ਅਪਣੇ ਆਪ ਨੂੰ ਬਹੁਤੇ ਲੀਡਰ
ਆਂਹਦੇ ਨੇ ਦੁੱਧ ਧੋਤੇ ਲੀਡਰ।
ਕੁੱਤਿਆਂ ਦਾ ਕਿਰਦਾਰ ਨਿਭਾਉਂਦੇ
ਐਪਰ ਹੁੰਦੇ ਖੋਤੇ ਲੀਡਰ।
ਮਲੂਕਾ ਆਖੇ ਮੈਂ ਕਿਉਂ ਨਹੀਂ
ਜਦ ਬਣ ਸਕਦੇ ਤੋਤੇ ਲੀਡਰ।
ਆ ਜਾਵੇਗੀ ਹਵਾ ਟਿਕਾਣੇ
ਜਦ ਖੇਤਾਂ ਵਿੱਚ ਜੋਤੇ ਲੀਡਰ।
ਜੇ ਬਾਦਲ ਨਾ ਫਹੁੜੀ ਦੇਵੇ
ਵੇਖਣ ਕੇਰਾਂ ਖਲੋ ਕੇ ਲੀਡਰ।
ਮਾਂ ਮਰੀ ਜਿਹਾ ਬੂਥਾ ਹੁੰਦਾ
ਆਉਣ ਜਾਂ ਵੋਟਾਂ ਮੌਕੇ ਲੀਡਰ।
ਨਲ਼ੀਆਂ ਵੀ ਚੱਟਣ ਤੱਕ ਜਾਂਦੇ
ਪੈਰ ਪੀਂਦੇ ਨੇ ਧੋ ਕੇ ਲੀਡਰ।
ਥਾਲ਼ੀਆਂ ਵੰਡਣ ਆਉਂਦੇ ਜਿਹੜੇ
ਰੋਟੀ ਲੈ ਜਾਣ ਖੋਹ ਕੇ ਲੀਡਰ।
ਸਾਡੀਆਂ ਜੁੱਤੀਆਂ ਸਾਡੇ ਹੀ ਸਿਰ
ਮਾਰਦੇ ਨੇ ਭਿਓਂ-ਭਿਓਂ ਕੇ ਲੀਡਰ।
ਬਹਿ ਜਾਂਦੇ ਨੇ ਸਿਰ ਤੇ ਚੜ੍ਹਕੇ
ਲੰਘਦੇ ਹੇਠ੍ਹੋਂ ਹੋ ਕੇ ਲੀਡਰ।
ਬਾਦਲ ਆਖੇ ਜੇਤਲੀ ਤਾਂਈਂ
ਨਾਨਕਿਆਂ ਦੇ ਦੋਹਤੇ ਲੀਡਰ।
ਜਦ ਲੋਕਾਂ ਨੇ ਝਾੜੂ ਚੁੱਕਿਆ
ਲਾਵਣ ਲੱਗ ਪਏ ਪੋਚੇ ਲੀਡਰ।
ਕਰਦੇ ਜੋ ਨਿੱਤ ਧੋਖੇ ਲੀਡਰ
ਅੱਜਕਲ੍ਹ ਬਾਹਲੇ ਔਖੇ ਲੀਡਰ।
ਭੋਲਿਓ ਲੋਕੋ ਹੋਸ਼ 'ਚ ਆਓ
ਆਉਣਗੇ ਨੀਵੇਂ ਹੋ ਕੇ ਲੀਡਰ।
ਬਾਹਰੋਂ ਦਿਸਦੇ ਭਰੇ ਭੁਕੰਨੇ
ਅੰਦਰੋਂ ਖਾਲੀ ਖੋਖੇ ਲੀਡਰ।
ਗੱਗਬਾਣੀ ਵਿੱਚ ਲਿਖਿਆ ਹੋਇਆ
ਪਹਿਨ ਕੇ ਆਉਣ ਮੁਖੌਟੇ ਲੀਡਰ।
No comments:
Post a Comment