ਕੀ ਹੋਇਆ ਘੁੱਟ ਲਾ ਬੈਠੇ ਹਾਂ
ਅਪਣੇ ਆਪ 'ਚ ਆ ਬੈਠੇ ਹਾਂ
ਕਾਫਿਰ, ਕੁਫਰ ਤੋਲਣਂ ਹਟ ਗਏ
ਅਸੀਂ ਤੇ ਜ਼ੁਲਫਾਂ ਵਾਹ ਬੈਠੇ ਹਾਂ।
ਸਾਡੀ ਕਿਹੜਾ ਲਾਟਰੀ ਖੁੱਲ੍ਹਜੂ
ਜਾਂ ਕੈਟਰੀਨਾ ਰਸਤਾ ਭੁੱਲਜੂ
ਘਰੋਂ ਕੱਢੇ ਹੋਏ ਬਾਦਲਾਂ ਦੇ ਨਾਲ
ਐਵੇਂ ਆਢਾ ਲਾ ਬੈਠੇ ਹਾਂ।
ਚੰਗਾ ਹੋਇਆ ਯਾਦ ਤੇ ਕਰਦੇ
ਸਾਡੇ ਲਈ ਫਰਿਆਦ ਤੇ ਕਰਦੇ
ਤੁਸੀਂ ਚੁੱਕੋ ਤਲਵਾਰਾਂ ਸਾਥੀਓ
ਅਸੀਂ ਤੇ ਕੰਗਣ ਪਾ ਬੈਠੇ ਹਾਂ।
ਸਾਡੀ ਵੀ ਮਜ਼ਬੂਰੀ ਜਾਣੋ
ਨਾਲ ਹਕੀਕਤਾਂ ਦੂਰੀ ਜਾਣੋ
ਅਪਣੇ ਹੱਥੀਂ ਅਪਣੇ ਗਲ਼ ਵਿੱਚ
ਪਾ ਸੋਨੇ ਦਾ ਫਾਹ ਬੈਠੇ ਹਾਂ।
ਤੈਨੂੰ ਤੇਰੀ ਤੋਰ ਮੁਬਾਰਕ
ਮੋਰਨੀਆਂ ਸੰਗ ਮੋਰ ਮੁਬਾਰਕ
ਅਸੀਂ ਤੇ ਝਾੜੂ ਚੁੱਕੀ ਅਪਣੇ
ਅੰਦਰੋਂ ਗੰਦ ਭੁਲਾ ਬੈਠੇ ਹਾਂ।
ਗੱਗਬਾਣੀ ਵਿੱਚ ਲਿਖਿਆ ਕੁੱਝ ਨਹੀਂ
ਜੋ ਵੀ ਬੁੱਝਣਾ, ਆਪੇ ਈ ਬੁੱਝ ਲਈ
ਕਰ ਲੈ ਤੂੰ ਵੀ ਚਿੱਤ ਕਰਾਰਾ
ਅਸੀਂ ਤੇ ਅਧੀਆ ਲਾ ਬੈਠੇ ਹਾਂ।
No comments:
Post a Comment