Saturday, 22 February 2014

ਮੰਨਿਆਂ ਤੂੰ ਚੰਡੀਗੜ੍ਹ ਰਹਿੰਦੀ ਬੱਲੀਏ...

ਮੰਨਿਆਂ ਤੂੰ ਚੰਡੀਗੜ੍ਹ ਰਹਿੰਦੀ ਬੱਲੀਏ
ਪੇਂਡੂਆਂ ਨੂੰ ਕਾਹਨੂੰ ਮਾੜਾ ਕਹਿੰਦੀ ਬੱਲੀਏ

ਹੋਣੀ ਸੀ ਚੜ੍ਹਾਈ ਚੰਦਰੇ ਹਲਾਤ ਆ
ਬਾਦਲਾਂ ਦੇ ਨਾਲ ਸਾਡੀ ਲਾਗਡਾਟ ਆ

ਰਹਿੰਦੀ ਜੋ ਗਰੀਬ ਨਾਲ ਖਹਿੰਦੀ ਬੱਲੀਏ
ਸੂਈ ਕੁੱਤੀ ਜਿਉਂ ਪੁਲਸ ਸਾਨੂੰ ਪੈਂਦੀ ਬੱਲੀਏ।

ਬਜਰੀ ਨਾ ਗਟਕਾ ਨਾ ਰੇਤਾ ਮਿਲਦਾ
ਹਰ ਮੋੜ ਉੱਤੇ ਪਰ ਠੇਕਾ ਮਿਲਦਾ।

ਨੀਂਹ ਪੱਥਰਾਂ ਦੀ ਨ੍ਹੇਰੀ ਲਿਆਂਦੀ ਪਈ ਚੌਰੇ ਨੇ
ਛੱਡ'ਤੀ ਏ ਕੋਈ ਰਹਿੰਦ-ਖੂੰਹਦ ਗੋਰੇ ਨੇ।

ਮੁੱਲ ਦੀ ਪੜ੍ਹਾਈ ਤੇ ਦਵਾਈਆਂ ਹੋ ਗਈਆਂ
ਬਾਹਰੋ ਬਾਹਰ ਸਾਡੀਆਂ ਕਮਾਈਆਂ ਹੋ ਗਈਆਂ।

ਸਾਡੇ ਉੱਤੇ ਨਸ਼ਿਆਂ ਦਾ ਜਾਲ਼ ਸੁੱਟ ਕੇ
ਕੀਤਾ ਬਾਦਸ਼ਾਹੀ ਨੇ ਕੰਗਾਲ ਲੁੱਟ ਕੇ।

ਮਸਤਾਂ ਨੇ ਮਸਤੀ ਦੀ ਦੱਸ ਪਾਈ ਐ
ਸੂਟਿਆਂ ਤੇ ਕੰਜਰਾਂ ਮੁੰਡ੍ਹੀਰ ਲਾਈ ਐ।

ਪੰਜਤਾਲੀਆਂ ਦੀ ਹੋ ਕੇ ਵੀ ਤੂੰ ਲੱਗੇ ਬਾਈ ਦੀ
ਉੱਨੀਆਂ ਦੀ ਸਾਡੀ ਬਣ ਜਾਂਦੀ ਝਾਈ ਜਿਹੀ।

ਤੁਹਾਡੇ ਚਾਲੀਆਂ ਦੇ ਹੈਂਡਸਮ ਕਹਾਉਣ ਲੱਗ ਪਏ
ਅਸੀਂ ਇੱਕੀਆਂ ਦੇ ਆਂਕਲ ਸਦਾਉਣ ਲੱਗ ਪਏ।

ਮਾਰ ਚਾਰੇ ਪਾਸਿਆਂ ਤੋਂ ਪੈਂਦੀ ਬੱਲੀਏ
ਕੱਢ ਲੈ ਕਸਰ ਜਿਹੜੀ ਰਹਿੰਦੀ ਬੱਲੀਏ।

'ਗੱਗ-ਬਾਣੀ' ਪੜ੍ਹ ਸੱਚ ਕਹਿੰਦੀ ਬੱਲੀਏ
ਨਫੇ- ਨੁਕਸਾਨ ਬਿਨਾਂ ਖਹਿੰਦੀ ਬੱਲੀਏ।

ਮੰਨਿਆਂ ਤੂੰ ਚੰਡੀਗੜ੍ਹ ਰਹਿੰਦੀ ਬੱਲੀਏ
ਪੇਂਡੂਆਂ ਨੂੰ ਕਾਹਨੂੰ ਮਾੜਾ ਕਹਿੰਦੀ ਬੱਲੀਏ।

No comments:

Post a Comment