Thursday, 22 May 2014

ਅਣਹੋਣੀਆਂ


ਹਨੇਰਾ ਹੋਣ ਵਾਲਾ ਹੈ।

ਰੋਜ਼ਾਨਾ ਦੀ ਤਰਾਂ
ਉਹ ਮੁਟਿਆਰ
ਏਸ ਸੁੰਨਸਾਨ ਰਸਤੇ ਤੋਂ
ਅੱਜ ਵੀ ਕੱਲ੍ਹੀ-ਕਾਰੀ
ਲੰਘਣ ਵਾਲੀ ਹੈ।

ਮੈਂ ਸਿਰ ਤੇ ਕਾਮ ਚੜ੍ਹਾ ਕੇ
ਬੜੀ ਹੀ ਬੇਸੱਬਰੀ ਨਾਲ
ਉਸ ਦਾ ਇੰਤਜ਼ਾਰ ਕਰ ਰਿਹਾ ਹਾਂ।

ਕਿ ਕਦੋਂ ਉਹ ਏਧਰੋਂ ਲੰਘੇ
ਤੇ ਮੈਂ
ਮੌਕਾ ਤਾੜ ਕੇ
ਹਨ੍ਹੇਰੇ ਵਿੱਚ ਮੂੰਹ ਕਾਲਾ ਕਰਕੇ
ਚਾਨਣ ਵਿੱਚ ਦੁੱਧ ਧੋਤਾ ਰਹਿ ਜਾਵਾਂ।

ਉਹ ਆ ਰਹੀ ਹੈ
ਅੱਜ ਤਾਂ ਉਸ ਨੇ
ਹੋਰ ਵੀ ਭੜਕਾਊ ਕੱਪੜੇ ਪਾਏ ਹੋਏ ਹਨ।

ਪੱਟ-ਘੁੱਟਵੀਂ ਜੀਨ
ਪਤਲਾ ਸ਼ੀਂਟ ਦਾ ਕੁਰਤਾ
ਅੱਜ ਤਾਂ ਉਸ ਦੀਆਂ ਛਾਤੀਆਂ
ਹੋਰ ਵੀ ਉੱਘੜ ਕੇ
ਚਮਕ ਰਹੀਆਂ ਹਨ
ਟੁੱਟੀ ਹੋਈ ਸਟਰੀਟ ਲਾਈਟ ਦੀ
ਮੱਧਮ ਰੌਸ਼ਨੀ ਵਿੱਚ।

ਮੇਰੇ ਕਦਮ ਕਾਹਲ਼ੇ ਪੈਂਦੇ ਜਾ ਰਹੇ ਹਨ
ਦਿਲ ਧੱਕ-ਧੱਕ ਕਰ ਰਿਹਾ ਹੈ
ਮੈਂ ਉਸ ਦੇ ਹੋਰ ਨੇੜੇ ਹੁੰਦਾ ਜਾ ਰਿਹਾ ਹਾਂ।

ਦਸ ਕੁ ਕਦਮਾਂ ਦੀ ਵਿੱਥ ਤੇ
ਉਹ ਬਿਲਕੁਲ ਸੁੰਨੀ ਅਤੇ ਹਨ੍ਹੇਰੀ ਥਾਂ ਤੋਂ
ਲੰਘ ਰਹੀ ਹੋਵੇਗੀ
ਤੇ ਮੈਂ ਪਿੱਛਿਓਂ ਦੀ ਜਾ ਕੇ
ਰੁਮਾਲ ਨਾਲ ਉਸਦਾ ਮੂੰਹ
ਬੰਦ ਕਰਕੇ
ਖੋਲ੍ਹਣ ਵਾਲਾ ਹਾਂ
ਉਸ ਦੀਆਂ ਅੱਖਾਂ
ਕਿ ਉਹ
ਕਿਸੇ ਭੁਲੇਖੇ ਵਿੱਚ ਨਾ ਰਹੇ
ਕਿ ਉਹ
ਅੱਜ ਵੀ
ਉਹੀ ਮੇਨਕਾ ਹੈ
ਜਿਸ ਨੂੰ
ਰਿਸ਼ੀ ਦੀ ਤਪੱਸਿਆ ਭੰਗ ਕਰਨ ਦਾ
ਸ਼ਰਾਪ ਮਿਲਿਆ ਹੋਇਆ ਹੈ
ਤੇ ਉਹ ਹਜ਼ਾਰਾਂ ਜਨਮ ਲੈ ਕੇ ਵੀ
ਏਸ ਸ਼ਰਾਪ ਤੋਂ ਮੁਕਤ ਨਹੀਂ ਹੋ ਸਕਦੀ।

ਪਰ ਇਹ ਕੀ?
ਇੱਕ ਸ਼ੂਕਦੀ ਹੋਈ ਕਾਰ
ਉਸ ਦੇ ਕੋਲ ਆ ਰੁਕੀ ਹੈ
ਤੇ 3-4 ਨੌਜਵਾਨ
ਉਸ ਨੂੰ ਚੀਕਦੀ-ਚਿੱਲਾਉਂਦੀ ਨੂੰ
ਲੱਤਾਂ-ਬਾਹਾਂ ਤੋਂ ਘੜੀਸ ਕੇ
ਕਾਰ ਵਿੱਚ ਸੁੱਟ ਕੇ
ਅੱਖ ਦੇ ਫੋਰ ਵਿੱਚ ਹੀ
ਧੂੜ ਵਿੱਚ ਗੁਆਚ ਗਏ ਹਨ।

ਮੈਨੂੰ ਉਸ ਦੀਆਂ ਚੀਕਾਂ
ਉਸ ਦੀ ਨਜ਼ਰ ਦਾ ਤਰਲਾ
ਉਸ ਦੀ ਬੇਵਸੀ
ਉਸ ਦਾ ਔਰਤ ਹੋਣਾ
ਬੇ-ਚੈਨ ਕਰ ਰਿਹਾ ਹੈ।

ਮੈਂ ਬਚਾਓ-ਬਚਾਓ ਦਾ ਰੌਲ਼ਾ ਪਾਉਂਦਾ
ਕਾਰ ਪਿੱਛੇ ਭੱਜਣ ਦੀ ਕੋਸ਼ਿਸ਼ ਕਰਦਾ ਹਾਂ
ਮੋਬਾਈਲ ਕੱਢ ਕੇ
100 ਨੰਬਰ ਤੇ ਸੂਚਿਤ ਕਰਦਾ ਹਾਂ
ਲੋਕੇਸ਼ਨ ਦੱਸਦਾ ਹਾਂ।

ਉੱਚੀ-ਉੱਚੀ ਚੀਕ ਰਿਹਾ ਹਾਂ
ਮੇਰੀਆਂ ਕੂਕਾਂ
ਉਸ ਲੜਕੀ ਦੀਆਂ ਕੂਕਾਂ ਤੋਂ
ਕਿਤੇ ਉੱਚੀ ਆਵਾਜ਼ ਵਿੱਚ ਗੂੰਜ ਰਹੀਆਂ ਹਨ।

ਪਰ ਏਥੇ
ਕਿਸੇ ਨੇ ਵੀ ਚੀਕਾਂ ਨਹੀਂ ਸੁਣਨੀਆਂ
ਇਹ ਮੈਨੂੰ ਵੀ ਪਤਾ ਹੈ
ਕਿ ਏਥੇ ਅਪਣੀਆਂ ਹੀ ਚੀਕਾਂ ਦੀ ਗੂੰਜ
ਜੰਗਲ ਦੇ ਪੰਛੀਆਂ ਨੂੰ ਡਰਾਉਂਦੀ ਹੈ।
ਮੈਂ
ਅਪਰਾਧ ਬੋਧ ਨਾਲ ਗ੍ਰਸਤ
ਅਜੇ ਵੀ ਇਹੋ ਸੋਚਦਾ ਹਾਂ
ਕਿ ਉਸ ਵਿਚਾਰੀ ਨਾਲ
ਅਣਹੋਣੀ ਵਾਪਰ ਗਈ।
ਇਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾਂ
ਕਿ ਅਣਹੋਣੀਆਂ
ਪਨਪਦੀਆਂ ਕਿੱਥੇ ਹਨ
ਮੌਲਦੀਆਂ ਕਿੱਥੇ ਹਨ
ਤੇ ਵਰਤਦੀਆਂ ਕਿੱਥੇ ਹਨ?

No comments:

Post a Comment