Monday, 21 April 2014

ਆਜ਼ਾਦੀਏ....

ਤੈਨੂੰ ਰੱਬ ਨੇ ਬਣਾਇਆ ਘੜ ਕੇ ਨੀਂ
ਸਾਨੂੰ ਲਾਹ 'ਤਾ ਕੰਨੋਂ ਫੜ ਕੇ ਨੀਂ
ਅਸੀਂ ਰਹੇ 'ਡੀਕਦੇ ਕਿਰਪਾ, ਕਿਰਪਾ ਨਿਰਮਲ ਬਾਬੇ ਲੈ ਗਏ
ਤੇਰੇ ਵਿੱਚ ਵਿਛੋੜੇ ਦੇ, ਨੀਂ ਸਾਨੂੰ ਪੱਥਰ ਪੂਜਣੇ ਪੈ ਗਏ......।

ਸੁੱਤੇ ਸੀ ਸੁਪਨੇ ਲੈਂਦੇ ਰਹੇ, ਸੀ ਕੀ ਕਰ ਲੈਣਾ ਸੁੱਤਿਆਂ ਨੇ
ਸਾਡਾ ਸਦਾ ਸਵਾਗਤ ਕੀਤਾ ਏ ਨੀਂ ਗਲ਼ੀ ਤੇਰੀ ਦੇ ਕੁੱਤਿਆਂ ਨੇ
ਤੇਰਾ ਜਦ ਬੂਹਾ ਖੜਕਾਇਆ ਨੀਂ, ਸਾਨੂੰ ਵੱਢ ਖਾਣ ਨੂੰ ਪੈ ਗਏ
ਤੇਰੇ ਵਿੱਚ ਵਿਛੋੜੇ ਦੇ, ਨੀਂ ਸਾਨੂੰ ਪੱਥਰ ਪੂਜਣੇ ਪੈ ਗਏ......।

ਸਾਡੇ ਨੈਣ ਤਰਸ ਗਏ ਵੇਖਣ ਨੂੰ ਤੇਰਾ ਗੋਰਾ ਰੰਗ ਗੁਲਾਬੀ ਨੀਂ
ਤੂੰ ਆਖਣ ਨੂੰ ਹੀ ਸਾਡੀ ਏਂ, ਪਰ ਕਦੇ ਹੋਈ ਨਾ ਸਾਡੀ ਨੀਂ
ਮੁੜ ਉੱਠ ਸਕੇ ਨਾ ਆਪੇ ਹੀ, ਅਸੀਂ ਅਪਣੇ ਆਪ ਹੀ ਢਹਿ ਗਏ
ਤੇਰੇ ਵਿੱਚ ਵਿਛੋੜੇ ਦੇ, ਨੀਂ ਸਾਨੂੰ ਪੱਥਰ ਪੂਜਣੇ ਪੈ ਗਏ......।

ਕਦੇ ਬਾਦਲਾਂ ਨੇ, ਕਦੇ ਗਾਂਧੀਆਂ ਨੇ, ਕਦੇ ਮੋਦੀਆਂ ਤੇ ਅਡਵਾਨੀਆਂ ਨੇ
ਤੇਰਾ ਰੱਜ ਕੇ ਰੂਪ ਹੰਢਾਇਆ ਨੀਂ, ਟਾਟੇ, ਬਿਰਲੇ ਅੰਬਾਨੀਆਂ ਨੇ
ਸਾਡੇ ਸਾਹਮਣੇ ਸਾਡੀ ਹੀਰ ਲੁੱਟੀ, ਬੇਵੱਸ ਵੇਖਦੇ ਰਹਿ ਗਏ
ਤੇਰੇ ਵਿੱਚ ਵਿਛੋੜੇ ਦੇ, ਨੀਂ ਸਾਨੂੰ ਪੱਥਰ ਪੂਜਣੇ ਪੈ ਗਏ......।

ਕਦੇ ਘੜੀ ਸੁਲੱਖਣੀ ਆਵੇਗੀ, ਇਹ ਗੱਗਬਾਣੀ ਵਿੱਚ ਲਿਖਿਆ

ਆਜ਼ਾਦੀਏ ਤੇਰੇ ਆਸ਼ਕਾਂ ਨੇ ਤੈਨੂੰ ਮਰ ਕੇ ਪਾਉਣਾ ਮਿੱਥਿਆ ਏ
ਸਾਡਾ ਫਿਕਰ ਕਰੀਂ ਨਾ ਅੰਮੀਏ ਨੀਂ ਜਿਹੜੇ ਜੰਮਣ ਲੱਗੇ ਕਹਿ ਗਏ
ਤੇਰੇ ਵਿੱਚ ਵਿਛੋੜੇ ਦੇ, ਨੀਂ ਸਾਨੂੰ ਪੱਥਰ ਪੂਜਣੇ ਪੈ ਗਏ......।।

No comments:

Post a Comment