Tuesday, 22 April 2014

ਸ਼ਾਇਦ ਅਸੀਂ ਜੰਮੇ ਹੀ ਪੁੱਠੇ ਹਾਂ...

ਸਾਡੇ ਹੀ ਹਿੱਸੇ ਆਇਆ ਹੈ
ਬੇਸੁਆਦ ਜ਼ਿੰਦਗੀ ਵਿੱਚ
ਸੁਆਦ ਘੋਲਣ ਲਈ
ਦੇਸੀ ਸ਼ਰਾਬ ਦਾ ਅਧੀਆ
ਇੱਕੋ ਡੀਕ ਪੀ ਜਾਣਾ।

ਦਸਾਂ ਦੇ ਆਟੇ ਦਾ ਫਿਕਰ
ਪੰਜਾਹਾਂ ਦੀ ਸ਼ਰਾਬ ਵਿੱਚ ਘੋਲ਼ ਕੇ
ਇੱਕ ਹੋਰ ਦਿਨ ਜਿਊਣ ਦਾ
ਸ਼ਾਹੀ ਢੰਗ
ਸਾਡੇ ਹੀ ਹਿੱਸੇ ਆਇਆ ਹੈ।

ਖੰਘ ਦੀ ਸੀਸੀ
ਖਰੀਦਣ ਤੋਂ ਪਹਿਲਾਂ
ਖੰਘ ਦਾ ਪੂਰਾ ਜ਼ੋਰ ਲਵਾ ਲੈਣਾ
ਖੂਨ ਦੀ ਕਮੀ ਨਾਲ
ਪੈਂਦੇ ਦੌਰਿਆਂ ਦਾ ਇਲਾਜ
ਬਾਬਿਆਂ ਦੀਆਂ ਮਟੀਆਂ ਤੇ ਲੱਭਣਾ
ਆਲੂ ਖਰੀਦਣ ਲੱਗਿਆਂ
ਚਾਰੇ ਦੁਕਾਨਾਂ ਤੋਂ
ਭਾਅ ਪੁੱਛਣ ਤੋਂ ਬਾਅਦ ਵੀ
ਤਸੱਲੀ ਨਾ ਹੋਣਾ
ਸਾਡੇ ਹੀ ਹਿੱਸੇ ਆਇਆ ਹੈ।

ਪਾਈਆ ਦੁੱਧ ਨਾਲ
ਚਹੁੰਆਂ ਜੀਆਂ ਦਾ ਗੁਜ਼ਾਰਾ
ਕਿਵੇਂ ਹੁੰਦਾ ਹੈ
ਅਸੀਂ ਕਦੇ 'ਸ੍ਹਾਬ ਹੀ ਨਹੀਂ ਕਰਿਆ।

ਦਸਾਂ-ਦਸਾਂ ਦੇ
ਵੂਹ ਕੁ ਨੋਟਾਂ ਨੂੰ
ਵੀਹ ਵਾਰ ਗਿਣਨਾ
ਤੇ ਹਰ ਵਾਰ
ਭੁਲੇਖਾ ਰਹਿ ਜਾਣਾ............
ਸ਼ਾਇਦ ਅਸੀਂ ਜੰਮੇ ਹੀ ਪੁੱਠੇ ਹਾਂ।

ਸਿੱਧੇ ਹੋਣਾ
ਸਾਨੂੰ ਆਇਆ ਹੀ ਨਹੀਂ।
ਬੜੇ ਭੋਲ਼ੇ ਹਾਂ ਅਸੀਂ
ਨਹੀਂ ਸਮਝ ਸਕਦੇ
ਜਿਹੜੀ ਮੇਮ
ਪੰਜਾਂ ਸਾਲਾਂ ਬਾਅਦ ਆਉਂਦੀ ਹੈ
ਗੋਰੇ-ਗੋਰੇ ਮੰਮੇ ਦਿਖਾਉਂਦੀ ਹੈ
ਤੇ ਅਸੀਂ
ਪੰਜ ਸਾਲ
ਦੁੱਧ ਦੀਆਂ ਨਦੀਆਂ ਵਿੱਚ
ਗੋਤੇ ਲਾਉਣ ਦੇ
ਸੁਪਨੇ ਵੇਖਣ ਲੱਗ ਜਾਂਦੇ ਹਾਂ
ਭਵਿੱਖ ਦੇ ਚੱਕਰਾਂ ਵਿੱਚ
ਵਰਤਮਾਨ ਦਾ ਸੌਦਾ ਕਰ ਲੈਂਦੇ ਹਾਂ
ਕਿੰਨੇ ਭੋਲ਼ੇ ਹਾਂ ਅਸੀਂ।
ਤੀਵੀਂ ਨੂੰ ਕੁੱਟਣ ਲਈ
ਮਰਦਾਨਗੀ ਦਾ ਬਹਾਨਾ ਹੀ ਕਾਫੀ ਹੈ
ਅਸੀਂ ਨਾਮਰਦ
ਕਹਾਉਣਾ ਹੀ ਨਹੀਂ ਚਾਹੁੰਦੇ।

ਸਾਡੇ ਬਾਪੂ
ਬਾਪੂ ਨਹੀਂ
ਬੁੜ੍ਹੇ ਹੋਇਆ ਕਰਦੇ ਨੇ
ਜੰਮਣ ਘੁੱਟੀ ਨਾਲ ਵੀ
ਇੱਜ਼ਤ ਸਾਡੇ ਸੰਘਿਓਂ ਨਹੀਂ ਉੱਤਰਦੀ।

ਸਮਝਦੇ ਤਾਂ ਹਾਂ
ਇਹ ਤਾਣਾ-ਬਾਣਾ
ਏਦਾਂ ਹੀ ਨਹੀਂ ਉਲਝਿਆ
ਸੋਚ ਸਮਝ ਕੇ
ਉਲਝਾਇਆ ਗਿਆ ਹੈ
ਸਾਡੇ ਹੀ ਹੱਥਾਂ 'ਚ
ਖੰਜਰ ਦੇ ਕੇ
ਸਾਡੀਆਂ ਹੀ ਆਂਦਰਾਂ ਤੇ
ਟਿਕਾਇਆ ਗਿਆ ਹੈ।

ਫਰਕ ਤਾਂ ਕੰਨੀ ਦਾ ਵੀ ਨਹੀਂ ਸੀ
ਚੌਪੜ-ਚੌਪੜ ਕੇ ਗੱਲਾਂ ਕਰਨੀਆਂ
ਜੀ-ਹਜ਼ੂਰੀਆਂ
ਖੁਸ਼ਾਮਦਾਂ
ਕਰ ਤਾਂ ਅਸੀਂ ਵੀ ਸਕਦੇ ਸੀ
ਪਰ ਕਿਸੇ ਹੋਰ ਦੀ ਮਾਂ ਦੇ ਖਸਮ ਨੂੰ
ਬਾਪੂ ਕਹਿਣਾ
ਸਾਨੂੰ ਮਨਜ਼ੂਰ ਨਹੀਂ ਸੀ।

ਅਸੀਂ ਛੱਡ ਦਿੱਤੀਆਂ
ਮੁਲਾਹਜੇਦਾਰੀਆਂ
ਤੇ ਸਾਂਭ ਲਈਆਂ
ਜ਼ਮੀਰਾਂ, ਅਣਖਾਂ ਤੇ ਇੱਜ਼ਤਾਂ।

ਸਮੇਂ ਦੇ ਹਾਣ ਦਾ ਹੋ ਜਾਣਾ
ਸਾਨੂੰ ਕਦੇ ਨਹੀਂ ਆਇਆ
ਨਹੀਂ ਕਰ ਸਕੇ
ਗੈਰਤਾਂ ਦਾ ਸੌਦਾ
ਸ਼ਾਇਦ ਅਸੀਂ ਜੰਮੇ ਹੀ ਪੁੱਠੇ ਹਾਂ
ਜੋ ਸਭ ਕੁੱਝ
ਪੁੱਠਾ ਕਰ ਦੇਣਾ ਲੋਚਦੇ ਹਾਂ।

No comments:

Post a Comment