Thursday, 24 July 2014

ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ..

ਬਾਦਲ ਰਾਜ ਦੀ ਬੱਤੀ ਵਾਂਗੂੰ
ਜਾਂ ਛੜਿਆਂ ਦੀ ਹੱਟੀ ਵਾਂਗੂੰ
ਟਾਕੀਆਂ ਵਾਲੀ ਛੱਤੀ ਵਾਂਗੂੰ
ਹਰ ਮਹੀਨੇ ਦੀ 'ਕੱਤੀ ਵਾਂਗੂੰ

ਹਾਲ ਹੋ ਗਿਆ ਅੱਜ-ਕੱਲ੍ਹ ਅਪਣਾ, ਬਿਲਕੁਲ ਏਦਾਂ ਦਾ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਕਦੇ-ਕਦੇ ਇੰਝ ਲੱਗਦੈ ਜੀਕਣ ਕੁੱਝ ਵੀ ਹੋ ਨਹੀਂ ਸਕਦਾ
ਮੁਲਕ ਮੇਰੇ ਵਿੱਚ ਫੈਲੇ ਗੰਦ ਨੂੰ ਕੋਈ ਧੋ ਨਹੀਂ ਸਕਦਾ
ਜਾਗਣ ਦਾ ਵਰ ਜਿਸਨੇ ਪਾਇਆ, ਬੇਸ਼ੱਕ ਸੋ ਨਹੀਂ ਸਕਦਾ
ਨਿਰਾ ਝੂਠ ਹੈ ਹਾਸੇ ਵੰਡਣ ਵਾਲਾ ਰੋ ਨਹੀਂ ਸਕਦਾ
ਆਤਮਹੱਤਿਆ ਕਰ ਗਏ ਅੱਥਰੂ, ਸਾਡੀ ਅੱਖ ਵਿੱਚ ਆ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਉੰਝ ਤਾਂ ਮਹਿਫਿਲ ਦੇ ਵਿੱਚ ਉਸਨੂੰ ਕਾਤਿਲ ਆਖ
ਬੁਲਾਈਏ
ਨਾ ਚਾਹੁੰਦੇ ਵੀ ਐਪਰ ਉਸ ਦੀ ਲੁਕ-ਲੁਕ ਖੈਰ ਮਨਾਈਏ
ਕਾਣਿਆਂ ਦੇ ਵਿੱਚ ਅਸੀਂ ਸੁਜਾਖੇ, ਅੰਨ੍ਹਿਆਂ ਆਖ ਸਦਾਈਏ
ਛੱਡ ਸੰਘਰਸ਼ਾਂ ਵਾਲਾ ਰਾਹ, ਵੋਟਾਂ ਤੇ ਟੇਕ ਲਗਾਈਏ
ਖੋਹ ਕੇ ਸੁਪਨੇ ਹੱਥਫੜਾ ਗਏ, ਠੂਠਾ ਆਟਾ-ਦਾਲ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਹਰ ਸੰਘਰਸ਼ ਨੇ ਇੱਕ ਥਾਂ ਆਕੇ ਰੁਕ ਹੀ ਜਾਣਾ ਹੁੰਦਾ
ਭੁੱਲ ਜਾਂਦੇ ਹਾਂ ਅਸੀਂ ਵੀ ਇਸਨੂੰ, ਕਿੰਝ ਨਵਿਆਉਣਾ ਹੁੰਦਾ
ਡਾਹਢੇ ਨੇ ਵੀ ਆਖਿਰ ਅਪਣਾ ਜ਼ੋਰ ਲਗਾਉਣਾ ਹੁੰਦਾ
ਹਰ ਸਿੱਧੀ ਤੇ ਅਪਣਾ ਪੁੱਠਾ ਦਾਅ ਚਲਾਉਣਾ ਹੁੰਦਾ
ਸਾਨੂੰ ਹੀ ਨਹੀਂ ਆਇਆਤੁਰਨਾ, ਤੁਰੀ ਦਾ ਏ ਕਿੱਦਾਂ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਗੱਗਬਾਣੀ ਵਿੱਚ ਸੱਚੀਆਂ ਗੱਲਾਂ, ਐਪਰ ਸੱਚ ਨਾ ਆਵੇ
ਭੁੱਖਿਆਂ ਹੋਵੇ ਭਗਤੀ ਨਾਹੀਂ, ਭੁੱਖਿਆਂ ਨੂੰ ਕੁੱਝ ਭਾਵੇ
ਅਪਣੇ ਪੈਰੀਂ ਆਪ ਕੁਹਾੜਾ ਮਾਰ ਕੋਈ ਮੁਸਕਾਵੇ
ਨਿੱਕੀਆਂ-ਨਿੱਕੀਆਂ ਲੋੜਾਂ ਐਪਰ ਵੱਡੇ-ਵੱਡੇ ਦਾਅਵੇ
ਸਾਡੇ ਸਿਰ ਨੂੰ ਐਸਾ ਚੜ੍ਹਿਆ, ਪ੍ਰੇਮ ਖੇਡਣ ਕਾ ਚਾਓ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਲਾ ਠਹਾਕੇ ਹੱਸਣ ਵਾਲੇ...

ਲਾ ਠਹਾਕੇ ਹੱਸਣ ਵਾਲੇ, ਲੁਕ-ਲੁਕ ਰੋਇਆ ਕਰਦੇ ਨੇ
ਚਾਨਣ ਵੰਡਣ ਵਾਲੇ ਅਕਸਰ 'ਨ੍ਹੇਰਾ ਢੋਇਆ ਕਰਦੇ ਨੇ।

ਮੁਰਦੇ ਵੀ ਸਾਹ ਲੈਂਦੇ ਵੇਖੇ ਕਰਮਾਂ ਵਾਲੀ ਧਰਤੀ ਤੇ
ਭੀੜ ਪੈਣ ਤੇ ਚੱਡਿਆਂ ਅੰਦਰ ਪੂਛ ਲੁਕੋਇਆ ਕਰਦੇ ਨੇ।

ਬਾਬੇ ਨਾਨਕ ਆਖ ਕੁਰਾਹੀਆ, ਧੱਕੇ ਮਾਰੇ ਲੋਕਾਂ ਨੇ
ਹਰ ਯੁੱਗ ਦੇ ਵਿੱਚ ਏਦਾਂ ਦੇ ਪੈਦਾ ਹੋਇਆ ਕਰਦੇ ਨੇ।

ਲੋੜ ਪੰਥ ਦੀ ਸਦਾ ਰਹੇਗੀ, ਬਾਦਲ ਵਰਗੇ ਦੱਲਿਆਂ ਨੂੰ
ਜਿਹੜੇ ਪੰਥ ਦੇ ਓਹਲੇ ਅਪਣੀ ਗੰਦਗੀ ਧੋਇਆ ਕਰਦੇ ਨੇ।

ਗੱਗਬਾਣੀ ਵਿੱਚ ਲਿਖਿਆ ਸਮਝੇ ਕੋਈ ਵਿਰਲਾ ਟਾਵਾਂ ਹੀ
ਭੀੜ 'ਚ ਬਹੁਤੇ ਧੜ ਹੁੰਦੇ ਸਿਰ ਥੋੜ੍ਹੇ ਹੋਇਆ ਕਰਦੇ ਨੇ।

Thursday, 10 July 2014

ਸ਼ੋਸ਼ਣ...

ਮੇਨਕਾ ਨਾਲ
ਰਿਸ਼ੀ ਨੇ ਕੀ ਕੀਤਾ ਸੀ?

ਮਰੀਅਮ ਕਿਸ ਦੇ ਬੱਚੇ ਦੀ ਮਾਂ
ਕਿਵੇਂ ਬਣ ਗਈ?
ਉਹ ਤਾਂ ਕੁਆਰੀ ਸੀ?

ਸਰੂਪਨਖਾ ਨਾਲ
ਲਛਮਣ ਜਤੀ
ਕਿਹੜੀ ਤਲਵਾਰ ਬਾਜ਼ੀ ਕਰਦਾ ਰਿਹਾ
ਜੋ ਉਸਦਾ ਨੱਕ ਵੱਢਿਆ ਗਿਆ?

ਸੀਤਾ ਦੇ ਦੋ ਪੁੱਤਰ
ਕਿਹੜੇ ਅਸਮਾਨੋਂ ਡਿੱਗੇ ਸੀ?

ਪਨਘਟ ਤੇ
ਗੋਪੀਆਂ ਨਾਲ
ਕਿਹੜੀ ਲੀਲਾ ਰਚਾਉਂਦਾ ਰਿਹਾ
ਤੁਹਾਡਾ ਕਿਸ਼ਨ ਘਨੱਈਆ?

ਗੰਧਾਰੀ ਦਾ ਪਲੇਠਾ ਪੁੱਤਰ
ਸ਼ੂਦਰ ਕਿਉਂ ਸਦਵਾਇਆ
ਖੱਤਰੀ ਪੁੱਤਰ
ਕਿਉਂ ਨਹੀਂ ਕਿਹਾ ਗਿਆ ਉਸਨੂੰ?

ਦਰੋਪਤੀ
ਪੰਜਾਂ ਵਿੱਚ ਕਿਉਂ ਵੰਡੀ ਗਈ?

ਜੂਏ ਵਿੱਚ ਦਾਅ ਤੇ
ਕਿਉਂ ਲਾਈ ਗਈ?

ਕੌਰੂਆਂ ਦੀ ਸਭਾ ਵਿੱਚ
ਕਿਉਂ ਵਸਤਰਹੀਣ ਕੀਤੀ ਗਈ?

ਸਵਾਲ ਤਾਂ ਹੋਰ ਵੀ ਬੜੇ ਨੇ
ਰਾਜੇ ਰਣਜੀਤ ਦੀਆਂ ਅੱਯਾਸ਼ੀਆਂ
ਉਸ ਦੀਆਂ ਰਖੈਲਾਂ ਦੀ ਗਿਣਤੀ
ਆਦਿ-ਆਦਿ।
ਪਰ ਅਪਣੇ ਧਰਮ ਗੁਰੂਆਂ ਕੋਲੋਂ
ਏਨਾ ਹੀ ਪੁੱਛਿਓ
ਕਿ ਦੇਵਦਾਸੀਆਂ ਨੂੰ
ਦੇਵੀਆਂ ਬਣਾਉਣ ਲਈ
ਕਿੰਨੇ ਕੁ ਮਰਦਾਂ ਹੇਠ੍ਹੋਂ ਲੰਘਾਉਣਾ ਪੈਂਦਾ ਸੀ?

ਤਾਂ ਜਾ ਕੇ
ਉਹ ਪੂਜਣ ਯੋਗ ਮੂਰਤ ਬਣਦੀ ਸੀ?

ਜਵਾਬ ਕਿਤਿਓਂ ਲੱਭਣ ਦੀ ਲੋੜ ਨਹੀਂ
ਹੁਣ ਇੱਕੀਵੀਂ ਸਦੀ ਹੈ।
ਸਾਨੂੰ ਪਤਾ ਹੋਣਾ ਚਾਹੀਦਾ ਹੈ
ਬਲਾਤਕਾਰੀ ਬਿਰਤੀ
ਕਾਨੂੰਨ ਦੇ ਨਰਮ ਰਹਿਣ ਦਾ ਨਤੀਜਾ ਨਹੀਂ
ਇਹ ਸਾਡੇ ਧਰਮ-ਗਰੰਥਾਂ ਦਾ ਥਾਪੜਾ ਹੈ।

ਯੁਗਾਂ-ਯੁਗਾਂਤਰਾਂ ਤੋਂ
ਔਰਤ ਦਾ ਸ਼ੋਸ਼ਣ ਹੁੰਦਾ ਆਇਆ ਹੈ।

ਨਿੱਤ ਦਿਨ ਹੁੰਦੇ ਬਲਾਤਕਾਰ
ਸਾਡੀ ਪ੍ਰਾਚੀਨ ਮਾਨਸਿਕਤਾ
ਦੀ ਆਧੁਨਿਕਤਾ ਹੈ
ਹੋਰ ਕੁੱਝ ਵੀ ਨਹੀਂ।

Wednesday, 9 July 2014

ਮੁਆਫ਼ ਕਰੀਂ ਐ ਨਾਨਕ...

ਮੁਆਫ਼ ਕਰੀਂ
ਐ ਨਾਨਕ!
ਅਸੀਂ ਹੁਣ ਤੇਰੇ
ਸੱਚੇ ਸਿੱਖ ਨਹੀਂ ਰਹੇ।

ਅਕਾਲ ਤਖ਼ਤ ਤੇ
ਹੋ ਜਾਂਦੇ ਹਾਂ ਜੂੰਡੋ-ਜੂੰਡੀ
ਸੂਤ ਲੈਂਦੇ ਹਾਂ ਤਲਵਾਰਾਂ
ਤੇ ਸਤਨਾਮ ਵਾਹਿਗੁਰੂ ਦੀ ਮੁਹਾਰਨੀ
ਬਦਲ ਜਾਂਦੀ ਹੈ
ਤੇਰੀ ਮਾਂ ਦੀ
ਤੇਰੀ ਧੀ ਦੀ ਵਿੱਚ।

ਮੁਆਫ਼ ਕਰੀਂ
ਐ ਨਾਨਕ!
ਅਸੀਂ ਹੁਣ ਤੈਨੂੰ
ਮੂਰਖ ਸਮਝਣ ਲੱਗ ਪਏ ਹਾਂ
ਕਿ ਐਵੇਂ ਸਿੱਧਾਂ ਨਾਲ
ਗੋਸ਼ਟੀਆਂ ਕਰਦਾ ਰਿਹਾ
ਸਮਾਂ ਬਰਬਾਦ ਕਰਦਾ ਰਿਹਾ।

ਜੇ ਤੇਰੀ ਥਾਂ ਅਸੀਂ ਹੁੰਦੇ
ਉਹਨਾਂ ਦੇ ਗਾਟੇ ਲਾਹ ਕੇ
ਜਿੱਤ ਦੇ ਜਸ਼ਨ ਮਨਾਏ ਹੁੰਦੇ
ਫੇਰ ਇਤਿਹਾਸ ਵਿੱਚ ਅਸੀਂ ਭਾਵੇਂ
ਮਹਾਂ-ਮੂਰਖ ਹੀ ਕਿਉਂ ਨਾ ਗਿਣੇ ਜਾਂਦੇ
ਪਰ ਅਸੀਂ
ਖੁਦ ਨੂੰ ਬਹਾਦਰ ਹੀ ਮੰਨਣਾ ਸੀ।

ਮੁਆਫ਼ ਕਰੀਂ
ਐ ਨਾਨਕ!
ਅਸੀਂ ਹੁਣ ਤੈਨੂੰ ਅਕਾਲ ਪੁਰਖ ਮੰਨ ਲਿਆ ਹੈ
ਤੂੰ ਸੋ ਵਾਰ ਵੀ ਜਨਮ ਲਵੇਂ
ਤੇਰੇ ਨਾਲ ਸੋ ਵਾਰ
ਉਹੀ ਹੋਊ
ਜੋ ਉਦੋਂ ਹੋਇਆ ਸੀ
ਕਿਉਂਕਿ ਸਾਨੂੰ ਨਾਨਕ ਨਹੀਂ ਚਾਹੀਦਾ
ਨਾਨਕ ਨਾਮ ਦਾ ਸੌਦਾ ਵੇਚਣ ਵਾਲੀ ਦੁਕਾਨ ਵਿੱਚੋਂ
ਮੁਨਾਫ਼ਾ ਚਾਹੀਦਾ ਹੈ।

ਉਹ ਤੂੰ ਹੀ ਸੀ
ਜੋ ਤੁਰ ਪਿਆ ਸੀ
ਸੱਚਾ ਸੌਦਾ ਕਰਨ
ਭੁੱਖਿਆਂ ਨੂੰ ਰਜਾਉਣ
ਉਹ ਤੂੰ ਹੀ ਸੀ।

ਅਸੀਂ ਤਾਂ ਹੁਣ
ਤੇਰੇ ਨਾਂ ਦੇ
ਮਹੱਲ ਉਸਾਰ ਲਏ ਨੇ
ਤਖਤਾਂ ਤੇ ਮਲਿਕ ਭਾਗੋ ਬਿਠਾ ਦਿੱਤੇ ਨੇ
ਗੋਲ੍ਹਕਾਂ ਪਿੱਛੇ
ਬਹੁਤ ਵਾਰ ਈਮਾਨ ਤੋਂ ਡਿੱਗੇ ਹਨ
ਅਸੀਂ ਹੁਣ ਤੇਰੇ
ਸੱਚੇ ਸਿੱਖ ਨਹੀਂ ਰਹੇ।

ਉਹ ਨਸਲ ਹੀ ਹੋਰ ਸੀ
ਜਿਹੜੀ ਧਾੜਵੀਆਂ ਕੋਲੋਂ
ਲੁੱਟੇ ਹੋਏ ਗਹਿਣੇ
ਅਤੇ ਔਰਤਾਂ ਮਹਿਫੂਜ ਵਾਪਸ ਲਿਆਉਂਦੇ ਰਹੇ।

ਸਾਡੇ ਵਿੱਚ
ਉਹ ਮਾਦਾ ਨਹੀਂ
ਅਸੀਂ ਤਾਂ ਵਾਹਿਗੁਰੂ ਨਾਮ ਜਪਾਉਣ ਤੱਕ
ਸੀਮਿਤ ਹੋ ਗਏ ਹਾਂ।
ਸਾਡੇ ਵਿੱਚ ਉਹ ਕਣ ਨਹੀਂ
ਹਿੰਮਤ ਨਹੀਂ
ਕਿ ਅਸੀਂ ਪੀੜਿਤਾਂ ਨੂੰ ਇਨਸਾਫ ਦਿਵਾਉਣ ਲਈ
ਉਹਨਾਂ ਦੇ ਨਾਲ ਖਲੋ ਸਕੀਏ।

ਅਸੀਂ ਤਾਂ ਚਿੱਟੀਆਂ ਵਰਦੀਆਂ ਪਾ ਕੇ
ਗੋਲ੍ਹਕਾਂ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੀ
ਟਾਸਕ ਫੋਰਸ ਵਜੋਂ ਜਾਣੇ ਜਾਂਦੇ ਹਾਂ
ਅਸੀਂ ਤੇਰੇ ਸੱਚੇ ਸਿੱਖ
ਹੋ ਹੀ ਨਹੀਂ ਸਕਦੇ।

ਹੇ ਗੋਬਿੰਦ
ਮੁਆਫ ਕਰੀ!
ਅਸੀਂ ਹੁਣ ਅਮ੍ਰਿਤ ਦੀ ਸੁੱਚੀ ਦਾਤ
ਉਹਨਾਂ ਨੂੰ ਵੀ ਛਕਾਉਣ ਲੱਗ ਪਏ ਹਾਂ
ਜਿਹਨਾਂ ਨੇ ਪੰਜ ਕੱਕਾਰਾਂ ਦੀ ਵਰਤੋਂ
ਨਸ਼ਿਆਂ ਦੀ ਸਮੱਗਲਿੰਗ ਵਾਸਤੇ ਕਰਨੀ ਹੁੰਦੀ ਹੈ।

ਸਾਡਾ ਪੱਗ ਦੀ ਤਲਾਸ਼ੀ ਦੇਣ ਤੋਂ
ਮੁਨਕਰ ਹੋਣਾ
ਵਰਦਾਨ ਹੈ ਉਹਨਾਂ ਲਈ
ਜਿਹਨਾਂ ਨੇ ਪੱਗਾਂ ਵਿੱਚ
ਸਮੈਕ, ਹੈਰੋਇਨ ਲੁਕਾ ਕੇ
ਸਿੱਖੀ ਨੂੰ ਢਾਹ ਲਾਉਣੀ ਹੁੰਦੀ ਹੈ।

ਹੇ ਨਾਨਕ!
ਹੇ ਗੋਬਿੰਦ!
ਸਾਡੇ ਤੋਂ ਉਮੀਦ ਨਾ ਰੱਖਣਾ
ਕਿ ਅਸੀਂ ਤੇਰੇ ਸੱਚੇ ਸਿੱਖਾਂ ਨੂੰ
ਏਸ ਲਈ ਬਖਸ਼ ਦੇਵਾਂਗੇ
ਕਿ ਉਹ ਸੱਚ ਬੋਲਣ ਲੱਗੇ
ਕੁੱਝ ਜਿਆਦਾ ਹੀ ਸੱਚ ਬੋਲ ਜਾਂਦੇ ਨੇ।

ਸਿੱਖੀ ਵਿੱਚ
ਘੁਸਪੈਠ ਕਰ ਗਈਆਂ
ਕੁਰਹਿਤਾਂ
ਪਾਖੰਡਵਾਦ
ਬ੍ਰਾਹਮਣਵਾਦ
ਡੇਰਾਵਾਦ
ਅੰਧਵਿਸ਼ਵਾਸ ਅਤੇ ਕੂੜ ਪਰਚਾਰ
ਸਾਡੇ ਹਜ਼ਮ ਨਹੀਂ ਹੁੰਦਾ।

ਅਸੀਂ ਤਾਂ ਬੋਲਾਂਗੇ
ਸਾਨੂੰ ਅਜੇ ਤੱਕ ਆਇਆ ਹੀ ਨਹੀਂ
ਕਾਫਰਾਂ ਮੂਹਰੇ
ਨੰਗੀਆਂ ਤਲਵਾਰਾਂ ਮੂਹਰੇ
ਛਵ੍ਹੀਆਂ, ਗੰਡਾਸਿਆਂ ਮੂਹਰੇ
ਅੱਖਾਂ ਬੰਦ ਕਰਕੇ
ਵਾਹਿਗੁਰੂ ਜਾਪ ਕਰਨਾ।

ਵੇ ਲੋਕੋ...

ਲਾਹ ਲਓ ਗੱਗ ਦੀ ਖੱਲ ਵੇ ਲੋਕੋ
ਖੱਟ ਲਓ, ਖੱਟ ਲਓ ਭੱਲ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਤੇਰਾਂ-ਤੇਰਾਂ ਤੋਲਣ ਵਾਲਾ
ਭੇਤ ਜੋ ਗੁੱਝੇ ਖੋਲ੍ਹਣ ਵਾਲਾ
ਸਾਨੂੰ ਤੇ ਸੱਚ ਬੋਲਣ ਵਾਲਾ
ਚੜ੍ਹਿਆ ਰਹਿਣਾ ਝੱਲ ਵੇ ਲੋਕੋ
ਹੋਰ ਨਹੀਂ ਕੋਈ ਹੱਲ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਬੇਸ਼ੱਕ ਬਹੁਤਾ ਚਿਰ ਨਹੀਂ ਰਹਿਣਾ
ਸਾਡੇ ਧੜ ਤੇ ਸਿਰ ਨਹੀਂ ਰਹਿਣਾ
ਸੱਚ ਨੇ ਕੀ ਸੱਚ ਫਿਰ ਨਹੀਂ ਰਹਿਣਾ?
ਸੋਚਣ ਵਾਲੀ ਗੱਲ ਵੇ ਲੋਕੋ
ਬਹਿ ਵਿਚਾਰੋ ਪਲ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਹਿੰਦੂ ਮੁਸਲਿਮ ਸਿੱਖ ਈਸਾਈ
ਆਪਸ ਵਿੱਚ ਜੇ ਭਾਈ ਭਾਈ
ਫਿਰ ਕਿਉਂ ਹੋਵਣ ਹੱਥੋ-ਪਾਈ
ਉੱਠਦਾ ਸੀਨੇ ਸੱਲ੍ਹ ਵੇ ਲੋਕੋ
ਧਰਮਾਂ ਵਿੱਚ ਕੋਈ ਝੱਲ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਹਿੰਦੂਆਂ ਨੇ ਰੱਬ ਘੜੇ ਹਜ਼ਾਰਾਂ
ਸਿੱਖਾਂ ਦੇ ਵੀ ਧੜੇ ਹਜ਼ਾਰਾਂ
ਮੁਸਲਿਮਾਂ ਦੀਆਂ ਵੀ 'ਲੱਗ ਕਤਾਰਾਂ
ਧਰਮਾਂ ਦੀ ਦਲ-ਦਲ ਵੇ ਲੋਕੋ
ਇਨਸਾਨ ਰਹੇ ਕਿਤੁ ਵੱਲ੍ਹ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਪੜ੍ਹ-ਪੜ੍ਹ ਪੋਥੀਆਂ ਅਮਲੋਂ ਹਾਰੀ
ਲੋਕਾਂ ਭਾਣੇ ਮੈਂ ਸਚਿਆਰੀ
ਚਿੱਟੇ, ਭਗਵੇਂ. ਪੰਜ ਕੱਕਾਰੀ
ਮੇਰੇ ਲੱਲ੍ਹ-ਪਲੱਲ ਵੇ ਲੋਕੋ
ਜਾਂਦੇ ਨੇ ਚਲੀ ਚੱਲ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਸੱਚ ਆਖਦੀ ਪਈ ਗੱਗਬਾਣੀ
ਸਾਫ ਦਿੱਖ ਤੇ ਨੀਅਤ ਕਾਣੀ
ਜੀਕਣ ਡੇਰਾ ਰਾਧਾ ਸੁਆਮੀ
ਚੱਲ, ਚਲਾ ਚੱਲ, ਚੱਲ ਵੇ ਲੋਕੋ
ਲੋਕ ਲੁਹਾਵਣ ਕੱਲ ਵੇ ਲੋਕੋ
ਸੱਚ ਦੇ ਆਸ਼ਕ ਕਦੇ ਨਾ ਝੁਕਦੇ
ਪੱਲੇ ਬੰਨ੍ਹ ਲਓ ਗੱਲ ਵੇ ਲੋਕੋ।

ਐ ਕਵਿਤਾ...

ਐ ਕਵਿਤਾ!
ਤੈਨੂੰ ਮੈਂ ਹੀ ਲੱਭਦਾ ਹਾਂ
ਛਿੱਤਰ ਪਵਾਉਣ ਨੂੰ?

ਕਿਉਂ ਨਹੀਂ ਚਲੀ ਜਾਂਦੀ
ਮੈਥੋਂ ਦੂਰ
ਬਹੁਤ ਦੂਰ
ਓਥੇ
ਜਿੱਥੇ
ਮੂਰਖਾਂ ਦਾ ਵਾਸਾ ਨਹੀਂ ਹੁੰਦਾ।

ਜਿੱਥੇ
ਧਰਮਾਂ ਦਾ ਵਿਉਪਾਰ ਨਹੀਂ ਹੁੰਦਾ।

ਜਿੱਥੇ
ਮਾਰੂ ਹਥਿਆਰਾਂ ਦੀ ਨੁਮਾਇਸ਼ ਨਹੀਂ ਲੱਗਦੀ।

ਕਿਉਂ
ਮੇਰੇ ਨਾਲ ਵੈਰ ਹੈ
ਪਿਆਰੀਏ?

ਬਹੁਤ ਵਾਰ ਸੋਚਦਾ ਹਾਂ
ਮੈਂ ਵੀ
ਭੰਗ ਪੀ ਕੇ
ਅਧਿਆਤਮਕ ਖਰੜਾ ਲਿਖਾਂ।

ਸੁਨਹਿਰੀ ਜਿਲਦ ਵਿੱਚ ਮੜ੍ਹਾ ਕੇ
ਅੱਖਾਂ ਬੰਦ ਕਰਕੇ
ਪੜ੍ਹਨ ਦਾ
ਹੁਕਮ ਸੁਣਾ ਦੇਵਾਂ।

ਤੇ ਬਣ ਜਾਵਾਂ
ਜਗਤ ਗੁਰੂ
ਥੋੜ੍ਹੇ ਜਿਹੇ ਮੂਰਖਾਂ ਦੇ ਸਿਰ ਤੇ।

ਮੈਨੂੰ ਆਇਆ ਹੀ ਨਹੀਂ
ਖੇਡ੍ਹਣਾ
ਸ਼ਬਦਾਂ ਨਾਲ।
ਮੇਰੀ ਕਲਮ ਵਿੱਚ
ਧਾਰਮਿਕ ਖੁਸਰਾਪਨ ਨਹੀਂ ਹੈ।

ਸ਼ਾਇਦ
ਕਵਿਤਾ ਮੈਨੂੰ
ਕਤਲ ਕਰਵਾ ਹੀ ਦੇਵੇ।