Tuesday, 29 April 2014

ਕਮੀਨਗੀ...

ਜਾਣੈ ਇਟਲੀ ਅਗਲੀ ਰੁੱਤੇ
ਪੈਂਦੇ ਵਿੱਚ ਗੋਆ ਦੇ ਕੁੱਤੇ
ਏਦਾਂ ਈ ਲੋਕ ਰਹੇ ਜੇ ਸੁੱਤੇ, ਉਹ ਚੰਨ ਤੇ ਵੀ ਜਾਵਣਗੇ,
ਧਰ ਕੇ ਧੌਣ ਥੋਡੀ 'ਤੇ ਗੋਡਾ ਜ਼ਾਲਮ ਭੰਗੜੇ ਪਾਵਣਗੇ
ਧਰ ਕੇ ਧੌਣ ਥੋਡੀ 'ਤੇ ਗੋਡਾ ਜ਼ਾਲਮ ਭੰਗੜੇ ਪਾਵਣਗੇ॥

ਕੀਹਨੂੰ ਦੱਸੀਏ, ਕੀਹਨੂੰ ਕਹੀਏ
ਸਭ ਨੂੰ ਆਪੋ ਅਪਣੀ ਪਈ ਏ
ਜੀਹਦੀ ਜੇਬ੍ਹ 'ਚ ਅੱਜ ਰੁਪਈਏ, ਕੱਲ੍ਹ ਨੂੰ ਭਾਨ ਥਿਅ੍ਹਾਉਣੀ ਨਾ,
ਇਹ ਜੋ ਸੱਪ ਬੜੇ ਨੇ ਜ਼ਹਿਰੀ ਮੰਗਣ ਦਿੰਦੇ ਪਾਣੀ ਨਾ
ਇਹ ਜੋ ਸੱਪ ਬੜੇ ਨੇ ਜ਼ਹਿਰੀ ਮੰਗਣ ਦਿੰਦੇ ਪਾਣੀ ਨਾ.....॥

ਨਾ ਹਸਪਤਾਲਾਂ ਵਿੱਚ ਦਵਾਈ
ਕਰ'ਤੀ ਬੰਦ ਸਕੂਲ ਪੜ੍ਹਾਈ
ਜਮਾਂ ਈ ਸ਼ਰਮ ਵੇਚ ਕੇ ਖਾਈ, ਇਹ ਲੰਡਰਾਂ ਦੇ ਟੋਲੇ ਨੇ,
ਸਾਡੀ ਵਾਰ ਖਜ਼ਾਨਾ ਖਾਲੀ, ਅਪਣੇ ਭਰੇ ਭੜੋਲੇ ਨੇ
ਸਾਡੀ ਵਾਰ ਖਜ਼ਾਨਾ ਖਾਲੀ ਅਪਣੇ ਭਰੇ ਭੜੋਲੇ ਨੇ....॥

ਜੀਅ ਤਾਂ ਕਰਦਾ ਜੁੱਤੀ ਲਾਹ ਕੇ
ਵਿੱਚ ਗਾਰੇ ਦੇ ਲੰਮਿਆਂ ਪਾ ਕੇ
ਮਾਰਾਂ ਛਿੱਤਰ ਭਿਓਂ-ਭਿਓਂ ਢਾਹ ਕੇ, ਪਰ ਇਹ ਵੱਸ ਦੀ ਗੱਲ ਨਹੀਂ,
ਜੀਅ ਤਾਂ ਹੋਰ ਬੜਾ ਕੁੱਝ ਕਰਦਾ, ਪਰ ਕੋਈ ਦੀਂਹਦਾ ਹੱਲ ਨਹੀਂ
ਜੀਅ ਤਾਂ ਹੋਰ ਬੜਾ ਕੁੱਝ ਕਰਦਾ ਪਰ ਕੋਈ ਦੀਂਹਦਾ ਹੱਲ ਨਹੀਂ।

ਲਿਖਿਆ ਗੱਗ-ਬਾਣੀ ਵਿੱਚ ਪੜ੍ਹ ਲਓ
ਬਈ ਹੁਣ ਆਕੇ ਹਟੇਗੀ ਪਰਲ੍ਹੋ
ਲੋਕੋ ਸੋਚਾਂ ਤਿੱਖੀਆਂ ਕਰ ਲਓ, ਭਾਣੇ ਵਰਤਣ ਲੱਗ ਪਏ ਨੇ,
ਤੁਹਾਡੇ ਨਾਲੋਂ ਕੁੱਤੇ ਈ ਚੰਗੇ, ਕਮੀਨੇ ਪਰਖਣ ਲੱਗ ਪਏ ਨੇ
ਤੁਹਾਡੇ ਨਾਲੋਂ ਕੁੱਤੇ ਈ ਚੰਗੇ ਕਮੀਨਗੀ ਪਰਖਣ ਲੱਗ ਪਏ ਨੇ।
 

No comments:

Post a Comment