Tuesday, 29 April 2014

'ਗੱਗ ਤੂੰ ਐਵੇਂ ਨਾ ਘਬਰਾ...

ਪਾਖੰਡ ਦੀਆਂ ਸਲਵਾਰਾਂ ਲਾਹੀਆਂ,
ਲਿਸ਼ਕਦੀਆਂ ਤਲਵਾਰਾਂ ਆਈਆਂ,
ਤ੍ਰਿਸ਼ੂਲ ਅਤੇ ਕਿਰਪਾਨ ਵੀ ਬੋਲੀ,
ਕਲਮਾਂ ਬਣ ਬਦਕਾਰਾਂ ਆਈਆਂ।

ਪੁੱਛਣ ਲੱਗੀਆਂ 'ਗੱਗ' ਦੇ ਬਾਰੇ,
ਚੱਜ ਅਤੇ ਕੁ-ਚੱਜ ਦੇ ਬਾਰੇ,
ਕੱਲ੍ਹ ਤੇਰੀ ਕਿਸਮਤ ਵਿੱਚ ਹੈ ਨਹੀਂ,
ਸੋਚ ਅਜੇ ਵੀ ਅੱਜ ਦੇ ਬਾਰੇ।

ਕੀ ਏ ਕਿਹੜੇ ਬਾਗ ਦੀ ਮੂਲੀ,
ਮੈਂ ਕਿਹਾ ਬੱਚਾ ਚੜ੍ਹਜਾ ਸੂਲੀ,
ਆਪੋ ਅਪਣੇ ਢੰਗ ਦੀ ਜੰਗ ਹੈ,
ਧਰਮ ਅਤੇ ਪਾਖੰਡ ਦੀ ਜੰਗ ਹੈ।

ਜੇ ਤੂੰ ਮਿੱਠਾ ਬੋਲ ਨਹੀਂ ਸਕਦਾ,
ਨੀਂਦ ਰਾਤ ਵਿੱਚ ਘੋਲ ਨਹੀਂ ਸਕਦਾ,
ਤਾਂ ਇਹ ਤੇਰਾ ਜਨਮ ਗੰਵਾਰਾ,
ਮੰਨਲੈ ਭਾਣਾ, ਕਰ ਲੈ ਚਾਰਾ।

ਅੰਨ੍ਹਿਆਂ ਦੇ ਵਿੱਚ ਕਾਣਾ ਬਣਕੇ,
ਮਿੱਠਾ ਬੋਲ ਸਿਆਣਾ ਬਣਕੇ,
ਮੈਂ ਆਖਿਆ ਮੈਂ ਆਪ ਸਿਆਣਾ,
ਸਬਰ ਕਰੋ ਆਉਲ਼ੇ ਦਾ ਖਾਣਾ।

ਅੰਧਵਿਸ਼ਵਾਸ ਦਾ ਕਰੂੰ ਸਫਾਇਆ,
ਬੇਸ਼ੱਕ ਜਾਂਦੀ ਜਾਵੇ ਕਾਇਆ,
ਵਹਿਣਾਂ ਦੇ ਸੰਗ ਵਹਿ ਨਹੀਂ ਸਕਦਾ,
'ਗੱਗ' ਪੱਧਰ ਤੋਂ ਲਹਿ ਨਹੀਂ ਸਕਦਾ।

ਝੱਖੜਾਂ ਵਿੱਚ ਝੜਿਆ ਨਹੀਂ ਕਰਦੇ,
ਵਿਚਾਰ ਕਦੇ ਮਰਿਆ ਨਹੀਂ ਕਰਦੇ,
ਕੱਚੇ ਹੀ ਡੁੱਬਦੇ ਨੇ ਆਖਿਰ,
ਪੱਕੇ ਕਦੇ ਖਰਿਆ ਨਹੀਂ ਕਰਦੇ।

ਬੰਦਾ ਹਾਂ ਮੈਂ ਰੱਬ ਨਹੀਂ ਹਾਂ,
ਫੂਕ ਦਿਆਂ ਸਭ ਅੱਗ ਨਹੀਂ ਹਾਂ।
ਯੱਭ ਨਾ ਸਮਝੋ, ਯੱਭ ਨਹੀਂ ਹਾਂ,
ਮੈਂ ਤੁਹਾਡੇ ਤੋਂ ਅਲੱਗ ਨਹੀਂ ਹਾਂ।

ਨਾ ਕੋਈ ਰੱਬ ਨਾ ਪੁਰਖ ਅਕਾਲ,
ਬਿਨ ਸਿਰਨਾਵੇਂ 'ਕਾਸ਼ ਪਾਤਾਲ,
ਹੁਕਮ ਬਿਨਾਂ ਪੱਤਾ ਨਾ ਹਿੱਲੇ,
ਸੁਆਸ ਨਾ ਤਾਲੋਂ ਹੋਏ ਬੇਤਾਲ,
ਐਸੇ ਰੱਬ ਤੋਂ ਲੈਣਾ ਕੀ ਏ,
ਜਿਸਦਾ ਕੋਈ ਟਿਕਾਣਾ ਨਹੀਂ ਏ।

ਕੈਸਾ ਪੁਰਖ ਅਕਾਲ ਹੈ ਉਹ,
ਚੁੱਪ ਕਿਉਂ ਹਰ ਇੱਕ ਹਾਲ ਹੈ ਉਹ,
ਸੰਤਾਲੀ ਅਤੇ ਚੁਰਾਸੀ ਦੇ ਵਿੱਚ,
ਗਿਆ ਸੀ ਕਿਸ ਉਦਾਸੀ ਦੇ ਵਿੱਚ?

ਕਤਲ ਹੋਏ ਨਿਰਦੋਸ਼ ਨਿਮਾਣੇ
ਕਿਉਂ ਨਹੀਂ ਮੰਨ ਲਏ ਉਸ ਦੇ ਭਾਣੇ?
ਹੁਕਮ ਰਜ਼ਾ ਵਿੱਚ ਕਿਉਂ ਨਹੀਂ ਰਹਿੰਦੇ,
'ਗੱਗ' ਦੇ ਹੀ ਕਿਉਂ ਪਿੱਛੇ ਪੈਂਦੇ?

ਸੱਚ ਬੋਲਣ ਤੋਂ ਰਹਿ ਨਹੀਂ ਸਕਦਾ,
ਝੂਠ ਜ਼ੁਬਾਨੋਂ ਕਹਿ ਨਹੀਂ ਸਕਦਾ,
ਮੈਂ ਉੱਤੇ ਦੱਸ ਕਿਉਂ ਨਾ ਚੜ੍ਹਸਾਂ,
ਰੱਬ ਜੇ ਥੱਲੇ ਲਹਿ ਨਹੀਂ ਸਕਦਾ?

ਵਿੱਚ ਸਰੋਵਰ ਨਹਾਇਆਂ ਜੇਕਰ,
ਉੱਤਰ ਪਾਪ ਕਮਾਇਆ ਜੇ ਕਰ,
ਫਿਰ ਤਾਂ ਸੱਚੀ ਗੱਲ ਹੈ ਭਾਈ,
ਅਕਾਲ ਪੁਰਖ ਹੀ ਹੋਊ ਸਹਾਈ।

ਹਿੰਦੂ, ਸਿੱਖੋ, ਨਾਮਧਾਰੀਓ,
ਰਾਦਾ ਸੁਆਮੀਓ ਤੇ ਸੰਸਾਰੀਓ,
ਸੱਚ ਸਹਾਰੋ, ਝੂਠ ਨਕਾਰੋ,
ਮੈਂ ਦੇ ਅੰਦਰੋਂ ਅਹਿੰ ਨੂੰ ਮਾਰੋ।

ਜੇਕਰ ਅਹਿੰ ਨੂੰ ਮਾਰ ਨਹੀਂ ਸਕਦੇ,
ਕਿਸੇ ਦਾ ਕੁੱਝ ਸੁਆਰ ਨਹੀਂ ਸਕਦੇ,
'ਬਾਣੀ' ਤੇ ਕਰ ਵਿਚਾਰ ਨਹੀਂ ਸਕਦੇ,
ਕਦੇ ਵੀ ਕਰ ਸੁਧਾਰ ਨਹੀਂ ਸਕਦੇ।

ਸੁਣ ਲਵੋ ਗੱਲ ਕਰਕੇ ਜੇਰੇ,
'ਗੱਗ' ਨਹੀਂ ਤਾਂ ਹੋਰ ਬਥ੍ਹੇਰੇ,
ਕਿਸ ਕਿਸ ਦੇ ਮੂੰਹ ਛਿੱਕੂ ਲਾਓਗੇ,
ਕਿਸ ਕਿਸ ਦੀ ਆਵਾਜ਼ ਦਬਾਓਗੇ?

ਸਿੱਧਾਂ ਦੇ ਨਾਲ ਨਾਨਕ ਭਿੜਿਆ,
ਤਾਂ ਹੀ ਫੁੱਲ ਮਹਿਕਦਾ ਖਿੜਿਆ,
ਕੌਡੇ ਰਾਕਸ਼ ਤੋਂ ਡਰ-ਡੁਰ ਜਾਂਦਾ,
ਕਦੋਂ ਦਾ ਨਾਨਕ ਮਰ-ਮੁਰ ਜਾਂਦਾ।

ਕਾਵਾਂ ਆਖੇ ਮਰਨ ਨਾ ਢੱਗੇ,
ਕੌਡੇ ਰਾਕਸ਼ ਨਾਨਕ ਅੱਗੇ,
ਬੜੇ ਆਏ ਤੇ ਆਉਂਦੇ ਰਹਿਣੇ,
ਐਪਰ ਮੂੰਹ ਦੀ ਖਾਂਦੇ ਰਹਿਣੇ।

'ਗੱਗ ਤੂੰ ਐਵੇਂ ਨਾ ਘਬਰਾ,
ਅਪਣੇ ਰਸਤੇ ਤੁਰਦਾ ਜਾਹ,
ਨਾਨਕ ਨਾਮ ਚੜ੍ਹਦੀ ਕਲਾ,
ਤੇਰੇ ਭਾਣੇ ਸਰਬਤ ਦਾ ਭਲਾ।

No comments:

Post a Comment