Tuesday, 29 April 2014

ਦੂਰੀਆਂ...

ਇਹ ਨਾ ਹੋਵੇ, ਇੱਕ ਦਿਨ ਔਖੇ-ਔਖੇ ਸਾਹ ਲਈਏ
ਆ ਵੇ ਹੋਲ਼ੀ-ਹੋਲ਼ੀ ਆਪਾਂ, ਦੂਰੀਆਂ ਵਧਾ ਲਈਏ॥

ਹੌਕਿਆਂ ਦੇ ਨਾਲ ਕਦੇ ਕੰਮ ਨਹੀਂਓਂ ਸੌਰਦਾ
ਕਦੇ ਨਹੀਂਓਂ ਹੋਣਾ ਮੇਲ, ਦਿੱਲੀ ਤੇ ਲਾਹੌਰ ਦਾ,
ਜਾਗ ਲੱਗੇ ਦੁੱਧ ਨੂੰ ਨਾ ਚਾਹ ਦੇ ਵਿੱਚ ਪਾ ਲਈਏ
ਰੂਪ ਵੀ ਗੁਆ ਲਈਏ ਤੇ ਚੈਨ ਵੀ ਗੁਆ ਲਈਏ, ਚੈਨ ਵੀ ਗੁਆ ਲਈਏ,
ਚੰਗਾ ਏ ਜੇ ਹੁਣੇ ਹੱਥ, ਹੱਥਾਂ 'ਚੋਂ ਛੁਡਾ ਲਈਏ
ਆ ਵੇ ਹੋਲ਼ੀ-ਹੋਲ਼ੀ ਆਪਾਂ, ਦੂਰੀਆਂ ਵਧਾ ਲਈਏ.............॥

ਤੇਰਾ ਮੇਰਾ ਮੇਲ ਜਿਉਂ, ਭਰਿੰਡ ਮੱਥਾ ਚੁੰਮਿਆ
ਜਿੱਦਾਂ ਕਿਸੇ ਛੜੇ ਨੇ, ਦੁਪਹਿਰੇ ਆਟਾ ਗੁੰਨ੍ਹਿਆ,
ਜਿਵੇਂ ਚੂੜੇ ਵਾਲੀ ਕੋਈ ਪਿਆਜ਼ ਪਈ ਚੀਰਦੀ
ਰੋਹੀਆਂ 'ਚ ਫਕੀਰ ਜਿਵੇਂ, ਗਾਵੇ ਕਲੀ ਹੀਰ ਦੀ, ਗਾਵੇ ਕਲੀ ਹੀਰ ਦੀ
ਰੂਹਾਂ ਵਾਲੀ ਸਾਂਝ ਨਾ ਸਰੀਰਾਂ 'ਚ ਗੁਆ ਲਈਏ
ਆ ਵੇ ਹੋਲ਼ੀ-ਹੋਲ਼ੀ ਆਪਾਂ, ਦੂਰੀਆਂ ਵਧਾ ਲਈਏ.............॥

ਚੱਲ ਏਦਾਂ ਕਰਦੇ ਆਂ, ਚੁੱਪ ਵੱਟ ਲੈਂਦੇ ਆਂ
ਕੱਟ ਹੋ ਗਏ ਤਾਂ ਏਦਾਂ, ਦਿਨ ਕੱਟ ਲੈਂਦੇ ਆਂ
ਐਵੇਂ ਕਾਹਤੋਂ ਬਹੁਤਿਆਂ ਵਿਚਾਰਾਂ ਵਿੱਚ ਪੈਣਾ ਏ
ਚੜ੍ਹਿਆ ਖ਼ੁਮਾਰ ਵੀ ਤਾਂ ਲਹਿੰਦੇ-ਲਹਿੰਦੇ ਲਹਿਣਾ ਏ, ਲਹਿੰਦੇ-ਲਹਿੰਦੇ ਲਹਿਣਾ ਏ
ਪਰ ਦਿਲ ਔਂਤਰੇ ਨੂੰ ਕਿੱਦਾਂ ਸਮਝਾ ਲਈਏ
ਆ ਵੇ ਹੋਲ਼ੀ-ਹੋਲ਼ੀ ਆਪਾਂ, ਦੂਰੀਆਂ ਵਧਾ ਲਈਏ.............॥

ਗੱਗ-ਬਾਣੀ ਵਿੱਚ ਏਹਦਾ ਹੱਲ ਨਾ ਕੋਈ ਦੀਂਹਦਾ ਏ
ਅੱਜ ਨਾ ਕੋਈ ਦੀਂਹਦਾ ਏ ਤੇ ਕੱਲ੍ਹ ਨਾ ਕੋਈ ਦੀਂਹਦਾ ਏ,
ਸਮੁੰਦਰਾਂ 'ਚ ਰਹਿ ਕੇ ਵੀ ਪਿਆਸੇ ਕਾਹਤੋਂ ਰਹਿ ਗਏ
ਰੰਗਾਂ ਵਿੱਚ ਵੱਸਦੇ, ਉਦਾਸੇ ਕਾਹਤੋਂ ਰਹਿ ਗਏ,
ਸਮਝ ਨਾ ਆਵੇ ਕਿਵੇਂ, ਗਲ਼ ਲੱਗ ਕੇ ਵਿਦਾ ਲਈਏ
ਆ ਵੇ ਹੋਲ਼ੀ-ਹੋਲ਼ੀ ਆਪਾਂ, ਦੂਰੀਆਂ ਵਧਾ ਲਈਏ...

No comments:

Post a Comment