Tuesday, 29 April 2014

ਪੁੱਤ ਚਮਾਰਾਂ ਦੇ- (ਦ-ਗਾਣਾ)



ਦੱਬੇ ਪਏ ਸੀ ਬਾਹਮਣਵਾਦੀਆਂ ਤੇ ਸਰਕਾਰਾਂ ਦੇ
ਖਾਂਦੇ-ਪੀਂਦੇ ਹੋ ਗਏ ਨੇ ਹੁਣ ਪੁੱਤ ਚਮਾਰਾਂ ਦੇ.....।

ਜਾਤਾਂ, ਗੋਤਾਂ, ਧਰਮਾਂ ਤੋਂ ਦੂਰੋਂ ਹੀ ਮੁਆਫ਼ੀ ਐ,
ਮੈਂ ਤੇਰੀ ਤੂੰ ਮੇਰਾ ਵੇ ਏਨਾ ਹੀ ਖਾਫ਼ੀ ਐ....।

ਸੱਥਾਂ ਅਤੇ ਪੰਚਾਇਤਾਂ ਵਿੱਚ ਕਿਤੇ ਖੜ੍ਹਨ ਨਾ ਦਿੰਦੇ ਸੀ,
ਬਹੁਤੀ ਦੇਨ ਨਾ ਹੋਈ ਸਕੂਲੇ ਵੜਨ ਨਾ ਦਿੰਦੇ ਸੀ,
ਇਹ ਮੰਦਰ ਜਾਂ ਗੁਰੂਦੁਆਰੇ ਉੱਚੀਆਂ ਥਾਵਾਂ ਨੇ,
ਆਖ ਨੀਵਿਆਂ ਸਾਨੂੰ ਪੌੜੀਆਂ ਚੜ੍ਹਨ ਨਾ ਦਿੰਦੇ ਸੀ,
ਲਾਹਣਤ ਐਸੀਆਂ ਘਟੀਆ ਬਾਹਮਣਵਾਦੀ ਸੋਚਾਂ ਦੇ
ਸਾਂਝੇ ਖੂਹ ਤੋਂ ਘੜੇ ਪਾਣੀ ਦੇ ਭਰਨ ਨਾ ਦਿੰਦੇ ਸੀ,
ਲੱਦ ਗਏ ਹੁਣ ਦਿਨ ਇਨ੍ਹਾਂ ਅਖੌਤੀ ਸਰਦਾਰਾਂ ਦੇ...........
ਖਾਂਦੇ-ਪੀਂਦੇ ਹੋ ਗਏ ਨੇ ਹੁਣ ਪੁੱਤ ਚਮਾਰਾਂ ਦੇ..........।

ਹੋਈਆਂ ਬੀਤੀਆਂ ਗੱਲਾਂ ਨੂੰ ਨਹੀਂ ਦਿਲ ਤੇ ਲਾਈਦਾ,
ਜਾਤ ਪਾਤ ਦਾ ਪਾੜਾ, ਇਹ ਨਹੀਂ ਹੋਰ ਵਧਾਈਦਾ,
ਇੱਕੋ ਸੂਰਜ, ਇੱਕੋ ਜਿਹੀ ਧੁੱਪ ਅਤੇ ਰੌਸ਼ਨੀ ਹੈ,
ਇੱਕ ਦੂਜੇ ਦੇ ਨੇੜੇ ਹੋ ਕੇ ਸਮਝਣਾ ਚਾਹੀਦਾ,
ਜਾਤਾਂ ਗੋਤਾਂ ਧਰਮਾਂ ਨੇ ਲੋਕਾਂ ਨੂੰ ਵੰਡਿਆ ਹੈ
ਸ਼ਾਤਰ ਲੋਕਾਂ ਦਾ ਧੰਦਾ ਹੈ ਲੋਕ ਲੜਾਈ ਜਾਹ,
ਏਕ ਨੂਰ ਤੇ ਉਜਿਆ ਇਹ ਨਾਨਕ ਦੀ ਸਾਖੀ ਐ
ਮੈਂ ਤੇਰੀ ਤੂੰ ਮੇਰਾ ਵੇ ਏਨਾ ਹੀ ਕਾਫੀ ਐ.....।

ਰਵੀਦਾਸ ਜਦ ਉੱਭਰਿਆ ਤਾਂ ਸੋਚੀਂ ਪੈ ਗਏ ਸੀ,
ਪੂਜਾ ਪਾਠ ਨਹੀਂ ਕਰ ਸਕਦਾ ਇਹ ਪੰਡਤ ਕਹਿ ਗਏ ਸੀ,
ਗਊਆਂ, ਜ਼ਮੀਨਾਂ, ਲੀੜੇ, ਦਾਣੇ ਦੱਖਣਾ ਲੈਂਦੇ ਸੀ,
ਇਹ ਚਮਾਰ ਵੀ ਇਹੋ ਕਰੂ ਸਿਰ ਜੋੜ ਕੇ ਬਹਿ ਗਏ ਸੀ,
ਦਾਨ ਕਰਵਾ ਕੇ ਜ਼ਮੀਨਾਂ ਅਪਣੇ ਨਾਂ ਕਰਵਾ ਤੁਰ ਗਏ,
ਏਸੇ ਲਈ ਚਮਾਰ, ਵਿਚਾਰੇ ਚਮਾਰ ਹੀ ਰਹਿ ਗਏ ਸੀ,
ਟਾਟੇ ਬਿਰਲੇ ਬਣ ਗਏ ਪੁੱਤ ਸਰਮਾਏਦਾਰਾਂ ਦੇ,
ਜੂਠਾਂ ਜੋਗੇ ਰਹਿਗਏ ਤਾਂਹੀ ਪੁੱਤ ਚਮਾਰਾਂ ਦੇ.......।

ਬੇਸ਼ੱਕ ਇਹ ਗੱਲ ਸੱਚੀ ਐ ਕੋਈ ਹਰਫ਼ ਨਾ ਝੂਠਾ ਏ,
ਕੀਤਾ ਜਿਨ੍ਹਾਂ ਕੰਗਾਲ ਉਨ੍ਹਾਂ ਅੱਜ ਹੱਥ ਵਿੱਚ ਠੂਠਾ ਏ,
ਤਦੇ ਹੀ ਮੰਗਣ ਚੜ੍ਹ ਜਾਂਦੇ ਦਿਨ ਚੜ੍ਹਦੇ ਸਾਰ ਉਹੋ,
ਜਿਨ੍ਹਾਂ ਨੇ ਘਰ ਵਿੱਚ ਲਾ ਰੱਖਿਆ ਤੁਲਸੀ ਦਾ ਬੂਟਾ ਏ,
ਠੱਗਣ, ਲੁੱਟਣ ਲਈ ਸਰਾਧਾਂ ਦਾ ਜਿਨ੍ਹਾਂ ਢੋਂਗ ਰਚਾਇਆ ਏ,
ਸੋਚਣਗੇ ਤਾਂ ਸੀਜ਼ਨ ਵਿੱਚ ਵੀ ਕਿਉਂ ਢਿੱਡ ਭੂਖਾ ਏ,
ਇਨ੍ਹਾਂ ਦੀ ਕਲਪਾਈ ਦੁਨੀਆਂ ਬੜੀ ਕਲਾਪੀ ਐ,
ਮੈਂ ਤੇਰੀ ਤੂੰ ਮੇਰਾ ਵੇ ਏਨਾ ਹੀ ਕਾਫੀ ਐ....।

ਬਾਣੀ ਗੁਰੂ ਹੈ, ਗੁਰੂ ਹੈ ਬਾਣੀ, ਭਰਮ ਉਪਜਾਏ ਨੇ,
ਗੁਰੂਆਂ ਦੇ ਵੀ ਗੁਰੂ ਅਜੇ ਤੱਕ ਭਗਤ ਸਦਾਏ ਨੇ,
ਅਸੀਂ ਵੀ ਕਿਹੜਾ ਵਿਕੇ ਹੋਏ ਜਾਂ ਕਰਜ਼ਾ ਦੇਣਾ ਏ,
ਅਪਣੀ ਹੈਸੀਅਤ ਮੁਤਾਬਕ ਅਪਣੇ ਗੁਰੂਘਰ ਬਣਾਏ ਨੇ,
ਮਜਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ,
ਮਜਹਬੀ ਆਖ ਕੇ ਮਜਹਬ ਵਿੱਚੋਂ ਵੱਖ ਬਿਠਾਏ ਨੇ,
ਗੱਗ-ਬਾਣੀ ਨਹੀਂ ਮੰਨਦੀ, ਵੱਡੇ ਸਿਰ ਸਰਦਾਰਾਂ ਦੇ
ਖਾਂਦੇ ਪੀਂਦੇ ਹੋ ਗਏ ਨੇ ਹੁਣ ਪੁੱਤ ਚਮਾਰਾਂ ਦੇ...।

ਛੱਡ ਪਰੇ ਜਾਤਾਂ ਵਿੱਚ ਫਸਕੇ ਵਕਤ ਗਵਾਉਣੇ ਨਾ,
ਤਰਕਸ਼ੀਲ ਦਾ ਫੜ ਕੇ ਪੱਲਾ ਲੋਕ ਜਗਾਉਣੇ ਆਂ,
ਸਾਡਾ ਕੰਮ ਹੈ ਹੌਕਾ ਦੇਣਾ, ਹੌਕਾ ਦਿੰਦਾ ਰਹੁ,
ਇਹ ਧਰਮੀ ਉਪਦੇਸ਼ ਅਸਾਂ ਸਭ ਚੁੱਲ੍ਹੇ ਲਾਉਣੇ ਆਂ,
ਰੱਜਵੀਂ ਮਿਹਨਤ ਕਰਕੇ ਜਿਹੜੇ ਭੁੱਖੇ ਸੋਂਦੇ ਨੇ,
ਵਹਿਮਾਂ-ਭਰਮਾਂ ਤੋਂ ਆਪਾਂ ਆਜ਼ਾਦ ਕਰਾਉਣੇ ਆਂ,
ਬਣ ਜਾਊਗੀ ਭਾਂਬੜ ਲੱਗੀ ਅੱਜ ਚੁਆਤੀ ਐ
ਮੈਂ ਤੇਰੀ ਤੂੰ ਮੇਰਾ ਵੇ ਏਨਾ ਹੀ ਕਾਫੀ ਐ...

No comments:

Post a Comment