Wednesday, 30 April 2014

ਐ ਕਵਿਤਾ...

ਐ ਕਵਿਤਾ
ਅੱਜ-ਕੱਲ੍ਹ ਤੂੰ ਮੇਰੇ ਨਾਲ
ਅਜੀਬੋ-ਗਰੀਬ ਤਜ਼ਰਬੇ ਕਰ ਰਹੀ ਏਂ
ਜਦੋਂ ਤੇਰੀ ਆਮਦ ਹੁੰਦੀ ਏ
ਤਾਂ ਕਲਮ ਨਹੀਂ ਲੱਭਦੀ
ਤੇ ਜਦੋਂ ਕਲਮ ਲੱਭਦੀ ਹੈ
ਤਾਂ ਤੂੰ ਗੁਆਚ ਜਾਂਦੀ ਹੈ
ਠੀਕ ਉਵੇਂ
ਜਿਵੇਂ
ਇੱਛਾ ਜਾਗਣ ਤੇ
ਸਾਥ ਨਹੀਂ ਮਿਲਦਾ
ਤੇ ਜਦੋਂ ਸਾਥ ਮਿਲਦਾ ਹੈ
ਇੱਛਾ ਦਾ ਤਿਆਗ ਹੋ ਜਾਂਦਾ ਹੈ ।।

ਨਾ ਗੁੰਮ ਹੈ ਨਾ ਭਾਲ ਹੈ...

ਇੱਕ ਕੁੜੀ, ਜੀਹਦਾ ਨਾਂ ਮੁਹੱਬਤ
ਨਾ ਗੁੰਮ ਹੈ ਨਾ ਭਾਲ ਹੈ..........
ਨਿਰਲੇਪ ਰਹਿ, ਦੁਹਾਈਆਂ ਪਾਉਣਾ
ਇਹੋ ਸਮੇਂ ਦੀ ਚਾਲ ਹੈ...........।

ਮਾਰੂਥਲ ਵਿੱਚ ਭਟਕਦੀ
ਹੋਠਾਂ ਤੇ ਪਿਆਸ ਲੈਕੇ,
ਖੁਦ ਹੀ ਖੁਦ ਨੂੰ ਪੀ ਗਈ
ਇਹ ਨਦੀ ਦਾ ਹਾਲ ਹੈ
ਇੱਕ ਕੁੜੀ, ਜੀਹਦਾ ਨਾਂ ਮੁਹੱਬਤ
ਨਾ ਗੁੰਮ ਹੈ ਨਾ ਭਾਲ ਹੈ..........।

ਜ਼ਿੰਦਗੀ ਜੂਆ ਨਹੀਂ
ਕਿ ਜਿੱਤ ਗਏ ਜਾਂ ਹਾਰ ਗਏ,
ਨਾ ਸੇਜ ਹੈ ਫੁੱਲਾਂ ਦੀ ਇਹ
ਨਾ ਜੀਅ ਦਾ ਇਹ ਜੰਜਾਲ ਹੈ
ਇੱਕ ਕੁੜੀ, ਜੀਹਦਾ ਨਾਂ ਮੁਹੱਬਤ
ਨਾ ਗੁੰਮ ਹੈ ਨਾ ਭਾਲ ਹੈ..........।

ਕਮਾਲ ਹੈ ਜਾਦੂਗਰੀ
ਸ਼ਬਦਾਂ ਨੂੰ ਭਾਵ ਦੇਣੇ,
ਭਾਵਾਂ ਤੋਂ ਪਰ ਮੂੰਹ ਫੇਰਨਾ
ਜਿਉਂਦਾ ਖੜ੍ਹਾ ਸਵਾਲ ਹੈ
ਇੱਕ ਕੁੜੀ, ਜੀਹਦਾ ਨਾਂ ਮੁਹੱਬਤ
ਨਾ ਗੁੰਮ ਹੈ ਨਾ ਭਾਲ ਹੈ..........।

ਉਸਨੂੰ ਕਹੋ ਕਿ ਏਦਾਂ ਨ੍ਹੀਂ ਹੁੰਦਾ
ਉਸਨੂੰ ਕਹੋ ਕਿ ਓਦਾਂ ਨ੍ਹੀਂ ਹੁੰਦਾ
ਉਸਨੂੰ ਕਹੋ, ਹਵਾ ਦਾ ਨ੍ਹੀਂ ਬੁੱਲ੍ਹਾ
ਉਸਨੂੰ ਕਹੋ, ਇਹ ਜੀਵਨ ਅਮੁੱਲਾ
ਉਸਨੂੰ ਕਹੋ, ਛੱਡ ਗਿਆ ਜਿਹੜੇ ਦਰ ਨੂੰ
ਉਸਨੂੰ ਕਹੋ, ਪਰਤ ਆਵੇ ਘਰ ਨੂੰ
ਉਸਨੂੰ ਪੁੱਛੋ, ਕਿ ਡਰ ਕਿਹੜੀ ਗੱਲੋਂ
ਸੁਹਾਗਣ ਨੂੰ ਵਿਧਵਾ ਦਾ ਵਰ ਕਿਹੜੀ ਗੱਲੋਂ
ਉਸਨੂੰ ਕਹੋ ਹਵਾ ਨਾ ਕਰੇ ਉਹ
ਮਰਨਾ ਤਾਂ ਹੈ ਐਵੇਂ ਨਾ ਮਰੇ ਉਹ
ਇਹ ਜੋਬਨ ਦੀ ਰੁੱਤ ਹੈ
ਇਹ ਮਾਨਣ ਦੀ ਰੁੱਤ ਹੈ
ਹਨ੍ਹੇਰਿਆਂ 'ਚੋਂ ਨਿਕਲੇ
ਇਹ ਚਾਨਣ ਦੀ ਰੁੱਤ ਹੈ
ਭੁਲੇਖਾ ਹੈ, ਫੁੱਲ ਨਾ ਉਹ ਤਾਰਾ ਹੈ ਬਣਦਾ
ਸੁਰਮੇ ਦਾ ਵੈਰੀ, ਹੰਝੂ ਖਾਰਾ ਹੈ ਬਣਦਾ
ਸ਼ਰਾਬਾਂ ਦੀ ਗੱਲ ਹੈ ਸ਼ਬਾਬਾਂ ਦੀ ਗੱਲ ਹੈ
ਆਪੋ ਅਪਣੇ ਸਵਾਦਾਂ ਦੀ ਗੱਲ ਹੈ
ਗੁਲ ਦੀ ਕਿਤੇ ਗੁਲਾਬਾਂ ਦੀ ਗੱਲ ਹੈ
ਉਸਨੂੰ ਕਹੋ ਕਿ ਇਹ ਖਾਬਾਂ ਦੀ ਗੱਲ ਹੈ
ਉਸਨੂੰ ਕਹੋ ਕਿ ਉਹ ਧਰਤੀ ਤੇ ਆਵੇ
ਅੰਬਰਾਂ ਤੇ ਹੀ ਨਾ ਉਹ ਪਰ ਆਜ਼ਮਾਵੇ
ਉਸਨੂੰ ਕਹੋ ਕੁੱਝ ਫਰਜ਼ ਵੀ ਹੁੰਦੇ
ਪੁਰਖਿਆਂ ਦੇ ਕੁੱਝ ਕਰਜ਼ ਵੀ ਹੁੰਦੇ
ਉਸਨੂੰ ਕਹੋ ਕਿ ਏਦਾਂ ਨ੍ਹੀਂ ਹੁੰਦਾ
ਉਸਨੂੰ ਕਹੋ ਕਿ ਓਦਾਂ ਨ੍ਹੀਂ ਹੁੰਦਾ
ਕੁੱਝ ਵੀ ਕਹੋ, ਉਹਨੂੰ ਫਰਕ ਨ੍ਹੀਂ ਪੈਣਾ
ਖੁਦ ਹੀ ਨਾ ਖੁਦ ਦੇ ਨਾਲ ਹੈ
ਇੱਕ ਕੁੜੀ ਜੀਹਦਾ ਨਾਂ ਮੁਹੱਬਤ
ਨਾ ਗੁੰਮ ਹੈ ਨਾ ਭਾਲ ਹੈ...........॥

ਹੱਕ...

ਹੱਕ ਤਾਂ ਤੇਰਾ ਹੀ ਸੀ
ਮੈਂ ਤਾਂ ਜ਼ਿੰਦਗੀ ਦੇ ਕੀਮਤੀ ਵਰ੍ਹਿਆਂ ਦਾ
ਇੱਕ-ਇੱਕ ਪਲ
ਤੇਰੇ ਲਈ ਸਾਂਭ ਕੇ ਰੱਖਿਆ ਸੀ
ਅਪਣੇ ਚਾਵਾਂ ਦੀ ਸੰਘੀ ਘੁੱਟਕੇ
ਤੈਨੂੰ ਅਲਵਿਦਾ ਆਖਣ ਲੱਗਿਆਂ
ਭਰ ਆਇਆ ਸੰਘ
ਜੇ ਵੇਖ ਲੈਂਦਾ
ਤਾਂ ਡਾਲਰਾਂ ਦੀ ਚਮਕ
ਫਿੱਕੀ ਪੈ ਜਾਣੀ ਸੀ....
ਮਖਮਲੀ ਸੇਜਾਂ ਨੇ
ਇਕਲਾਪੇ ਦੀ ਰੋਗਣ ਨੂੰ
ਸੰਤਾਪੀਆਂ ਰੂਹਾਂ ਦਾ
ਵਰਦਾਨ ਦੇਕੇ
ਇਹ ਸੋਚਣ ਲਈ
ਮਜ਼ਬੂਰ ਕਰ ਦਿੱਤਾ
ਕਿ ਇਹ ਕੈਦਾਂ
ਇਹ ਵਲਗਣਾਂ
ਇਹ ਬੰਧਨ
ਇਹ ਦਾਇਰੇ
ਇਹ ਲਛਮਣ ਰੇਖਾਵਾਂ
ਮੇਰੇ ਲਈ ਹੀ ਕਿਉਂ ਹਨ?
ਮੁਕਤੀ ਦਾ ਮਾਰਗ ਤਾਂ
ਜ਼ਿੰਦਗੀ ਦੇ ਰੰਗਾਂ ਵਿੱਚ ਹੈ.....
ਵਰ੍ਹ ਰਹੇ ਸਾਉਣ ਵਿੱਚ
ਤਪਦੇ ਪਿੰਡੇ ਤੇ
ਤੇਰੇ ਪਿਆਰ ਦੀ
ਇੱਕ ਬੂੰਦ ਹੀ ਕਾਫੀ ਸੀ
ਮੈਨੂੰ ਸਾਰੀ ਦੀ ਸਾਰੀ
ਭਿੱਜ ਜਾਣ ਲਈ..
ਕਾਸ਼!
ਤੂੰ ਮੇਰੀ ਖਾਮੋਸ਼ੀ ਵਿੱਚੋਂ
ਅੰਦਾਜ਼ਾ ਲਾ ਲੈਂਦਾ
ਬੀਜ ਦੇ ਫੁੱਟਣ ਤੋਂ ਪਹਿਲਾਂ
ਅਸੂਲਾਂ ਦੇ ਟੁੱਟਣ ਤੋਂ ਪਹਿਲਾਂ
ਮੇਰੇ ਬਾਗੀ ਹੋ ਜਾਣ ਤੋਂ ਪਹਿਲਾਂ
ਮੇਰੇ ਦਾਗੀ ਹੋ ਜਾਣ ਤੋਂ ਪਹਿਲਾਂ
ਕਾਸ਼, ਕਿਤੇ ਮੇਰੀ ਥਾਂ
ਤੂੰ ਹੁੰਦਾ.......
ਮੇਰੇ ਜ਼ਖਮੀ ਪਰਾਂ ਨੂੰ ਪਲੋਸਣ ਦਾ
ਹੱਕ ਤਾਂ ਆਖਿਰ
ਤੇਰਾ ਹੀ ਸੀ....।।

Tuesday, 29 April 2014

ਮਾਹੀਆ...

ਐਵੇਂ ਛੱਡ ਕੇ ਨਾ ਜਾ ਮਾਹੀਆ
ਕੋਈ ਪੁੱਛੇਗਾ ਤਾਂ ਕੀ ਦੱਸੇਂਗਾ
ਕੋਈ ਦੋਸ਼ ਤਾਂ ਲਾ ਮਾਹੀਆ..........॥

ਪਾਣੀ ਸ਼ੂਕੇ ਦਰਿਆਵਾਂ ਦਾ
ਤੂੰ ਮਰਜ਼ੀਆਂ ਕਰ ਅੜਿਆ
ਕੀ ਏ ਸਾਡਿਆਂ ਚਾਵਾਂ ਦਾ............॥

ਕੀ ਹੁੰਦੀ ਭੰਨ-ਘੜ ਮਾਹੀਆ
ਸੋਲ਼ਾਂ ਤੂੰ ਜਮਾਤਾਂ ਪੜ੍ਹਿਆ
ਸਾਡੇ ਦਿਲ ਵਿੱਚੋਂ ਪੜ੍ਹ ਮਾਹੀਆ......॥

ਸੋਨੇ ਦੀਆਂ ਡੰਡੀਆਂ ਨੇ
ਖੰਡ ਦੇ ਕੜ੍ਹਾਹ ਵਰਗੀ
ਤੈਨੂੰ ਪੱਟ ਦਿੱਤਾ ਮੰਡੀਆਂ ਨੇ...........॥

ਸਾਡੇ ਵੱਲ੍ਹ ਦੀ ਹਵਾ ਕੋਈ ਨਾ
ਮਹੀਨਾ ਹੋਇਆ ਜੁੱਤੀ ਟੁੱਟੀ ਨੂੰ
ਤੈਨੂੰ ਸਾਡੀ ਪ੍ਰਵਾਹ ਕੋਈ ਨਾ..........॥

ਕਿੱਥੋਂ ਆ ਜਾਨੈਂ ਚਰ ਕੇ ਵੇ
ਰਹਿ ਜਾਂਦੀ ਪਾਸੇ ਮਾਰਦੀ
ਪੈ ਜਾਨੈਂ ਪਿੱਠ ਕਰਕੇ ਵੇ............॥

ਕਦੇ ਅੱਤ ਕਰ ਜਾਂਦਾ ਹੁੰਦਾ ਸੀ
ਹਟਾਂ ਜਾਂ ਮੇਕਅੱਪ ਕਰਕੇ
ਸਾਰਾ ਚੱਟ ਕਰ ਜਾਂਦਾ ਹੁੰਦਾ ਸੀ.....॥

ਸਾਥ੍ਹੋਂ ਦੁੱਖ ਨ੍ਹੀਂ ਸਹਾਰ ਹੁੰਦੇ
ਲੂਣ ਵੱਧ-ਘੱਟ ਹੋ ਜਾਵੇ
ਭਾਂਡੇ ਬੂਹਿਓਂ ਬਾਹਰ ਹੁੰਦੇ............॥

ਅੱਗੇ ਕਦੇ ਵੀ ਨਾਂ ਇੰਝ ਹੋਇਆ
ਬਾਰਾਂ ਦੀਆਂ ਬਾਰਾਂ ਪੂਰੀਆਂ
ਵੰਗਾਂ ਟੁੱਟੀਆਂ ਨਾ ਕਿੰਝ ਹੋਇਆ......॥

ਰੋਣਾ ਪੈਂਦਾ ਏ ਨਸੀਬਾਂ ਨੂੰ
ਬਿਨਾਂ ਕੋਈ ਕਸੂਰ ਕੀਤਿਆਂ
ਸਜ਼ਾ ਮਿਲਦੀ ਗਰੀਬਾਂ ਨੂੰ.............॥

ਰੱਬ...

ਕੋਈ ਰੱਬ ਆਖੇ, ਕੋਈ ਯੱਭ ਆਖੇ,
ਕੋਈ ਮੌਲਾ,ਕੋਈ ਪੀਰ, ਫਕੀਰ ਆਖੇ,
ਕੋਈ ਗੁਰੂ ਤੇ ਕੋਈ ਭਗਵਾਨ ਕਹਿੰਦਾ,
ਸਭ ਤੁੱਕੇ ਨੂੰ ਵੱਜਿਆ ਤੀਰ ਆਖੇ......
ਰੱਬਾ, ਜੇ ਹੈਗਾ ਏ ਤਾਂ ਸਾਹਮਣੇ ਵੀ ਆ
ਰੱਬਾ, ਹੈਂ ਕਿਹੋ ਜਿਹਾ ਸ਼ਕਲ ਵਿਖਾ
ਰੱਬਾ, ਤੂੰ ਮੇਰੇ ਕੋਲੋਂ ਨਾ ਘਬਰਾ
ਰੱਬਾ, ਤੂੰ ਦੁਨੀਆਂ ਦੀ ਛੱਡ ਪਰਵਾਹ
ਰੱਬਾ, ਤੂੰ ਭਾਵੇਂ ਘੋੜੇ ਉੱਤੇ ਚੜ੍ਹ ਆ
ਰੱਬਾ, ਤੂੰ ਭਾਵੇਂ ਜਿਪਸੀ ਦੇ ਵਿੱਚ ਆ
ਰੱਬਾ, ਤੂੰ ਇੱਕ ਵਾਰੀ ਨਜ਼ਰੀਂ ਤਾਂ ਆ
ਓ ਰੱਬਾ, ਨਾ ਸਿੱਧਿਆਂ ਨੂੰ ਮੂਰਖ ਬਣਾ
ਰੱਬਾ, ਵੇ ਪੰਡਿਤਾਂ ਨੂੰ ਅਕਲ ਸਿਖਾ
ਰੱਬਾ, ਵੇ ਮੁੱਲਾਂ ਦੇ ਵੀ ਖਾਨੇ ਕੁੱਝ ਪਾ
ਰੱਬਾ, ਵੇ ਭਾਈ ਜੀ ਨੂੰ ਧਰਤੀ ਤੇ ਲਾਹ
ਰੱਬਾ, ਗਰੀਬਾਂ ਚੁੱਲ੍ਹੇ ਅੱਗ ਵੀ ਮਚਾ
ਰੱਬਾ, ਵੇ ਦੁਖੀਆਂ ਦੇ ਦੁੱਖ ਵੀ ਵੰਡਾ
ਰੱਬਾ, ਸੋਨੇ ਦੀ ਚਿੜੀ ਢਾਹ ਕੇ ਬਣਾ
ਰੱਬਾ, ਵੇ ਇਹਦੇ 'ਚ ਈਮਾਨ ਵੀ ਮਿਲਾ
ਰੱਬਾ, ਭ੍ਰਿਸ਼ਟਾਚਾਰੀ ਖਤਮ ਕਰਾ
ਰੱਬਾ, ਮੈਂ ਜਾਣਦਾਂ ਤੂੰ ਕਿਤੇ ਵੀ ਨ੍ਹੀਂ 'ਗਾ
ਰੱਬਾ, ਪੁਜਾਰੀਆਂ ਨੂੰ ਤੇਰਾ ਆਸਰਾ
ਰੱਬਾ, ਤਰਕਸ਼ੀਲਾਂ ਲਈ ਤੂੰ ਖਾਹਮਖਾਹ
ਰੱਬਾ, ਵੇ ਭੋਲ਼ੇ-ਭਾਲ਼ੇ ਲੋਕਾਂ ਦਾ ਏ ਕਿਆ
ਓ ਰੱਬਾ, ਤੂੰ ਸਾਡੇ ਕੋਲੋਂ ਮੂੰਹ ਨਾ ਲੁਕਾ.......
ਲੋਕੋ, ਵੇ ਅਪਣੇ ਦਿਮਾਗ ਨਾਲ ਸੋਚੋ,
ਲੋਕੋ, ਵੇ ਧਰਮਾਂ ਦੇ ਨਾਂ ਤੇ ਲੁੱਟ ਰੋਕੋ
ਲੋਕੋ ਕਿਸੇ ਦੇ ਨਾ ਮਗਰ ਲੱਗ ਜਾਇਓ
ਲੋਕੋ ਵੇ ਅਪਣਾ ਦਿਮਾਗ ਵੀ ਦੁੜਾਇਓ
ਲੋਕੋ ਜੋ ਤੰਗ ਕਰੇ ਉਹਦੀ ਮੰਜੀ ਠੋਕੋ
ਲੋਕੋ ਵੇ ਕੇਰਾਂ ਇਤਿਹਾਸ ਤਾਂ ਖਰੋਚੋ
ਲੋਕੋ ਵੇ ਅਪਣੇ ਦਿਮਾਗ ਨਾਲ ਸੋਚੋ.... ਓ ਲੋਕੋ..
ਰੱਬ ਹੁੰਦਾ, ਤਾਂ ਕਿਸੇ ਤੇ ਗਰੀਬੀ ਨਾ ਹੁੰਦੀ
ਰੱਬ ਹੁੰਦਾ, ਨਸੀਬ, ਬਦਨਸੀਬੀ ਨਾ ਹੁੰਦੀ
ਰੱਬ ਹੁੰਦਾ, ਬੇਕਾਰੀ, ਬੇਰੁਜ਼ਗਾਰੀ ਨਾ ਹੁੰਦੀ
ਰੱਬ ਹੁੰਦਾ, ਇਹ ਜੱਗ ਤੇ ਬੀਮਾਰੀ ਨਾ ਹੁੰਦੀ
ਰੱਬ ਹੁੰਦਾ, ਝੂਠੇ ਦੀ ਸਰਦਾਰੀ ਨਾ ਹੁੰਦੀ
ਰੱਬ ਹੁੰਦਾ, ਤਾਂ ਕਿਤੇ ਭ੍ਰਿਸ਼ਟਾਚਾਰੀ ਨਾ ਹੁੰਦੀ
ਰੱਬ ਹੁੰਦਾ ਬੇਈਮਾਨੀ, ਇਮਾਨਦਾਰੀ ਨਾ ਹੁੰਦੀ
ਰੱਬ ਹੁੰਦਾ, ਗਰੀਬਾਂ ਸਿਰ ਛੱਤ ਵੀ ਹੁੰਦੀ
ਰੱਬ ਹੁੰਦਾ, ਕਿਸੇ ਦੀ ਵਿੰਗੀ ਲੱਤ ਨਾ ਹੁੰਦੀ
ਰੱਬ ਹੁੰਦਾ, ਇਹ ਜ਼ਾਤ-ਪਾਤ ਕੋਹੜ ਨਾ ਹੁੰਦੇ
ਰੱਬ ਹੁੰਦਾ ਤਾਂ ਟੱਟੀਆਂ, ਮਰੋੜ ਨਾ ਹੁੰਦੇ
ਰੱਬ ਹੁੰਦਾ ਤਾਂ ਰਾਮ ਬਨਵਾਸ ਨਹੀਂ ਸੀ ਹੋਣਾ
ਰੱਬ ਹੁੰਦਾ ਤਾਂ ਰਾਵਣ ਦਾ ਨਾਸ਼ ਨਹੀਂ ਸੀ ਹੋਣਾ
ਰੱਬ ਹੁੰਦਾ ਤਾਂ ਸੀਤਾ ਦਾ ਮਖੌਲ ਨਾ ਹੁੰਦਾ
ਰੱਬ ਹੁੰਦਾ, ਤਾਂ ਸਿੱਕਿਆਂ 'ਚ ਤੋਲ ਨਾ ਹੁੰਦਾ
ਰੱਬ ਹੁੰਦਾ ਸੁਧਾਮੇ ਦਾ ਵੈਰਾਗ ਵੀ ਨਾ ਹੁੰਦਾ
ਰੱਬ ਹੁੰਦਾ ਤਾਂ ਸੀਤਾ ਦਾ ਤਿਆਗ ਵੀ ਨਾ ਹੁੰਦਾ
ਰੱਬ ਹੁੰਦਾ, ਦਰੋਪਤੀ ਦਾ ਚੀਰ ਨਾ ਹੁੰਦਾ
ਰੱਬ ਹੁੰਦਾ ਤਾਂ ਰੱਬ ਦਾ ਅਖੀਰ ਨਾ ਹੁੰਦਾ
ਰੱਬ ਹੁੰਦਾ ਤਾਂ ਕਦੇ ਵੀ ਸੁਨਾਮੀ ਨਹੀਂ ਸੀ ਆਉਣੀ
ਰੱਬ ਹੁੰਦਾ ਤਾਂ ਸਾਡੇ ਤੇ ਗੁਲਾਮੀ ਨਹੀਂ ਸੀ ਆਉਣੀ
ਰੱਬ ਹੁੰਦਾ ਚੁਰਾਸੀ ਦੇ ਫਸਾਦ ਨਹੀਂ ਸੀ ਹੋਣੇ
ਰੱਬ ਹੁੰਦਾ ਤਾਂ ਲੋਟੂ ਹੀ ਆਜ਼ਾਦ ਨਹੀਂ ਸੀ ਹੋਣੇ
ਰੱਬ ਹੁੰਦਾ, ਸੰਤਾਲ਼ੀ ਕਤਲਾਮ ਨਹੀਂ ਸੀ ਹੋਣਾ
ਰੱਬ ਹੁੰਦਾ ਜਿਉਂਦਿਆਂ ਨੂੰ ਕਿਸੇ ਨਹੀਂ ਸੀ ਰੋਣਾ
ਰੱਬ ਹੁੰਦਾ ਤਾਂ ਧੀਆਂ ਉੱਤੇ ਕਹਿਰ ਨਹੀਂ ਸੀ ਢਹਿਣਾ
ਰੱਬ ਹੁੰਦਾ ਤਾਂ ਭਾਈ ਭਾਈ ਵੈਰ ਨਹੀਂ ਸੀ ਪੈਣਾ
ਰੱਬ ਹੁੰਦਾ ਤਾਂ ਏਨੀ ਮਹਿੰਗਾਈ ਨਹੀਂ ਸੀ ਹੋਣੀ
ਰੱਬ ਹੁੰਦਾ ਪ੍ਰਦੂਸ਼ਿਤ ਆਵਾਜਾਈ ਨਹੀਂ ਸੀ ਹੋਣੀ
ਰੱਬ ਹੁੰਦਾ ਤਾਂ ਹਿੰਦੂਆਂ ਦਾ ਵੱਖ ਨਾ ਹੁੰਦਾ
ਰੱਬ ਹੁੰਦਾ ਤਾਂ ਮੰਦਰਾਂ 'ਚ ਡੱਕ ਨਾ ਹੁੰਦਾ
ਰੱਬ ਹੁੰਦਾ ਮਸ੍ਹੀਤਾਂ ਵਿੱਚ ਘੇਰ ਨਾ ਹੁੰਦਾ
ਰੱਬ ਹੁੰਦਾ ਤਾਂ ਚਰਚਾਂ 'ਚ ਨ੍ਹੇਰ ਨਾ ਹੁੰਦਾ
ਰੱਬ ਹੁੰਦਾ ਗੁਰੂਦੁਆਰਿਆਂ 'ਚ ਪਾਖੰਡ ਨਾ ਹੁੰਦਾ
ਰੱਬ ਹੁੰਦਾ ਤਾਂ ਵਿਕਾਊ ਪਾਠ-ਅਖੰਡ ਨਾ ਹੁੰਦਾ
ਰੱਬ ਹੁੰਦਾ ਤਾਂ ਹੋਰ ਬੜਾ ਕੁੱਝ ਨਹੀਂ ਸੀ ਹੋਣਾ
ਰੱਬ ਹੁੰਦਾ ਨਾ ਕਿਸੇ ਨੇ ਨਸੀਬਾਂ ਨੂੰ ਸੀ ਰੋਣਾ
ਰੱਬ ਹੈਨ੍ਹੀਂ, ਜੇ ਸ਼ੱਕ ਹੈ ਤਾਂ ਖੁਦ ਆਜ਼ਮਾ ਲਓ
ਰੱਬ ਹੈਨ੍ਹੀਂ, ਭਾਵੇਂ ਧੂਫ-ਧੂਣੀ ਵੀ ਧੁਖਾ ਲਓ
ਰੱਬ ਹੈਨ੍ਹੀਂ, ਕਿ ਲੱਭਣੇ ਨੂੰ ਟਿੱਲ ਪੂਰਾ ਲਾ ਲਓ
ਰੱਬ ਹੈਨ੍ਹੀਂ, ਇਹ ਭੋਲ਼ਾ ਜਿਹਾ ਮਨ ਸਮਝਾ ਲਓ
ਰੱਬ ਹੈਗਾ ਤਾਂ ਵਿਹਲੜ ਪੁਜਾਰੀਆਂ ਲਈ ਹੈਗਾ
ਰੱਬ ਹੈਗਾ ਤਾਂ ਆਜ਼ਾਦ ਦੰਗਾਕਾਰੀਆਂ ਲਈ ਹੈਗਾ
ਰੱਬ ਹੈਗਾ ਤਾਂ ਮੰਦਰੀਂ ਚੜ੍ਹਾਵੇ ਲਈ ਹੈਗਾ
ਰੱਬ ਹੈਗਾ ਤਾਂ ਥਾਣੇ 'ਚ ਵਿਖਾਵੇ ਲਈ ਹੈਗਾ
ਆਓ ਜੇ ਰੱਬ ਦਾ ਹੈ ਭੇਤ ਪਾਉਣਾ ਆਓ
ਆਓ ਕਿ ਰੱਬ ਵਾਲੇ ਯੱਭ ਨੂੰ ਮੁਕਾਓ
ਆਓ ਮੈਂ ਰੱਬ ਕਿੱਦਾਂ ਜੰਮਿਆ ਵਿਖਾਵਾਂ
ਆਓ ਮੈਂ ਭੇਤ ਉੱਤੋਂ ਪਰਦੇ ਹਟਾਵਾਂ
ਰੱਬ ਇੱਕ ਪਰ ਵੇਖੋ ਅਣਗਿਣਤ ਨੇ ਮਾਵਾਂ
ਇੱਕ ਰੱਬ ਨਾਲ ਢੱਕ ਲਈਆਂ ਸਾਰੀਆਂ ਬਲਾਵਾਂ
ਸਮਾਂ ਸੀ ਸੁਹਾਣਾ, ਕੋਈ ਰੱਬ ਸੀ ਨਾ ਯੱਭ ਸੀ
ਇੱਕ ਦੂਜੇ ਨਾਲ ਪਿਆਰ ਹੱਦ ਨਾਲੋਂ ਵੱਧ ਸੀ
ਮਿਹਨਤੀ ਸੀ ਸਾਰੇ, ਸਾਰੇ ਹੱਥੀਂ ਕੰਮ ਕਰਦੇ
ਇੱਕ ਦੂਜੇ ਨਾਲ ਦੁੱਖ-ਸੁੱਖ ਵਿੱਚ ਖੜਦੇ
ਮੀਂਹ ਹੜ੍ਹ ਸੋਕਾ, ਕੁਦਰਤ ਵਾਲੀ ਮਾਰ ਸੀ
ਪਰ ਏਹਦੇ ਬਾਰੇ ਉਦੋਂ ਕਿਸੇ ਨੂੰ ਨਾ ਸਾਰ ਸੀ
ਬੀਮਾਰੀ ਪੈ ਜਾਂਦੀ ਸੀ ਤੇ ਕਾਲ ਪੈ ਜਾਂਦਾ ਸੀ
ਪੁੱਠਾ ਸਿੱਧਾ ਮਨ 'ਚ ਖਿਆਲ ਪੈ ਜਾਂਦਾ ਸੀ
ਪਾਣੀ ਲਈ ਇੰਦਰ, ਖਵਾਜਾ ਕਿਸੇ ਘੜਿਆ
ਸੋਕੇ ਲਈ ਅਪਣਾ ਮੁਲਾਹਜਾ ਕਿਸੇ ਘੜਿਆ
ਅਧੂਰੀ ਜਾਣਕਾਰੀ ਸੀ ਤੇ ਮਨ ਵਿੱਚ ਡਰ ਸੀ
ਜੱਕੋ ਤਕੀ ਵਿੱਚ ਕਿਸੇ ਰੱਬ ਲਿਆ ਘੜ ਸੀ
ਮੀਂਹ ਆਵੇ ਨ੍ਹੇਰੀ ਆਵੇ, ਰੱਬ ਨੂੰ ਧਿਆਓ ਜੀ
ਰੱਬ ਰੱਬ ਕਰ ਔਖੀ ਘੜੀ ਨੂੰ ਲੰਘਾਓ ਜੀ
ਨਾ ਸਮਝੀ ਨੂੰ ਕਹਿਣ ਚਮਤਕਾਰ ਹੋਣ ਲੱਗਿਆ
ਹੋਲ਼ੀ-ਹੋਲ਼ੀ ਰੱਬ ਪ੍ਰਚਾਰ ਹੋਣ ਲੱਗਿਆ
ਫਸਲ ਚੰਗੀ ਹੋਗੀ ਆਖ ਮੇਹਰਬਾਨੀ ਰੱਬ ਦੀ
ਘੜ ਹੋਈ ਏਦਾਂ ਜੀ ਵਿਉਂਤ ਫਿਰ ਯੱਗ ਦੀ
ਫਸਲ ਹੋਈ ਮਾੜੀ ਵਹਿਮਾਂ ਵਿੱਚ ਪੈਣ ਲੱਗ ਪਏ
ਏਦਾਂ ਜੀਆ-ਜੰਤੂਆਂ ਦੀ ਬਲੀ ਲੈਣ ਲੱਗ ਪਏ
ਕਬੀਲੇ ਚੋਂ ਸਿਆਣਾ ਬੰਦਾ ਲੱਭ ਕੇ ਬਿਠਾ ਲਿਆ
ਸਾਰੇ ਧਨ ਮਾਲ ਦਾ ਉਹ ਰਾਖਾ ਸੀ ਬਣਾ ਲਿਆ
ਲਾਲਚ ਫਰੇਬ ਨਾ ਕੋਈ ਮਨ ਵਿੱਚ ਖੋਟ ਸੀ
ਰੱਬ ਰੱਬ ਕਰਦੇ ਦਾ ਕੰਮ ਆਇਆ ਲੋਟ ਸੀ
ਪੁੱਤ ਪੌਤੇ ਪੈਦਾ ਹੋਏ ਵੰਸ਼ ਅੱਗੇ ਵਧਿਆ
ਇਹ ਰੱਬ ਵਾਲਾ ਧੰਦਾ ਉਹਨਾਂ ਲਾਹੇਵੰਦ ਲੱਗਿਆ
ਮਿਹਨਤੀ ਦੇ ਪੁੱਤ ਪੌਤਿਆਂ ਦਾ ਵੀ ਇਹ ਹਾਲ ਸੀ
ਉਵੇਂ ਹੀ ਚਲਾਈ ਗਏ ਜਿਵੇਂ ਚੱਲੀ ਚਾਲ ਸੀ
ਵਿਗਿਆਨੀਆਂ ਨੇ ਕੁਦਰਤ ਵਾਲਾ ਭੇਤ ਪਾ ਲਿਆ
ਵਿਹਲੜਾਂ ਨੇ ਰੱਬ ਵਾਲਾ ਧੰਦਾ ਅਪਣਾ ਲਿਆ
ਵਿਹਲੜ ਪੁਜਾਰੀ, ਕਾਮੇ ਭਗਤ ਹੁੰਦੇ ਚਲੇ ਗਏ
ਏਦਾਂ ਈ ਅੱਗੇ, ਅੱਗੇ ਤੋਂ ਜਗਤ ਹੁੰਦੇ ਚਲੇ ਗਏ
ਪੁਜਾਰੀਆਂ ਦੇ ਨਾਲ ਜੀ ਲੁਟੇਰੇ ਆਣ ਰਲ਼ ਗਏ
ਏਧਰੋਂ ਤੇ ਓਧਰੋਂ ਬਥ੍ਹੇਰੇ ਆਣ ਰਲ਼ ਗਏ
ਵਿਗਿਆਨ ਦੀ ਤਰੱਕੀ ਖੂਹ ਖਾਤੇ ਵਿੱਚ ਪੈ ਗਈ
ਰੱਬ ਵਾਲੀ ਘਾੜਤ ਦਿਮਾਗ ਵਿੱਚ ਬਹਿ ਗਈ
ਲੁਟੇਰੇ ਬਣੇ ਰਾਜੇ ਨਾਲ਼ ਰਲ਼ ਗਿਆ ਪੁਜਾਰੀ ਜੀ
ਦੋਹਾਂ ਨੇ ਚਲਾਈ ਰੱਬ ਦੀ ਦੁਕਾਨਦਾਰੀ ਜੀ
ਖੂਬ ਕਰੋ ਮਿਹਨਤ ਤੇ ਖੂਬ ਕਰੋ ਦਾਨ ਜੀ
ਹੋਊ ਬੜਾ ਪੁੰਨ ਖੁਸ਼ ਹੋਊ ਭਗਵਾਨ ਜੀ
ਪਿਛਲੇ ਜਨਮ ਵਾਲੇ ਪਾਪ ਕੱਟੇ ਜਾਣਗੇ
ਬੋਲੇ ਜਿਹੜੇ ਅਨਾਪ ਤੇ ਸ਼ਨਾਪ ਕੱਟੇ ਜਾਣਗੇ
ਬੀਮਾਰੀ ਤੇ ਕਲੇਸ਼ ਵਾਲਾ ਘਰ ਵਿੱਚੋਂ ਨਾਸ਼ ਹੋਊ
ਰਾਮ ਰਾਮ ਕਰੋ, ਰਾਮ ਜੀ ਨਾਲ ਮਿਲਾਪ ਹੋਊ
ਮੁਕਤੀ ਮਿਲੇਗੀ ਤੇ ਸਵਰਗਾਂ 'ਚ ਜਾਓਗੇ
ਕਿਸੇ ਨਾ ਸੱਚ ਦੱਸਿਆ ਏਥੇ ਹੀ ਧੱਕੇ ਖਾਓਗੇ
ਕਿਰਤੀ ਤਾਂ ਕਿਰਤ ਕਮਾਉਣ ਜੋਗਾ ਰਹਿ ਗਿਆ
ਮਿਹਨਤਾਂ ਦੀ ਚੋਪੜੀ ਲੁਟਾਉਣ ਜੋਗਾ ਰਹਿ ਗਿਆ
ਫੋੜਾ ਵੀ ਜੇ ਹੋਇਆ ਝੱਟ ਪੰਡਿਤ ਬੁਲਾ ਲਿਆ
ਦਾਣਿਆਂ ਦੀ ਬੋਰੀ ਨਾਲ ਠਾਕਾ ਕਰਵਾ ਲਿਆ
ਲੋਕਾਂ ਦਿਆਂ ਦੁੱਖਾਂ ਤੇ ਵੀ ਮੋਰਚੇ ਬਣਾ ਲਏ
ਮਰ-ਮੁੱਕ ਗਿਆਂ ਦੇ ਸਰਾਧ ਰਖਵਾ ਲਏ
ਬਦਲਿਆ ਸਮਾਂ ਲੋਕ ਲਿਖ ਪੜ੍ਹ ਗਏ ਜੀ
ਜਗੀਰਦਾਰ ਰਾਜਿਆਂ ਦੀ ਥਾਵੇਂ ਖੜ੍ਹ ਗਏ ਜੀ
ਹੱਕ ਲਿਆ ਵੋਟ ਦਾ ਉਹ ਹੱਕ ਮਾਰ ਲੈ ਗਏ
ਏਥੇ ਵੀ ਤਾਂ ਬਾਜ਼ੀ ਸਰਮਾਏਦਾਰ ਲੈ ਗਏ
ਰੱਬ ਇੱਕ ਢੋਂਗ ਹੈ, ਨਾ ਜੀਹਦੀ ਕੋਈ ਹੋਂਦ ਹੈ
ਹਜੂਰਾਂ ਨਾਲ ਪੁੱਗ ਤੇ ਮਜ਼ੂਰਾਂ ਨਾਲ ਰੋਂਢ ਹੈ
ਰੱਬ ਇੱਕ ਮਿੱਥ ਹੈ ਨਾ ਜੀਹਦੀ ਕੋਈ ਤਿੱਥ ਹੈ
ਹਜ਼ੂਰਾਂ ਨਾਲ ਸਾਂਝ ਤੇ ਮਜ਼ੂਰਾਂ ਨਾਲ ਵਿੱਥ ਹੈ
ਰੱਬ ਇੱਕ ਦੰਭ ਹੈ ਇਹ ਕੂੜ ਪ੍ਰਚਾਰ ਹੈ
ਤਰੱਕੀਆਂ ਦੇ ਰਾਹ 'ਚ ਅਣਦਿਸਦਾ ਪਹਾੜ ਹੈ... ਓਏ ਲੋਕਾ
ਲੋਕਾ, ਮੈਂ ਦੇਂਦਾ ਫਿਰਾਂ ਸੱਚ ਵਾਲਾ ਹੋਕਾ
ਲੋਕਾ, ਵੇ ਤੇਰੇ ਨਾਲ ਹੁੰਦਾ ਆਇਆ ਧੋਖਾ
ਲੋਕਾ, ਵੇ ਇਹ ਜੋ ਲਹੂ ਪੀਣੀਆਂ ਨੇ ਜੋਕਾਂ
ਲੋਕਾ ਵੇ ਇਨ੍ਹਾਂ ਨੂੰ ਤੂੰ ਗਲ਼ੋਂ ਲਾਹਦੇ ਲੋਕਾ
ਲੋਕਾ, ਮੈਂ ਦੇਂਦਾ ਫਿਰਾਂ ਸੱਚ ਵਾਲਾ ਹੋਕਾ.......... ਓ ਓ ਲੋਕਾ॥

ਔਰਤ ਦੀ ਹੋਣੀ ਸ਼ਾਇਦ ਇਹੋ ਐ..

ਮਾਹੀ ਦੇ ਵਿਛੋੜੇ ਵਿੱਚ ਮੱਚੀ ਹਾਹਾਕਾਰ ਨੂੰ
ਲਾਜ਼ਮੀ ਨਹੀਂ ਕਿ ਗੀਤ ਹੀ ਕਿਹਾ ਜਾਵੇ, ਵੰਗਾਂ ਦੀ ਛਣਕਾਰ ਨੂੰ,

ਪੱਥਰਾਂ ਤੋਂ ਚੋਟ ਬਿਨਾਂ ਉਮੀਦ ਵੀ ਕੀ ਹੋ ਸਕਦੀ ਏ,
ਉਹ ਮੈਅ ਹੀ ਸਮਝਦੇ ਨੇ ਹੰਝੂਆਂ ਦੀ ਧਾਰ ਨੂੰ,

ਲਾਹ ਲੈਂਦੇ ਝੱਟ ਵੈਰੀ ਸੱਭਿਆ ਸਮਾਜ ਦੇ
ਕੋਠੇ ਉੱਤੇ ਚੜ੍ਹੀ ਹੋਈ ਸੋਹਣੀ ਮੁਟਿਆਰ ਨੂੰ,

ਜਵਾਨੀ ਤੇ ਸੁਹੱਪਣ ਦਾ ਸੁਮੇਲ ਵੀ ਕੀ ਕਰਨਾ,
ਅੱਗ 'ਚੋਂ ਲੰਘਾ ਕੇ ਵੀ ਨਾ ਢੋਈ ਮਿਲੇ ਨਾਰ ਨੂੰ,

ਗਹਿਣਾ ਹੁੰਦਾ ਕੰਤ ਜਿਹੜਾ ਮਾਪਿਆਂ ਸਹੇੜਿਆ
ਚੱਟਣਾ ਨ੍ਹੀਂ ਹੁੰਦਾ ਕਿਸੇ ਹਾਰ ਤੇ ਸ਼ਿੰਗਾਰ ਨੂੰ,

ਤਾਂ ਵੀ ਕਿਹੜਾ ਜਿਉਣ ਦਿੰਦੇ ਸਹਿਬਾਂ ਜੀਣ-ਜੋਗੜੀ ਨੂੰ
ਚੰਗੀ ਤਰਾਂ ਜਾਣਦੀ ਸੀ ਮਿਰਜ਼ੇ ਦੇ ਵਾਰ ਨੂੰ,

ਉਹ ਤਾਂ ਵਿਚਾਰੀ ਬਾਲ਼ੀ-ਭੋਲ਼ੀ ਜਿਹੀ ਹੁੰਦੀ ਐ
ਲੋਕੀਂ ਗੌਰ ਨਾਲ ਤੱਕਦੇ ਨੇ ਅੰਗਾਂ 'ਚ ਉਭਾਰ ਨੂੰ,

ਔਰਤ ਹੈ, ਔਰਤ ਦੀ ਹੋਣੀ ਸ਼ਾਇਦ ਇਹੋ ਐ
ਹਾਰ ਜਾਂਦੀ ਘਰੇ ਆਕੇ, ਜਿੱਤ ਕੇ ਸੰਸਾਰ ਨੂੰ।।

ਕਾਰਗਿਲ ਜੰਗ ਦੌਰਾਨ ਲਿਖਿਆ ਗੀਤ


ਬਾਡਰਾਂ ਦੇ ਉੱਤੇ ਬਿੱਲੋ ਚੱਲਦੀ ਐ ਗੋਲ਼ੀ
ਹੁੰਦੀਆਂ ਲੜਾਈਆਂ ਆਰ-ਪਾਰ ਦੀਆਂ.....।।
ਸੱਜਰੀ ਵਿਆਹੀ ਦਾ ਦੁਹਾਈਆਂ ਚੂੜਾ ਪਾਵੇ
ਰੱਬ ਖੈਰਾਂ ਕਰੇ ਮੇਰੇ ਸਰਦਾਰ ਦੀਆਂ.......।

ਸੋਚ ਕੇ ਚਲਾਈਂ ਗੋਲ਼ੀ ਵੈਰੀਆਂ ਦੇ ਉੱਤੇ
ਕਈ ਸੱਜਰੀ ਵਿਆਹੀਆਂ ਦੇ ਸੁਹਾਗ ਹੋਣਗੇ......।
ਸਾਡਾ ਕੀ ਕਸੂਰ ਰੰਗਰੂਟ ਮਜ਼ਬੂਰ
ਖੋਰੇ ਸਾਡੇ ਹੱਥੋਂ ਕਿੰਨੇ ਬਰਬਾਦ ਹੋਣਗੇ....।।

ਕੀਹਦਾ ਕਰੇ ਚਿੱਤ ਕਰੇ ਵੈਰੀਆਂ ਨੂੰ ਟਿੱਚ ਨੀਂ
ਗੋਰਿਆਂ ਨੇ ਖਿੱਚ'ਤੀ ਲਕੀਰ ਸਾਡੇ ਵਿੱਚ ਨੀਂ
ਮਸਲਾ ਲੜਾਈ,ਇਹ ਨ੍ਹੀਂ ਮਸਲੇ ਦਾ ਹੱਲ
ਨਾ ਆਉਣ ਨੀਤੀਆਂ ਸਮਝ ਸਰਕਾਰ ਦੀਆਂ......।।
ਸੱਜਰੀ ਵਿਆਹੀ ਦਾ ਦੁਹਾਈਆਂ ਚੂੜਾ ਪਾਵੇ
ਰੱਬ ਖੈਰਾਂ ਕਰੇ ਮੇਰੇ ਸਰਦਾਰ ਦੀਆਂ.......।......

ਮਾਵਾਂ ਦੇ ਕਈ ਪੁੱਤ ਹੋਣੇ ਭੈਣਾਂ ਦੇ ਕਈ ਵੀਰ ਵੇ
ਬੱਲ-ਬੱਚੇ ਵਾਲੇ ਹੋਣੇ ਸੋਚ ਲਈਂ ਅਖੀਰ ਵੇ
ਜਿਨ੍ਹਾਂ ਦਿਆਂ ਸਿਰਾਂ ਉੱਤੇ ਰਹਿਣੀ ਨਹੀਓਂ ਛੱਤ
ਆਪੇ ਸੋਚ ਭਲਾਂ ਉਨ੍ਹਾਂ ਦੇ ਕੀ ਹਾਲ ਹੋਣਗੇ.......
ਸਾਡਾ ਕੀ ਕਸੂਰ ਰੰਗਰੂਟ ਮਜ਼ਬੂਰ
ਖੋਰੇ ਸਾਡੇ ਹੱਥੋਂ ਕਿੰਨੇ ਬਰਬਾਦ ਹੋਣਗੇ....।।

ਫੌਜ ਦੇ ਸਿਪਾਹੀ ਉੱਤੇ ਦੇਸ਼ ਨੂੰ ਏ ਮਾਣ
ਪਰ ਟੁੱਟਿਆ ਏ ਅਪਣਾ ਹੀ ਮਾਣ ਨੀਂ
ਚਿੜੀ ਹੋਵੇ ਕਾਂ, ਭਾਵੇਂ ਮਿੱਤਰ ਜਾਂ ਵੈਰੀ
ਬਿੱਲੋ ਸਭ ਨੂੰ ਪਿਆਰੀ ਹੁੰਦੀ ਜਾਨ ਨੀਂ
ਬਿੰਨ੍ਹ ਕੇ ਨਿਸ਼ਾਨਾ ਪੈਂਦਾ ਦੱਬਣਾ ਏ ਘੋੜਾ
ਜਦੋਂ ਸਾਥੀਆਂ ਨੂੰ ਗੋਲ਼ੀਆਂ ਲਿਤਾੜਦੀਆਂ
ਸੱਜਰੀ ਵਿਆਹੀ ਦਾ ਦੁਹਾਈਆਂ ਚੂੜਾ ਪਾਵੇ
ਰੱਬ ਖੈਰਾਂ ਕਰੇ ਮੇਰੇ ਸਰਦਾਰ ਦੀਆਂ.......।......

ਢਿੱਡੋਂ ਭੁੱਖੀ ਰਹਿ ਲਊਂ ਸਿਰੋਂ ਨੰਗੀ ਨ੍ਹੀਂ ਮੈਂ ਰਹਿਣਾ
ਚੰਨਾ ਛੱਡ ਰੰਗਰੂਟੀ ਆਜਾ ਘਰ ਵੇ
ਲੋਕਾਂ ਦਿਆਂ ਛਿੱਲੜਾਂ ਤੇ ਕਰ ਲਊਂ ਗੁਜ਼ਾਰਾ
ਪਿਆ ਮੰਗਣਾ ਮੰਗੂੰਗੀ ਦਰ-ਦਰ ਵੇ
ਪਰ ਸਾਡੇ ਕੋਲੋਂ ਰੱਬ ਪਾਪ ਨਾ ਕਰਾਵੇ
ਹੁੰਦੇ ਹੋਣ ਦੇ ਵੇ ਜੇਹੜੇ ਵੀ ਨਾਰਾਜ਼ ਹੋਣਗੇ
ਸਾਡਾ ਕੀ ਕਸੂਰ ਰੰਗਰੂਟ ਮਜ਼ਬੂਰ
ਖੋਰੇ ਸਾਡੇ ਹੱਥੋਂ ਕਿੰਨੇ ਬਰਬਾਦ ਹੋਣਗੇ....।।

ਗੱਲ ਤੇਰੀ ਠੀਕ ਜਮਾਂ ਪੱਥਰ ਤੇ ਲੀਕ
ਪਰ ਨੌਕਰੀ ਨ੍ਹੀਂ ਸਕਦਾ ਮੈਂ ਛੱਡ ਨੀਂ
ਪੀਰਾਂ ਦਰ ਜਾਕੇ ਬੜੇ ਨੱਕ ਰਗੜਾਏ
ਬੜੀ ਨੌਕਰੀ ਲਈ ਕੀਤੀ ਨੱਠ੍ਹ-ਭੱਜ ਨੀਂ
ਹੌਸਲਾ ਨਾ ਛੱਡ ਬਿੱਲੋ ਜੰਗ ਦੇ ਦਿਨਾਂ 'ਚ
ਗੱਲਾਂ ਸੁਣੀਏ ਨਾ ਕਰੀਏ ਪਿਆਰ ਦੀਆਂ
ਸੱਜਰੀ ਵਿਆਹੀ ਦਾ ਦੁਹਾਈਆਂ ਚੂੜਾ ਪਾਵੇ
ਰੱਬ ਖੈਰਾਂ ਕਰੇ ਮੇਰੇ ਸਰਦਾਰ ਦੀਆਂ.......।......

ਦੇਸ਼ ਦਾ ਸਿਪਾਹੀ ਕਰਾਂ ਤੇਰੇ ਲਈ ਦੁਆਵਾਂ
ਸਾਡੇ ਮੁਆਫ਼ ਕਰੀਂ ਬੋਲ ਤੇ ਕੁਬੋਲ ਵੇ
ਭਾਵਨਾਵਾਂ ਵਿੱਚ ਵਹਿਕੇ ਮੈਂ ਤਾਂ ਦਿਲ ਹੋਲ਼ਾ ਕੀਤਾ
ਜੰਗ ਜਿੱਤ ਕੇ ਹੀ ਮੁੜੀਂ ਚੰਨ ਢੋਲ ਵੇ
ਸਾਡੀ ਕਿਹੜਾ ਸਤਲੁਜ ਬਿਆਸ ਸੁੱਕੀ ਰਹਿਜੂ
ਲਾਲ ਲਹੂ ਨਾਲ ਰਾਵੀ ਜੇ ਚਿਨ੍ਹਾਬ ਹੋਣਗੇ.............।।

(ਏਸ ਗੀਤ ਵਿੱਚ ਰੱਬ ਸ਼ਬਦ ਦਾ ਇਸਤੇਮਾਲ ਇਸ ਲਈ ਹੈ ਕਿ ਉਦੋਂ ਅਜੇ ਮੈਂ ਹਨੇਰੇ ਵਿੱਚ ਹੀ ਘੁੰਮਦਾ ਸੀ, ਰੱਬ ਦਾ ਭੇਤ ਨਹੀਂ ਸੀ ਜਾਣਿਆ)

ਔਰਤ...

ਔਰਤ ਪੈਰ ਦੀ ਜੁੱਤੀ ਹੈ
ਔਰਤ ਨਾਗਣੀ ਹੈ
ਜੋ ਕਿਸੇ ਨੂੰ ਵੀ ਡੰਗ ਸਕਦੀ ਹੈ
ਔਰਤ ਦੀ ਮੱਤ ਗਿੱਚੀ ਪਿੱਛੇ ਹੁੰਦੀ ਐ
ਔਰਤ ਨੂੰ ਬਹੁਤਾ ਸਿਰ ਨਹੀਂ ਚੜ੍ਹਾਉਣਾ ਚਾਹੀਦਾ
ਔਰਤ ਦਾ ਕਦੇ ਯਕੀਨ ਨਹੀਂ ਕਰਨਾ ਚਾਹੀਦਾ
ਸਾਰੀ ਉਮਰ ਔਰਤ ਪ੍ਰਤੀ ਇਹ ਅਲੰਕਾਰ ਵਰਤਣ ਵਾਲਾ
ਅੱਜ ਖਾਮੋਸ਼ ਹੋ ਗਿਆ ਹੈ
ਨਹੀਂ! ਉਹ ਮਰਿਆ ਨਹੀਂ
ਉਸ ਦਾ ਮਰਣ ਹੋ ਗਿਆ ਹੈ
ਅੱਜ ਇਹੋ ਸ਼ਬਦ
ਉਸ ਦੇ ਸਾਹਮਣੇ
ਉਸ ਦੇ ਜਵਾਈ ਨੇ ਵਰਤੇ ਹਨ

ਨਾ ਪਾਵੀਂ ਨਾ ਪਾਵੀਂ ਸੁਰਮਾ ਨਾ ਪਾਵੀਂ...

ਗੱਲ ਸੁਣ ਮਜ਼ਦੂਰਨ ਕੁੜੀਏ
ਨੀਂ ਜਜ਼ਬਾਤਾਂ ਵਿੱਚ ਨਾ ਰੁੜ੍ਹੀਏ
ਤੇ ਨਾ ਬਿਨਾਂ ਖੰਭਾਂ ਤੋਂ ਉੜੀਏ
ਸੁਰਮਾ ਨਾ ਪਾਵੀਂ.......
ਨਾ ਪਾਵੀਂ ਨਾ ਪਾਵੀਂ ਸੁਰਮਾ ਨਾ ਪਾਵੀਂ...।

ਤੂੰ ਨਾ ਤਾਂ ਕੋਈ ਸ਼ਹਿਜਾਦੀ
ਤੇਰੇ ਹਿੱਸੇ ਨਹੀਂ ਆਜ਼ਾਦੀ
ਤੂੰ ਤਾਂ ਵਧਦੀ ਇੱਕ ਆਬਾਦੀ
ਸ਼ਾਹਾਂ ਦਾ ਠਾਠ ਤੇਰੀ ਬਰਬਾਦੀ
ਸੁਰਮਾ ਨਾ ਪਾਵੀਂ.......
ਨਾ ਪਾਵੀਂ ਨਾ ਪਾਵੀਂ ਸੁਰਮਾ ਨਾ ਪਾਵੀਂ...।

ਇਹ ਮਟਕਾਉਣ ਕਿਸੇ ਨਹੀਂ ਦੇਣਾ
ਹੰਝ-ਪਸੀਨੇ ਦੇ ਨਾਲ ਲਹਿਣਾ
ਰਾਕਸ਼ ਬਿਰਤੀਓਂ ਬਚਣਾ ਪੈਣਾ
ਮੇਰਾ ਆਖਾ ਮੰਨ ਲੈ ਭੈਣਾਂ
ਸੁਰਮਾ ਨਾ ਪਾਵੀਂ.......
ਨਾ ਪਾਵੀਂ ਨਾ ਪਾਵੀਂ ਸੁਰਮਾ ਨਾ ਪਾਵੀਂ...।

ਸੁਰਮਾ ਤਾਂ ਅੱਖੀਆਂ ਵਿੱਚ ਪਾਉਂਦੀ
ਜੰਮ ਕੇ ਚੱਜ ਦੇ ਘਰ ਵਿੱਚ ਆਉਂਦੀ
ਰੱਬ ਤੋਂ ਚੰਗੇ ਲੇਖ ਲਿਖਾਉਂਦੀ
ਜੀਅ-ਜੀਅ ਤੋਂ ਜੀ-ਜੀ ਅਖਵਾਉਂਦੀ
ਸੁਰਮਾ ਨਾ ਪਾਵੀਂ.......
ਨਾ ਪਾਵੀਂ ਨਾ ਪਾਵੀਂ ਸੁਰਮਾ ਨਾ ਪਾਵੀਂ...।

ਹਾਰ-ਸ਼ਿੰਗਾਰ ਤੂੰ ਤਾਂ ਲਗਾਵੇਂ
ਜੋਬਨ ਜੇ ਤੇਰੇ ਤੇ ਆਵੇ
ਚਾਅ ਤਾਂ ਜੰਮਦਿਆਂ ਹੀ ਮਰ ਜਾਵੇ
ਭੁੱਖਾ ਢਿੱਡ ਦੁਹਾਈਆਂ ਪਾਵੇ
ਸੁਰਮਾ ਨਾ ਪਾਵੀਂ.......
ਨਾ ਪਾਵੀਂ ਨਾ ਪਾਵੀਂ ਸੁਰਮਾ ਨਾ ਪਾਵੀਂ...।

ਤੂੰ ਜਿਉਂਦੀ ਰਹੇਂ ਸ਼ੁਦੈਣੇ
ਆਪਾਂ ਗਿਣ-ਗਿਣ ਬਦਲੇ ਲੈਣੇਉੱਠ ਤੇ ਜਾਗ ਮੇਰੀਏ ਭੈਣੇ
ਹੁਣ ਨਹੀਂ ਹੋਰ ਭੁਲੇਖੇ ਰਹਿਣੇ
ਸੁਰਮਾ ਨਾ ਪਾਵੀਂ.......
ਨਾ ਪਾਵੀਂ ਨਾ ਪਾਵੀਂ ਸੁਰਮਾ ਨਾ ਪਾਵੀਂ...।
ਆਪਾਂ ਜੰਮਣ ਦੇ ਹੱਕ ਲੈਣੇ ਸੁਰਮਾ ਨਾ ਪਾਵੀਂ.....॥

ਬੇ-ਸ਼ਰਮਾਂ ਦੀ ਮੰਡੀ...

ਬੱਸ ਇੱਕੋ ਦਿਨ ਸੁਹਾਗਣ ਹਾਂ, ਬਾਕੀ ਪੰਜ ਸਾਲ ਮੈਂ ਰੰਡੀ ਹਾਂ,
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥

ਜੋ ਨਹੀਂ ਫਸਿਆ, ਬੱਸ ਉਹੀ ਸਾਧ, ਬਾਕੀ ਸਭ ਚੋਰ ਕਹਾਉਂਦੇ ਨੇ
ਸਾਈਲੈਂਟ ਸਪੀਕਰ ਹੁੰਦਾ ਏ, ਬਾਕੀ ਸਭ ਰੋਲ਼ਾ ਪਾਉਂਦੇ ਨੇ
ਆਸ਼ਿਕ ਲਈ ਪਾਕ-ਪਵਿੱਤਰ ਹਾਂ, ਖਸਮਾਂ ਲਈ ਲੁੱਚੀ-ਲੰਡੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥

ਜਿਨ੍ਹਾਂ ਦੀ ਅਪਣੀ ਇੱਜ਼ਤ ਨਹੀਂ ਕੀ ਮੇਰੀ ਇੱਜ਼ਤ ਰੱਖਣਗੇ
ਹਲਕਾਅ ਦਾ ਖਤਰਾ ਰਹਿੰਦਾ ਏ, ਉਹ ਤਲੀਆਂ ਵੀ ਜੇ ਚੱਟਣਗੇ
ਮੈਂ ਹੈ ਸੀ ਮੂਰਤ ਸੋਨੇ ਦੀ, ਜੀਹਦਾ ਦਾਅ ਲੱਗਿਆ ਰੰਦੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥

ਮੈਨੂੰ ਕੀ ਪਤਾ ਸੀ ਇੱਕ ਦਿਨ ਇਹ ਸਭ ਭਰਮ-ਭੁਲੇਖੇ ਟੁੱਟਣਗੇ
ਮੇਰੀ ਹੀ ਕੁੱਖੋਂ ਜੰਮੇ ਜੋ, ਮੇਰੀ ਹੀ ਇੱਜ਼ਤ ਲੁੱਟਣਗੇ
ਅਮਰੀਕਨਾਂ ਲਈ ਹਾਂ ਗਰਮ ਬੜੀ, ਤੇ ਆਪਣਿਆਂ ਲਈ ਠੰਢੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥

ਮੇਰੇ ਤੇ ਚਾਦਰ ਪਾ ਲਈ ਹੈ,ਘਪਲਿਆਂ ਤੇ ਭ੍ਰਿਸ਼ਟਾਚਾਰੀਆਂ ਨੇ
ਹਾਏ ਅੰਗ -ਅੰਗ ਮੇਰਾ ਚੂੰਢ ਲਿਆ, ਬੇਈਮਾਨਾਂ ਖੱਦਰਧਾਰੀਆਂ ਨੇ
ਬਾਜ਼ੀਗਰ ਬਾਜ਼ੀ ਪਾਉਂਦੇ ਜਿਉਂ, ਮੈਂ ਇਉਂ ਸੂਲ਼ੀ ਤੇ ਟੰਗੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥

ਸ਼ਰਾਬ ਦੇ 'ਹਾਤੇ ਵਿੱਚ ਵੀ ਤਾਂ ਕੋਈ ਸੁਹਜ-ਸਲੀਕਾ ਹੁੰਦਾ ਹੋਊ
ਸ਼ਾਂਤੀ ਨਾਲ ਪੀਂਦੇ-ਖਾਂਦੇ ਹੋਊ, ਕੋਈ ਢੰਗ ਤਰੀਕਾ ਹੁੰਦਾ ਹੋਊ
ਕੁਰਸੀਆਂ ਤੇ ਜੁੱਤੀਆਂ ਚੱਲਦੀਆਂ ਨੇ, ਮੈਂ ਕੁੱਲ੍ਹ ਦੁਨੀਆਂ ਵਿੱਚ ਨੰਗੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥

ਨੌਜਵਾਨੋ ਮੇਰੇ ਦੇਸ਼ ਦਿਓ ਤੁਸੀਂ ਕੁੱਝ ਤਾਂ ਸੋਚ ਵਿਚਾਰ ਕਰੋ
ਮੈਂ ਡਿਗਦੀ-ਢਹਿੰਦੀ ਜਾਂਦੀ ਹਾਂ, ਮੈਨੂੰ ਮੁੜ ਤੋਂ ਪੱਬਾਂ ਭਾਰ ਕਰੋ
ਮੈਨੂੰ ਵਰ੍ਹ ਲਓ ਮੇਰੇ ਆਸ਼ਕੋ ਵੇ ਮੈਂ ਤੁਹਾਡੇ ਹੀ ਨਾਲ ਮੰਗੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥

ਮਲਾਲਾ ਤੈਨੂੰ ਸਲਾਮ...

ਗਰਲਜ਼ ਸਕੂਲ
ਗਰਲਜ਼ਹੋਸਟਲ
ਗਰਲਜ਼ ਕਾਲਜ ਦੇ ਨੇੜੇ
ਰੋਜ਼ਾਨਾ ਬੁੱਲਟ ਦੇ ਪਟਾਕੇ ਛੱਡਦੀ ਮੁੰਡ੍ਹੀਰ ਵਲੋਂ
ਮਲਾਲਾ ਤੈਨੂੰ ਸਲਾਮ.......।

ਮਾਸੂਮਾਂ ਦੇ ਲੱਕ ਮਿਣਨ ਵਾਲੇ
ਗਾਇਕਾਂ ਅਤੇ ਗੀਤਕਾਰਾਂ
ਰੋਜ਼ਾਨਾ ਘਰੋਂ ਦੂਰ-ਦੁਰੇਡੇ
ਤਾਲੀਮ ਹਾਸਲ ਕਰਨ ਜਾਂਦੀਆਂ ਵਿਦਿਆਰਥਣਾਂ ਨੂੰ
ਬੱਸਾਂ ਵਿੱਚ ਜ਼ਲੀਲ ਕਰਨ ਵਾਲੇ
ਡਰਾਈਵਰਾਂ/ਕੰਡਕਟਰਾਂ ਅਤੇ ਬਾਊਆਂ ਵਲੋਂ
ਮਲਾਲਾ ਤੈਨੂੰ ਸਲਾਮ...............।

ਹਿਰਦੇ ਵਲੂਧਰਦੀ ਚੀਕ
ਮਹਿਲ ਕਲਾਂ ਦੀ ਕਿਰਨਜੀਤ
ਤੇਰੇ ਵਰਗੀ ਮਜ਼ਬੂਤ
ਸੀ ਤੇਰੇ ਵਰਗੀ ਢੀਠ
ਓਸ ਨਾਲ ਵੀ ਤੇਰੇ ਵਾਂਗੂੰ
ਤੈਥੋਂ ਵਧਕੇ ਈ ਸੀ ਜੋ ਹੋਇਆ
ਨਾ ਧਰਤੀ ਦਾ ਸੀਨਾ ਫਟਿਆ
ਨਾ ਅੰਬਰ ਖੁੱਲ੍ਹ ਕੇ ਰੋਇਆ
ਓਸ ਬੋਟ ਦੇ ਪਰ ਨੋਚਣ ਵਾਲੇ ਕਾਤਲਾਂ ਦਾ ਪੱਖ ਪੂਰਦੀ ਰਹੀ
ਪੰਜਾਬ ਸਰਕਾਰ ਵਲੋਂ
ਮਲਾਲਾ ਤੈਨੂੰ ਸਲਾਮ........।

ਕਾਲੇ ਕਾਨੂੰਨਾਂ ਵਿਰੁੱਧ ਮੋਰਚਾ ਖੋਲ੍ਹੀ ਬੈਠੀ
ਸਰਕਾਰੀ ਜ਼ਬਰ ਵਿਰੁੱਧ ਇਕੱਲ੍ਹੀ ਹੀ
ਮੈਦਾਨ-ਏ-ਜੰਗ ਵਿੱਚ ਲੜ-ਮਰ ਰਹੀ
ਮਣੀਪੁਰ ਦੀ ਧੀ
ਇਰੋਮ ਚਾਰੂ ਸ਼ਰਮੀਲਾ ਕੋਲੋਂ ਨਜ਼ਰਾਂ ਚੁਰਾ ਕੇ
ਭਾਰਤ ਸਰਕਾਰ ਵਲੋਂ
ਮਲਾਲਾ ਤੈਨੂੰ ਸਲਾਮ......।

ਬੇਗਾਨੀ ਧੀ ਨੂੰ
ਅਖਬਾਰਾਂ ਦਾ ਮਸਾਲਾ ਬਣਾਉਣ ਖਾਤਿਰ
ਖਬਰਾਂ ਲੱਭਦੇ ਪੱਤਰਕਾਰਾਂ/ਬੁੱਧੀਜੀਵੀਆਂ ਵਲੋਂ
ਆਤਮਹੱਤਿਆ ਲਈ ਮਜ਼ਬੂਰ ਕਰਨ ਵਾਲੇ
ਅਤੇ ਉਸ ਦੀ ਮਜ਼ਬੂਰੀ ਅਤੇ ਮਾਸੂਮੀਅਤ ਵਿੱਚੋਂ
ਤਰੱਕੀ ਲੱਭਦੀਆਂ ਪੁਲਸਣੀਆਂ ਵਲੋਂ
ਮਲਾਲਾ ਤੈਨੂੰ ਸਲਾਮ....।

ਔਰਤ ਲਈ ਤਾਲੀਬਾਨੀ ਸ਼ਿਕੰਜਾ ਕੱਸੀ ਬੈਠੀਆਂ
ਖਾਪ ਪੰਚਾਇਤਾਂ ਵਲੋਂ,
ਪੜ੍ਹੀਆਂ ਲਿਖੀਆਂ ਦੀਆਂ ਗੁੱਤਾਂ ਪੁੱਟਣ ਵਾਲੇ
ਸਰਦਾਰ ਮਲੂਕਿਆਂ ਵਲੋਂ
ਤੋਤੀ ਚਮਚਿਆਂ ਵਲੋਂ
ਮਲਾਲਾ ਤੈਨੂੰ ਸਲਾਮ....।

ਮਲਾਲਾ!
ਇਨ੍ਹਾਂ ਚਾਂਦੀ ਦੇ ਵਰਕਾਂ ਵਿੱਚ ਲਪੇਟੇ ਸਲਾਮਾਂ ਵਿੱਚੋਂ
ਇੱਕ ਮੇਰਾ ਵੀ ਘਸਿਆ ਜਿਹਾ ਸਲਾਮ ਕਬੂਲ ਕਰੀਂ
ਕਿਉਂਕਿ ਇਹ ਤੇਰੇ ਤੱਕ ਪੁੱਜਣ ਤੋਂ ਪਹਿਲਾਂ
ਰਾਹ ਵਿੱਚ ਬਹੁਤ ਮਲਾਲਾਂ ਕੋਲੋਂ ਹੋ ਕੇ ਆਇਆ ਹੈ
ਕਬੂਲ ਕਰੀਂ ਮੇਰਾ ਘਸਿਆ ਹੋਇਆ ਸਲਾਮ.....।।

ਨੀਂ ਭੈਣੇ, ਨੀਂ ਭੈਣੇ...

ਨੀਂ ਭੈਣੇ, ਨੀਂ ਭੈਣੇ
ਨੀਂ ਕੰਨ ਖੋਲ੍ਹ ਕੇ ਸੁਣੀਂ ਸ਼ੁਦੈਣੇ
ਤੂੰ ਹੋ ਗਈ 16 ਸਾਲ ਦੀ ਭੈਣੇ, ਘਰ ਤੋਂ ਬਾਹਰ ਨਾ ਨਿਕਲੀਂ ਤੂੰ
ਹਰ ਕੋਈ ਵੈਲੀ ਬਣਿਆ ਫਿਰਦੈ, ਤੇ ਅਣਭੋਲ ਜਿਹੀ ਤਿਤਲੀ ਤੂੰ...।

ਮੈਂ ਹਾਂ ਕੁੜੀ ਕਾਲਜੀਏਟ
ਮੇਰਾ ਲੱਕ ਟਵੰਟੀ ਏਟ
ਪੂਰਾ ਫੋਰਟੀ ਸੈਵਨ ਵੇਟ, ਭੈਣ ਤੇਰੀ ਘੱਟ ਨਾ ਹੋਣੀ ਵੇ
ਕਿਸੇ ਤੋਂ ਗਦਰ ਫਿਲਮ ਦੇ ਨਲਕੇ ਵਾਂਗੂੰ ਪੱਟ ਨਾ ਹੋਣੀ ਵੇ...।

ਫਿਰਦੇ ਸੰਨੀ ਦਿਓਲ ਬਥ੍ਹੇਰੇ
ਨੀ ਕੱਢਦੇ ਵਿੱਚ ਗਲੀ ਦੇ ਗੇੜੇ
ਤੂੰ ਨਾ ਫੜਕਣ ਦੇਵੀਂ ਨੇੜੇ, ਕੋਈ ਮੱਛਰ ਨਾ ਮੱਖੀ ਨੀਂ
ਮੈਂ 'ਦਿਲਜੀਤ' ਤੋਂ ਅੱਗੇ ਜਾਣੈਂ, ਕਰਨੀ ਖੂਬ ਤਰੱਕੀ ਨੀਂ...।

ਮੈਂ ਵੀ ਰਹਿਣਾ ਨਹੀਂ ਅਨ-ਨਾਉਂਨ
ਮੇਰੀ ਫੈਵਰੇਟ ਸੰਨੀ ਲਿਓਨ
ਸੋਹਣਾ ਲੱਗਦੈ ਇਬ੍ਰਾਹਮ ਜੋਹਨ, ਜਾਦੂ ਉਹਦੀ ਲੁੱਕ ਵਿੱਚ ਵੇ
ਸ਼ਕਤੀ ਕਪੂਰ ਦੀ ਫੌਟੋ ਰੱਖੀ ਮੈਂ ਇੰਗਲਿਸ਼ ਦੀ ਬੁੱਕ ਵਿੱਚ ਵੇ...।

ਮੈਂ ਹਾਂ ਗਾਇਕ ਨੰਬਰ ਵੰਨ
ਇੰਡੀਆ ਯੂਕੇ ਵਿੱਚ ਧੰਨ-ਧੰਨ
ਕਹਿਕੇ ਬੋਤਲ ਵਰਗੀ ਰੰਨ, ਮੈਂ ਲੋਕਾਂ ਦੀਆਂ ਧੀਆਂ ਨੂੰ,
ਅੱਜ ਉਹੀ ਬੋਲ ਸੁਣਨ ਨੂੰ ਮਿਲਦੇ, ਮੇਰੇ ਘਰ ਦੇ ਜੀਆਂ ਨੂੰ...।

ਜੇ ਤੂੰ 'ਜੈਲਦਾਰ' ਅਖਵਾਉਨੈਂ
ਵੀਰਾ ਗੀਤ ਕਿਉਂ ਮੰਦੇ ਗਾਉਨੈਂ
ਸੱਚ ਤੋਂ ਕਿਉਂ ਕੰਨੀਂ ਕਤਰਾਉਨੈਂ, ਸੱਚ ਤਾਂ ਹੁੰਦੈ ਸੱਚ ਵੀਰਾ
ਕਿਉਂ ਲੋਕਾਂ ਵੱਲ੍ਹ ਪੱਥਰ ਸੁੱਟਦੈਂ, ਘਰ ਤੇਰੇ ਵੀ ਕੱਚ ਵੀਰਾ...।

ਆਹ ਲੈ ਹੱਥ ਕੰਨਾਂ ਨੂੰ ਲਾਵਾਂ
ਮੁੜ ਨਾ ਕਦੇ ਏਦਾਂ ਦਾ ਗਾਵਾਂ
ਸੁਣਦੀਆਂ ਧੀਆਂ ਭੈਣਾਂ ਮਾਵਾਂ, ਜੀ ਮੁਆਫੀ ਇੱਕ ਵਾਰ ਦਿਓ
ਮੁੜਕੇ ਜੇ ਏਦਾਂ ਦਾ ਗਾਵਾਂ, ਬੇਸ਼ੱਕ ਗੋਲ਼ੀ ਮਾਰ ਦਿਓ...।

ਤੈਨੂੰ ਰਾਹ ਤੇ ਸੀ ਮੈਂ ਲਿਆਉਣਾ
ਲਾਇਆ ਸੰਨੀ ਲਿਓਨ ਬਹਾਨਾ
ਆਖਿਰ ਪਿਆ ਇਹ ਚੱਕਰ ਚਲਾਉਣਾ, ਮੈਂ ਵੀ ਤਾਂ ਹਾਂ ਧੀ ਵੀਰਾ
ਲਿਖਿਆ 'ਗੱਗ-ਬਾਣੀ' ਵਿੱਚ ਪੜ੍ਹਲੈ, ਵਰ੍ਹਦਾ ਸਭ ਤੇ ਮੀਂਹ ਵੀਰਾ...॥

ਮਾਏ ਨੀਂ ਅਸਾਂ ਕੇਹੇ ਲੇਖ ਲਿਖਾਏ...

ਮਾਏ ਨੀਂ ਅਸਾਂ ਕੇਹੇ ਲੇਖ ਲਿਖਾਏ,
ਕੇਹੇ ਲੇਖ ਲਿਖਾਏ...।

ਕਿਸਮਤਘਾੜੇ ਹੱਥਾਂ ਵਿੱਚੋਂ,
ਕਿਸਮਤ ਕਿਰ-ਕਿਰ ਜਾਏ...।

ਸਾਡੀ ਸਿਰਜੀ ਰੋਟੀ ਸਾਨੂੰ,
ਭੁੱਖਿਆਂ ਆਖ ਬੁਲਾਏ...।

ਮੋਈਆਂ ਸੱਧਰਾਂ, ਜਿਉਂਦੇ ਸੁਪਨੇ
ਜਿਸਮ ਹੰਢਾਵਣ ਆਏ...।

ਸੂਰਜ ਨੂੰ ਅਸਾਂ ਟਿੱਚਰ ਕੀਤੀ
ਅਪਣੇ ਜਿਸਮ ਜਲ਼ਾਏ...।

ਸਰਾਪੀਆਂ ਜੂਨਾਂ, ਬੇ-ਰੰਗ ਸੁਪਨੇ
ਵਿੱਚ ਵਿਰਾਸਤ ਪਾਏ...।

ਸਮਝ ਨ੍ਹੀਂ ਆਉਂਦੀ, ਕੋਰੇ ਵਰਕੇ
ਕੋਣ ਝਰੀਟਾਂ ਵਾਹੇ....।

ਹਾਲਤ ਸਾਡੀ ਜਾਏ ਨਿੱਘਰਦੀ
ਕੋਣ ਪਰੀ ਮੁਸਕਾਏ...।

ਪੀੜ ਪਰੁੰਨ੍ਹੀ ਰਾਤ ਰੰਡੇਪਾ
ਕੋਣ ਸੁਹਾਗਣ ਗਾਏ...।

ਸਾਡੇ 'ਚਾਨਣ' ਸਾਡੀ ਹਿੱਕੜੀ
'ਅੰਮ੍ਰਿਤ' ਪੀ ਮਰ ਜਾਏ...।

ਪਾਟੇ ਲੀੜੇ ਜਿਸਮ ਮੇਰੇ ਦਾ
ਦਰਦ ਵੰਡਾਵਣ ਆਏ...।

ਹੱਡ-ਮਾਸ ਦੇ ਢਾਂਚੇ ਵਿੱਚ ਕੋਈ
ਰੂਹ ਕੈਦਣ ਕੁਰਲਾਏ...।

'ਗੱਗ-ਬਾਣੀ' ਵਿੱਚ ਕਿਤੇ ਨਹੀਂ ਲਿਖਿਆ
ਸੁੱਖ ਮਿਲੀਐ ਦੁੱਖ ਪਾਇ...॥

ਚੱਕਰਵਿਊ...

ਕੌਣ ਇੰਝ ਮੁਸਕਾ ਰਿਹੈ
ਪੀੜਾਂ ਨੂੰ ਛੁੱਟਿਆ ਰਿਹੈ।

ਖੌਲਦੇ ਸਾਗਰ 'ਚ ਵੀ
ਕਿਸ਼ਤੀ ਨੂੰ ਮੇਖਾਂ ਲਾ ਰਿਹੈ।

ਮੌਤ ਦੀ ਸਰਦਲ ਤੇ ਬਹਿ
ਜ਼ਿੰਦਗੀ ਹੀ ਗਾ ਰਿਹੈ।

ਪਤੈ ਦੀਵਾਲੀ ਫੂਕਣੀ
ਝੁੱਗੀ ਕਲੀ ਕਰਾ ਰਿਹੈ।

ਖੁਦ ਹੀ ਖੁਦ ਨੂੰ ਢਾਹ ਰਿਹਾ
ਕੁੱਝ ਤਾਂ ਹੈ ਬਣਾ ਰਿਹੈ।

ਦੀਵੇ ਦੇ ਚਾਅ ਮਚਲ ਗਏ
ਤੂਫ਼ਾਂ 'ਚੜ੍ਹ ਕੇ ਆ ਰਿਹੈ।

ਮੱਛਲੀਆਂ ਉਦਾਸ ਹੋ ਗਈਆਂ
ਸਾਗਰ 'ਚ ਪੰਡਾ ਨਹਾ ਰਿਹੈ।

ਕੁੱਕੜਾਂ ਨੇ ਹੋਣੀ ਮੰਨ ਲਈ
ਬੰਦੇ ਨੂੰ ਬੰਦਾ ਖਾ ਰਿਹੈ।

ਧੀਆਂ ਹੀ ਆਈਆਂ ਵਿਕਦੀਆਂ
ਪੁੱਤਰਾਂ ਦਾ ਹੁੰਦਾ ਭਾਅ ਰਿਹੈ।

ਇਸ ਚੱਕਰਵਿਊ ਦੀ ਸਮਝ ਨਹੀਂ
ਹੈ ਕੌਣ ਕਿਸਨੂੰ ਭਜਾ ਰਿਹੈ।

ਰਾਜਿਆ ਰਾਜ ਕਰੇਂਦਿਆ...

ਰਾਜਿਆ ਰਾਜ ਕਰੇਂਦਿਆ
ਤੈਨੂੰ ਇਹ ਕੀ ਉੱਠਿਆ ਸ਼ੋਕ ਵੇ.....
ਸਾਡੇ ਵੇਹੜੇ ਸੱਥਰ ਵਿਛਿਆ
ਤੇਰੇ ਮਹਿਲੀਂ ਬੁੱਕਣ ਬੋਕ ਵੇ...

ਰਾਜਿਆ ਰਾਜ ਕਰੇਂਦਿਆ
ਤੈਨੂੰ ਇਹ ਕੀ ਉੱਠਿਆ ਝੱਲ ਵੇ
ਤੇਰੇ ਘੁਣ ਹੱਡਾਂ ਨੂੰ ਖਾਗਿਆ
ਤੂੰ ਫਿਰੇਂ ਬਚਾਉਂਦਾ ਖੱਲ ਵੇ...

ਰਾਜਿਆ ਰਾਜ ਕਰੇਂਦਿਆ
ਤੇਰੀ ਮਾਰੀ ਗਈ ਏ ਮੱਤ ਵੇ
ਤੂੰ ਜਿਨ੍ਹਾਂ ਨੂੰ ਕੁੱਛੜ ਚਾੜ੍ਹਿਆ
ਤੇਰੀ ਮੁੰਨਣ ਲੱਗ ਪਏ ਜੱਤ ਵੇ....

ਰਾਜਿਆ ਰਾਜ ਕਰੇਂਦਿਆ
ਜੇ ਸੁੱਤੈਂ ਤੇ ਉੱਠ ਜਾਗ ਵੇ
ਜੇ ਪਹਿਲਾਂ ਹੀ ਏਂ ਜਾਗਦਾ
ਤੇਰੇ ਜਾਗਣ ਤੇ ਵੀ ਦਾਗ ਵੇ....

ਰਾਜਿਆ ਰਾਜ ਕਰੇਂਦਿਆ
ਓ ਧਰਮੀਆ ਧਰਮ ਕਮਾ ਵੇ
ਤੂੰ ਜਾਂਦੀ ਵਾਰ ਤਾਂ ਜ਼ਾਲਮਾਂ
ਕੋਈ ਸੁਰਗ ਦਾ ਕਰ ਉਪਾਅ ਵੇ...

ਰਾਜਿਆ ਰਾਜ ਕਰੇਂਦਿਆ
ਤੈਥੋਂ ਕਾਹਦੀ ਰੱਖੀਏ ਆਸ ਵੇ
ਤੂੰ ਰਾਜ ਨਹੀਂ ਸੇਵਾ ਆਖਦੈਂ
ਇਹ ਸਭ ਗੱਲਾਂ ਬਕਵਾਸ ਵੇ....

ਰਾਜਿਆ ਰਾਜ ਕਰੇਂਦਿਆ
ਸੁਣ ਨਾਨਕ ਦੇ ਇਹ ਬੋਲ ਵੇ
ਸੋ ਕਿਉਂ ਮੰਦਾ ਆਖੀਐ
ਤੇ ਅਪਣਾ ਅੰਦਰ ਫੋਲ ਵੇ...

ਰਾਜਿਆ ਰਾਜ ਕਰੇਂਦਿਆ
ਨਾ ਖੁਰਕੇਂ ਅਪਣੀ ਤੂੰ ਖਾਜ ਵੇ
ਮੇਰਾ ਵੱਸ ਚੱਲੇ ਤਾਂ ਦੱਸ ਦਿਆਂ
ਕੀ ਹੁੰਦਾ ਏ ਲੋਕ ਰਾਜ ਵੇ......

ਰਾਜਿਆ ਰਾਜ ਕਰੇਂਦਿਆ
ਜਾਹ ਤੈਨੂੰ ਵੀ ਕੀ ਦੋਸ਼ ਵੇ
ਜਿਉਂਦਿਆਂ ਨੂੰ ਭੁੰਜੇ ਲਾ ਰਹੀ
ਇੱਕ ਤੁਰਦੀ ਫਿਰਦੀ ਲੋਥ ਵੇ
ਰਾਜਿਆ ਰਾਜ ਕਰੇਂਦਿਆ....
ਜਾਹ ਜਾ ਵੇ ਟੈਮ ਟਪੇਂਦਿਆ
ਤੇਰੇ ਨਾਲ ਹੋਵੇ ਜਾਣੇ ਤਾਂ