Sunday, 26 January 2014

ਲੁਟੇਰੇ...

ਸ਼ਹਿਰ ਮੇਰੇ ਵਿੱਚ ਇੱਕ ਲੁਟੇਰਾ ਆਇਆ ਹੈ
ਉਸ ਨੇ ਪੈਰੀਂ 'ਮੱਕੜ-ਜਾਲ' ਵਿਛਾਇਆ ਹੈ।

ਪੁੱਤਰ-ਮੋਹ ਹੁੰਦਾ ਤਾਂ ਗੱਲ ਹੋਰ ਹੁੰਦੀ
ਕੁੜਮ-ਕਬੀਲਾ ਸਾਰਾ ਲੁੱਟਣ ਲਾਇਆ ਹੈ।

ਮੁੜ੍ਹਕਾ ਚੋਅ-ਚੋਅ ਉੱਗਦਾ ਜਿੱਥੇ ਸੋਨਾ ਸੀ
ਉਸ ਧਰਤੀ, ਸਲਫਾਸ ਕਿਵੇਂ ਉੱਗ ਆਇਆ ਹੈ?

ਹੱਡਾ-ਰੋੜੀ ਕੁੱਤਿਆਂ ਨੂੰ ਕੀ ਘਾਟਾ ਸੀ
ਐਵੇਂ ਹੁੱਬ ਕੇ ਮੁੱਲ ਦਾ ਮਾਸ ਖਵਾਇਆ ਹੈ।

ਲਹੂ ਲੱਗਾ ਹੈ ਉਸ ਦੇ ਮੂੰਹ ਨੂੰ ਖੈਰ ਹੋਵੇ
ਸਰਬਤ ਭਲੇ ਦਾ ਜਿਸਨੇ ਪਾਠ ਰਖਾਇਆ ਹੈ।

ਤੁਸੀਂ ਕਹਿੰਦੇ ਓਂ, ਬਾਬਾ ਨਾਨਕ ਏਥੇ ਈ ਏ
ਮੈਨੂੰ ਪਤਾ ਹੈ ਕਿਸ ਨੇ ਕਤਲ ਕਰਾਇਆ ਹੈ।

ਨੀਹਾਂ ਦੇ ਵਿੱਚ ਚਿਣੇ ਸੀ ਬੇਸ਼ੱਕ 'ਸੂਬੇ' ਨੇ
ਕਿਸੇ ਦਾ ਸੁਪਨਾ, ਰਾਸ ਕਿਸੇ ਨੂੰ ਆਇਆ ਹੈ।

ਬਾਦਲ ਹੋਵੇ, ਕੈਪਟਨ ਹੋਵੇ, ਕੋਈ ਹੋਵੇ
ਹਰ ਇੱਕ ਨੇ 'ਰੰਡੀ' ਦਾ ਰੂਪ ਹੰਢਾਇਆ ਹੈ।

ਭੈਣੋ-ਵੀਰੋ ਜਾਗੋ, ਹੁਣ ਤੇ ਹੋਸ਼ ਕਰੋ
ਜੋ ਵੀ ਹੈ ਸਭ ਸਾਡਾ ਹੀ ਸਰਮਾਇਆ ਹੈ।

ਬੱਸ ਅਸੀਂ ਹੀ ਸੁਸਰੀ ਵਾਂਗੂੰ ਸੁੱਤੇ ਆਂ
ਸਮੇਂ ਨੇ ਸਾਨੂੰ ਕਈ ਕਈ ਵਾਰ ਜਗਾਇਆ ਹੈ।

ਲਿਖਿਆ ਹੈ 'ਗੱਗ-ਬਾਣੀ' ਦੇ ਵਿੱਚ ਗੌਰ ਕਰੋ
ਜ਼ੁਲਮ ਨੇ ਹੀ ਬਗਾਵਤ ਨੂੰ ਉਪਜਾਇਆ ਹੈ।
 

No comments:

Post a Comment