ਬੱਲੇ ਬੱਲੇ ਬੱਲੇ ਗੂੰਗੇ ਗਾਉਣ ਲੱਗ ਪਏ
ਬੋਲ਼ਿਆਂ ਨੂੰ ਰਾਗਣੀ ਸੁਣਾਉਣ ਲੱਗ ਪਏ
ਮੋਦੀ ਨੂੰ ਮੁਸਲਮਾਂ ਚੇਤੇ ਆ ਗਏ
ਝਾੜੂ ਵਾਲੇ ਸੁਪਨੇ ਡਰਾਉਣ ਲੱਗ ਪਏ।
ਬਾਦਲਾਂ ਨੂੰ ਮੋਦੀ ਪਤਵਾਰ ਲੱਗਦਾ
ਇਹੋ ਹੀ ਲੰਘਾਊ ਹੁਣ ਪਾਰ ਲੱਗਦਾ
12 ਵੱਜੇ ਸਿੰਘਾਂ ਦੇ ਭੁਲਾਉਣ ਲੱਗ ਪਏ
ਹਰ ਹਰ ਖਾਲਸੇ ਜਪਾਉਣ ਲੱਗ ਪਏ।
ਭੁੱਲ ਜਾਓ ਕਿ ਬੱਚੇ ਵੀ ਪੜ੍ਹਾਉਣੇ ਪੈਣੇ ਨੇ
ਮਹਿੰਗਿਆਂ ਸਕੂਲਾਂ ਵਿੱਚ ਪਾਉਣੇ ਪੈਣੇ ਨੇ
ਸੁਪਨੇ ਪੜ੍ਹਾਈਆਂ ਦੇ ਡਰਾਉਣ ਲੱਗ ਪਏ
ਸਾਨੂੰ ਸਾਡੇ ਰਹਿਬਰ ਖਾਣ ਲੱਗ ਪਏ।
ਬਾਦਲ ਮੋਦੀ ਦੇ ਨਾਲ ਪਾ ਕੇ ਜੱਫੀਆਂ
ਕਰਦਾ ਏ ਗੱਲ ਮਟਕਾ ਕੇ ਅੱਖੀਆਂ
ਆਪੇ ਲੋਕ ਜੁੱਤੀ ਥੱਲੇ ਆਉਣ ਲੱਗ ਪਏ
ਆਪੇ ਭਾਣਾ ਮੰਨਣ ਮਨਾਉਣ ਲੱਗ ਪਏ।
ਨਸ਼ਿਆਂ ਦੀ ਮੰਡੀ ਪੰਜਾਬ ਹੋ ਗਿਆ
ਬਾਦਲਾਂ ਦੇ ਸਿਰ ਬਰਬਾਦ ਹੋ ਗਿਆ
'ਕਾਲੀਏ ਸਮੈਕਾਂ ਵਰਤਾਉਣ ਲੱਗ ਪਏ
ਭਾਈਆਂ ਕੋਲੋਂ ਭਾਈ ਮਰਵਾਉਣ ਲੱਗ ਪਏ।
ਆਮ ਆਦਮੀ ਦੇ ਹੱਥ ਝਾੜੂ ਆ ਗਿਆ
ਲੱਗਦੈ ਕਈਆਂ ਨੂੰ ਖੂੰਜੇ ਵਾੜੂ ਆ ਗਿਆ
ਹੂੰਝ ਦੇਣਾ ਗੰਦ ਸਾਰਾ ਗਾਉਣ ਲੱਗ ਪਏ
ਹਵਾ ਵਿੱਚ ਝਾੜੂ ਲਹਿਰਾਉਣ ਲੱਗ ਪਏ ।
ਗੱਗਬਾਣੀ ਵਿੱਚ ਲਿਖਿਆ ਇਹ ਛੰਦ ਹੈ
ਸੋ ਹੱਥ ਰੱਸਾ, ਸਿਰੇ ਉੱਤੇ ਗੰਢ ਹੈ
ਲੋਕ ਜਦੋਂ ਜਾਗਣ-ਜਗਾਉਣ ਲੱਗ ਪਏ
ਵੱਡੇ ਵੱਡੇ ਥੰਮ੍ਹ ਡਿੱਗ ਜਾਣ ਲੱਗ ਪਏ।
No comments:
Post a Comment