Sunday, 26 January 2014

ਦੀਵਾਲੀ...

ਦੀਵਾਲੀ
ਇਸ ਵਾਰ ਫੇਰ 
ਦਨਦਨਾਉਂਦੀ ਆ ਗਈ ਹੈ
ਸੁਪਰ ਫਾਸਟ ਦੇ ਇੰਜਣ ਵਾਂਗ
ਡੱਬਿਆਂ ਨੂੰ ਧੂੰਹਦੀ ਹੋਈ।

ਕਿੰਨੀ ਛੇਤੀ ਮੁੱਕ ਜਾਂਦੇ ਹਨ
363 ਦਿਨ
ਤੇ ਇਹ ਇੱਕ ਦਿਨ
ਦਸਤਕ ਦੇਣ ਤੋਂ ਪਹਿਲਾਂ ਹੀ
ਸਾਹ ਸੁਕਾ ਦਿੰਦਾ ਹੈ
ਪੁਲਿਸ ਦੀ ਜਿਪਸੀ
ਬੈਂਕ ਦੇ ਮੈਨੇਜਰ
ਤੇ ਅਦਾਲਤ ਦੇ ਸੰਮਨਾਂ ਵਾਂਗ।

ਏਸ ਵਾਰ ਫੇਰ
ਬੱਚਿਆਂ ਨੇ ਜ਼ਿੱਦ ਕਰਨੀ ਹੈ
ਪਟਾਕੇ ਲੈਣ ਲਈ
ਭੁੱਲ ਜਾਣਾ ਹੈ
ਪਿਛਲੀ ਵਾਰ ਪਏ
ਪਟਾਕਿਆਂ ਦੀ ਚੀਸ ਨੂੰ।

ਗ਼ਰੀਬ ਦਾ ਵੱਸ
ਤੀਵੀਂ ਤੇ ਹੀ ਚੱਲਦਾ ਹੈ
ਜਾਂ ਬੱਚਿਆਂ ਤੇ
ਇੱਛਾਵਾਂ ਤੇ ਨਹੀਂ ਚੱਲਦਾ
ਬਦਲ ਜਾਂਦੀਆਂ ਹਨ ਇੱਛਾਵਾਂ
ਦੁਰਘਟਨਾਵਾਂ ਵਿੱਚ।

ਏਸ ਵਾਰ ਫੇਰ
ਬਾਜ਼ਾਰ ਖੜ੍ਹਾ ਮੁਸਕੁਰਾ ਰਿਹਾ ਹੈ
ਹੱਸ ਰਿਹਾ ਹੈ
ਕਿਸੇ ਦੀ ਬੇਬਸੀ ਤੇ
ਹਮਦਰਦੀ ਦੇ ਦੋ ਬੋਲ
ਬਾਜ਼ਾਰ ਦੀ ਫਿਤਰਤ ਨਹੀਂ।

ਜਾਣਦਾ ਹੈ ਬਾਜ਼ਾਰ
ਕਿ ਏਸ ਖੀਸੇ ਵਿੱਚ ਭਾਨ ਨਹੀਂ
ਤੇ ਫਿਰ ਵੀ
ਤਪਾਕ ਨਾਲ ਮਿਲਦਾ ਹੈ
ਖਿੜੇ ਮੱਥੇ ਸਵਾਗਤ ਕਰਦਾ ਹੈ
ਜਿਵੇਂ ਜਾਣਦਾ ਹੋਵੇ
ਕਿ ਬੱਚੂ
ਬਚ ਕੇ ਜਾਏਂਗਾ ਵੀ ਕਿੱਥੇ
ਮੈਂ ਤੇਰੀ ਹਰ ਜ਼ਰੂਰਤ ਤੇ
ਕਬਜ਼ਾ ਕਰ ਲਿਆ ਹੈ।

ਉਸ ਨੂੰ ਪਤਾ ਹੈ
ਜਿਨ੍ਹਾਂ ਖੀਸਿਆਂ ਵਿੱਚ ਭਾਨ ਨਹੀਂ ਹੁੰਦੀ
ਉਨ੍ਹਾਂ ਦੇ ਬੰਟੀ-ਬਬਲੀ ਵੀ
ਕਿਸੇ ਸ਼ਹਿਜ਼ਾਦੇ ਤੋਂ ਘੱਟ ਨਹੀਂ ਹੁੰਦੇ।

ਬਾਜ਼ਾਰ ਦੀ ਚਮਕ
ਚੁੰਧਿਆਂਉਂਦੀ ਹੋਵੇਗੀ
ਉਨ੍ਹਾਂ ਦੀਆਂ ਅੱਖਾਂ
ਜਿਨ੍ਹਾਂ ਦੀਆਂ ਅੱਖਾਂ ਵਿੱਚ
ਸੁਪਨੇ ਹੁੰਦੇ ਨੇ
ਚਾਅ ਹੁੰਦੇ ਨੇ।

ਜਿਨ੍ਹਾਂ ਅੱਖਾਂ ਵਿੱਚ
ਮਾਯੂਸੀ ਛੱਪਰ ਫਾੜ ਕੇ ਉੱਤਰਦੀ ਹੈ
ਉਨ੍ਹਾਂ ਲਈ ਬਾਜ਼ਾਰ ਵੀ
ਕਿਸੇ ਕਬਰਿਸਤਾਨ ਦਾ
ਵਿਕਸਿਤ ਰੂਪ ਹੈ।

ਪਟਾਕੇ ਵੀ ਲੈਣੇ ਨੇ
ਫੁੱਲਝੜੀਆਂ, ਆਤਿਸ਼ਬਾਜ਼ੀਆਂ ਵੀ
ਤੇ ਆਲੂ ਬੰਬ ਵੀ
ਹਫ਼ਤਾ ਪਹਿਲਾਂ ਹੀ
ਬੱਚਿਆਂ ਨੇ
ਲਿਸਟ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

ਉਹ ਨਹੀਂ ਜਾਣਦੇ
ਕਿ ਗ਼ਰੀਬ ਲਿਸਟਾਂ ਨਹੀਂ ਬਣਾਇਆ ਕਰਦੇ
ਗ਼ਰੀਬਾਂ ਦੀਆਂ ਲਿਸਟਾਂ ਬਣਦੀਆਂ ਨੇ।

ਉਹ ਨਹੀਂ ਜਾਣਦੇ
ਕਿ ਇਹ ਠਾਹ-ਠੂਹ
ਬਹੁਤ ਕੁੱਝ ਫੁੱਸ ਕਰ ਦਿੰਦੀ ਹੈ
ਬਹੁਤ ਭੋਲ਼ੇ ਹੁੰਦੇ ਨੇ ਬੱਚੇ
ਕੁੱਝ ਵੀ ਨਹੀਂ ਸਮਝਦੇ
ਤੇ ਕੁੱਝ ਸਮਝਣਾ ਵੀ ਨਹੀਂ ਚਾਹੁੰਦੇ।

ਕਿੰਨੇ ਮਾਸੂਮ ਨੇ
ਕਿੰਨਾ ਚਾਅ ਹੈ
ਉਡੀਕ ਰਹੇ ਨੇ ਤਿਉਹਾਰ
ਤੇ ਮੈਂ
ਦੀਵਿਆਂ ਵੱਲ੍ਹ
ਨੀਝ ਲਾ ਕੇ ਤੱਕਦਾ ਪਿਆ ਹਾਂ
ਇਹ ਲਹੂ ਕਿਸਦਾ ਹੈ
ਜੋ ਲਗਾਤਾਰ ਬਲ਼ ਰਿਹਾ ਹੈ।

No comments:

Post a Comment