ਇੱਕ ਦਿਨ ਆਖਣ ਲੱਗਿਆ ਬੰਦੇ ਨੂੰ ਖੋਤਾ
ਕਿਹੜੀ ਗੱਲੋਂ ਘੱਟ ਹਾਂ, ਕਿਸ ਪਾਸਿਓਂ ਛੋਟਾ।
ਨਿੱਠ ਕੇ ਕਰਦਾ ਕੰਮ ਮੈਂ ਪ੍ਰਵਾਹ ਨਾ ਕੀਤੀ,
ਕਦੇ ਥਕੇਵਾਂ ਲਾਹੁਣ ਲਈ ਦਾਰੂ ਨਾ ਪੀਤੀ।
ਵਿੱਚ ਮਸਤੀ ਦੇ ਹੁੰਦਾ ਤਾਂ ਮੈਂ ਲੋਟਣੀਆਂ ਲਾਵਾਂ,
ਕਦੇ ਬੇਗਾਨੀ ਖੁਰਲੀ ਦੇ ਵਿੱਚ ਮੂੰਹ ਨਾ ਪਾਵਾਂ।
ਬੇਸ਼ੱਕ ਟਰੱਕ ਟਰੈਕਟਰਾਂ ਦੀ ਆ ਗਈ ਨ੍ਹੇਰੀ,
ਵਿੱਚ ਪਹਾੜੀ ਖੇਤਰਾਂ ਸਰਦਾਰੀ ਮੇਰੀ।
ਵਿੱਚ ਦਰਿਆ ਸਤਲੁੱਜ ਦੇ ਜਦ ਨਹਿਰਾਂ ਕੱਢੀਆਂ,
ਭਰ-ਭਰ ਮਿੱਟੀ ਬੋਰੀਆਂ ਮੇਰੇ ਤੇ ਲੱਦੀਆਂ।
ਮੇਰੀ ਮਿਹਨਤ ਸਦਕਾ ਤੁਸਾਂ ਕਰੀ ਤਰੱਕੀ,
ਅੱਜ ਤੱਕ ਆਏ ਖਾਂਵਦੇ ਸਾਡੀ ਹੀ ਖੱਟੀ।
ਜੋ ਵੀ ਮਿਲਦਾ ਖਾਣ ਨੂੰ, ਖਾ ਢੋਲੇ ਦੀਆਂ ਲਾਵਾਂ,
ਲੱਗੇ ਠੰਢ ਜ਼ੁਕਾਮ ਨਾ ਰਹਿਣ ਪਰੇ ਬਲਾਵਾਂ।
ਨਾ ਮੈਂ ਮਹਿਲ ਉਸਾਰਦਾ ਨਾ ਉੱਸਰ ਢਾਹਵਾਂ,
ਬੰਦਿਆ ਤੇਰੇ ਵਾਂਗ ਨਾ ਅਕ੍ਰਿਤਘਣ ਅਖਵਾਵਾਂ।
ਨਾ ਮੈਂ ਮੰਨਾਂ ਧਰਮ ਨੂੰ ਨਾ ਜਾਤ ਪਛਾਣਾਂ,
ਫਿਰ ਵੀ ਕੋਈ ਪਾਪ ਨਾ ਮੈਂ ਕਰਕੇ ਜਾਣਾਂ।
ਇਹ ਸੰਗਮਰਮਰ ਦੇ ਝੋਂਪੜੇ ਇਹ ਇੱਟਾਂ ਪੱਥਰ,
ਇਹ ਮਿੱਟੀ ਦੀਆਂ ਕਿਸਮਾਂ, ਮਿੱਟੀ ਦੇ ਸੱਥਰ।
ਗਿਆ ਜੇ ਭੁੱਲ ਔਕਾਤ ਨੂੰ ਬੰਦਾ ਨਾ ਹੁੰਦਾ,
ਮੰਦਰ ਅਤੇ ਮਸ੍ਹੀਤ ਦਾ ਪੰਗਾ ਨਾ ਹੁੰਦਾ।
ਹੁੰਦਾ ਖੋਤਾ ਬੰਦਿਆ ਚਰਬੀ ਨਾ ਚੜ੍ਹਦੀ,
ਗੁਰੂਦੁਆਰਿਆਂ ਵਿੱਚ ਫਿਰ ਸਿਆਸਤ ਨਾ ਵੜਦੀ।
ਬਾਰਡਰਾਂ ਉੱਤੇ ਫੌਜ ਨਾ ਇੰਝ ਗਸ਼ਤਾਂ ਕਰਦੀ,
ਸੁਪਨੇ ਕਦੇ ਡਰਾਉਂਦੀ ਨਾ ਇੰਝ ਖਾਕੀ ਵਰਦੀ।
ਹੋਣੇ ਸੀ ਕਿਤੇ ਬੰਬ ਨਾ ਬੰਦੂਕ ਸੀ ਹੋਣੀ,
ਸਭ ਦੇ ਲਈ ਫਿਰ ਧਰਤੀ ਇਹ ਸੂਤ ਸੀ ਹੋਣੀ।
ਮਾਰ ਚੌਂਕੜਾ ਮੀਚ ਅੱਖਾਂ ਨਾ ਢੋਂਗ ਰਚਾਉਂਦਾ,
ਖੋਤਾ ਹੁੰਦਾ ਬੰਦਿਆ ਨਾ ਵਿਹਲੀਆਂ ਖਾਂਦਾ।
ਈਸ਼ਵਰ ਅਲ੍ਹਾ ਵਾਹਿਗੁਰੂ, ਵਾਹਣੀਂ ਨਾ ਪਾਉਂਦਾ,
ਨਿੱਤ-ਨੇਮ ਅਰਦਾਸ ਬਿਨਾਂ ਸੁਰਗਾਂ ਨੂੰ ਜਾਂਦਾ।
ਖੋਤਾ ਹੁੰਦਾ 'ਰਾਮ' ਜੇ ਈਮਾਨ ਨਾ ਹਰਦਾ,
ਸਤੀ ਸਵਿੱਤਰੀ ਨਾਰ ਤੇ ਇਲਜ਼ਾਮ ਨਾ ਧਰਦਾ।
ਜੇ ਪਾਂਡੂ ਹੁੰਦੇ ਖੋਤੇ, ਨਾ ਜੂਏ ਵਿੱਚ ਹਰਦੀ,
ਦਾਅ ਤੇ ਲਾਈ ਜਾਂਦੀ ਨਾ ਇੰਝ ਇੱਜ਼ਤ ਘਰ ਦੀ।
ਕਿਉਂ ਕਿਸੇ ਨੂੰ ਆਖਦੇ, ਬਣ ਖੋਤਿਓਂ ਬੰਦਾ,
ਤੁਹਾਡੇ ਬੰਦਿਆਂ ਨਾਲੋਂ ਮੈਂ 100 ਦਰਜੇ ਚੰਗਾ।
ਕਤਲ ਨਾ ਕੀਤੀ ਮਨੁੱਖਤਾ ਦਾ ਘਾਣ ਨਾ ਕਰਿਆ,
ਉੱਚਾ ਸੁੱਚਾ ਹੋਣ ਦਾ ਵੀ ਮਾਣ ਨਾ ਕਰਿਆ।
ਵੱਡ ਅਕਾਰੀ ਲਿੰਗ ਦਾ ਹੰਕਾਰ ਨਾ ਕੀਤਾ,
ਕੁਦਰਤ ਨਾ ਛੇੜਾਂ ਛੇੜੀਆਂ, ਬਲਾਤਕਾਰ ਨਾ ਕੀਤਾ।
ਵਾਂਗ ਤੇਰੇ ਬੇਸ਼ਰਮ ਨਹੀਂ ਮੈਂ ਬੇਸ਼ੱਕ ਨੰਗਾ,
ਮਾਣ ਹੈ ਖੋਤਾ ਹੋਣ ਤੇ ਮੈਂ ਨਹੀਂ 'ਗਾ ਬੰਦਾ।
ਈਸ਼ਵਰ ਅਲ੍ਹਾ ਵਾਹਿਗੁਰੂ ਸਭ ਤੇਰੀਆਂ ਖੋਜਾਂ,
ਗਲ਼ੋਂ ਗੁਲ੍ਹਾਮਾ ਲਾਹ ਸੁੱਟ, ਕਰ ਮੈਂ ਜਿਉਂ ਮੌਜਾਂ।
ਉੱਪਰੋਂ ਥੱਲੇ ਹੋ ਜਾਵੇ ਮੈਂ ਚਾਲ ਨਹੀਂ ਛੱਡਦਾ,
ਤੇਰੇ ਵਾਂਗੂੰ ਭੈੜਿਆ ਮੈਂ ਗਾਲ੍ਹ ਨਹੀਂ ਕੱਢਦਾ।
ਵੱਡੀ ਗੱਲ ਮੈਂ ਆਖਦਾਂ ਭਾਵੇਂ ਮੂੰਹ ਛੋਟਾ,
ਬੰਦਿਆ ਛੱਡਦੇ ਬੰਦਗੀ ਬਣ ਤੂੰ ਵੀ ਖੋਤਾ।
ਖੋਤੇ ਮੌਜਾਂ ਬੜੀਆਂ ਕੋਈ ਫਿਕਰ ਨਾ ਫਾਕਾ,
ਨਾ ਚੁੱਲ੍ਹੇ ਅੱਗ ਬਾਲਣੀ ਨਾ ਗੁੰਨ੍ਹਣਾ ਆਟਾ।
ਤੇਰੇ ਵੀ ਸਿਰ ਸਿੰਗ ਨਹੀਂ ਵੱਡਾ ਨਾ ਛੋਟਾ,
ਧਰਮ ਦੀ ਲੱਗੀ ਪੂਛ ਹੈ ਉੰਝ ਤੂੰ ਵੀ ਖੋਤਾ।
ਵਧੀਆਂ ਸੁਣ ਕੇ ਕੀਮਤਾਂ ਦਿਲ ਸਹਿਕ ਨਹੀਂ ਹੁੰਦੇ,
ਗੱਲ ਸੁਣ ਮੇਰੀ ਖੋਤਿਆਂ ਨੂੰ ਅ'ਟੈਕ ਨਹੀਂ ਹੁੰਦੇ।
ਬੀ ਪੀ ਵਧਦਾ ਘਟਦਾ ਨਾ ਚੱਕਰ ਆਉਂਦੇ,
ਗਰੀਸ ਮੁੱਕੇ ਨਾ ਗੋਡਿਓ ਨਾ ਮੱਛਰ ਖਾਂਦੇ।
ਵਿੱਚ ਸੁਰਾਂ ਨੇ ਹਿਣਕਦਾ ਮੈਂ ਹੇਕਾਂ ਲਾਵਾਂ,
ਨਾ ਮੈਂ ਪੜ੍ਹਦਾ ਬਾਣੀਆਂ ਨਾ ਲੱਚਰ ਗਾਵਾਂ।
ਖਾਣੀ 'ਫੀਮ ਸਮੈਕ ਨਾ ਤੇ ਨਾ ਹੀ ਘੋਟਾ,
ਰਹਿਣਾ ਏਦਾਂ ਈ ਮਸਤ ਜੇ ਬਣ ਬੰਦਿਆ ਖੋਤਾ।
ਦਰਿਆ ਨਾ ਕੀਤੇ ਗੰਧਲੇ ਖਤਰਾ ਨਾ ਰੁੱਖਾਂ,
ਬੰਦਿਆ ਤੇਰੇ ਜੇਡ ਨਾ ਸਾਡੇ ਢਿੱਡ ਭੁੱਖਾਂ।
ਪੀਰਾਂ ਦੇ ਦਰ ਮੰਗਦੈਂ ਪੁੱਤਾਂ ਦੀਆਂ ਸੁੱਖਾਂ,
ਧੀਆਂ ਕਤਲ ਕਰਾਂਵਦਾ ਫਿਰਦਾ ਵਿੱਚ ਕੁੱਖਾਂ।
ਤੇਰੇ ਜੇਡ ਨਾ ਲਾਹਣਤੀ ਨਾ ਲਾਲਚੀ ਹੋਇਆ,
ਤੂੰ ਤਾਂ ਆਖਰ ਬੰਦਿਆ ਬੰਦਾ ਹੀ ਹੋਇਆ।
ਗੱਗ ਬਾਣੀ ਵਿੱਚ ਲਿਖਿਆ ਧਰਤੀ ਹੈ ਸਭ ਦੀ,
ਮੇਰੀ ਲੱਗਦੀ ਲੋੜ ਹੈ, ਇਹ ਲੋੜ ਹੈ ਸਭ ਦੀ।
ਲੜ ਲੜ ਮਰਦੈਂ ਬੰਦਿਆ ਤੂੰ ਕੀਹਦੀ ਪਿੱਠ ਤੇ,
ਤਕਸੀਮਾਂ ਜ਼ਰਬਾਂ ਕਰ ਲਈਆਂ ਕੀ ਲੈ ਗਿਆ ਹਿੱਕ ਤੇ।
ਕਰ ਨਹੀਂ ਸਕਦਾ ਬੰਦਿਆ ਮੈਂ ਤੇਰੀਆਂ ਨਕਲਾਂ,
ਰੱਖ ਸਿਆਣਪ ਕੋਲ ਹੀ ਤੂੰ ਵੰਡ ਨਾ ਅਕਲਾਂ।
ਮੇਰੀ ਇੱਕੋ ਬੇਨਤੀ ਜੇ ਉੱਤਰੇ ਸੰਘੋਂ,
ਮੂੰਹ ਕਾਲਾ ਕਰਕੇ ਆਪਣਾ ਮੈਨੂੰ ਨਾ ਭੰਡੋ॥
No comments:
Post a Comment