Thursday, 30 January 2014

ਵਾਹਵਾ ਯਾਰ ਚੜ੍ਹਾਈ, ਕਾਲ਼ੇ ਸਾਬਣ ਦੀ..

ਕਰਦੇ ਅੱਜ-ਕੱਲ੍ਹ ਨ੍ਹਾਈ, ਕਾਲ਼ੇ ਸਾਬਣ ਦੀ
ਵਾਹਵਾ ਯਾਰ ਚੜ੍ਹਾਈ, ਕਾਲ਼ੇ ਸਾਬਣ ਦੀ।

ਮੁਸ਼ਕੀ ਸਾਬਣ ਸੁਣਿਐ, ਚੁੜੇਲਾਂ ਚਿੰਬੜਦੀਆਂ
ਕਦੇ ਮੁਸ਼ਕ ਨਾ ਆਈ, ਕਾਲ਼ੇ ਸਾਬਣ ਦੀ।

100 ਗ੍ਰਾਮ ਦੀ ਟਿੱਕੀ, ਰੁਪਈਏ 15 ਦੀ
ਮਿਲ ਜਾਂਦੀ ਗੁਣਾ ਢਾਈ, ਕਾਲ਼ੇ ਸਾਬਣ ਦੀ।

ਸਾਰਾ ਟੱਬਰ ਨ੍ਹਾਵੇ, ਮੁੱਕਣ ਆਵੇ ਨਾ
ਕਰੀਦੀ ਖ਼ੂਬ ਘਸਾਈ, ਕਾਲ਼ੇ ਸਾਬਣ ਦੀ।

ਅੱਜ-ਕਲ੍ਹ ਅਪਣੀ ਹਾਲਤ ਥੋੜ੍ਹੀ ਪਤਲੀ ਐ
ਤਦੇ ਵਿਉਂਤ ਅਪਣਾਈ, ਕਾਲ਼ੇ ਸਾਬਣ ਦੀ।

ਹੁਣ ਤੱਕ ਭਾਂਡੇ ਟੀਂਡੇ ਸਭ ਵਿਕ ਜਾਣੇ ਸੀ
ਸਾਡੀ ਸ਼ਾਨ ਬਚਾਈ, ਕਾਲ਼ੇ ਸਾਬਣ ਦੀ।

ਨਾ ਪਾਣੀ ਵਿੱਚ ਗਲ਼ਦਾ, ਝੱਗ ਬਥ੍ਹੇਰੀ ਐ
ਬੁੱਕ ਕਰਵਾ ਲਓ ਸਾਈ, ਕਾਲ਼ੇ ਸਾਬਣ ਦੀ।

ਕੱਪੜੇ ਧੋਣ ਤੋਂ ਬਾਅਦ 'ਚ ਜਿਹੜਾ ਬਚ ਜਾਂਦਾ
ਅਸੀਂ ਕਦਰ ਹੈ ਪਾਈ, ਕਾਲ਼ੇ ਸਾਬਣ ਦੀ।

ਸ਼ੇਵਿੰਗ ਕ੍ਰੀਮ, ਸ਼ੈਂਪੂ, ਦੰਤ ਮੰਜਨ ਤੇ ਨਹਾਉਣਾ
ਕੱਪੜਿਆਂ ਦੀ ਵੀ ਧੁਆਈ, ਕਾਲ਼ੇ ਸਾਬਣ ਦੀ।

ਸ਼ਿਲਪਾ ਸ਼ੈੱਟੀਆਂ ਨੂੰ ਹੀ ਫੱਬਦੇ ਲੈਕਸ ਯਾਰੋ
ਅਸੀਂ ਤਾਂ ਕਿਸਮਤ ਪਾਈ, ਕਾਲ਼ੇ ਸਾਬਣ ਦੀ।

ਮਹਿੰਗਾਈ ਨੇ ਤਾਂ ਜਮ੍ਹਾਂ ਕਚੂੰਬਰ ਕੱਢ ਦਿੱਤਾ
ਰਤਾ ਕੁ ਰਾਹਤ ਪਾਈ, ਕਾਲ਼ੇ ਸਾਬਣ ਦੀ।

ਅਫਵਾਹ ਐ ਇਹਦੇ ਨ੍ਹਾਤਿਆਂ ਕਾਲ਼ੇ ਹੋ ਜਾਂਦੇ
ਕੀਤੀ ਮੇਮਾਂ ਤੇ ਅਜ਼ਮਾਈ, ਕਾਲ਼ੇ ਸਾਬਣ ਦੀ।

ਨਾ ਵਾਲ਼ ਝੜਨ ਨਾ ਗੰਜੇ ਹੋਣ ਦਾ ਡਰ ਬੀਬਾ
ਸਿੱਕਰੀ ਦੀ ਦੱਦ ਮੁਕਾਈ ਕਾਲ਼ੇ ਸਾਬਣ ਦੀ।

ਨਾ ਜੂਆਂ ਨਾ ਲ੍ਹੀਖਾਂ ਇਹ ਗੱਲ ਝੂਠੀ ਆ
ਸੱਚੀ ਗੱਲ ਤਾਂ ਆਹ ਈ ਕਾਲ਼ੇ ਸਾਬਣ ਦੀ।

ਫੋੜਾ, ਫੁੰਣਸੀ, ਖੁਰਕ ਨਾ ਖੁਸ਼ਕੀ ਹੁੰਦੀ ਏ
ਆਟੋ-ਮੈਟਿਕ ਦਵਾਈ, ਕਾਲ਼ੇ ਸਾਬਣ ਦੀ।

ਉਹ ਆਖਣ ਪੰਜ ਰੁਪਈਏ ਢਿੱਡ ਭਰ ਜਾਂਦਾ ਏ
ਮੈਂ ਆਖਾਂ ਕੁੱਤੇ ਭਕਾਈ, (ਸਹੁੰ) ਕਾਲ਼ੇ ਸਾਬਣ ਦੀ।

ਬਣੇ ਜਿਨ੍ਹਾਂ ਦੇ ਬਾਥਰੂਮ ਨੇ ਸੋਨੇ ਦੇ
ਉਨ੍ਹਾਂ ਨੂੰ ਕੀ ਪਰਵਾਹ ਈ, ਕਾਲ਼ੇ ਸਾਬਣ ਦੀ।

ਜਦ ਉਹ ਵੰਡਣ ਲੱਗੇ ਸਾੜ੍ਹੀਆਂ ਤੇ ਕੰਬਲ਼
ਗੱਲ ਹੋ ਗਈ, ਗਈ-ਆਈ ਕਾਲ਼ੇ ਸਾਬਣ ਦੀ।

ਲਾ ਪਰਫਿਊਮਾਂ ਝੂਠੇ ਪਾਉਂਦੇ ਫੁੱਲਾਂ ਨੂੰ
ਉਨ੍ਹਾਂ ਨੂੰ ਕੀ ਥਾਹ ਈ ਕਾਲ਼ੇ ਸਾਬਣ ਦੀ।

ਕੀ ਕਰੀਏ ਹੁਣ ਪੇਸ਼ ਵੀ ਤੇ ਕੋਈ ਚੱਲਦੀ ਨਹੀਂ
ਹੈ ਤਾਂ ਭਾਵੇਂ ਸਜ਼ਾ ਈ ਕਾਲ਼ੇ ਸਾਬਣ ਦੀ।

ਜੰਮਦਿਆਂ ਇਹਦੇ ਬੰਧਨ ਦੇ ਵਿੱਚ ਬੱਝ ਗਏ ਆਂ
ਸਾਹਾਂ ਸੰਗ ਕੁੜਮਾਈ ਕਾਲ਼ੇ ਸਾਬਣ ਦੀ।

ਆਵੇਗਾ ਜਦ ਵਕਤ ਉਦੋਂ ਈ ਵੇਖਾਂਗੇ
ਹਾਲੇ ਤਾਂ ਵਾਹ-ਵਾਹ ਈ ਕਾਲ਼ੇ ਸਾਬਣ ਦੀ।

ਵਹੁਟੀ ਆਖੇ ਘਸਦਿਆਂ ਘਸਦਿਆਂ ਘਸ ਗਿਆ ਏ
ਮੈਂ ਗੱਲ ਅਪਣੇ ਤੇ ਲਾਈ ਕਾਲ਼ੇ ਸਾਬਣ ਦੀ।

ਸੱਚੀ ਗੱਲ ਐ ਬੰਦਾ ਈ ਵਾਧੂ ਘਸਦਾ ਐ
ਹੁੰਦੀ ਘੱਟ ਘਸਾਈ ਕਾਲ਼ੇ ਸਾਬਣ ਦੀ।

ਮਲਟੀ ਨੈਸ਼ਨਲ ਕੰਪਨੀਆਂ ਕਰ ਕੰਗਾਲ ਦਿੱਤਾ
ਤੇ ਮੈਨੂੰ ਦੱਸ ਪਾਈ ਕਾਲ਼ੇ ਸਾਬਣ ਦੀ।

ਆਈ ਆਜ਼ਾਦੀ ਸੋਚਿਆ ਹੁਣ ਤਾਂ ਸੁਣੀ ਜਾਊ
ਕਦ ਹੋਈ ਸੁਣਵਾਈ ਕਾਲ਼ੇ ਸਾਬਣ ਦੀ।

ਵੰਡਣ ਲੱਗਿਆਂ ਦੇਸ਼ ਖਜ਼ਾਨੇ ਉਹ ਲੈ ਗਏ
ਹਿੱਸੇ ਚਾਕੀ ਆਈ ਕਾਲ਼ੇ ਸਾਬਣ ਦੀ।

ਹੰਝੂਆਂ ਥਾਣੀਂ ਰੋਂਦੀ ਤੇ ਕੁਰਲਾਉਂਦੀ ਜਿਹੀ
ਕਵਿਤਾ ਬਣ ਕੇ ਆਈ ਕਾਲ਼ੇ ਸਾਬਣ ਦੀ।

ਹੋਵੇਗਾ ਤੁਹਾਡਾ ਵੀ ਹਾਲ ਜੋ ਮੇਰਾ ਹੈ
ਹਏ-ਓਏ ਹਾਲ ਦੁਹਾਈ ਕਾਲ਼ੇ ਸਾਬਣ ਦੀ।

ਉਹ ਰੱਜਿਆਂ ਵਿੱਚ ਆਉਂਦਾ ਹੋਣੈ ਸੱਚ-ਮੁੱਚ ਹੀ
ਜੀਹਨੂੰ ਸਮਝ ਨਾ ਆਈ ਕਾਲ਼ੇ ਸਾਬਣ ਦੀ।

'ਗੱਗ-ਬਾਣੀ' ਵਿੱਚ ਲਿਖਿਆ, ਕੀ ਸੁਆਹ ਲਿਖਿਆ
ਐਵੇਂ ਈ ਰੇਲ ਬਣਾਈ ਕਾਲ਼ੇ ਸਾਬਣ ਦੀ।

No comments:

Post a Comment