Tuesday, 29 April 2014

ਖੁਦਕੁਸ਼ੀ ਤੋਂ ਪਹਿਲਾਂ



ਛਿੰਦੋ 'ਠਾਈਆਂ ਦੀ ਹੋ ਗਈ ਹੈ
ਘਰ ਜਾ ਕੇ ਦੱਸਾਂਗੇ
ਕੱਲ੍ਹ ਫੇਰ ਮੁੰਡੇ ਵਾਲਿਆਂ ਦਾ
ਇਹੋ ਜਵਾਬ ਸੀ।

ਹੁਣ ਛਿੰਦੋ ਵੀ ਸਮਝ ਗਈ ਹੈ
ਕਿ ਰਿਸ਼ਤੇ
ਕੁੜੀਆਂ ਨੂੰ ਨਹੀਂ
ਦਾਜ ਨੂੰ ਹੁੰਦੇ ਹਨ।

ਹੁਣ ਉਸ ਦੀਆਂ ਅੱਖਾਂ ਵਿੱਚੋਂ
ਸੁਪਨੇ ਨਦਾਰਦ ਹਨ
ਉਸ ਦੇ ਬੁੱਲ੍ਹਾਂ ਉੱਤੇ
ਸਿੱਕਰੀ ਜੰਮ ਗਈ ਹੈ
ਉਸ ਦੀ ਚੰਚਲਤਾ ਵਿੱਚ
ਖੜੌਤ ਆ ਗਈ ਹੈ
ਬਗੈਰ ਕਿਸੇ ਕੰਮ ਤੋਂ
ਰੁੱਝੀ ਰਹਿਣ ਦਾ
ਖੁਦ ਨੂੰ
ਦਿਲਾਸਾ ਦੇਣ ਲੱਗ ਪਈ ਹੈ।

ਮੈਂ ਉਸ ਦੇ ਸਾਹਮਣੇ ਹੋਣ ਤੋਂ
ਡਰਨ ਲੱਗ ਪਿਆ ਹਾਂ
ਕਿਤੇ ਪੁੱਛ ਨਾ ਲਵੇ
ਕਿ ਬਾਪੂ
ਤੇਰੇ ਜ਼ਮਾਨੇ ਵਿੱਚ
ਅਲਟ੍ਰਾਸਾਊਂਡ ਮਸ਼ੀਨਾਂ
ਕਿਉਂ ਨਹੀਂ ਸੀ ਬਣੀਆਂ?
ਕਿਤੇ ਕਹਿ ਨਾ ਦੇਵੇ
ਕਿ ਬਾਪੂ
ਹੁਣ ਤੂੰ ਮੇਰਾ ਫਿਕਰ ਨਾ ਕਰਿਆ ਕਰ।
ਕਿਤੇ ਪੁੱਛ ਨਾ ਲਵੇ
ਕਿ ਬਾਪੂ
ਅਸਮਾਨ ਦਾ ਰੰਗ
ਨੀਲਾ ਹੀ ਕਿਉਂ ਹੈ?
ਸਫੈਦ ਕਿਉਂ ਨਹੀਂ?
ਇਸ ਵਿੱਚ
ਅਪਣੀ ਮਰਜ਼ੀ ਦੇ ਰੰਗ
ਕਿਉਂ ਨਹੀਂ ਭਰੇ ਜਾ ਸਕਦੇ?
ਮੈਂ ਛਿੰਦੋ ਦੇ ਸਾਹਮਣੇ ਜਾਣ ਤੋਂ
ਡਰਨ ਲੱਗ ਪਿਆ ਹਾਂ।

ਦੱਸਦੀ ਸੀ 'ਸੀਬੋ
ਕਿ ਛਿੰਦੋ ਹੁਣ
ਸੁੱਤੀ ਪਈ
ਬੜਬੜਾਉਣ ਲੱਗ ਪਈ ਹੈ
ਹੁਣ ਕੇਸਾਂ ਵਿੱਚ
ਕੰਘੀ ਨਹੀਂ ਕਰਦੀ
ਸ਼ੀਸ਼ੇ ਮੂਹਰੇ ਜਾਣ ਤੋਂ
ਡਰਨ ਲੱਗ ਪਈ ਹੈ
ਤੇ ਹੋਰ ਪਤਾ ਨਹੀਂ
ਕੀ-ਕੀ ਦੱਸਦੀ ਸੀ।

ਗੁਰਜੰਟ
ਅੱਜ ਫੇਰ ਸਵੇਰੇ
ਘਰੋਂ ਲੜ ਕੇ ਗਿਆ ਹੈ
ਇੰਟਰਵਿਊ ਦਾ ਲੈੱਟਰ ਆਇਆ ਸੀ
ਜਾਣ ਲਈ ਕਿਰਾਇਆ ਮੰਗਦਾ ਸੀ
ਗੱਲ ਤਾਂ ਛੋਟੀ ਜਿਹੀ ਹੈ
ਪਰ ਕਲੇਸ਼ ਬਹੁਤ ਵੱਡਾ ਹੁੰਦਾ ਹੈ।

ਜਦੋਂ ਵੀ ਘਰ ਦਾ ਵਾਰਸ
ਘਰੇ ਵੜਦਾ ਹੈ
ਤਾਂ ਘਰ
ਘਰ ਨਹੀਂ ਜਾਪਦਾ
ਚੁਰਾਹੇ ਤੇ ਲੱਗੀਆਂ ਬੱਤੀਆਂ ਜਾਪਦਾ ਹੈ
ਜਿਸ ਦੇ ਹਰੇ ਹੋਣ ਦੀ ਉਡੀਕ ਵਿੱਚ ਖਲੋਤਿਆਂ
ਉਮਰ ਬੀਤ ਗਈ ਹੈ।

ਘਰ
ਹੁਣ ਘਰ ਨਹੀਂ ਜਾਪਦਾ
ਜ਼ਿੰਦਗੀ ਦੇ ਕੁਰੂਖੇਤਰ ਦਾ
ਮੈਦਾਨ ਜਾਪਦਾ ਹੈ
ਤੇ ਮੈਂ
ਭੀਖਮ ਪਿਤਾਮ੍ਹਾ ਵਾਂਗ
ਕੰਡਿਆਂ ਨਾਲ ਵਿੰਨ੍ਹਿਆ
ਬੇਵੱਸ ਹੁੰਦਾ ਹਾਂ
ਸ਼ਾਇਦ ਮੈਨੂੰ ਵੀ
ਇੱਛਾ ਮੌਤ ਦਾ ਸਰਾਪ ਮਿਲਿਆ ਹੈ।

ਜੰਟਾ
ਪਤਾ ਨਹੀਂ
ਅਪਣੀ ਉਦਾਸੀ ਦੂਰ ਕਰਨ ਲਈ
ਜਾਂ ਮੇਰੀਆਂ
ਸਵਾਲੀ ਨਜ਼ਰਾਂ ਤੋਂ ਬਚਣ ਲਈ
ਬਹੁਤ ਉੱਚੀ ਆਵਾਜ਼ ਵਿੱਚ
ਟੀਵੀ ਲਾਉਂਦਾ ਹੈ
ਬੇ-ਜੁੰਨੀ ਰੋਟੀ ਖਾਂਦਾ ਹੈ
ਅਪਣੀ ਮਾਂ ਨਾਲ
ਲੜਦਾ ਤੇ ਹੈ
ਮੇਰੇ ਨਾਲ ਤਾਂ ਕੰਜਰ
ਲੜਦਾ ਵੀ ਨਹੀਂ।

ਭੁੱਲ ਗਿਆ ਹਾਂ
ਕਦੋਂ ਆਖਰੀ ਵਾਰ ਉਸ ਨੇ
ਮੈਨੂੰ ਬਾਪੂ ਕਹਿ ਕੇ ਬੁਲਾਇਆ ਸੀ।
ਸ਼ਾਇਦ ਉਦੋਂ
ਜਦੋਂ ਮੇਰੇ
ਸੱਜੇ ਹੱਥ ਦੇ ਅੰਗੂਠੇ ਤੇ
ਨੀਲਾ ਨਿਸ਼ਾਨ ਵੇਖਿਆ ਸੀ
ਤੇ ਛਲਕ ਗਈਆਂ ਅੱਖਾਂ ਵਿੱਚ
ਝਾਕ ਕੇ ਕਿਹਾ ਸੀ
ਕਿ ਬਾਪੂ
ਮੈਂ ਹੈਗਾ ਆਂ
ਤੂੰ ਫਿਕਰ ਨਾ ਕਰ
ਮੈਂ ਆਪੇ ਛੁਡਾ ਲਵਾਂਗਾ
ਤੇ ਮੈਨੂੰ ਓਸ ਵੇਲੇ
ਸਿਕੰਦਰ ਦਾ ਕੱਦ
ਬਹੁਤ ਛੋਟਾ ਲੱਗਿਆ ਸੀ।

ਪਰ ਉਹ ਨਹੀਂ ਸੀ ਜਾਣਦਾ
ਕਿ ਊਠ ਦਾ ਬੁੱਲ
ਕਦੇ ਡਿੱਗਦਾ ਹੀ ਨਹੀਂ
ਅੰਗੂਰ ਹਮੇਸ਼ਾ ਖੱਟੇ ਹੀ ਹੁੰਦੇ ਨੇ
ਚੰਨ ਰੋਟੀ ਵਰਗਾ ਨਹੀਂ ਹੁੰਦਾ
ਭੁੱਖੇ ਢਿੱਡ ਦਾ ਪ੍ਰਤੀਬਿੰਬ ਹੁੰਦਾ ਹੈ।

ਉਹ ਨਹੀਂ ਸੀ ਜਾਣਦਾ
ਕਿ ਇਹ ਖਾਨਦਾਨੀ ਡਾਇਲੋਗ
ਇੱਕ ਦਿਨ
ਮੈਂ ਵੀ ਅਪਣੇ ਬਾਪੂ ਨੂੰ ਆਖਿਆ ਸੀ
ਤੇ ਸ਼ਾਇਦ
ਮੇਰੇ ਬਾਪੂ ਨੇ ਵੀ।

ਹੈਂ!
ਇਹ ਕੀ?
ਮੈਨੂੰ ਸੀਬੋ ਦੇ ਕੀਰਨੇ
ਕਿਉਂ ਨਹੀਂ ਸੁਣ ਰਹੇ?
ਛਿੰਦੋ ਦੀਆਂ ਕੂਕਾਂ
ਤੇ ਜੰਟੇ ਦੇ ਹਉਕਿਆਂ ਵਿੱਚੋਂ
ਆਖਰੀ ਵਾਰੀ ਸੁਣਨ ਲਈ
ਉਤਾਵਲੇ ਨੂੰ ਮੈਨੂੰ
ਓਏ ਮੇਰਿਆ ਬਾਪੂਆ ਓਏ
ਕਿਉਂ ਨਹੀਂ ਸੁਣ ਰਿਹਾ?
ਮਰਨ ਤੋਂ ਬਾਅਦ ਵੀ
ਮੇਰੀ ਆਤਮਾ
ਏਥੇ ਹੀ ਕਿਉਂ ਭਟਕ ਰਹੀ ਹੈ
ਸਲਫਾਸ
ਏਨਾ ਚਿਰ ਤੇ ਨਹੀਂ ਲਾਉਂਦੀ ਹੁੰਦੀ।
 

No comments:

Post a Comment