Monday, 31 March 2014

ਮੈਂ ਸਿਵਿਆਂ ਦੀ ਚੁੱਪ 'ਚੋਂ ਅੱਖਰ ਚੁਣਦਾ ਹਾਂ...

ਮੈਂ ਸਿਵਿਆਂ ਦੀ ਚੁੱਪ 'ਚੋਂ ਅੱਖਰ ਚੁਣਦਾ ਹਾਂ
ਏਸੇ ਲਈ ਨਾ ਅਪਣੇ ਆਪ ਦੀ ਸੁਣਦਾ ਹਾਂ।

ਉਹ ਸਮਝਣ ਮੈਂ ਨਿੱਤ ਬਣਾਵਾਂ ਜਾਲ ਨਵਾਂ
ਉੱਧੜ ਗਿਆ ਪਰ ਹੁਣ ਵੀ ਸੁਪਨੇ ਬੁਣਦਾ ਹਾਂ।

ਰੱਖ ਭਵਿੱਖ ਸੁਰੱਖਿਅਤ ਵਿਉਂਤਾਂ ਘੜ ਘੜ ਕੇ
ਕੀਹਨੇ ਵੇਖਿਆ ਭਲਕ ਮੈਂ ਆਸ਼ਕ ਹੁਣ ਦਾ ਹਾਂ।

ਕੀ ਹੋਇਆ ਜੇ ਅੱਜਕਲ੍ਹ ਮਾੜੇ ਚੱਲ ਪਏ ਨੇ
ਅਜੇ ਵੀ ਨੰਗੀ ਅੱਖ ਨਾਲ ਸੂਰਜ ਪੁਣਦਾ ਹਾਂ।

'ਗੱਗਬਾਣੀ' ਵਿੱਚ ਲਿਖਿਆ ਚੱਲੀ ਚੱਲ ਮਿੱਤਰਾ
ਕੀ ਹੋਇਆ ਬੰਦ ਰਸਤਾ, ਜੋ ਵੀ ਚੁਣਦਾ ਹਾਂ।

Sunday, 30 March 2014

ਪੰਜਾਬ ਤਰੱਕੀ ਦੀ ਰਾਹ ਤੇ...

ਸੁਣਿਆ ਹੈ
ਵੋਟਾਂ ਨੇੜੇ ਆ ਰਹੀਆਂ ਨੇ।
ਹਰ ਤਰਾਂ ਦੇ ਨਸ਼ੇ
ਤੇ ਹਰ ਤਰਾਂ ਦੀ ਗੁੰਡਾਗਰਦੀ
ਤੁਹਾਡਾ ਖਿੜੇਮੱਥੇ ਸਵਾਗਤ ਕਰਨ ਲਈ ਤਿਆਰ ਹੈ।

ਜੈਲਾ ਅੱਜਕਲ੍ਹ ਸੰਦੇਹੇ ਹੀ
ਘਰੋਂ ਨਿਕਲ ਜਾਂਦਾ ਹੈ
ਹੁਣ ਉਸ ਦੇ ਸਕੂਟਰ ਦੀ ਕਿੱਲੀ ਨਾਲ
ਰੋਟੀਆਂ ਵਾਲਾ ਡੱਬਾ ਨਹੀਂ ਹੁੰਦਾ
ਪਰ ਫੇਰ ਵੀ
ਰਾਤ ਨੂੰ ਰੱਜਿਆ ਹੋਇਆ ਘਰੇ ਵੜਦਾ ਹੈ।

ਹੁਣ ਤਾਂ ਉਸ ਦੇ ਮੂੰਹ ਤੋਂ
ਕਦੇ ਸ਼ਰਾਬ ਦੀ ਬੋਅ ਵੀ ਨਹੀਂ ਆਈ
ਉਸ ਦੀ ਵਹੁਟੀ ਖੁਸ਼ ਹੈ
ਬੱਚੇ ਵੀ ਖੁਸ਼ ਹਨ
ਬੁੱਢੀ ਮਾਂ ਦੀਆਂ ਪਥਰਾਈਆਂ ਅੱਖਾਂ ਵੀ
ਸੁਪਨਮਈ ਹੋ ਗਈਆਂ ਹਨ
ਚੰਦਰੇ ਨੇ ਸ਼ਰਾਬ ਛੱਡ ਦਿੱਤੀ
ਹੁਣ ਦਿਨ ਸੌਖੇ ਲੰਘਿਆ ਕਰਨਗੇ
ਰਾਜ਼ੀ ਰਹੇ ਸੁਖਬੀਰ ਮਜੀਠੀਆ
ਹੁਣ ਜੈਲਾ ਸ਼ਰਾਬ ਨਹੀਂ ਪੀਂਦਾ
ਪਰ ਹਮੇਸ਼ਾ ਸਰੂਰ ਵਿੱਚ ਰਹਿੰਦਾ ਹੈ।

ਤੜਕੇ ਹੀ ਪਿੰਡ ਵਿੱਚ ਪੁਲਿਸ ਆਈ ਹੈ
ਜੈਲੇ ਦੇ ਦੋ ਆੜੀ
ਜਿਨ੍ਹਾਂ ਜੈਲੇ ਨਾਲ ਹੀ ਸ਼ਰਾਬ ਛੱਡ ਦਿੱਤੀ ਸੀ
ਉਹਨਾਂ ਕੋਲੋਂ ਹੈਰੋਇਨ ਤੇ ਸਮੈਕ ਬਰਾਮਦ ਹੋਈ ਹੈ।

ਇਹ ਚੀਜ਼ਾਂ ਤਾਂ ਜੈਲੇ ਕੋਲ ਵੀ ਸੀ
ਪੁਲਿਸ ਨੂੰ ਪਤਾ ਵੀ ਸੀ
ਪਰ ਜੈਲੇ ਨੂੰ ਕਿਉਂ ਨਹੀਂ ਫੜਿਆ
ਜੈਲਾ ਖੁਦ ਵੀ ਹੈਰਾਨ ਸੀ
ਸ਼ਾਇਦ ਇਸ ਲਈ ਕਿ ਜੈਲੇ ਨੇ
ਸਾਬਕਾ ਸਰਪੰਚ ਦੀ ਚੁੱਕ ਵਿੱਚ ਆ ਕੇ
ਪਾਰਟੀ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ।

ਅੱਜ ਵੋਟਾਂ ਹਨ
ਜੈਲੇ ਦੇ ਆੜੀਆਂ ਦੀ ਜ਼ਮਾਨਤ ਹੋ ਗਈ ਹੈ
ਜੈਲਾ ਅੱਜ ਪੂਰੇ ਸਰੂਰ ਵਿੱਚ
ਸਾਰੇ ਪਿੰਡ ਵਿੱਚੋਂ ਘੁੰਮ-ਘੁੰਮ ਕੇ
ਵੋਟਾਂ ਪੁਆ ਰਿਹਾ ਹੈ
ਤੇ ਅਪਣੇ ਆਪ ਨੂੰ ਅੱਜ ਕਿਸੇ
ਬਾਦਸ਼ਾਹ ਨਾਲੋਂ ਘੱਟ ਨਹੀਂ ਸਮਝ ਰਿਹਾ।

ਹੁਣ ਜੈਲਾ ਸ਼ਰਾਬ ਨਹੀਂ ਪੀਂਦਾ
ਪੂਰਾ ਇੱਕ ਮਹੀਨਾ ਹੋ ਗਿਆ ਹੈ
ਸ਼ਹਿਰ ਜਾਂਦਾ ਹੈ
ਤੇ ਹਰ ਤੀਸਰੇ ਦਿਨ
ਖੱਬੇ ਹੱਥ ਦੇ ਅੰਗੂਠੇ ਤੇ
ਨੀਲਾ ਨਿਸ਼ਾਨ ਲਵਾ ਕੇ ਮੁੜ ਆਉਂਦਾ ਹੈ
ਤੇ ਸਾਰਾ ਦਿਨ ਮੰਜੇ ਤੇ ਪਿਆ ਰਹਿੰਦਾ ਹੈ।

ਅੱਜ ਪ੍ਰਾਪਰਟੀ ਡੀਲਰ ਨੇ ਕਬਜ਼ਾ ਲੈਣ ਆਉਣਾ ਹੈ
ਜਿਹੜਾ ਇੱਕ ਕਿੱਲਾ ਸੀ
ਉਹ ਨਹੀਂ ਰਿਹਾ
ਤੇ ਜੈਲਾ ਵੀ ਨਹੀਂ ਰਿਹਾ
ਉਸ ਕੋਲ ਵੇਚਣ ਨੂੰ ਹੋਰ ਕੁੱਝ ਨਹੀਂ ਸੀ
ਤੇ ਹੈਰੋਇਨ ਬਿਨਾਂ ਜਿਊਣ ਨੂੰ ਵੀ ਕੁੱਝ ਨਹੀਂ ਸੀ।

ਇੱਕ ਫੁਰਤੀਲਾ ਰਾਜ ਮਿਸਤਰੀ
ਜੋ ਉਸਾਰੀ ਦਾ ਕੰਮ ਕਰਦਾ ਸੀ
ਪਲਾਂ ਵਿੱਚ ਹੀ ਢਹਿ ਢੇਰੀ ਹੋ ਗਿਆ
ਸਭ ਇਸ ਨੂੰ
ਵਾਹਿਗੁਰੂ ਦਾ ਭਾਣਾ ਆਖ ਰਹੇ ਹਨ
ਸ਼ਾਇਦ ਕੋਈ ਨਹੀਂ ਜਾਣਦਾ
ਕਿ ਉਸ ਦਾ ਕਤਲ ਹੋਇਆ ਹੈ।

ਅਖਬਾਰਾਂ ਅੱਜ ਵੀ ਚਮਕ ਰਹੀਆਂ ਹਨ
ਸੁਖਬੀਰ ਬਾਦਲ ਦੀ ਅਗਵਾਈ ਵਿੱਚ
ਪੰਜਾਬ ਤਰੱਕੀ ਦੀ ਰਾਹ ਤੇ।

Sunday, 23 March 2014

ਮਾਰਦਾ ਦਮਾਮੇ ਜੱਟ ਪੇਲਿਆ ਗਿਆ....

ਸੋ ਦੀ ਇੱਕ ਜੱਟ ਹੁਣ ਜੱਟ ਨਾ ਰਹੇ
ਜੱਟਾਂ ਵਿੱਚ ਜੱਟਾਂ ਵਾਲੇ ਵੱਟ ਨਾ ਰਹੇ
ਰਾਜਨੀਤੀ ਦਿਆਂ ਹੱਥਾਂ ਵਿੱਚ ਖੇਲਿਆ ਗਿਆ
ਮਾਰਦਾ ਦਮਾਮੇ ਜੱਟ ਪੇਲਿਆ ਗਿਆ
ਮਾਰਦਾ ਦਮਾਮੇ ਜੱਟ ਪੇਲਿਆ ਗਿਆ।

ਪੱਛੜ ਗਿਆ ਜੀ ਅੰਨਦਾਤਾ ਹੁੰਦਾ ਸੀ
ਕੱਲ੍ਹਾ ਸਾਰੇ ਜੱਗ ਦਾ ਵਿਧਾਤਾ ਹੰਦਾ ਸੀ
ਵੇਖ ਲਵੋ ਹੱਥ ਵਿੱਚ ਠੂਠਾ ਆ ਗਿਆ
ਵਹੀ ਉੱਤੋਂ ਗਲ਼ ਵਿੱਚ 'ਗੂਠਾ ਆ ਗਿਆ
ਰੇਲ ਦਿੰਦਾ ਸੀ ਜੋ ਅੱਜ ਰੇਲਿਆ ਗਿਆ
ਮਾਰਦਾ ਦਮਾਮੇ ਜੱਟ ਪੇਲਿਆ ਗਿਆ।

ਜੱਟਪੁਣਾ ਬੈਠ ਗਿਆ ਲੈਕੇ ਜੱਟਾਂ ਨੂੰ
ਮੌਸਮਾਂ ਦੀ ਮਾਰ ਪਈ ਪੈਕੇ ਜੱਟਾਂ ਨੂੰ
ਨਸ਼ਿਆਂ ਨੇ ਖੋਖਲੇ ਸਰੀਰ ਕਰ'ਤੇ
ਮਜੀਠੀਏ ਨੇ ਕਾਣੇ ਸੁਖਬੀਰ ਕਰ'ਤੇ
ਹਵੇਲੀਆਂ ਦਾ ਮਾਲਕ ਤਬੇਲੇ ਆ ਗਿਆ
ਮਾਰਦਾ ਦਮਾਮੇ ਜੱਟ ਪੇਲਿਆ ਗਿਆ।

ਨੰਨ੍ਹੀ ਛਾਂ ਵੀ ਚੁੰਨੀਆਂ ਵਟਾ ਕੇ ਤੁਰ ਗਈ
ਸੁਹਾਗਣਾਂ ਨੂੰ ਰੰਡੀਆਂ ਬਣਾ ਕੇ ਤੁਰ ਗਈ
ਹਵਾ ਵਿੱਚ ਹੱਥ ਲਹਿਰਾ ਕੇ ਤੁਰ ਗਈ
ਨੀਲੇ ਕਾਰਡ ਹੱਥਾਂ 'ਚ ਥਮ੍ਹਾ ਕੇ ਤੁਰ ਗਈ
ਮਲੂਕਿਆਂ ਦੇ ਪੈਰਾਂ 'ਚ ਮਧੇਲਿਆ ਗਿਆ
ਮਾਰਦਾ ਦਮਾਮੇ ਜੱਟ ਪੇਲਿਆ ਗਿਆ।

ਮੂਰਖ ਹੀ ਮੂਰਖ ਬਣਾਏ ਜਾਂਦੇ ਨੇ
ਹਰ ਪੰਜ ਸਾਲੀਂ ਨਵਿਆਏ ਜਾਂਦੇ ਨੇ
ਚੌੜ ਚੌੜ ਵਿੱਚ ਹੀ ਔਕਾਤ ਭੁੱਲ ਗਏ
ਗੀਤਾਂ ਵਿੱਚ ਜੱਟ ਵਡਿਆਏ ਜਾਂਦੇ ਨੇ
ਧਰਮਾਂ ਦਾ ਸਿੱਕਾ ਹੀ ਕੁਵੇਲੇ ਆ ਗਿਆ
ਸੀ ਮਾਰਦਾ ਦਮਾਮੇ, ਜੱਟ ਪੇਲਿਆ ਗਿਆ।

Tuesday, 11 March 2014

ਮੁਆਫ਼ ਕਰੀਂ ਐ ਜ਼ਿੰਦਗ਼ੀ...

ਬੜਾ ਸੌਖਾ ਹੈ
ਲਿਖ ਲੈਣਾ
ਰੋਟੀ ਦਾ ਰਾਮ ਰੋਲ਼ਾ
ਢਹਿੰਦੀਆਂ ਛੱਤਾਂ ਦੇ ਕੀਰਨੇ
ਵਧਦੀ ਮਹਿੰਗਾਈ ਦਾ ਪਿੱਟ ਸਿਆਪਾ।

ਭ੍ਰਿਸ਼ਟਾਚਾਰੀਆਂ ਦੀ
ਮਾਂ-ਭੈਣ ਇੱਕ ਕਰਦਿਆਂ
ਸਾਨੂੰ ਪਤਾ ਹੀ ਨਹੀਂ ਰਹਿੰਦਾ
ਅਸੀਂ ਕਹਿਣਾ ਕੀ ਚਾਹੁੰਦੇ ਹਾਂ?
ਜਦੋਂ ਬਹੁਤ ਉਦਾਸ ਹੁੰਦੇ ਹਾਂ
ਅੰਦਰ ਤੂਫ਼ਾਨ ਨੱਚ ਰਿਹਾ ਹੁੰਦੈ।

ਸਾਡੀਆਂ ਕਵਿਤਾਵਾਂ ਨੂੰ
ਪਰ ਨਹੀਂ ਲੱਗੇ।
ਸਾਡੇ ਗੀਤਾਂ ਨੂੰ
ਸਰਸਵਤੀ ਦੇ ਦਰਬਾਰੀਆਂ ਨੇ
ਬਗਾਵਤੀ ਸੁਰਾਂ ਵਾਲੇ
ਕੂੜੇਦਾਨ ਵਿੱਚ ਉਲੱਦ ਦਿੱਤਾ ਹੈ।

ਤੇ ਅਸੀਂ ਬਰਸਾਤ ਦੀ ਟਿੱਪ-ਟਿੱਪ ਵਿੱਚ
ਭਿੱਜ ਕੇ ਵੀ
ਅਭਿੱਜ ਹੀ ਰਹੇ
ਸਾਉਣ ਦੇ ਗੀਤ ਗਾਉਣ ਤੋਂ।
ਮਹਿਬੂਬ ਦੀਆਂ ਜ਼ੁਲਫਾਂ
ਸਾਡੇ ਲਈ
ਉਲਝਿਆ ਸਵਾਲ ਹੀ ਰਿਹਾ।

ਮੁਆਫ਼ ਕਰੀਂ
ਐ ਜ਼ਿੰਦਗ਼ੀ
ਤੂੰ ਸਾਡੇ ਲਈ
ਇੱਕ ਬੁਝਾਰਤ ਤੋਂ ਵਧਕ