Tuesday, 29 April 2014

ਉਸ ਨੂੰ ਕਹੋ ਬਨੇਰਿਆਂ ਤੇ ਦੀਵੇ ਜਗਾਇਆ ਨਾ ਕਰੇ...

ਔਸੀਆਂ ਪਾਇਆ ਨਾ ਕਰੇ, ਕਾਗਾਂ ਉਡਾਇਆ ਨਾ ਕਰੇ,
ਉਸ ਨੂੰ ਕਹੋ ਬਨੇਰਿਆਂ ਤੇ ਦੀਵੇ ਜਗਾਇਆ ਨਾ ਕਰੇ।

ਸੁਹਾਗਣਾਂ ਦੇ ਹਾਸਿਆਂ ਨੂੰ ਡਾਲਰਾਂ ਦਾ ਸ਼ਰਾਪ ਹੈ,
ਡਬਲ-ਬੈੱਡ ਦੀਆਂ ਚਾਦਰਾਂ ਤੇ ਵਲ ਹੈ ਨਾ ਕੋਈ ਛਾਪ ਹੈ,
ਸੁਪਨੇ ਸਜਾਇਆ ਨਾ ਕਰੇ, ਸੁਰਮਾ ਵੀ ਪਾਇਆ ਨਾ ਕਰੇ,
ਚੂੜੀਆਂ ਨੂੰ ਵਰਜ ਦਏ ਹੁਣ ਗੀਤ ਗਾਇਆ ਨਾ ਕਰੇ.....
ਉਸ ਨੂੰ ਕਹੋ ਬਨੇਰਿਆਂ ਤੇ ਦੀਵੇ ਜਗਾਇਆ ਨਾ ਕਰੇ।

ਡਰੈਸਿੰਗ ਟੇਬਲ ਵਿੱਚ ਗਈਆਂ ਸੁਰਖੀਆਂ ਵੀ ਸੁੱਕ ਨੇ,
ਕੋਕਾ ਵੀ ਫਿੱਕਾ ਪੈ ਗਿਆ ਤੇ ਝਾਂਜਰਾਂ ਵੀ ਚੁੱਪ ਨੇ,
ਛੱਡੇ ਨਾ ਹਾਰ-ਸ਼ਿੰਗਾਰਾਂ ਨੂੰ, ਮਨਾਵੇ ਉਵੇਂ ਤਿਉਹਾਰਾਂ ਨੂੰ,
ਪੈਸੇ ਬਚਾਇਆ ਨਾ ਕਰੇ, ਟੈਨਸ਼ਨ ਵਧਾਇਆ ਨਾ ਕਰੇ...
ਉਸ ਨੂੰ ਕਹੋ ਬਨੇਰਿਆਂ ਤੇ ਦੀਵੇ ਜਗਾਇਆ ਨਾ ਕਰੇ।

ਲਿਖੇ ਨਸੀਬਾਂ ਵਿੱਚ ਨੇ ਦੁੱਖ ਭੁਗਤਣੇ ਹੀ ਪੈਣਗੇ,
ਰਹੇ ਨਾ ਜੇਕਰ ਉਹ ਤਾਂ ਦਿਨ ਇਹ ਵੀ ਨਹੀਓਂ ਰਹਿਣਗੇ,
ਮੁਰਝਾਏ ਫੁੱਲ ਖਿੜ ਜਾਣਗੇ, ਅੰਗਾਂ 'ਚ ਸੁਰ ਛਿੜ ਜਾਣਗੇ,
ਦਿਲ ਨੂੰ ਘਟਾਇਆ ਨਾ ਕਰੇ, ਬੀ ਪੀ ਵਧਾਇਆ ਨਾ ਕਰੇ
ਉਸ ਨੂੰ ਕਹੋ ਬਨੇਰਿਆਂ ਤੇ ਦੀਵੇ ਜਗਾਇਆ ਨਾ ਕਰੇ।

ਅਪਣੇ ਮੁਲਕ ਵਿੱਚ ਕੰਮ ਹੈ ਪਰ ਕਦਰ ਨਹੀਂ ਹੈ ਕੰਮ ਦੀ,
ਜਾਂ ਤਾਂ ਹੈ ਗਾਂਧੀ ਚੱਲਦਾ, ਜਾਂ ਚੱਲਦੀ ਹੈ ਫਿਰ ਚੰਮ ਦੀ,
ਹਾਣ ਮਿਲਾਵੇ ਹਾਣੀ ਨੂੰ, ਪੜ੍ਹਿਆ ਕਰੇ ਗੱਗ-ਬਾਣੀ ਨੂੰ,
ਖੰਡ ਬਹੁਤੀ ਪਾਇਆ ਨਾ ਕਰੇ, ਤੁੜਕਾ ਜਲ਼ਾਇਆ ਨਾ ਕਰੇ,
ਉਸ ਨੂੰ ਕਹੋ ਬਨੇਰਿਆਂ ਤੇ ਦੀਵੇ ਜਗਾਇਆ ਨਾ ਕਰੇ।

No comments:

Post a Comment