Sunday, 26 January 2014

ਮਿੱਤਰਾਂ ਦਾ ਨਾਂ ਚੱਲਦਾ....

ਸਾਡੀ ਬਾਦਲਾਂ ਦੇ ਨਾਲ ਬੰਦੀ-ਭਾਈ ਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਲੁੱਦੇਹਾਣੇ ਵਾਲਾ ਸੀ ਤਸ੍ਹੀਲਦਾਰ ਕੁੱਟਿਆ
ਕੀਹਨੇ ਕੀ ਵਿਗਾੜਿਆ ਤੇ ਕੀ ਸਾਡਾ ਪੁੱਟਿਆ
ਅਸੀਂ ਜੱਜਾਂ ਦੀ ਵੀ ਬੜੀ ਝੰਡ ਲਾਹੀ ਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਆਕੜੇ ਜੇ ਕੋਈ ਉਹਨੂੰ ਕੱਚਾ ਚੱਬ ਲੈਂਨੇ ਆਂ
ਵਿਧਾਨ ਸਭਾ ਵਿੱਚ ਅਸੀਂ ਗਾਲਾਂ ਕੱਢ ਲੈਂਨੇ ਆਂ
ਕੋਣ ਖੰਘੇਗਾ ਤੇ ਕੀਹਦੀ ਮੌਤ ਆਈ ਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਧੜੱਲੇ ਨਾਲ ਕਰਦੇ ਆਂ ਅਸੀਂ ਕਾਰੋਬਾਰ ਨੀਂ
ਸਮੈਕ ਤੇ ਹੈਰੋਇਨ ਏ ਸਾਡਾ ਵਿਉਪਾਰ ਨੀਂ
ਆਲ ਇੰਡੀਆ 'ਚ ਸਾਡੀ ਸਪਲਾਈ ਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਹੋਇਆ ਕੀ ਜੇ ਜਗਦੀਸ਼ ਭੋਲਾ ਗਿਆ ਫੜਿਆ
ਬਹੁਤਾ ਚਿਰ ਰਹਿੰਦਾ ਨ੍ਹੀਂ ਉਹ ਜੇਲ੍ਹਾਂ ਵਿੱਚ ਤੜਿਆ
ਜਗੀਰ ਕੌਰ ਵੀ ਤਾਂ ਅਸੀਂ ਹੀ ਛੁਡਾਈ ਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਜਦੋਂ ਕਿਤੇ ਔਖੇ ਬਾਹਲੇ ਹੋ ਜਾਂਦੇ ਲੋਕ ਨੀਂ
ਕਾਰਗਰ ਬੜੀ ਹੈ ਚਲਾਈ ਅਸੀਂ ਤੋਪ ਨੀਂ
ਅਸੀਂ ਸਿੰਘਾਂ ਨਾਲ ਸਿਰਸੇ ਭਿੜਾਈਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਅੜਦੀ ਗਰਾਰੀ 'ਮਗਲੈਲ ਬੜੇ ਚਿਰ ਦੇ
ਮੱਕੜ ਜਿਹੇ ਰੱਖੇ ਨੇ ਰਖੈਲ ਬੜੇ ਚਿਰ ਦੇ
ਬੱਸ ਮਾੜੀ ਜਿਹੀ ਚਾਬੀ ਹੀ ਘੁਮਾਈਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਅੜ ਜਾਵੇ ਜਿਹੜਾ ਉਹ ਮੁੜਕੇ ਨਾ ਦੀਂਹਦਾ ਏ
ਮਲੂਕੇ ਮੂਹਰੇ ਪਨੂੰ ਬਹੁਤਾ ਚਿਰ ਨਹੀਂਓਂ ਜੀਂਦਾ ਏ
ਖੱਬੇ ਹੱਥ ਨਾਲ ਗੁੱਡੀਆਂ ਘੁਮਾਈਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

ਗੱਗ-ਬਾਣੀ ਲਿਖ ਕੇ ਜੋ ਛਾਲ਼ਾਂ ਪਿਆ ਮਾਰਦਾ
ਹੈਗਾ ਏ ਇਲਾਜ ਉਹਦੇ ਸਿਰ ਦੇ ਬੁਖਾਰ ਦਾ
ਸੱਪ ਮਰਿਆ ਏ, ਕਾਹਨੂੰ ਗਲ਼ ਪਾਈਏ
ਮਿੱਤਰਾਂ ਦਾ ਨਾਂ ਚੱਲਦਾ
ਜੀਹਦਾ ਮਰਜ਼ੀ ਕੁਟਾਪਾ ਲਾਈਏ
ਮਿੱਤਰਾਂ ਦਾ ਨਾਂ ਚੱਲਦਾ।

No comments:

Post a Comment