Friday, 14 February 2014

ਬਹਿਸ

ਕਾਮਰੇਡ:-ਅਸਾਂ ਫਲਸਫਾ ਫੋਲ ਮਾਰਿਆ
ਤੇ ਤੁਸਾਂ ਕਦਰ ਨਾ ਪਾਈ ਏ

ਆਪ:- ਖੜ੍ਹੇ ਪਾਣੀਆਂ 'ਚ ਮੁਸ਼ਕ
ਤੁਸਾਂ ਕਿਉਂ ਭੁਲਾਈ ਏ।

ਕਾਮਰੇਡ:-ਸਾਨੂੰ ਪਤੈ ਕੀ ਹੋਣੈ
ਤੇ ਕੀ ਹੋ ਰਿਹਾ ਏ।

ਆਪ:- ਕੋਣ ਹੈ ਜੋ ਹਾਲਾਤ ਤੋਂ
ਮੂੰਹ ਲੁਕੋ ਰਿਹਾ ਏ।

ਕਾਮਰੇਡ:- ਆਏਗਾ ਇਨਕਲਾਬ
ਸਰਮਾਏਦਾਰੀ ਮੁੱਕਣ ਤੇ

ਆਪ:- ਅਫਸੋਸ ਸਮਝਦਾਰਾਂ ਦੀ
ਸਮਝਦਾਰੀ ਮੁੱਕਣ ਤੇ।

ਕਾਮਰੇਡ:- ਇਤਿਹਾਸ ਅਪਣੇ ਆਪ ਵਿੱਚ
ਦੁਹਰਾਇਆ ਜਾਂਦਾ ਹੈ।

ਆਪ:- ਇਤਿਹਾਸ ਬਣਦਾ ਨਹੀਂ
ਬਣਾਇਆ ਜਾਂਦਾ ਹੈ।

ਕਾਮਰੇਡ:- ਤੁਸੀਂ ਆਏ ਹੋ ਦੱਲੇ
ਸਰਮਾਏਦਾਰੀ ਦੇ ਘੱਲੇ

ਆਪ:- ਸਾਡੇ ਤੇ ਊਜ ਨਾ ਲਾਓ
ਤੁਸੀਂ ਕਾਰਤੂਸ ਚੱਲੇ।

ਕਾਮਰੇਡ:- ਵੇਖਦੇ ਆਂ ਕਿੰਨਾ ਚਿਰ
ਇਹ ਸਰਕਾਰ ਚੱਲਦੀ ਏ

ਆਪ:- ਲੋਕ ਚਲਾਉਣਗੇ
ਇਹ ਲੋਕਾਂ ਨਾਲ਼ ਚੱਲਦੀ ਏ।

ਕਾਮਰੇਡ:- ਕਿਉਂ ਪੱਕੇ ਨਹੀਂ ਕੀਤੇ
ਮੈਟਰੋ ਮਜ਼ਦੂਰ ਅਜੇ

ਆਪ:- ਤੁਸੀਂ ਕਾਹਤੋਂ ਭੁੱਲਦੇ ਓ
ਸਾਡੇ ਹੱਥ ਮਜ਼ਬੂਰ ਅਜੇ।

ਕਾਮਰੇਡ:- ਕਾਹਦੀ ਮਜ਼ਬੂਰੀ ਐ
ਸਰਕਾਰੇ ਅਰਵਿੰਦੇ

ਆਪ:- ਸਮਾਂ ਤਾਂ ਲੱਗਦਾ ਹੈ
ਤੁਸੀਂ ਸਮਾਂ ਹੀ ਨਹੀਂ ਦਿੰਦੇ।

ਕਾਮਰੇਡ:- ਤੁਸਾਂ ਵਾਅਦਾ ਕੀਤਾ ਸੀ
ਓਸੇ ਤੋਂ ਫਿਰ ਗਏ ਨੇ

ਆਪ :- ਦੱਸ ਕਿੱਧਰ ਨੂੰ ਹੋਈਏ
ਚੁ-ਪਾਸਿਓਂ ਘਿਰ ਗਏ ਨੇ।

ਕਾਮਰੇਡ:- ਸਰਕਾਰ ਚਲਾਉਣਾ ਵੀ
ਤੇਰੇ ਵੱਸ ਦੀ ਗੱਲ ਨਹੀਂ

ਆਪ:- ਸਿੱਧਾ ਕਿਉਂ ਨਹੀਂ ਕਹਿ ਦਿੰਦੇ
ਨਾਲ ਸਕਦੇ ਚੱਲ ਨਹੀਂ।

ਆਮ ਲੋਕ:- ਇਹ ਬਹਿਸ ਨਹੀਂ ਮੁੱਕਣੀ
ਗੱਲ ਸੋਲ਼ਾਂ ਆਨੇ ਆ।
ਨਾ ਮਿਲ ਕੇ ਚੱਲਣ ਦੇ
ਤਾਂ 100 ਬਹਾਨੇ ਆ।
ਜੇ ਮਿਲ ਕੇ ਚੱਲੋਗੇ
ਕੁੱਝ ਕਰ ਵੀ ਸਕਦੇ ਓ
ਸਮਿਆਂ ਦੇ ਜ਼ਖਮਾਂ ਨੂੰ
ਤੁਸੀਂ ਭਰ ਵੀ ਸਕਦੇ ਓ।

No comments:

Post a Comment