Thursday, 24 April 2014

ਨੰਨੀ ਛਾਂ ਵਾਲੀ ਸਿਮਰੋ ...

ਮੰਜੀ ਦਾ ਓਹਲਾ ਕਰਕੇ ਨੀਂ
ਤੂੰ ਵੀ ਨਹਾਉਂਦੀ ਹੋਣਾ ਸੀ
ਬੀਬਾ ਤੂੰ ਸਾਡੇ ਚੁੱਲ੍ਹੇ ਤੇ
ਰੋਟੀਆਂ ਲਾਹੁੰਦੀ ਹੋਣਾ ਸੀ।

ਜ਼ੁਲਫਾਂ ਦੇ ਨਾਲ ਕੰਘੀ ਦਾ
ਨਿੱਤ ਫਸੇਵਾਂ ਹੋਣਾ ਸੀ
ਤੂੰ ਰੱਬ ਨੂੰ ਉਲਾਂਭੇ ਦੇਣੇ ਸੀ
ਤੂੰ ਵੀ ਕਿਸਮਤ ਨੂੰ ਰੋਣਾ ਸੀ।

ਪੱਕੀ ਨਹਿਰ ਤੋਂ ਗੋਹਟੇ ਚੁਗਦੀ ਦਾ
ਨਾ ਲੱਕ 28 ਰਹਿਣਾ ਸੀ
ਨਾ ਤੋਰ ਮੜਕਵੀਂ ਰਹਿਣੀ ਸੀ
ਨਾ ਰੂਪ ਦੁਹਾਈ ਰਹਿਣਾ ਸੀ।

ਹਸਪਤਾਲ ਵਿੱਚ ਲਾਈਨ ਬਣਾ
ਤੂੰ ਵੀ ਢਿੱਡ ਫੜਕੇ ਖੜ੍ਹਨਾ ਸੀ
ਤੂੰ ਵੀ ਕੋਈ ਗੰਗੂ ਜੰਮਣਾ ਸੀ
ਤੇ ਨਾਮ ਸ਼ਹਿਨਸ਼ਾਹ ਧਰਨਾ ਸੀ।

ਦਿਨ ਸੌਖੇ ਕਿੱਦਾਂ ਹੋ ਜਾਵਣ
ਤੈਨੂੰ ਵੀ ਸੋਚਣਾ ਆਉਣਾ ਸੀ
ਜ਼ਿਮੀਂਦਾਰਾਂ ਦੇ ਵਾਢੀ ਨੂੰ
ਤੂੰ ਵੀ ਦਿਹਾੜੀ ਜਾਣਾ ਸੀ।

ਨਾਂ ਹੁੰਦਾ ਵਿੱਚ ਨਰੇਗਾ ਦੇ
ਤੇਰੇ ਸਿਰ ਤੇ ਤਸਲਾ ਹੋਣਾ ਸੀ
ਮੋਢੇ ਤੇ ਗੈਂਤੀ ਹੋਣੀ ਸੀ
ਤੇਰਾ ਇਹੋ ਈ ਅਸਲਾ ਹੋਣਾ ਸੀ।

ਤੂੰ ਜੰਮੀ ਜਿਹੜੇ ਚੌਧਰੀ ਦੇ
ਚੌਧਰ ਚਲਾਈ ਹੋਣੀ ਐ
ਜਾਂ ਪਿਓ ਦਾਦੇ ਦੀ ਲੁੱਟੀ ਹੋਊ
ਜਾਂ ਲੁੱਟ ਮਚਾਈ ਹੋਣੀ ਐ।

ਐਵੇਂ ਨਹੀਂ ਤੇਰੀ ਬਾਡੀ ਨੂੰ
ਗਾਰਡ ਲੱਗੇ ਹੋਏ ਨੇ
ਤੇਰੇ ਪੇਕੇ ਸਹੁਰੇ ਦੋਵੇਂ ਹੀ
ਲਾਰਡ ਲੱਗੇ ਹੋਏ ਨੇ।

ਜੰਮ ਜਾਂਦੀ ਕਿਤੇ ਹਮ੍ਹਾਤੜ੍ਹ ਦੇ
ਤੂੰ ਸਿਮਰੋ ਆਖ ਸਦਾਉਣਾ ਸੀ
ਸਿਰਫ਼ ਰਾਸ਼ਨ ਕਾਰਡ ਤੇ ਪੰਨੇ ਤੇ
ਹਰਸਿਮਰਤ ਲਿਖਿਆ ਹੋਣਾ ਸੀ।

ਤੇਰੇ ਕੀਹਨੇ ਕਸੀਦੇ ਪੜ੍ਹਨੇ ਸੀ
ਤੇਰਾ ਕੀਹਨੇ ਚਾਲੀਸਾ ਗਾਉਣਾ ਸੀ
ਹੰਸ ਰਾਜ, ਹਰਭਜਨ ਤਾਂ ਕੀ
ਤੈਨੂੰ ਮੱਛਰਾਂ ਰਾਗ ਸੁਣਾਉਣਾ ਸੀ।

ਲਿਖਿਆ ਏ ਗੱਗਬਾਣੀ ਵਿੱਚ
ਅੱਗ ਸਭ ਦੇ ਸੀਨੇ ਬਲ਼ਦੀ ਏ
ਵਿੱਚ ਪੈਂਦਾ ਖੂਨ ਗਰੀਬਾਂ ਦਾ
ਤਦੇ ਲੈਂਡ ਕਰੂਜ਼ਰ ਚੱਲਦੀ ਏ।

No comments:

Post a Comment