Tuesday, 25 February 2014

ਹੋਰ ਥੁੜ੍ਹਾਂ ਮਾਰਿਆਂ ਨੇ ਕੀ ਕਰ ਲੈਣਾ ਏ...

ਕਿੰਨੀ ਤਕਲੀਫ਼ ਹੋਵੇ ਸੀ ਕਰ ਲੈਣਾ ਏ
ਅਸੀਂ ਥੁੜ੍ਹਾਂ ਮਾਰਿਆਂ ਨੇ ਕੀ ਕਰ ਲੈਣਾ ਏ।

ਅਸੀਂ ਕਦੇ ਜੁੱਤੀ ਨੂੰ ਵੀ ਪਾਲਿਸ਼ ਕਰਾਈ ਨਾ
ਪੈਰ ਘਸਾ ਲਏ ਪਰ ਚੱਪਲ ਘਸਾਈ ਨਾ
ਸਰਾਪੀਆਂ ਜੂਨਾਂ ਕਦੇ ਜ਼ਿੰਦਗੀ ਹੰਢਾਈ ਨਾ
ਬੱਕਰਾ ਤਿਆਰ ਪਰ ਤਿਆਰ ਕਸਾਈ ਨਾ
ਖਾਂਦਿਆਂ ਨੂੰ ਵੇਖ ਕੱਚਾ ਜੀਅ ਕਰ ਲੈਣਾ ਏ
ਹੋਰ ਥੁੜ੍ਹਾਂ ਮਾਰਿਆਂ ਨੇ ਕੀ ਕਰ ਲੈਣਾ ਏ।

ਇੱਕ ਹੱਥ ਨੋਟ ਸੀ ਤੇ ਇੱਕ ਹੱਥ ਵੋਟ ਸੀ
ਦੁੱਧੋਂ ਭੁੱਖਾ ਜੁਆਕ ਸੀ ਨਾ ਚਿੱਤ ਵਿੱਚ ਖੋਟ ਸੀ
ਮੇਮਣੇ ਨੂੰ ਇੱਕੋ ਜਿਹੀ ਦੋਹਾਂ ਦੀ ਮੰਨੌਤ ਸੀ
ਇੱਕ ਪਾਸੇ ਬਾਘ ਸੀ ਤੇ ਇੱਕ ਪਾਸੇ ਬੋਕ ਸੀ
ਮਾੜਿਆਂ ਨੇ ਕੀਹਦੇ ਨਾਲ ਟੀ ਕਰ ਲੈਣਾ ਏ
ਅਸੀਂ ਥੁੜ੍ਹਾਂ ਮਾਰਿਆਂ ਨੇ ਕੀ ਕਰ ਲੈਣਾ ਏ।

ਤੂੰ ਏਂ ਸਿਆਣਾ ਸਾਡੇ ਦਾਣੇ ਮੁੱਕੇ ਹੋਏ ਨੇ
ਬਾਤ ਮੁੱਕੀ ਹੋਈ ਏ ਕਹਾਣੇ ਮੁੱਕੇ ਹੋਏ ਨੇ
ਪਾਟੇ ਹੋਏ ਛੱਪਰ ਚੋਂ ਚੰਨ ਕਰੇ ਚੋਰੀਆਂ
ਸੂਰਜਾਂ ਉਧਾਲ਼ ਲਈਆਂ ਸਾਡੀਆਂ ਤਿਜੌਰੀਆਂ
ਬਾਦਲਾ ਤੂੰ ਵਰ੍ਹ, ਅਸੀਂ ਧੀ(ਰ) ਧਰ ਲੈਣਾ ਏ
ਹੋਰ ਥੁੜ੍ਹਾਂ ਮਾਰਿਆਂ ਨੇ ਕੀ ਕਰ ਲੈਣਾ ਏ।

ਤੂੰ ਏਂ ਵਪਾਰੀ ਤੈਨੂੰ ਨਫ਼ੇ ਨੁਕਸਾਨ ਦਾ
ਸਾਨੂੰ ਤਾਂ ਫ਼ਿਕਰ ਬੱਸ ਪਹਿਨਣ ਤੇ ਖਾਣ ਦਾ
ਗਿਣੇ ਨਹੀਂਓ ਜਾਣੇ ਤੈਥੋਂ ਸਾਡੇ ਦੁੱਖ ਸੁੱਖ ਵੇ
ਥੁੱਕ ਲਾ ਕੇ ਨੋਟ ਗਿਣਨੇ ਤੂੰ ਬੱਸ ਜਾਣਦਾ
ਤੂੰ ਵੀਹਾਂ ਨਾਲ ਦਸ ਖੱਟ ਤੀਹ ਕਰ ਲੈਣਾ ਏ
ਦੁੱਕੀ ਤਿੱਕੀ ਵਾਲਿਆਂ ਨੇ ਕੀ ਕਰ ਲੈਣਾ ਏ।

ਸਾਡਿਆਂ ਸੁਆਲਾਂ ਉੱਤੇ ਹਰ ਢਾਣੀ ਚੁੱਪ ਹੈ
ਚੌਧਰੀ ਵੀ ਚੁੱਪ ਹੈ ਤੇ ਚੌਧਰਾਣੀ ਚੁੱਪ ਹੈ
ਚੁੱਪ ਰਹਿ ਕੇ ਸਰਿਆ ਤੇ ਨਾਹੀਂ ਕਦੇ ਸਰਨਾ
ਗੁਰਬਾਣੀ ਚੁੱਪ ਹੈ ਤੇ ਗੱਗਬਾਣੀ ਚੁੱਪ ਹੈ
ਠ੍ਹੋਕਰਾਂ ਨੇ ਰਾਹੀ ਨੂੰ ਸਹੀ ਕਰ ਲੈਣਾ ਏ
ਅਸੀਂ ਥੁੜ੍ਹਾਂ ਮਾਰਿਆਂ ਨੇ ਕੀ ਕਰ ਲੈਣਾ ਏ।

Saturday, 22 February 2014

ਮੰਨਿਆਂ ਤੂੰ ਚੰਡੀਗੜ੍ਹ ਰਹਿੰਦੀ ਬੱਲੀਏ...

ਮੰਨਿਆਂ ਤੂੰ ਚੰਡੀਗੜ੍ਹ ਰਹਿੰਦੀ ਬੱਲੀਏ
ਪੇਂਡੂਆਂ ਨੂੰ ਕਾਹਨੂੰ ਮਾੜਾ ਕਹਿੰਦੀ ਬੱਲੀਏ

ਹੋਣੀ ਸੀ ਚੜ੍ਹਾਈ ਚੰਦਰੇ ਹਲਾਤ ਆ
ਬਾਦਲਾਂ ਦੇ ਨਾਲ ਸਾਡੀ ਲਾਗਡਾਟ ਆ

ਰਹਿੰਦੀ ਜੋ ਗਰੀਬ ਨਾਲ ਖਹਿੰਦੀ ਬੱਲੀਏ
ਸੂਈ ਕੁੱਤੀ ਜਿਉਂ ਪੁਲਸ ਸਾਨੂੰ ਪੈਂਦੀ ਬੱਲੀਏ।

ਬਜਰੀ ਨਾ ਗਟਕਾ ਨਾ ਰੇਤਾ ਮਿਲਦਾ
ਹਰ ਮੋੜ ਉੱਤੇ ਪਰ ਠੇਕਾ ਮਿਲਦਾ।

ਨੀਂਹ ਪੱਥਰਾਂ ਦੀ ਨ੍ਹੇਰੀ ਲਿਆਂਦੀ ਪਈ ਚੌਰੇ ਨੇ
ਛੱਡ'ਤੀ ਏ ਕੋਈ ਰਹਿੰਦ-ਖੂੰਹਦ ਗੋਰੇ ਨੇ।

ਮੁੱਲ ਦੀ ਪੜ੍ਹਾਈ ਤੇ ਦਵਾਈਆਂ ਹੋ ਗਈਆਂ
ਬਾਹਰੋ ਬਾਹਰ ਸਾਡੀਆਂ ਕਮਾਈਆਂ ਹੋ ਗਈਆਂ।

ਸਾਡੇ ਉੱਤੇ ਨਸ਼ਿਆਂ ਦਾ ਜਾਲ਼ ਸੁੱਟ ਕੇ
ਕੀਤਾ ਬਾਦਸ਼ਾਹੀ ਨੇ ਕੰਗਾਲ ਲੁੱਟ ਕੇ।

ਮਸਤਾਂ ਨੇ ਮਸਤੀ ਦੀ ਦੱਸ ਪਾਈ ਐ
ਸੂਟਿਆਂ ਤੇ ਕੰਜਰਾਂ ਮੁੰਡ੍ਹੀਰ ਲਾਈ ਐ।

ਪੰਜਤਾਲੀਆਂ ਦੀ ਹੋ ਕੇ ਵੀ ਤੂੰ ਲੱਗੇ ਬਾਈ ਦੀ
ਉੱਨੀਆਂ ਦੀ ਸਾਡੀ ਬਣ ਜਾਂਦੀ ਝਾਈ ਜਿਹੀ।

ਤੁਹਾਡੇ ਚਾਲੀਆਂ ਦੇ ਹੈਂਡਸਮ ਕਹਾਉਣ ਲੱਗ ਪਏ
ਅਸੀਂ ਇੱਕੀਆਂ ਦੇ ਆਂਕਲ ਸਦਾਉਣ ਲੱਗ ਪਏ।

ਮਾਰ ਚਾਰੇ ਪਾਸਿਆਂ ਤੋਂ ਪੈਂਦੀ ਬੱਲੀਏ
ਕੱਢ ਲੈ ਕਸਰ ਜਿਹੜੀ ਰਹਿੰਦੀ ਬੱਲੀਏ।

'ਗੱਗ-ਬਾਣੀ' ਪੜ੍ਹ ਸੱਚ ਕਹਿੰਦੀ ਬੱਲੀਏ
ਨਫੇ- ਨੁਕਸਾਨ ਬਿਨਾਂ ਖਹਿੰਦੀ ਬੱਲੀਏ।

ਮੰਨਿਆਂ ਤੂੰ ਚੰਡੀਗੜ੍ਹ ਰਹਿੰਦੀ ਬੱਲੀਏ
ਪੇਂਡੂਆਂ ਨੂੰ ਕਾਹਨੂੰ ਮਾੜਾ ਕਹਿੰਦੀ ਬੱਲੀਏ।

ਆ ਜਾਈ ਮਸਤਾਂ ਦੇ ਡੇਰੇ...

ਨੰਗ ਬਣਾ ਦੇਣਗੇ ਬੀਬਾ ਮੰਗਣ ਲਾ ਦੇਣਗੇ ਬੀਬਾ
ਸੂਟੇ ਲਾ ਦੇਣਗੇ ਬੀਬਾ ਆਦਤ ਪਾ ਦੇਣਗੇ ਬੀਬਾ

ਨਾ ਜਾਈ ਮਸਤਾਂ ਦੇ ਡੇਰੇ ਖਸਤ ਬਣਾ ਦੇਣਗੇ ਬੀਬਾ
ਨਾ ਜਾਈਂ ਮਸਤਾਂ ਦੇ ਡੇਰੇ ਖਸਤ ਬਣਾ ਦੇਣਗੇ ਬੀਬਾ।

ਜਦ ਫ਼ੀਮ ਮਿਲੇ ਨਾ ਭੁੱਕੀ ਨੀਂ ਥਾਣਿਓਂ ਵੀ ਹੋਵੇ ਮੁੱਕੀ ਨੀਂ
ਤੂੰ ਲਾਹ ਪੈਰਾਂ ‘ਚੋਂ ਜੁੱਤੀ ਨੀਂ ਆ ਜਾਵੀਂ ਬੂਥਾ ਚੁੱਕੀ ਨੀਂ

ਸਿੱਧੀਆਂ ਪਾ ਦੇਣਗੇ ਬੀਬਾ, ਪਾਰ ਬੁਲਾ ਦੇਣਗੇ ਬੀਬਾ
ਆ ਜਾਈ ਮਸਤਾਂ ਦੇ ਡੇਰੇ ਖਸਤ ਬਣਾ ਦੇਣਗੇ ਬੀਬਾ
ਆ ਜਾਈ ਮਸਤਾਂ ਦੇ ਡੇਰੇ ਖਸਤ ਬਣਾ ਦੇਣਗੇ ਬੀਬਾ।

ਨਾ ਚਿੜੀਆਂ ਦਾ ਨਾ ਬਾਜ਼ਾਂ ਦਾ ਇਹ ਦੇਸ਼ ਹੈ ਘਪਲੇਬਾਜ਼ਾਂ ਦਾ
ਹਰ ਪਾਸੇ ਮਾਰਾ ਮਾਰੀ ਐ ਹੱਦ ਟੱਪ ਗਈ ਬੇਰੁਜ਼ਗਾਰੀ ਐ

ਬਜਰੀ ਨਾ ਗਟਕਾ ਰੇਤਾ ਏ ਹਰ ਮੋੜ ਤੇ ਖੁੱਲ੍ਹਿਆ ਠੇਕਾ ਏ
ਮਹਿੰਗਾਈ ਸੁੱਕਣੇ ਪਾਇਆ ਏ ਆਲੂ ਗੰਢਿਆਂ ਦਾ ਤਾਇਆ ਏ

ਵਿੱਚ ਅਦਾਲਤਾਂ ਦੇ ਇਨਸਾਫ਼ ਨਹੀਂ ਮਾੜੇ ਨੂੰ ਕੁੱਝ ਵੀ ਮੁਆਫ਼ ਨਹੀਂ
ਲਾ ਸੁਲਫੇ ਦਾ ਲੰਮਾ ਸੂਟਾ ਕਸ਼ਟ ਭੁਲਾ ਦੇਣਗੇ ਬੀਬਾ ਤੇ ਸੁਰਗ ਵਿਖਾ ਦੇਣਗੇ ਬੀਬਾ
ਆ ਜਾਈਂ ਮਸਤਾਂ ਦੇ ਡੇਰੇ ਮਸਤ ਬਣਾ ਦੇਣਗੇ ਬੀਬਾ।

ਸੱਤਨਾਮ-ਸੱਤਨਾਮ, ਵਾਹਿਗੁਰੂ-ਵਾਹਿਗੁਰੂ
ਵਾਹਿਗੁਰੂ-ਵਾਹਿਗੁਰੂ, ਸਤਿਨਾਮ-ਸਤਿਨਾਮ
ਨਾਮ ਜਪਾ ਦੇਣਗੇ ਬੀਬਾ ਤੇ ਫਰਜ਼ ਭੁਲਾ ਦੇਣਗੇ ਬੀਬਾ
ਮਾਲਾ ਫੜਾ ਦੇਣਗੇ ਬੀਬਾ ਤੇ ਵਿਹਲੇ ਬਿਠਾ ਦੇਣਗੇ ਬੀਬਾ
ਆ ਜਾਈਂ ਮਸਤਾਂ ਦੇ ਡੇਰੇ ਮਸਤ ਬਣਾ ਦੇਣਗੇ ਬੀਬਾ।

ਹੈ ਮਸਤੀ ਦੁਨੀਆਂ ਸਾਰੀ ਨੀਂ ਨਾ ਕਿਸੇ ਨੂੰ ਕੋਈ ਬੀਮਾਰੀ ਨੀਂ
ਲੁੱਟੇ ਵੀ ਲੋਕੀਂ ਜਾਂਦੇ ਨੇ ਕੁੱਟੇ ਵੀ ਲੋਕੀਂ ਜਾਂਦੇ ਨੇ ਖੁਦਕੁਸ਼ੀਆਂ
ਪਿਆ ਕੋਈ ਕਰਦਾ ਏ ਕੋਈ ਅਪਣੀ ਮੌਤ ਨਾ ਮਰਦਾ ਏ

ਗਾਉਣ ਵਾਲੇ ਵੀ ਘੱਟ ਹੈ ਨਹੀਂ ਜੋ ਦੱਸਦੇ, ਦਿਸਦਾ ਜੱਟ ਹੈ ਨਹੀਂ
ਕੁੜੀਆਂ ਨੂੰ ਪੁਰਜ਼ਾ ਬਣਾਉਂਦੇ ਨੇ ਸਕੀਆਂ ਤੋਂ ਅੱਖ ਚੁਰਾਉਂਦੇ ਨੇ

ਲੋਕਾਂ ਦਾ ਆਵਾ ਊਤ ਗਿਆ ਕੋਈ ਅਣਖ ਇਨ੍ਹਾਂ ਦੀ ਸੂਤ ਗਿਆ
ਨਾ ਸੱਚ ਰਿਹਾ ਨਾ ਝੂਠ ਗਿਆ ਥਾਲ਼ੀ ਵਿੱਚ ਕੁੱਤਾ ਮੂਤ ਗਿਆ

ਹੈ ਸਾੜ੍ਹਸਤੀ ਸਿਰ ਚੜ੍ਹੀ ਹੋਈ ਬਾਦਲ ਦੀ ਮੁੱਛ ਪਰ ਖੜ੍ਹੀ ਹੋਈ ਨੰਨ੍ਹੀ ਛਾਂ ਢੋਂਗ ਰਚਾ ਬੀਬਾ ਤੇ ਜੈ ਮਸਤਾਂ ਦੀ ਗਾ ਬੀਬਾ ਗਾਇਆ ਕਰ ਤੂੰ ਜੈ ਮਸਤਾਂ ਦੀ ਐਨ ਘਸਾ ਦੇਣਗੇ ਬੀਬਾ, ਗੁਣੀ ਬਣਾ ਦੇਣ ਗੇ ਬੀਬਾ
ਆ ਜਾਈਂ ਮਸਤਾਂ ਦੇ ਡੇਰੇ ਮਸਤ ਬਣਾ ਦੇਣਗੇ ਬੀਬਾ।

ਸੁਣ ਕੀ ਕਹਿੰਦੀ ‘ਗੱਗ-ਬਾਣੀ’ ਨੀਂ ਘਰ-ਘਰ ਦੀ ਇਹੋ ਕਹਾਣੀ ਨੀਂ
ਨਾ ਚੁੱਲ੍ਹਿਆਂ ਦੇ ਵਿੱਚ ਅੱਗ ਰਹੀ ਤੇ ਨਾ ਘੜਿਆਂ ਵਿੱਚ ਪਾਣੀ ਨੀਂ

ਗੁਲਾਮ ਹਾਂ ਅਸੀਂ ਆਜ਼ਾਦ ਨਹੀਂ ਇਹ ਤਾਂ ਸਾਡਾ ਪੰਜਾਬ ਨਹੀਂ
ਪੈਣੀ ਮੁੱਢ ਤੋਂ ਪੈਂਤੀ ਪੜ੍ਹਨੀ ਐ ਇੱਕ ਹੋਰ ਲੜਾਈ ਲੜਨੀ ਐ

ਹੁਣ ਭਗਤ ਸਰਾਭੇ ਨਹੀਂ ਆਉਣਾ ਨਾ ਨਾਨਕ ਬਾਬੇ ਹੀ ਆਉਣਾ
ਸੁਣ ਓ ਬੀਬਾ ਨੇਤਰ ਤੀਜਾ
ਸੱਚ ਵਿਖਾ ਦਿਆਂਗੇ ਬੀਬਾ, ਭਰਮ ਮਿਟਾ ਦਿਆਂਗੇ ਬੀਬਾ
ਤੂੰ ਪੜ੍ਹਿਆ ਕਰ ‘ਗੱਗ-ਬਾਣੀ’ ਬੈਂਡ ਬਜਾ ਦਿਆਂਗੇ ਬੀਬਾ।

Friday, 14 February 2014

ਬਹਿਸ

ਕਾਮਰੇਡ:-ਅਸਾਂ ਫਲਸਫਾ ਫੋਲ ਮਾਰਿਆ
ਤੇ ਤੁਸਾਂ ਕਦਰ ਨਾ ਪਾਈ ਏ

ਆਪ:- ਖੜ੍ਹੇ ਪਾਣੀਆਂ 'ਚ ਮੁਸ਼ਕ
ਤੁਸਾਂ ਕਿਉਂ ਭੁਲਾਈ ਏ।

ਕਾਮਰੇਡ:-ਸਾਨੂੰ ਪਤੈ ਕੀ ਹੋਣੈ
ਤੇ ਕੀ ਹੋ ਰਿਹਾ ਏ।

ਆਪ:- ਕੋਣ ਹੈ ਜੋ ਹਾਲਾਤ ਤੋਂ
ਮੂੰਹ ਲੁਕੋ ਰਿਹਾ ਏ।

ਕਾਮਰੇਡ:- ਆਏਗਾ ਇਨਕਲਾਬ
ਸਰਮਾਏਦਾਰੀ ਮੁੱਕਣ ਤੇ

ਆਪ:- ਅਫਸੋਸ ਸਮਝਦਾਰਾਂ ਦੀ
ਸਮਝਦਾਰੀ ਮੁੱਕਣ ਤੇ।

ਕਾਮਰੇਡ:- ਇਤਿਹਾਸ ਅਪਣੇ ਆਪ ਵਿੱਚ
ਦੁਹਰਾਇਆ ਜਾਂਦਾ ਹੈ।

ਆਪ:- ਇਤਿਹਾਸ ਬਣਦਾ ਨਹੀਂ
ਬਣਾਇਆ ਜਾਂਦਾ ਹੈ।

ਕਾਮਰੇਡ:- ਤੁਸੀਂ ਆਏ ਹੋ ਦੱਲੇ
ਸਰਮਾਏਦਾਰੀ ਦੇ ਘੱਲੇ

ਆਪ:- ਸਾਡੇ ਤੇ ਊਜ ਨਾ ਲਾਓ
ਤੁਸੀਂ ਕਾਰਤੂਸ ਚੱਲੇ।

ਕਾਮਰੇਡ:- ਵੇਖਦੇ ਆਂ ਕਿੰਨਾ ਚਿਰ
ਇਹ ਸਰਕਾਰ ਚੱਲਦੀ ਏ

ਆਪ:- ਲੋਕ ਚਲਾਉਣਗੇ
ਇਹ ਲੋਕਾਂ ਨਾਲ਼ ਚੱਲਦੀ ਏ।

ਕਾਮਰੇਡ:- ਕਿਉਂ ਪੱਕੇ ਨਹੀਂ ਕੀਤੇ
ਮੈਟਰੋ ਮਜ਼ਦੂਰ ਅਜੇ

ਆਪ:- ਤੁਸੀਂ ਕਾਹਤੋਂ ਭੁੱਲਦੇ ਓ
ਸਾਡੇ ਹੱਥ ਮਜ਼ਬੂਰ ਅਜੇ।

ਕਾਮਰੇਡ:- ਕਾਹਦੀ ਮਜ਼ਬੂਰੀ ਐ
ਸਰਕਾਰੇ ਅਰਵਿੰਦੇ

ਆਪ:- ਸਮਾਂ ਤਾਂ ਲੱਗਦਾ ਹੈ
ਤੁਸੀਂ ਸਮਾਂ ਹੀ ਨਹੀਂ ਦਿੰਦੇ।

ਕਾਮਰੇਡ:- ਤੁਸਾਂ ਵਾਅਦਾ ਕੀਤਾ ਸੀ
ਓਸੇ ਤੋਂ ਫਿਰ ਗਏ ਨੇ

ਆਪ :- ਦੱਸ ਕਿੱਧਰ ਨੂੰ ਹੋਈਏ
ਚੁ-ਪਾਸਿਓਂ ਘਿਰ ਗਏ ਨੇ।

ਕਾਮਰੇਡ:- ਸਰਕਾਰ ਚਲਾਉਣਾ ਵੀ
ਤੇਰੇ ਵੱਸ ਦੀ ਗੱਲ ਨਹੀਂ

ਆਪ:- ਸਿੱਧਾ ਕਿਉਂ ਨਹੀਂ ਕਹਿ ਦਿੰਦੇ
ਨਾਲ ਸਕਦੇ ਚੱਲ ਨਹੀਂ।

ਆਮ ਲੋਕ:- ਇਹ ਬਹਿਸ ਨਹੀਂ ਮੁੱਕਣੀ
ਗੱਲ ਸੋਲ਼ਾਂ ਆਨੇ ਆ।
ਨਾ ਮਿਲ ਕੇ ਚੱਲਣ ਦੇ
ਤਾਂ 100 ਬਹਾਨੇ ਆ।
ਜੇ ਮਿਲ ਕੇ ਚੱਲੋਗੇ
ਕੁੱਝ ਕਰ ਵੀ ਸਕਦੇ ਓ
ਸਮਿਆਂ ਦੇ ਜ਼ਖਮਾਂ ਨੂੰ
ਤੁਸੀਂ ਭਰ ਵੀ ਸਕਦੇ ਓ।

Wednesday, 12 February 2014

ਭਾਈ ਗੁਰਬਖਸ਼ ਸਿੰਘ...

ਹੁਣ ਕਿੱਧਰ ਭਾਈ ਗੁਰਬਖਸ਼ ਸਿੰਘ
ਸੀ ਹਵਾ ਚਲਾਈ ਗੁਰਬਖਸ਼ ਸਿੰਘ
ਹਰ ਪਾਸੇ ਭਾਈ ਗੁਰਬਖਸ਼ ਸਿੰਘ
ਸਿਆਸਤ ਗਰਮਾਈ ਗੁਰਬਖਸ਼ ਸਿੰਘ।
ਸੀ ਭੀੜ ਜੁਟਾਈ ਗੁਰਬਖਸ਼ ਸਿੰਘ
ਕਰ ਗਿਆ ਕਮਾਈ ਗੁਰਬਖਸ਼ ਸਿੰਘ
ਮੁੱਕ ਗਈ ਲੜਾਈ? ਗੁਰਬਖਸ਼ ਸਿੰਘ
ਕਰ ਗਿਆ ਚੜ੍ਹਾਈ? ਗੁਰਬਖਸ਼ ਸਿੰਘ?
ਨਾ ਦਿਸਦੇ ਨਾਈ ਗੁਰਬਖਸ਼ ਸਿੰਘ
ਲਾੜੇ ਦੀ ਤਾਈ ਗੁਰਬਖਸ਼ ਸਿੰਘ
ਮੇਲਣ ਵੀ ਆਈ ਗੁਰਬਖਸ਼ ਸਿੰਘ
ਧੰਨਾ ਹਲਵਾਈ ਗੁਰਬਖਸ਼ ਸਿੰਘ
ਜਣਾ-ਖਣਾ ਈ ਭਾਈ ਗੁਰਬਖਸ਼ ਸਿੰਘ
ਕਹਿ ਫਤਹਿ ਬੁਲਾਈ ਗੁਰਬਖਸ਼ ਸਿੰਘ
ਅਕਾਲ ਸਹਾਈ ਗੁਰਬਖਸ਼ ਸਿੰਘ
ਸਿੱਖਾਂ ਦੀ ਲੜਾਈ ਗੁਰਬਖਸ਼ ਸਿੰਘ
ਸਿੱਖੀ ਦੀ ਲੜਾਈ ਗੁਰਬਖਸ਼ ਸਿੰਘ
ਕਰ ਗਿਆ ਚੜ੍ਹਾਈ ਗੁਰਬਖਸ਼ ਸਿੰਘ?
ਜਾਂ ਮੁੱਛ ਮੁਨਾਈ? ਗੁਰਬਖਸ਼ ਸਿੰਘ
ਬੱਲੇ ਵਾਹ ਭਾਈ ਗੁਰਬਖਸ਼ ਸਿੰਘ
ਮੂਰਤ ਬਣਵਾਈ ਗੁਰਬਖਸ਼ ਸਿੰਘ
ਸੋਨੇ ‘ਚ ਮੜ੍ਹਾਈ ਗੁਰਬਖਸ਼ ਸਿੰਘ
ਸਿੰਘਾਂ ਦੀ ਚੜ੍ਹਾਈ ਗੁਰਬਖਸ਼ ਸਿੰਘ
ਜਾਂ ਕਦਰ ਘਟਾਈ ਗੁਰਬਖਸ਼ ਸਿੰਘ?
ਦੇਊ ਕੋਣ ਸਫਾਈ ਗੁਰਬਖਸ਼ ਸਿੰਘ
ਫੜੀ ਕਿਸ ਤੋਂ ਸਾਈ ਗੁਰਬਖਸ਼ ਸਿੰਘ
ਪੰਥੀ ਫੂਕ ਛਕਾਈ ਗੁਰਬਖਸ਼ ਸਿੰਘ
ਠੁੱਸ ਹੋ ਗਿਆ ਭਾਈ ਗੁਰਬਖਸ਼ ਸਿੰਘ
ਆਰ-ਪਾਰ ਦੀ ਲੜਾਈ ਗੁਰਬਖਸ਼ ਸਿੰਘ
ਹੋਗੀ ਮੰਨ-ਮਨਾਈ ਗੁਰਬਖਸ਼ ਸਿੰਘ
ਦੁਨੀਆਂ ਬੁੱਧੂ ਬਣਾਈ ਗੁਰਬਖਸ਼ ਸਿੰਘ
ਦੁਨੀਆਂ ਹੈ ਵੀ ਭਾਈ ਗੁਰਬਖਸ਼ ਸਿੰਘ
ਕਾਹਦੀ ਰਹਿਨੁਮਾਈ ਗੁਰਬਖਸ਼ ਸਿੰਘ
ਗਲ਼ ‘ਪਟਾ’ ਪਵਾਈ ਗੁਰਬਖਸ਼ ਸਿੰਘ
ਚੁੱਪ ਹੋ ਗਿਆ ਭਾਈ ਗੁਰਬਖਸ਼ ਸਿੰਘ
ਹੁਣ ਨਜ਼ਰ ਨਾ ਆਈ ਗੁਰਬਖਸ਼ ਸਿੰਘ
ਜੋ ਭੀੜ ਜੁਟਾਈ ਗੁਰਬਖਸ਼ ਸਿੰਘ
ਚੰਗਾ ਲਾਇਆ ਦਾਅ ਈ ਗੁਰਬਖਸ਼ ਸਿੰਘ
ਲੱਥਾ ਸਭ ਚਾਅ ਈ ਗੁਰਬਖਸ਼ ਸਿੰਘ
ਦਿਨੇ ਖੂਬ ਚੜ੍ਹਾਈ ਗੁਰਬਖਸ਼ ਸਿੰਘ
ਰਾਤੀ ਸੁਲ੍ਹਾ ਸਫਾਈ ਗੁਰਬਖਸ਼ ਸਿੰਘ
ਚੱਲ ਪਿਆ ਦੁੱਧ ਚਾਹ ਈ ਗੁਰਬਖਸ਼ ਸਿੰਘ
ਦੇਸੀ ਘਿਓ ਕੜਾਹ ਈ ਗੁਰਬਖਸ਼ ਸਿੰਘ
ਨਾ ਆਉਂਦਾ ਸਾਹ ਈ ਗੁਰਬਖਸ਼ ਸਿੰਘ
ਹੁਣ ਕੀ ਪ੍ਰਵਾਹ ਈ ਗੁਰਬਖਸ਼ ਸਿੰਘ
‘ਗੱਗ-ਬਾਣੀ’ ਥਾਈਂ ਗੁਰਬਖਸ਼ ਸਿੰਘ
ਕਾਣੀ ਅੱਖ ਪਾਈ ਗੁਰਬਖਸ਼ ਸਿੰਘ
ਲੱਥਾ ਸਭ ਚਾਅ ਈ ਗੁਰਬਖਸ਼ ਸਿੰਘ
ਹੈ ਵੀ ਸੀ ਸ਼ੁਦਾਈ ਗੁਰਬਖਸ਼ ਸਿੰਘ
ਮੋਹਰ ਸਰਕਾਰੀ ਪਾਈ ਗੁਰਬਖਸ਼ ਸਿੰਘ
ਸੀ ਪਹਿਲਾਂ ਈ ਪਤਾ ‘ਈ ਗੁਰਬਖਸ਼ ਸਿੰਘ
ਕੋਣ ਕੀਹਦਾ ਜਵਾਈ ਗੁਰਬਖਸ਼ ਸਿੰਘ
ਕਿਸ ਨੇ ਅੱਗ ਲਾਈ ਗੁਰਬਖਸ਼ ਸਿੰਘ
ਕਿਸ ਫੂਕ ਛਕਾਈ ਗੁਰਬਖਸ਼ ਸਿੰਘ
ਕਿਸ ਦੀ ਗੰਨ ਭਾਈ ਗੁਰਬਖਸ਼ ਸਿੰਘ
ਮੋਢੇ ਰੱਖ ਚਲਾਈ ਗੁਰਬਖਸ਼ ਸਿੰਘ
ਕੀਹਦਾ ਖਸਮ ਗੁਸਾਈਂ ਗੁਰਬਖਸ਼ ਸਿੰਘ
ਕਿਸ ਦੀ ਰੰਨ ਭਾਈ ਗੁਰਬਖਸ਼ ਸਿੰਘ
ਸਿਆਸਤ ਹੈ ਭਾਈ ਗੁਰਬਖਸ਼ ਸਿੰਘ
ਕੋਣ ਕੀਹਦਾ ਸਕਾ ਈ ਗੁਰਬਖਸ਼ ਸਿੰਘ
ਕੀ ਹੋਗਿਆ ਭਾਈ ਗੁਰਬਖਸ਼ ਸਿੰਘ
ਕਿਸੇ ਵਰਤ ਲਿਆ ਈ ਗੁਰਬਖਸ਼ ਸਿੰਘ
ਹੈ ਤਾਂ ਬੰਦਾ ਈ ਗੁਰਬਖਸ਼ ਸਿੰਘ
ਚਲੋ ਛੱਡੋ ਭਾਈ ਗੁਰਬਖਸ਼ ਸਿੰਘ।।

Sunday, 9 February 2014

ਗੁੱਸਾ

ਜਦ ਵੀ ਆਵੇ ਗੁੱਸਾ, ਗੁੱਸਾ ਪੀ ਜਾਂਦਾ ਏ
ਅਪਣੇ ਆਪ ਨੂੰ ਸਾੜ ਕਿਸੇ ਦਾ ਕੀ ਜਾਂਦਾ ਏ।

ਇਸ ਦਰਿਆ ਦੀਆਂ ਮੱਛੀਆਂ ਦੇ ਵਿੱਚ ਕੰਡਾ ਨਹੀਂ
ਇਸ ਦਰਿਆ ਨੂੰ ਤਦੇ ਹੀ ਸਾਗਰ ਪੀ ਜਾਂਦਾ ਏ ।

ਉਹ ਆਖਣ ਕਿ ਅਧੀਆ ਪੀ ਕੇ ਲਿਖਦਾ ਹੋਊ
ਕੀ ਜਾਣਨ ਕਿ ਲਿਖਿਆ ਏਦਾਂ ਵੀ ਜਾਂਦਾ ਏ।

ਕੋਣ ਸਿਆਸਤ ਸਮਝੇ ਕਾਣੇ ਬਾਦਲ ਦੀ
ਵਰ੍ਹਦਾ ਜਿਸ ਦਰਿਆ ਤੇ ਉਹਨੂੰ ਪੀ ਜਾਂਦਾ ਏ।

ਇਸ ਰਸਤੇ ਨਾ ਚੱਲ ਇਹ ਰਸਤਾ ਆਮ ਨਹੀਂ
ਕੈਸਾ ਸਨਕੀ ਸ਼ਾਇਰ, ਓਧਰ ਹੀ ਜਾਂਦਾ ਏ।

‘ਗੱਗ-ਬਾਣੀ’ ਵਿੱਚ ਲਿਖਿਆ ਸਭ ਬਕਵਾਸ ਕਹਿਣ
ਵਿਹਲਾ ਏ ਕੋਕੇ ਤੇ ਕੋਕਾ ਜੜੀ ਜਾਂਦਾ ਏ।

Sunday, 2 February 2014

ਲਾਸ਼ਾਂ ਤੇ ਵੀ ਲੋਕ ਸਿਆਸਤ ਕਰਦੇ ਨੇ....

ਮੌਤ ਨੂੰ ਆਖ਼ ਸਮਾਧੀ, ਘਾੜਤਾਂ ਘੜਦੇ ਨੇ
ਲਾਸ਼ਾਂ ਤੇ ਵੀ ਲੋਕ ਸਿਆਸਤ ਕਰਦੇ ਨੇ।

ਉਸ ਨੂੰ ਕਿੱਥੋਂ ਮਿਲਣੀ ਢੋਈ ਮਰਕੇ ਵੀ
ਬਾਦਲ-ਕੈਪਟਨ ਜੀਹਦੀ ਉਸਤਤ ਕਰਦੇ ਨੇ।

ਇਸ ਬੇਰੀ ਤੋਂ ਆਸ ਨਾ ਬਹੁਤੀ ਰੱਖ ਬੀਬਾ
ਇਸ ਬੇਰੀ ਤੋਂ ਕੰਡੇ ਹੀ ਬੱਸ ਝੜਦੇ ਨੇ।

ਜਦ ਕਦੇ ਕੁਰਸੀ ਨੂੰ ਹਿੱਲ੍ਹਣ ਆਇਆ ਏ
ਚੜ੍ਹ ਕੰਧੇੜੀ ਲੋਕਾਂ ਦੇ ਪੁੱਤ ਮਰਦੇ ਨੇ।

ਏਸ ਭੀੜ ਵਿੱਚ ਕੋਈ ਹੀ ਸਿਰ ਵਾਲਾ ਹੈ
ਏਸ ਭੀੜ ਦੇ ਸਿਰ ਤੇ ਹੀ ਚੰਨ ਚੜ੍ਹਦੇ ਨੇ।

ਪੜ੍ਹਿਆ ਕਰੋ 'ਗੱਗ-ਬਾਣੀ' ਭੋਲਿਓ ਲੋਕੋ ਵੇ
ਇਹ ਨਾ ਸੋਚਿਓ ਅੱਜ ਦੇ ਸ਼ਾਇਰ ਡਰਦੇ ਨੇ।