Wednesday, 28 May 2014

ਰਿਟਾਇਰਮੈਂਟ....

ਮਿਲਿਆ ਕਰਾਂਗੇ ਵੱਧ-ਘੱਟ ਫੇਸਬੁੱਕ ਤੇ
ਹੁਣ ਸਾਡੇ ਲੱਗ ਜਾਣੇ ਕੱਟ ਫੇਸਬੁੱਕ ਤੇ।

ਕਦੇ ਕਦੇ ਅੱਪਡੇਟ ਚਾੜ੍ਹ ਦਿਆ ਕਰਾਂਗੇ
ਗਾਜਰਾਂ 'ਚ ਗਧਾ ਆਕੇ ਵਾੜ ਦਿਆ ਕਰਾਂਗੇ।

ਹੁਣ ਕੀਤੇ ਟੈਗ ਤੇ ਕਮੈਂਟ ਨਾ ਉਡੀਕਿਓ
ਕੱਛੇ ਵਾਲੀ ਫੋਟੋ ਪਿੱਛੋਂ, ਪੈਂਟ ਨਾ ਉਡੀਕਿਓ।

ਝੂਠ ਪ੍ਰਧਾਨ ਭਾਵੇਂ, ਸੱਚ ਫੜੀ ਰੱਖਿਓ
ਬਾਦਲਾਂ ਦੀ ਧੋਣ ਉਤੇ, ਗੋਡਾ ਧਰੀ ਰੱਖਿਓ।

ਅਣਜਾਣੇ ਵਿੱਚ ਹੋਇਆ ਜੇ ਕਸੂਰ ਮੈਨੂੰ ਦੱਸਣਾ
ਅੱਛੇ ਦਿਨ ਆਏ ਤਾਂ ਜ਼ਰੂਰ ਮੈਨੂੰ ਦੱਸਣਾ।

ਤਾ-ਉਮਰ ਅਪਣੇ, ਏਦਾਂ ਦੇ ਚੱਜ ਰਹਿਣਗੇ
ਲੋੜ ਹੋਈ ਜਿਨ੍ਹਾਂ ਨੂੰ ਉਹ ਆਪੇ ਲੱਭ ਲੈਣਗੇ।

ਗੱਗਬਾਣੀ ਹੋ ਰਹੀ, ਰਿਟਾਇਰ ਪਹਿਲੀ ਜੂਨ ਤੋਂ
ਅਲਵਿਦਾ, ਬਾਏ-ਬਾਏ, ਖੈਰ ਪਹਿਲੀ ਜੂਨ ਤੋਂ।

Thursday, 22 May 2014

ਅਣਹੋਣੀਆਂ


ਹਨੇਰਾ ਹੋਣ ਵਾਲਾ ਹੈ।

ਰੋਜ਼ਾਨਾ ਦੀ ਤਰਾਂ
ਉਹ ਮੁਟਿਆਰ
ਏਸ ਸੁੰਨਸਾਨ ਰਸਤੇ ਤੋਂ
ਅੱਜ ਵੀ ਕੱਲ੍ਹੀ-ਕਾਰੀ
ਲੰਘਣ ਵਾਲੀ ਹੈ।

ਮੈਂ ਸਿਰ ਤੇ ਕਾਮ ਚੜ੍ਹਾ ਕੇ
ਬੜੀ ਹੀ ਬੇਸੱਬਰੀ ਨਾਲ
ਉਸ ਦਾ ਇੰਤਜ਼ਾਰ ਕਰ ਰਿਹਾ ਹਾਂ।

ਕਿ ਕਦੋਂ ਉਹ ਏਧਰੋਂ ਲੰਘੇ
ਤੇ ਮੈਂ
ਮੌਕਾ ਤਾੜ ਕੇ
ਹਨ੍ਹੇਰੇ ਵਿੱਚ ਮੂੰਹ ਕਾਲਾ ਕਰਕੇ
ਚਾਨਣ ਵਿੱਚ ਦੁੱਧ ਧੋਤਾ ਰਹਿ ਜਾਵਾਂ।

ਉਹ ਆ ਰਹੀ ਹੈ
ਅੱਜ ਤਾਂ ਉਸ ਨੇ
ਹੋਰ ਵੀ ਭੜਕਾਊ ਕੱਪੜੇ ਪਾਏ ਹੋਏ ਹਨ।

ਪੱਟ-ਘੁੱਟਵੀਂ ਜੀਨ
ਪਤਲਾ ਸ਼ੀਂਟ ਦਾ ਕੁਰਤਾ
ਅੱਜ ਤਾਂ ਉਸ ਦੀਆਂ ਛਾਤੀਆਂ
ਹੋਰ ਵੀ ਉੱਘੜ ਕੇ
ਚਮਕ ਰਹੀਆਂ ਹਨ
ਟੁੱਟੀ ਹੋਈ ਸਟਰੀਟ ਲਾਈਟ ਦੀ
ਮੱਧਮ ਰੌਸ਼ਨੀ ਵਿੱਚ।

ਮੇਰੇ ਕਦਮ ਕਾਹਲ਼ੇ ਪੈਂਦੇ ਜਾ ਰਹੇ ਹਨ
ਦਿਲ ਧੱਕ-ਧੱਕ ਕਰ ਰਿਹਾ ਹੈ
ਮੈਂ ਉਸ ਦੇ ਹੋਰ ਨੇੜੇ ਹੁੰਦਾ ਜਾ ਰਿਹਾ ਹਾਂ।

ਦਸ ਕੁ ਕਦਮਾਂ ਦੀ ਵਿੱਥ ਤੇ
ਉਹ ਬਿਲਕੁਲ ਸੁੰਨੀ ਅਤੇ ਹਨ੍ਹੇਰੀ ਥਾਂ ਤੋਂ
ਲੰਘ ਰਹੀ ਹੋਵੇਗੀ
ਤੇ ਮੈਂ ਪਿੱਛਿਓਂ ਦੀ ਜਾ ਕੇ
ਰੁਮਾਲ ਨਾਲ ਉਸਦਾ ਮੂੰਹ
ਬੰਦ ਕਰਕੇ
ਖੋਲ੍ਹਣ ਵਾਲਾ ਹਾਂ
ਉਸ ਦੀਆਂ ਅੱਖਾਂ
ਕਿ ਉਹ
ਕਿਸੇ ਭੁਲੇਖੇ ਵਿੱਚ ਨਾ ਰਹੇ
ਕਿ ਉਹ
ਅੱਜ ਵੀ
ਉਹੀ ਮੇਨਕਾ ਹੈ
ਜਿਸ ਨੂੰ
ਰਿਸ਼ੀ ਦੀ ਤਪੱਸਿਆ ਭੰਗ ਕਰਨ ਦਾ
ਸ਼ਰਾਪ ਮਿਲਿਆ ਹੋਇਆ ਹੈ
ਤੇ ਉਹ ਹਜ਼ਾਰਾਂ ਜਨਮ ਲੈ ਕੇ ਵੀ
ਏਸ ਸ਼ਰਾਪ ਤੋਂ ਮੁਕਤ ਨਹੀਂ ਹੋ ਸਕਦੀ।

ਪਰ ਇਹ ਕੀ?
ਇੱਕ ਸ਼ੂਕਦੀ ਹੋਈ ਕਾਰ
ਉਸ ਦੇ ਕੋਲ ਆ ਰੁਕੀ ਹੈ
ਤੇ 3-4 ਨੌਜਵਾਨ
ਉਸ ਨੂੰ ਚੀਕਦੀ-ਚਿੱਲਾਉਂਦੀ ਨੂੰ
ਲੱਤਾਂ-ਬਾਹਾਂ ਤੋਂ ਘੜੀਸ ਕੇ
ਕਾਰ ਵਿੱਚ ਸੁੱਟ ਕੇ
ਅੱਖ ਦੇ ਫੋਰ ਵਿੱਚ ਹੀ
ਧੂੜ ਵਿੱਚ ਗੁਆਚ ਗਏ ਹਨ।

ਮੈਨੂੰ ਉਸ ਦੀਆਂ ਚੀਕਾਂ
ਉਸ ਦੀ ਨਜ਼ਰ ਦਾ ਤਰਲਾ
ਉਸ ਦੀ ਬੇਵਸੀ
ਉਸ ਦਾ ਔਰਤ ਹੋਣਾ
ਬੇ-ਚੈਨ ਕਰ ਰਿਹਾ ਹੈ।

ਮੈਂ ਬਚਾਓ-ਬਚਾਓ ਦਾ ਰੌਲ਼ਾ ਪਾਉਂਦਾ
ਕਾਰ ਪਿੱਛੇ ਭੱਜਣ ਦੀ ਕੋਸ਼ਿਸ਼ ਕਰਦਾ ਹਾਂ
ਮੋਬਾਈਲ ਕੱਢ ਕੇ
100 ਨੰਬਰ ਤੇ ਸੂਚਿਤ ਕਰਦਾ ਹਾਂ
ਲੋਕੇਸ਼ਨ ਦੱਸਦਾ ਹਾਂ।

ਉੱਚੀ-ਉੱਚੀ ਚੀਕ ਰਿਹਾ ਹਾਂ
ਮੇਰੀਆਂ ਕੂਕਾਂ
ਉਸ ਲੜਕੀ ਦੀਆਂ ਕੂਕਾਂ ਤੋਂ
ਕਿਤੇ ਉੱਚੀ ਆਵਾਜ਼ ਵਿੱਚ ਗੂੰਜ ਰਹੀਆਂ ਹਨ।

ਪਰ ਏਥੇ
ਕਿਸੇ ਨੇ ਵੀ ਚੀਕਾਂ ਨਹੀਂ ਸੁਣਨੀਆਂ
ਇਹ ਮੈਨੂੰ ਵੀ ਪਤਾ ਹੈ
ਕਿ ਏਥੇ ਅਪਣੀਆਂ ਹੀ ਚੀਕਾਂ ਦੀ ਗੂੰਜ
ਜੰਗਲ ਦੇ ਪੰਛੀਆਂ ਨੂੰ ਡਰਾਉਂਦੀ ਹੈ।
ਮੈਂ
ਅਪਰਾਧ ਬੋਧ ਨਾਲ ਗ੍ਰਸਤ
ਅਜੇ ਵੀ ਇਹੋ ਸੋਚਦਾ ਹਾਂ
ਕਿ ਉਸ ਵਿਚਾਰੀ ਨਾਲ
ਅਣਹੋਣੀ ਵਾਪਰ ਗਈ।
ਇਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾਂ
ਕਿ ਅਣਹੋਣੀਆਂ
ਪਨਪਦੀਆਂ ਕਿੱਥੇ ਹਨ
ਮੌਲਦੀਆਂ ਕਿੱਥੇ ਹਨ
ਤੇ ਵਰਤਦੀਆਂ ਕਿੱਥੇ ਹਨ?

ਪਾਈਆ ਦੁੱਧ ਨਾਲ ਗੜਵੀ ਕਦੇ ਵੀ ਨਹੀਂ ਭਰਦੀ...

ਪਾਈਆ ਦੁੱਧ ਨਾਲ
ਗੜਵੀ ਕਦੇ ਵੀ ਨਹੀਂ ਭਰਦੀ।

ਪਤਾ ਦੀਪੇ ਨੂੰ ਵੀ ਹੈ
ਪਰ ਡਾਕਟਰ ਨੇ ਕਿਹਾ ਹੈ
ਸਵੇਰੇ ਸ਼ਾਮ
ਦੁੱਧ ਪੀਣ ਨੂੰ
ਤਾਂ ਜੁ ਉਸ ਦੀਆਂ
ਹੱਡੀਆਂ ਵਿੱਚ ਜਾਨ ਆ ਜਾਵੇ
ਤੇ ਉਹ ਮੁੜ ਸਿੱਧੂਆਂ ਦੇ ਟਰੈਕਟਰ ਮੂਹਰੇ
ਬਲ਼ਦ ਬਣ
ਜੋਤਾ ਲਾਉਣ ਜੋਗਾ ਹੋ ਜਾਵੇ।

ਪਾਈਆ ਦੁੱਧ ਨਾਲ
ਗੜਵੀ ਕਦੇ ਵੀ ਨਹੀਂ ਭਰਦੀ
ਪਤਾ ਰਾਮ ਰਤਨੀ ਨੂੰ ਵੀ ਹੈ।

ਪਰ ਘਰ ਦਾ ਇੱਕੋ ਇੱਕ
ਕਮਾਊ ਬੰਦਾ
ਮੰਜੇ ਤੇ ਪੈ ਜਾਵੇ
ਤਾਂ ਚੁੱਲ੍ਹੇ ਦੀ ਅੱਗ
ਲੂਣ, ਤੇਲ, ਸਾਬਣ
ਮੱਲੋ-ਮੱਲੀ ਲੈ ਜਾਂਦਾ ਹੈ ਉਸਨੂੰ
ਸਿੱਧੂਆਂ ਦੇ ਵਾੜੇ ਵਿੱਚ
ਤੇ ਕੁੰਡੀਆਂ ਮੁੱਛਾਂ ਵਾਲਾ ਸਰਦਾਰ
ਮੁੱਛਾਂ ਨੂੰ ਹੋਰ ਕੁੰਡੀਆਂ ਕਰਦਾ ਹੋਇਆ
ਖਚਰੀ ਹਾਸੀ ਹੱਸਦਾ ਹੈ
ਚਾਦਰੇ ਨੂੰ ਲੱਗੀ ਮਿੱਟੀ ਝਾੜਦਾ ਹੈ
ਤੇ ਭਈਏ ਨੂੰ ਰੋਅਬਦਾਰ ਆਵਾਜ਼ ਨਾਲ
ਹੁਕਮ ਚਾੜ੍ਹਦਾ ਹੈ
ਉੱਪਰ ਵਾਲੇ ਦੀ ਕਿਰਪਾ ਨਾਲ
ਹੇਠ੍ਹਾਂ ਵਾਲਿਆਂ ਦੇ ਲੂਣ, ਤੇਲ ਦਾ
ਜੁਗਾੜ ਹੋ ਜਾਂਦਾ ਹੈ
ਪਾਈਆ ਦੁੱਧ ਨਾਲ
ਗੜਵੀ ਕਦੇ ਵੀ ਨਹੀਂ ਭਰਦੀ।

ਦੁੱਧ ਦੇ ਗਲਾਸ ਬਦਲੇ
ਅਸਮਤ ਦਾ ਸੌਦਾ ਕਰ ਲੈਣ ਵਾਲੇ
ਕਮੀਣ ਤਾਂ ਹੋਣਗੇ
ਜ਼ਰੂਰ ਹੋਣਗੇ
ਪਰ ਕਮੀਨੇ ?
ਕਮੀਨੇ ਤਾਂ ਉਹ ਹਨ
ਜੋ ਦਾਰੂ ਦੇ ਗਲਾਸ ਬਦਲੇ
ਖਰੀਦ ਲੈਂਦੇ ਹਨ
ਵਾਧੂ ਮਿਹਨਤ
ਵੋਟਾਂ ਦੀ ਗਿਣਤੀ
ਮਾਸੂਮਾਂ ਦਾ ਭਵਿੱਖ
ਤੇ ਖੈਰਾਤ ਵਿੱਚ ਵੰਡ ਦਿੰਦੇ ਹਨ
ਅਣਚਾਹੇ ਗਰਭ
ਆਂਦਰਾਂ ਨੂੰ ਸੋਕਾ
ਮੰਜਿਆਂ ਨੂੰ ਮਰੀਜ਼ ।

ਪਾਈਆ ਦੁੱਧ ਨਾਲ
ਗੜਵੀ ਕਦੇ ਵੀ ਨਹੀਂ ਭਰਦੀ।

ਪਤਾ ਨਹੀਂ
ਮਿੱਤਲਾਂ/ਅੰਬਾਨੀਆਂ ਨੇ
ਕਿਹੜੇ ਸਿੱਧੂਆਂ ਨਾਲ
ਮਾਰਿਆ ਹੋਣਾ ਏ
ਅਸਮਤਾਂ ਦਾ ਸੌਦਾ
ਜੋ ਨੱਕੋ-ਨੱਕ ਗੜਵੀਆਂ ਭਰੀ ਫਿਰਦੇ ਨੇ?

ਪਾਈਆ ਦੁੱਧ ਨਾਲ
ਗੜਵੀ ਕਦੇ ਵੀ ਨਹੀਂ ਭਰਦੀ।

Tuesday, 6 May 2014

ਥਾਣੇ ਜਾ ਆਇਆ ਹਾਂ...

ਲਓ ਮਿੱਤਰੋ ਥਾਣੇ ਜਾ ਆਇਆ ਹਾਂ
ਵਾਹਣੇ ਪੈ ਵਾਹਣੇ ਪਾ ਆਇਆ ਹਾਂ।

ਇੰਝ ਨਾ ਸੋਚਿਓ ਮਰ ਗਿਆ ਏ ਸੱਪ
ਐਪਰ ਕੁੰਜ ਜਿਹੀ ਲਾਹ ਆਇਆ ਹਾਂ।

ਸਾਨੂੰ ਜਾਗਣ ਦਾ ਵਰ ਮਿਲਿਆ
ਉਹਦੀ ਨੀਂਦ ਉਡਾ ਆਇਆ ਹਾਂ।

ਗੱਗਬਾਣੀ ਅਮਲਾਂ ਵਿੱਚ ਆ ਗਈ
ਆਹ ਲਓ ਕਮਲ ਕਮਾ ਆਇਆ ਹਾਂ।

ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ...

ਨਾਜ਼ੀਆਂ ਆਖਿਆ ਅੱਲ੍ਹਾ ਬੋਲ
ਮੈਂ ਆਖਿਆ ਤੂੰ 'ਕੱਲ੍ਹਾ ਬੋਲ।

ਕਿਸੇ ਆਖਿਆ ਵਾਹਿਗੁਰੂ ਜਪ
ਮੈਂ ਆਖਿਆ ਤੂੰ ਰਸਤਾ ਨੱਪ।

ਰਾਮ-ਰਾਮ ਕੋਈ ਪਿਆ ਜਪਾਉਂਦਾ
ਮੈਂ ਇਹਨਾਂ ਨੂੰ ਘਾਹ ਨਹੀਂ ਪਾਉਂਦਾ।

ਬਣ ਗਿਆ ਜੇ ਮੈਂ ਰਾਧਾ ਸੁਆਮੀ
ਕਿਸ਼ਨ ਰਿਹਾ ਫਿਰ ਕਾਹਦਾ ਸੁਆਮੀ?

ਬਾਲ ਬਾਬਾ, ਕਿਤੇ ਆਸਾ ਰਾਮ
ਸਭ ਦੀ ਖੋਪੜੀ ਇੱਕੋ ਗਿਆਨ।

ਦਾਨ, ਦਾਨ, ਦਾਨਾ ਸਿਰ ਦਾਨ
ਪੈਰੀਂ ਇੱਜ਼ਤ ਸਿਰ ਤੇ ਕਾਮ।

ਆਪਾਂ ਨਾ ਕੋਈ ਭੇਸ ਵਟਾਇਆ
ਆਪਾਂ ਨਾ ਕੋਈ ਢੋਂਗ ਰਚਾਇਆ।

ਅੰਦਰੋਂ ਬਾਹਰੋਂ ਚੰਗਿਆਂ ਹੋ ਕੇ
ਵੇਖ ਤਮਾਸ਼ਾ ਨੰਗਿਆਂ ਹੋ ਕੇ।

ਜਦ ਬੰਦੇ ਨੂੰ ਥੋੜ੍ਹ ਨਾ ਰਹਿਣੀ
ਧਰਮ-ਧੁਰਮ ਦੀ ਲੋੜ ਨਾ ਰਹਿਣੀ।

ਠੇਕਿਆਂ ਉੱਤੇ ਉਧਾਰ ਨਹੀਂ ਹੁੰਦਾ
ਐਵੇਂ ਈ ਕੱਢ ਗੁਬਾਰ ਨਹੀਂ ਹੁੰਦਾ।

ਧਰਮਾਂ ਦਾ ਪ੍ਰਚਾਰ ਹੁੰਦਾ ਏ
ਧਰਮਾਂ ਦਾ ਵਿਉਪਾਰ ਨਹੀਂ ਹੁੰਦਾ।

ਆਥਣੇ ਪੀਤੀ, ਤੜਕੇ ਲਹਿ ਜਾਏ
ਧਰਮਾਂ ਵਾਲੀ ਜੜ੍ਹਾਂ 'ਚ ਬਹਿ ਜਾਏ।

ਪੜ੍ਹਿਆ ਕਰ 'ਗੱਗਬਾਣੀ' ਬੀਬਾ
ਦੁੱਧ ਦਾ ਦੁੱਧ ਤੇ ਪਾਣੀ ਬੀਬਾ।

Monday, 5 May 2014

ਬੇ-ਦਾਅਵੇ...

ਲਾਹ ਦਿਓ ਗਾਤਰੇ
ਸਮੇਟ ਲਵੋ ਦਸਤਾਰਾਂ
ਤੇ ਲਿਖ ਦਿਓ ਬੇ-ਦਾਅਵੇ।

ਹੁਣ ਸਿੱਖੀ
ਸਿੰਘਾਂ ਦੀ ਪਹਿਚਾਣ ਨਹੀਂ ਰਹੀ
ਹੁਣ ਸਿੰਘ
ਨਿਮਾਣੇ ਨਹੀਂ ਰਹੇ
ਅਤੇ ਨਿਤਾਣੇ ਵੀ ਨਹੀਂ ਰਹੇ।

ਧੂਸ ਲੈਂਦੇ ਨੇ ਤਲਵਾਰਾਂ
ਤੇ ਹੋ ਜਾਂਦੇ ਨੇ
ਆਪੇ ਤੋਂ ਬਾਹਰ।
ਜਿਵੇਂ ਕਿਸੇ ਨੇ
ਵਰਤਣਾ ਚਾਹਿਆ
ਵਰਤ ਲੈਂਦਾ ਹੈ
ਸਿੱਖੀ ਨਿਓਟਿਆਂ ਦੀ ਓਟ ਨਹੀਂ ਰਹੀ ਹੁਣ।

ਪੈ ਹੀ ਜਾਂਦਾ ਹੈ
ਖੋਤਾ ਖੂਹ ਵਿੱਚ
ਹਰ ਵਾਰ
ਵਾਰ ਵਾਰ
ਅਤੇ ਪੈਂਦਾ ਹੀ ਰਹੇਗਾ?

ਭੁੱਲ ਗਿਆ ਹੈ ਸਾਨੂੰ
ਮਾਨਸ ਕੀ ਜਾਤ
ਸਭੈ ਏਕੈ ਪਹਿਚਾਨਬੋ
ਤੇ ਚੁੱਕੀ ਫਿਰਦੇ ਹਾਂ
ਢਿੱਲੋਆਂ, ਸਿੱਧੂਆਂ ਅਤੇ ਸੰਧੂਆਂ ਦੀ
ਗਲ਼-ਸੜ ਚੁੱਕੀ ਪੂਛ।

ਇਹ ਖਾਲਸਾ
ਵਾਹਿਗੁਰੂ ਦਾ ਤਾਂ
ਹੋ ਹੀ ਨਹੀਂ ਸਕਦਾ
ਜੋ ਫਤਹਿ ਬੁਲਾਉਣ ਲੱਗਿਆਂ
ਵੇਖਦਾ ਹੈ
ਕਿ ਨਵਜੋਤ ਸਿੱਧੂ
ਸਾਡਾ ਬੰਦਾ ਹੈ
ਜਾਂ ਆਰ ਐਸ ਐਸ ਦਾ।

ਹਰਿਮੰਦਰ ਦੇ ਚਾਰੇ ਦੁਆਰ
ਜਦੋਂ ਕੇਜਰੀਵਾਲ ਜਿਹੇ ਬੰਦੇ ਲਈ
ਬੰਦ ਹੋ ਜਾਣ
ਤਾਂ ਜਨਰਲ ਡਾਇਰ ਨੂੰ ਸਿਰੌਪਾ
ਅਤੇ ਬਾਦਲ ਨੂੰ
ਫਖਰ-ਏ-ਕੌਮ
ਦਾ ਮਤਲਬ ਸਮਝ ਆਉਂਦਾ ਹੈ
ਕਿ ਹਾਥੀ ਦੇ ਦੰਦ
ਖਾਣ ਦੇ ਹੋਰ
ਅਤੇ ਦਿਖਾਉਣ ਦੇ ਹੋਰ ਹੀ ਹੁੰਦੇ ਨੇ।

ਮੈਂ ਨਹੀਂ ਕਹਿੰਦਾ
ਕਿ ਕਿਸੇ ਮਨਦੀਪ ਸਰੋਏ ਨਾਮ ਦੇ ਇਨਸਾਨ ਨੂੰ
ਸਜ਼ਾ ਨਾ ਦਿਓ
ਉਸ ਦੀ ਭੁੱਲ
ਤੁਹਾਡੇ ਲਈ
ਬੱਜਰ ਗਲਤੀ ਹੋ ਸਕਦੀ ਹੈ।

ਪਰ ਓਸ ਲਈ
ਕਿਸੇ ਜੱਥੇਦਾਰ ਨੇ
ਰਵਾਇਤੀ ਤਨਖਾਹ ਨਹੀਂ ਲਾਉਣੀ।

ਉਹ ਕਿਸੇ ਮਜੀਠੀਏ ਦਾ
ਸਕਾ-ਸੋਧਰਾ ਨਹੀਂ
ਤੇ ਨਾ ਹੀ ਕਿਸੇ ਮੱਕੜ ਦਾ
ਮੀ-ਲਾਰਡ।

ਕਰ ਲਵੋ ਚਾਅ ਪੂਰੇ
ਉਸ ਦੇ ਬੱਚਿਆਂ ਨੂੰ ਅਨਾਥ ਕਰਕੇ
ਉਸ ਦੀ ਵਿਧਵਾ ਨੂੰ
ਲੰਗਰ ਹਾਲ ਦੇ ਬਾਹਰ
ਬਿਠਾ ਦਿਓ
ਹੱਥ ਵਿੱਚ ਬਾਟੀ ਦੇ ਕੇ।

ਪਰ ਇਸ ਤੋਂ ਪਹਿਲਾਂ
ਜਵਾਬ ਦਿਓ
ਕਿ ਬਾਬਾ ਦੀਪ ਸਿੰਘ ਦੀ
ਸਿਰ ਤੋਂ ਧੜ ਵੱਖ ਕੀਤੀ ਤਸਵੀਰ
ਤੁਹਾਡੀਆਂ ਕੰਧਾਂ ਤੇ
ਕਿਹੜੇ ਚਮਤਕਾਰ ਦਾ ਦਾਅਵਾ ਕਰਦੀ ਹੈ?

ਕੀ ਕਿਹੈ?
ਇਹ ਬਹਾਦਰੀ ਦਾ ਪ੍ਰਤੀਕ ਹੈ
ਫੇਰ ਸ਼ਰਧਾ ਦਾ ਪ੍ਰਤੀਕ ਤੱਕਣ ਲੱਗਿਆਂ
ਅੱਖਾਂ ਤੇ ਸਿੱਖੀ ਦਾ
ਸੰਕੀਰਣ ਜਾਲ਼ਾ ਕਿਉਂ ਆ ਜਾਂਦਾ ਹੈ?

ਨਹੀਂ
ਇਹ ਸਿੱਖੀ ਨਹੀਂ
ਇਹ ਕਿਸੇ ਗੋਬਿੰਦ ਦੇ ਸਿੰਘ ਨਹੀਂ।

ਇਹ ਕਿਸੇ
ਅੰਨ੍ਹੇ ਬਾਦਸਾਹ ਦੀ
ਸੁਜਾਖੀ ਫੌਜ ਹੈ
ਜੋ ਹੁਕਮ ਵਜਾਉਣਾ ਜਾਣਦੀ ਹੈ
ਤੇ ਸਿਰਫ ਹੁਕਮ ਵਜਾਉਣਾ ਜਾਣਦੀ ਹੈ।

ਲਾਹ ਦਿਓ ਗਾਤਰੇ
ਸਮੇਟ ਲਵੋ ਦਸਤਾਰਾਂ
ਤੇ ਲਿਖ ਦਿਓ ਬੇ-ਦਾਅਵੇ।
ਹੁਣ ਸਿੱਖੀ
ਸਿੰਘਾਂ ਦੀ ਪਹਿਚਾਣ ਨਹੀਂ ਰਹੀ।