Tuesday, 29 April 2014

ਜੁਗਨੂੰਆਂ ਨੂੰ ਕਹਿ ਦਿਓ, ਜ਼ਾਬਤੇ ਵਿੱਚ ਰਹਿਣ ਉਹ...

ਪਹਿਲਾਂ ਨਹੀਂ ਦੱਸਿਆ ਸ਼ਾਸਕਾਂ, ਫੇਰ ਨਾ ਕਿਤੇ ਕਹਿਣ ਉਹ,
ਜੁਗਨੂੰਆਂ ਨੂੰ ਕਹਿ ਦਿਓ, ਜ਼ਾਬਤੇ ਵਿੱਚ ਰਹਿਣ ਉਹ।

ਕੰਢਿਆਂ ਨੂੰ ਖੋਰ ਕੇ ਦਰਿਆ ਜੇ ਬਾਗੀ ਹੋਣਗੇ,
ਅਪਣੀ ਆਜ਼ਾਦੀ ਖੋਣਗੇ, ਖੁਦ ਹੀ ਜਵਾਬੀ ਹੋਣਗੇ,
ਨਹਿਰੀਂ ਸਮੇਟੇ ਜਾਣਗੇ, ਇਹ ਸੋਚ ਕੇ ਹੀ ਵਹਿਣ ਉਹ,
ਜੁਗਨੂੰਆਂ ਨੂੰ ਕਹਿ ਦਿਓ, ਜ਼ਾਬਤੇ ਵਿੱਚ ਰਹਿਣ ਉਹ।

ਰੁੱਖ ਜੋ ਛਾਵਾਂ ਕਰਨਗੇ, ਉਹ ਆਰਿਆਂ ਤੇ ਚੜ੍ਹਨਗੇ,
ਸੀਨੇ 'ਚ ਮੇਖਾਂ ਜਰਨਗੇ ਤੇ ਭੱਠਿਆਂ 'ਚ ਸੜਨਗੇ,
ਦਸਤ-ਏ ਕੁਹਾੜੀ ਬਣਨਗੇ, ਨਾ ਵਿੱਚ ਭੁਲੇਖੇ ਰਹਿਣ ਉਹ,
ਜੁਗਨੂੰਆਂ ਨੂੰ ਕਹਿ ਦਿਓ, ਜ਼ਾਬਤੇ ਵਿੱਚ ਰਹਿਣ ਉਹ।

ਜ਼ਿੰਦਗੀ ਨਾ ਰਾਸ ਜਿਨ੍ਹਾਂ, ਸਿਮਰ ਕਰਨ ਅਰਦਾਸ ਕਰਨ,
ਤੇਰਾ ਦਿੱਤਾ ਖਾਵਣਾ, ਨਾ ਹੋਰ ਕੋਈ ਬਕਵਾਸ ਕਰਨ,
ਮੰਨ ਲੈਣ ਭਾਣਾ ਰੱਬ ਦਾ, ਔਕਾਤ ਵਿੱਚ ਹੀ ਰਹਿਣ ਉਹ,
ਜੁਗਨੂੰਆਂ ਨੂੰ ਕਹਿ ਦਿਓ, ਜ਼ਾਬਤੇ ਵਿੱਚ ਰਹਿਣ ਉਹ।

ਫਾਂਸੀਆਂ ਚੜ੍ਹੇ, ਜੇਲ੍ਹੀਂ ਸੜੇ, ਸੁਪਨੇ ਵਿਖਾ ਕੇ ਚਲੇ ਗਏ,
ਮੁਰਦਿਆਂ ਨੂੰ ਅਣਖ ਦਾ ਜੋ ਜਾਗ ਲਾ ਕੇ ਚਲੇ ਗਏ,
ਕੁਰਬਾਨੀਆਂ ਦਾ ਇਤਿਹਾਸ ਹੈ, ਇਹ ਸੋਚ ਕੇ ਹੀ ਖਹਿਣ ਉਹ,
ਹਨੇਰਿਆਂ ਨੂੰ ਕਹਿ ਦਿਓ, ਜ਼ਾਬਤੇ ਵਿੱਚ ਰਹਿਣ ਉਹ।
ਜਿਨ੍ਹਾਂ ਨੇ ਹੱਦਾਂ ਤੋੜੀਆਂ, ਉਲਟੇ ਵਹਾਏ ਵਹਿਣ ਉਹ

No comments:

Post a Comment