵਿੱਚ
ਹਾਲਾਤਾਂ ਦੇ ਝੰਬੇ ਹੋਏ
ਇਨਸਾਨ ਵੀ ਹੁੰਦੇ ਨੇ।

ਜਿਨ੍ਹਾਂ ਨੂੰ
ਭੁਗਤਣੀ ਪਈ ਹੈ
ਉਮਰ ਕੈਦ
ਬਗੈਰ ਕਿਸੇ ਜ਼ੁਰਮ ਦੇ
ਬਗੈਰ ਕਿਸੇ ਬਗਾਵਤ ਦੇ।

ਜੇਲ੍ਹਾਂ
ਸਿਰਫ਼ ਪੱਥਰਾਂ ਦੀ
ਚਾਰਦੀਵਾਰੀ ਹੀ ਨਹੀਂ ਹੁੰਦੀਆਂ
ਜਿੱਥੇ ਪਾਬੰਦੀਆਂ ਦੇ ਬਾਵਜੂਦ
ਹਰ ਚੀਜ਼ ਉਪਲਬਧ ਹੋ ਜਾਂਦੀ ਹੈ।

ਚਾਰਦੀਵਾਰੀ ਤੋਂ ਬਾਹਰ ਵੀ
ਇੱਕ ਬਹੁਤ ਵੱਡਾ ਕੈਦਖਾਨਾ ਹੈ
ਜਿੱਥੇ ਧਾਰਮਿਕਤਾ ਦੇ ਨਾਂ ਹੇਠ੍ਹ
ਗੁਲਾਮੀ ਦਾ ਪਾਠ ਪੜ੍ਹਾਇਆ ਜਾਂਦਾ ਹੈ
ਤੇ ਕੀਤਾ ਜਾਂਦਾ ਹੈ ਨਿਪੁੰਸਕ
ਬਗਾਵਤੀ ਮਾਦੇ ਨੂੰ।

ਭਾਣੇ ਵਿੱਚ ਰਹਿਣ ਦਾ
ਹੁਕਮਨਾਮਾ ਜਾਰੀ ਕੀਤਾ ਜਾਂਦਾ ਹੈ।

ਜੇਲ੍ਹਾਂ, ਜੇਲ੍ਹਾਂ ਹੀ ਹਨ
ਵੇਲੇ ਸਿਰ ਰੋਟੀ ਤਾਂ ਮਿਲਦੀ ਹੈ
ਬਰਸਾਤ/ਠੰਢ ਤੋਂ ਬਚਾਅ ਤਾਂ ਹੋ ਜਾਂਦਾ ਹੈ।

ਦਨਦਨਾਉਂਦੀਆਂ ਫੌਜਾਂ ਤੋਂ
ਸੁਰੱਖਿਅਤ ਹਨ ਜੇਲ੍ਹਾਂ
ਜਿੱਥੇ ਆ ਕੇ
ਕੋਈ ਵੀ ਜਣਾ-ਖਣਾ
ਲਲਕਾਰਾ ਨਹੀਂ ਮਾਰ ਸਕਦਾ।

ਆਓ
ਜੇਲ੍ਹਾਂ ਦਾ ਦਾਇਰਾ ਵਧਾਈਏ
ਤੇ ਬਾਹਰ ਕਰੀਏ
ਮਲਿਕ ਭਾਗੋਆਂ ਨੂੰ।
(ਗੱਗ-ਬਾਣੀ)