Monday, 7 April 2014

ਇਸ਼ਕ ਦਾ ਗਿੜ੍ਹਦਾ ਪੈਂਦਾ ਤੇਰੇ ਇਸ਼ਕ ਦਾ ਗਿੜਦਾ ਪੈਂਦਾ...

ਟਾਈਫਾਈਡ ਮੱਤ ਮਾਰੀ
ਹੋ ਗਏ ਪੰਦਰਾਂ ਦਿਨ ਤੋਂ ਉੱਤੇ,
ਨਾ ਚੱਜ ਨਾਲ ਸੁੱਤੇ,ਲੱਗ ਗਏ ਗੁੱਠੇ, ਪੈ ਗਏ ਪੁੱਠੇ
ਬਾਦਲ ਨੂੰ ਜੇ ਖੰਘ ਵੀ ਆ ਜਾਏ
ਪੂਛਾਂ ਚੱਕ ਲੈਣ ਕੁੱਤੇ
ਲੈ ਲੈ ਬੁੱਕੇ, ਹਾਲ ਚਾਲ ਪੁੱਛੇ, ਕਿਵੇਂ ਆ ਸੁੱਖੇ
ਸਾਡੀ ਕਿਸੇ ਨੇ ਸਾਰ ਨਾ ਲਈ, ਮਰ ਗਿਆ ਏ ਕਿ ਰਹਿੰਦਾ
ਇਸ਼ਕ ਦਾ ਗਿੜ੍ਹਦਾ ਪੈਂਦਾ ਤੇਰੇ ਇਸ਼ਕ ਦਾ ਗਿੜਦਾ ਪੈਂਦਾ......।।

ਪਾਣੀ ਵੀ ਹੁਣ ਮੁੱਲ ਵਿਕਦਾ, ਨਾ ਮੋਇਆਂ ਦੇ ਮੂੰਹ ਪੈਂਦਾ
ਪੰਜ ਦਰਿਆ ਦੀ ਧਰਤੀ ਉੱਤੇ ਪਿਆਸੇ ਮਰਨਾ ਪੈਂਦਾ
ਇਸ਼ਕ ਦਾ ਗਿੜ੍ਹਦਾ ਪੈਂਦਾ ਤੇਰੇ ਇਸ਼ਕ ਦਾ ਗਿੜਦਾ ਪੈਂਦਾ......।।

ਹਸਪਤਾਲ ਵਿੱਚ ਗਿਆ, ਸੀ ਉਹ ਹਸਪਤਾਲ ਸਰਕਾਰੀ
ਘੰਟਾ ਲਾਈਨ 'ਚ ਲੱਗਣ ਮਗਰੋਂ ਆਈ ਕਿੱਧਰੇ ਵਾਰੀ
ਖੂਨ ਦੇ ਸਾਰੇ ਟੈਸਟ ਕਰਾ ਲਏ, ਲੱਗੀ ਪਤਾ ਬੀਮਾਰੀ
ਪਰਚੀ ਉੱਤੇ ਲਿਖੀ ਦਵਾਈ, ਇੱਕ ਅੰਦਰੋਂ, ਦੋ ਬਾਹਰੀ
ਬਾਹਰੋਂ ਜਿਹੜੀ ਲਿਖੀ ਦਵਾਈ, ਸੀ ਸਰਕਾਰੋਂ ਜਾਰੀ
ਮੁੜਕੇ ਅੰਦਰੋਂ ਪਤਾ ਜਾ ਕੀਤਾ, ਪੁੱਠੇ ਕੰਮ ਸਰਕਾਰੀ
ਨੋਟਿਸ ਬੋਰਡ ਤੇ ਅੰਕਿਤ ਪਰ ਨਾ ਹੋਈ ਪਿੱਛਿਓਂ ਜਾਰੀ
ਮੁਫਤ ਦਵਾਈਆਂ, ਮੁਫਤ ਇਲਾਜ, ਬਾਦਲ ਐਵੇਂ ਕਹਿੰਦਾ
ਇਸ਼ਕ ਦਾ ਗਿੜ੍ਹਦਾ ਪੈਂਦਾ ਤੇਰੇ ਇਸ਼ਕ ਦਾ ਗਿੜਦਾ ਪੈਂਦਾ......।।

ਆਈਆਂ ਵੋਟਾਂ ਵੋਟਾਂ ਦੇ ਵਿੱਚ ਹਰ ਕੋਈ ਦਾਅ ਚਲਾਵੇ
ਨਿੱਕੇ ਨਿੱਕੇ ਕਿਰਦਾਰ ਹੋ ਗਏ, ਵੱਡੇ ਵੱਡੇ ਦਾਅਵੇ
ਨਮੋ-ਨਮੋ ਪਿਆ ਮੋਦੀ ਆਖੇ, ਕਿੱਧਰੇ ਮਰ ਨਾ ਜਾਵੇ
ਕੁਰਸੀ ਦਾ ਬੜਾ ਸੁਪਨਾ ਭੈੜਾ ਕੁਰਸੀ ਨਾਚ ਨਚਾਵੇ
ਅੰਗਦ ਬਣਿਆ ਕੇਜਰੀਵਾਲ, ਕੋਈ ਪੁੱਟ ਕੇ ਪੈਰ ਵਿਖਾਵੇ
ਬਾਦਲ ਪਿੰਡ ਬਠਿੰਡੇ ਵਾੜਿਆ, ਨੂੰਹ ਚੱਲੀ ਮੁਕਲਾਵੇ
ਵਿੱਚ ਕਬੱਡੀ ਪ੍ਰਿਅੰਕਾ ਜਦ ਠੁਮਕੇ, ਠੁਮਕਾ ਲਾਵੇ
ਬਾਦਲ ਬਾਪੂ, ਬਾਦਲ ਅੰਮਾਂ, ਭਜਨ ਮਾਨ ਪਿਆ ਗਾਵੇ
ਸਾਨੂੰ ਸਮਝ ਨਾ ਆਵੇ ਕਿਹੜਾ ਕੀਹਨੂੰ ਮੂਰਖ ਕਹਿੰਦਾ
ਇਸ਼ਕ ਦਾ ਗਿੜ੍ਹਦਾ ਪੈਂਦਾ ਤੇਰੇ ਇਸ਼ਕ ਦਾ ਗਿੜਦਾ ਪੈਂਦਾ......।।

ਹਰ ਲੀਡਰ ਅਰਬਾਂ ਦਾ ਹੋਇਆ, ਕਰਕੇ ਘਾਲ਼ਾ-ਮਾਲਾ
ਐਪਰ ਭਾਰਤ ਮਾਂ ਤੇਰਾ ਤਾਂ ਨਿੱਕਲਿਆ ਪਿਆ ਦੀਵਾਲਾ
ਤੇਰੀ ਪੱਤ ਲੁੱਟਣ ਨੂੰ ਹਰ ਕੋਈ ਇੱਕ ਦੂਜੇ ਤੋਂ ਕਾਹਲਾ
ਤੂੰ ਵੀ ਆਉਂਦੇ ਪੰਜੀਂ ਸਾਲੀਂ, ਕਰ ਦਏਂ ਯਾਰ ਸੁਖਾਲ਼ਾ
ਤੇਰੀ ਕੁੱਖੋਂ ਜੰਮਣ ਲੱਗ ਪਿਆ ਗੋਰਿਆਂ ਵਰਗਾ ਕਾਲ਼ਾ
ਨਾ ਸਾੜ੍ਹੀ ਨੂੰ ਪਿੰਨਾਂ ਤੇਰੇ ਨਾ ਸੁੱਥਣ ਨੂੰ ਨਾਲ਼ਾ
ਐ ਭਾਰਤ ਦੇ ਜਾਇਆ ਤੇਰੇ ਵਰਗਾ ਕੋਣ ਦਿਲਵਾਲਾ
ਮੁੜ ਮੁੜ ਉੱਤੇ ਚੜ੍ਹਦੇ ਜ਼ਾਲਿਮ, ਮੁੜ ਮੁੜ ਹੇਠ੍ਹਾਂ ਪੈਂਦਾ
ਇਸ਼ਕ ਦਾ ਗਿੜ੍ਹਦਾ ਪੈਂਦਾ ਤੇਰੇ ਇਸ਼ਕ ਦਾ ਗਿੜਦਾ ਪੈਂਦਾ......।।

ਵਤਨ ਮੇਰੇ ਦਿਓ ਆਸ਼ਕੋ ਵੇ ਕੁੱਝ ਸੋਚੋ ਕਰੋ ਵਿਚਾਰਾਂ
ਕਦ ਤੱਕ ਜ਼ੁਲਮ ਹੈ ਸਹਿੰਦੇ ਰਹਿਣਾ ਤੇ ਜਾਲਮ ਦੀਆਂ ਮਾਰਾਂ
ਵਿੱਚ ਸਕੂਲਾਂ ਐਡਮੀਸ਼ਨ ਫੀਸ ਹੈ ਦਸ ਤੋਂ ਵੀਹ ਹਜ਼ਾਰਾਂ
ਮੁਫਤ ਪੜ੍ਹਾਈਆਂ ਬੰਦ ਕਰਨ ਤੇ ਆ ਗਈਆਂ ਸਰਕਾਰਾਂ
ਹਸਪਤਾਲਾਂ ਮੁਫਤ ਇਲਾਜ, ਭੌਂਕਣ ਇਸ਼ਤਿਹਾਰਾਂ
ਹਸਪਤਾਲੋਂ ਹੋਣ ਬਾਹਰ ਜਣੇਪੇ, ਕੋਈ ਲਵੇ ਨਾ ਸਾਰਾਂ
ਕਿਉਂ ਡਰਾਉਂਦੀ ਖਾਕੀ ਵਰਦੀ, ਲਾਲ ਬੱਤੀ ਦੀਆਂ ਕਾਰਾਂ
ਜੀਅ ਕਰਦਾ ਮੈਂ ਸਭ ਨੂੰ ਖੜ੍ਹਾ ਕੇ ਲਾਈਨ 'ਚ ਗੋਲ਼ੀ ਮਾਰਾਂ
ਜਾਂ ਸੋਨੀਆਂ ਜਾਂ ਬਾਦਲ ਹੈ ਨਹੀਂ ਜਾਂ ਫਿਰ ਮੈਂ ਨਹੀਂ ਰਹਿੰਦਾ
ਇਸ਼ਕ ਦਾ ਗਿੜ੍ਹਦਾ ਪੈਂਦਾ ਤੇਰੇ ਇਸ਼ਕ ਦਾ ਗਿੜਦਾ ਪੈਂਦਾ......।।

No comments:

Post a Comment