Tuesday, 29 April 2014

ਸਕੀਮਾਂ...

ਸੁੱਖੇ-ਰਾਹੁਲ ਹੋਰੀਂ ਤਾਂ ਬੱਸ ਰਹਿਣ ਸਕੀਮਾਂ ਘੜਦੇ
ਜਦ ਵੀ ਮਰਦੇ ਰੋਟੀ ਖਾਤਰ ਲੋਕਾਂ ਦੇ ਪੁੱਤ ਮਰਦੇ।

ਜਾਂ ਉਹ ਨ੍ਹੇਰੇ ਖੂਹ ਵਿੱਚ ਹੁੰਦੇ ਜਾਂ ਟੈਂਕੀ ਤੇ ਚੜ੍ਹਦੇ
ਅੱਜਕਲ੍ਹ ਸੂਰੇ ਦੇਸ਼ ਮੇਰੇ ਦੇ ਪਏ ਨਿਹੱਥੇ ਲੜਦੇ।

ਸਿੰਘਾਂ ਦੇ ਵੱਜ ਜਾਂਦੇ ਬਾਰਾਂ, ਮੋਦੀ ਪਿਆ ਉਚਾਰੇ
ਬਾਦਲ ਹੋਰੀਂ ਜੱਫੀਆਂ ਪਾ ਪਾ ਆਖਣ ਬੰਦੇ ਘਰਦੇ।

ਇਹ ਦਿੱਲੀ ਦੀ ਪੱਤ ਨੂੰ ਲੁੱਟਣ, ਹੋਏ ਚੌਧਰੀ 'ਕੱਠੇ
ਸਭ ਨੂੰ ਨਾਲ ਖੜ੍ਹਾਉਂਦੇ ਐਪਰ ਕਿਸੇ ਨਾਲ ਨ੍ਹੀਂ ਖੜ੍ਹਦੇ।

ਬੇਗਮਪੁਰਾ ਵਸਾਉਂਦੀ ਪੂਜਾ ਪੈ ਗਈ ਵੱਸ ਚੋਰਾਂ
ਸਮਝ ਟਰਾਲੀ ਉਹਨੂੰ ਸਾਰੇ ਟੋਚਨ ਪਾਉਣ ਨੂੰ ਕਰਦੇ।

ਬਾਣਾ ਪਾਕੇ, ਤਿਲਕ ਲਗਾਕੇ ਬਹਿਜਾ ਅੰਬ ਦੇ ਥੱਲੇ
ਮੂਰਖ ਬਣਨ ਨੂੰ ਬੁੱਧੀਜੀਵੀ ਹਰਲ-ਹਰਲ ਪਏ ਕਰਦੇ।

ਅੰਨ੍ਹਿਆਂ ਤਾਈਂ ਕਰੇ ਸੁਜਾਖੇ ਇਹ ਬਾਣੀ 'ਗੱਗ-ਬਾਣੀ'
ਦੋ-ਦੋ ਅੱਖਾਂ ਵਾਲੇ ਬਾਣੀਆਂ ਪੜ੍ਹ-ਪੜ੍ਹ ਅੰਨ੍ਹਿਆਂ ਕਰਦੇ।

No comments:

Post a Comment