Tuesday, 29 April 2014

ਸਾਹਿਤਕਾਰ...

ਤੁਸੀਂ ਹੋਵੋਂਗੇ 
ਸਾਹਿਤਕਾਰ।

ਤੁਸੀਂ ਹੋਵੋਂਗੇ
ਕਵੀ, ਲੇਖਕ, ਅਲੋਚਕ।

ਮੈਂ
ਨਾ ਸਾਹਿਤਕਾਰ
ਨਾ ਲੇਖਕ
ਨਾ ਅਲੋਚਕ
ਨਾ ਤਿੰਨਾਂ 'ਚ
ਨਾ ਤੇਰਾਂ 'ਚ।

ਮੈਨੂੰ ਅਕਲ ਦੀਆਂ ਪੁੜੀਆਂ ਦੀ ਦੱਸ ਨਾ ਪਾਓ
ਅਪਣੇ ਕੋਲ ਹੀ ਰੱਖੋ
ਸਫੈਦ ਹੋਏ ਵਾਲਾਂ ਦੇ ਤਜ਼ਰਬੇ।

ਮੈਂ ਜ਼ਹਿਰ ਨੂੰ
ਦਵਾਈ ਪ੍ਰਚਾਰਨ ਵਾਲਿਆਂ
ਦੀਆਂ ਮੋਮੋਠਗਣੀਆਂ ਵਿੱਚ ਨਹੀਂ ਆਉਂਦਾ।

ਜਾਣਦਾ ਹਾਂ
ਤੁਹਾਡੀ ਅਤੇ ਅਸਾਡੀ ਮੂਲ ਦੁਸ਼ਮਣ
ਸਭ ਸਮੱਸਿਆਵਾਂ ਦੀ ਜੜ੍ਹ
ਪੂੰਜੀਵਾਦ ਹੀ ਹੈ।

ਪਰ ਇਹ ਵੀ ਜਾਣਦਾ ਹਾਂ
ਕਿ ਪੂੰਜੀਵਾਦ
ਪੂੰਜੀਵਾਦੀਆਂ ਦੀ ਸ਼ਨਾਖਤ ਕੀਤੇ ਬਿਨਾਂ
ਖਤਮ ਨਹੀਂ ਹੋ ਸਕਦਾ।

ਕਿਉਂ ਨਾ ਵਰਤਾਂ
ਕੋੜੇ ਲਫ਼ਜ਼?

ਅਮਰੀਕਾ ਨਾਲ ਮੇਰੀ ਕੋਈ
ਸਿੱਧੀ ਰਿਸ਼ਤੇਦਾਰੀ ਨਹੀਂ ਹੈ।

ਜਾਣਦਾ ਹਾਂ
ਸੋਨੀਆ, ਮਨਮੋਹਨ, ਬਾਦਲ, ਅੰਬਾਨੀ
ਇੱਕੋ ਥਾਲ਼ੀ ਦੇ ਚਮਚੇ ਹਨ।

ਮੈਨੂੰ ਇਉਂ ਨਾ ਕਹੋ
ਕਿ ਮੈਂ ਅਪਣੀ ਕਵਿਤਾ ਵਿੱਚ
ਸਿੱਧੇ ਨਾਂ ਨਾ ਲਿਖਿਆ ਕਰਾਂ
ਏਸ ਤਰਾਂ ਉਹ ਕਵਿਤਾ ਨਹੀਂ ਰਹਿ ਜਾਂਦੀ
ਉਸ ਦੀ
ਕਾਵਿਕਤਾ ਉੱਡ ਜਾਂਦੀ ਹੈ।

ਤੁਹਾਨੂੰ ਕੀਹਨੇ ਕਹਿ'ਤਾ
ਕਿ ਮੈਂ ਕਵਿਤਾ ਲਿਖਦਾ ਹਾਂ?

ਇੱਕ ਭ੍ਰਿਸ਼ਟਾਚਾਰੀ
ਅਪਣੀ ਜ਼ੁਬਾਨੋਂ ਕਹੇ
ਕਿ ਭ੍ਰਿਸ਼ਟਾਚਾਰੀਆਂ ਨੂੰ ਫਾਂਸੀ ਲੱਗਣੀ ਚਾਹੀਦੀ ਹੈ
ਤਾਂ ਮੈਂ ਕਿਉਂ ਨਾ ਕਹਾਂ
ਕਿ ਬਾਦਲ ਦੋਗਲਾ ਬੰਦਾ ਹੈ।

ਜਦੋਂ ਸੰਸਦ ਵਿੱਚ ਬਹਿ ਕੇ
ਲੋਕ-ਪੱਖੀ ਨੀਤੀਆਂ ਦੀ ਬਜਾਏ
ਲੋਕ-ਮਾਰੂ ਨੀਤੀਆਂ ਤੇ
ਸਹਿਮਤੀ ਜਤਾਈ ਜਾਵੇ
ਤਾਂ ਕਿਉਂ ਨਾ ਆਖਾਂ
ਕਿ ਇਹ ਭਰੂਣ ਕਿਸੇ ਹੋਰ ਨਸਲ ਦਾ ਹੈ।

ਮਨਮੋਹਨ, ਠਾਕਰੇ, ਅੰਬਾਨੀ
ਮਿੱਤਲ, ਮੋਦੀ,
ਇਹ ਬਿੰਬ ਹੀ ਤਾਂ ਹਨ
ਉਨ੍ਹਾਂ ਦੇ
ਜਿਨ੍ਹਾਂ ਨੇ ਲਿਖਿਆ ਸੀ ਕਿ
'ਕੁੱਤੋਂ ਔਰ ਇੰਡੀਅਨ ਕਾ ਅੰਦਰ ਆਨਾ ਮਨ੍ਹਾ ਹੈ।'

ਉਨ੍ਹਾਂ ਅੰਦਰ ਆਉਣ ਤੋਂ ਸਿਰਫ਼ ਵਰਜਿਆ ਹੀ ਸੀ
ਤੇ ਇਨ੍ਹਾਂ
ਪਹਿਰੇਦਾਰ ਬਿਠਾ ਲਏ
ਬਾਡੀਗਾਰਡ ਰੱਖ ਲਏ।

ਮੈਂ ਕਿਉਂ ਨਾ ਕਹਾਂ
ਕਿ ਬਲਾਤਕਾਰ
ਸਿਰਫ਼ ਆਮ ਆਦਮੀ ਦੀ ਧੀ ਭੈਣ ਨਾਲ ਹੁੰਦਾ ਹੈ
ਉਨ੍ਹਾਂ ਨਾਲ ਕਦੇ ਹੋ ਹੀ ਨਹੀਂ ਸਕਦਾ
ਜਿਨ੍ਹਾਂ ਦੇ ਸਰੀਰ
ਕੱਪੜਿਆਂ ਨਾਲ ਨਹੀਂ
ਨੋਟਾਂ ਨਾਲ ਢੱਕੇ ਹੁੰਦੇ ਹਨ
ਜਿਨ੍ਹਾਂ ਦੇ ਅੰਗਾਂ ਦੀ ਸੁਰੱਖਿਆ ਲਈ
ਬੰਦੂਕਧਾਰੀ ਅੰਗਰੱਖਿਅਕ ਰੱਖੇ ਹੁੰਦੇ ਹਨ।

ਮੈਂ ਤੁਹਾਡੇ ਨਾਲ
ਬਹਿਸ ਨਹੀਂ ਬੰਨ੍ਹਣਾ ਚਾਹੁੰਦਾ
ਤੁਸੀਂ ਸਾਹਿਤਕਾਰ ਹੋ
ਬੁੱਧੀਜੀਵੀ ਹੋ
ਪੂੰਜੀਵਾਦ ਦੇ ਵਿਰੋਧੀ ਵੀ ਹੋ।

ਪਰ ਮੈਂ ਸਾਹਿਤਕਾਰ ਨਹੀਂ
ਬੁੱਧੀਜੀਵੀ ਨਹੀਂ
ਮੈਂ ਤਾਂ ਭ੍ਰਿਸ਼ਟਾਚਾਰ ਦੀ ਅੱਗ ਵਿੱਚ
ਝੁਲ਼ਸਿਆ ਹੋਇਆ
ਲੰਡੂ ਜਿਹਾ ਬੰਦਾ ਹਾਂ।

ਸਿਰਫ਼ ਏਨਾ ਜਾਣਦਾ ਹਾਂ
ਕਿ ਪੂੰਜੀਵਾਦ
ਪੂੰਜੀਵਾਦੀਆਂ ਦੀ ਉਪਜ ਹੈ।

ਤੇ ਮੇਰਾ ਨਿਸ਼ਾਨਾ
ਪਾਣੀ ਵਿੱਚ ਬਿੰਬ ਵੇਖਕੇ ਨਹੀਂ
ਮੱਛੀ ਦੀ ਅੱਖ ਵਿੱਚ
ਅੱਖ ਪਾਕੇ ਫੁੰਡਣਾ ਹੈ।

ਉਹ ਹੋਰ ਹਨ
ਜੋ ਗਲ਼ ਵਿੱਚ ਹਊਮੈ ਦੀ ਤਖਤੀ ਪਾ ਕੇ
ਢੋਲ ਵਜਾਉਂਦੇ ਫਿਰਦੇ ਹਨ।

ਮੈਂ ਕੋਈ ਕਵੀ-ਕੁਵੀ ਨਹੀਂ
ਮੈਂ ਸਾਹਿਤਕਾਰ ਵੀ ਨਹੀਂ
ਮੈਂ ਤਾਂ ਅੰਗ੍ਰੇਜ਼ਾਂ ਦੀ
ਰਹਿੰਦ-ਖੂਹੰਦ ਹੂੰਝਣ ਵਾਲਾ
ਅਸਫਲ ਇਨਸਾਨ ਹਾਂ।

No comments:

Post a Comment