Tuesday, 29 April 2014

ਸਾਨੂੰ ਨਾ ਰਾਸ ਆਈ, ਜ਼ਿੰਦਗੀ ਦੀ ਦਾਅਵੇਦਾਰੀ...

ਅਸੀਂ ਮਿਹਨਤਾਂ ਦੇ ਆਸ਼ਿਕ, ਅਸੀਂ ਕਿਰਤ ਦੇ ਪੁਜਾਰੀ,
ਸਾਨੂੰ ਨਾ ਰਾਸ ਆਈ, ਜ਼ਿੰਦਗੀ ਦੀ ਦਾਅਵੇਦਾਰੀ...।

ਜਦ ਵੀ ਹੈ ਬਦਲੀ ਕਰਵਟ
ਜਦ ਵੀ ਹੈ ਚਾਦਰ ਤਾਣੀ,
ਬਦਲੇ ਗਏ ਪੈਮਾਨੇ
ਬਦਲੀ ਗਈ ਕਹਾਣੀ,
ਊੜੇ ਨੂੰ ਲੱਗੀਆਂ ਲਾਵਾਂ, ਆੜੇ ਨੂੰ ਲਾ ਸਿਹਾਰੀ,
ਸਾਨੂੰ ਨਾ ਰਾਸ ਆਈ, ਜ਼ਿੰਦਗੀ ਦੀ ਦਾਅਵੇਦਾਰੀ...।

ਪੈਸੇ ਤੇ ਕਬਜ਼ਾ ਕਰਕੇ
ਮੁੱਲ ਮਿਹਨਤਾਂ ਦਾ ਪਾਉਂਦੇ,
ਸਾਡੇ ਤੋਂ ਲੈਕੇ ਸੇਧਾਂ
ਸਾਨੂੰ ਹੀ ਰਾਹ ਦਿਖਾਉਂਦੇ,
ਕਰੀਏ ਕੀ ਸਮਝ ਨਾ ਆਵੇ, ਸਮਝਦੇ ਤਾਂ ਹਾਂ ਗੱਲ ਸਾਰੀ
ਸਾਨੂੰ ਨਾ ਰਾਸ ਆਈ, ਜ਼ਿੰਦਗੀ ਦੀ ਦਾਅਵੇਦਾਰੀ...।

ਧਰਮਾਂ ਦਾ ਸਿੱਕਾ ਚੱਲਿਆ
ਸੋਚਾਂ ਨਿਪੁੰਸਕ ਹੋਈਆਂ,
ਹੈ ਉਹ ਹੀ ਰੋਗ ਪਠੋਰੇ
ਜਿਸ ਰੋਗ ਬੱਕਰੀਆਂ ਮੋਈਆਂ,
ਆਏ ਹਾਂ ਭੇਡੂ ਬਣਦੇ, ਦੁਨੀਆਂ ਇਹ ਦੁਨੀਆਂਦਾਰੀ
ਸਾਨੂੰ ਨਾ ਰਾਸ ਆਈ, ਜ਼ਿੰਦਗੀ ਦੀ ਦਾਅਵੇਦਾਰੀ...।

ਕਿਸਮਤ ਨੂੰ ਦੋਖੀ ਕਹਿਕੇ
ਸੁਰਖਰੂ ਹੋਣਾ ਸਿੱਖਿਆ,
ਮਰਨਾ ਹੈ ਸੱਚ ਮੰਨਕੇ
ਫਿਰ ਸ਼ੁਰੂ ਹੋਣਾ ਸਿੱਖਿਆ,
ਜਿੱਤ ਗਈ ਹੈ ਕਾਰਸਤਾਨੀ, ਹਾਰੀ ਹੈ ਖੁਦਮੁਖਤਾਰੀ
ਸਾਨੂੰ ਨਾ ਰਾਸ ਆਈ, ਜ਼ਿੰਦਗੀ ਦੀ ਦਾਅਵੇਦਾਰੀ...।

ਜੂਆ ਨਹੀਂ ਹੈ ਜੀਵਨ
ਗੱਗ-ਬਾਣੀ ਦੇ ਵਿੱਚ ਲਿਖਿਆ,
ਮਰਨੋਂ ਮੂਲ ਨਾ ਡਰਦੇ
ਜਿਸਨੇ ਹੈ ਜਿਊਣਾ ਮਿੱਥਿਆ,
ਅਸੀਂ ਜ਼ਿੰਦਗੀ ਦੇ ਆਸ਼ਿਕ, ਤੇ ਉਹ ਮੌਤ ਦੇ ਵਿਓਪਾਰੀ
ਸਾਨੂੰ ਨਾ ਰਾਸ ਆਈ, ਜ਼ਿੰਦਗੀ ਦੀ ਦਾਅਵੇਦਾਰੀ...।

No comments:

Post a Comment