Tuesday, 29 April 2014

ਮਾਂ ਤੇ ਧੀ ਦੇ ਸੰਵਾਦ...

ਮਾਂ ਤੇ ਧੀ ਦੇ ਸੰਵਾਦ 
ਪੜ੍ਹ ਲਿਖ ਕੇ ਅੰਮੀਏ ਨੀਂ, ਮੈਂ ਨਾਂ ਚਮਕਾਵਾਂਗੀ,
ਬਾਪੂ ਦੀ ਪੱਗੜੀ ਨੂੰ, ਮੈਂ ਲਾਜ ਨਾ ਲਾਵਾਂਗੀ।

ਪਰ ਫ਼ਿਕਰ ਤਾਂ ਹੁੰਦੇ ਨੇ, ਧੀਆਂ ਮੁਟਿਆਰਾਂ ਦੇ,
ਪੱਟ ਲੈਣ ਗਰੀਬਾਂ ਨੂੰ, ਇਹ ਜੋ ਕਾਫ਼ਲੇ ਕਾਰਾਂ ਦੇ।

ਤੇਰੇ ਜਿਗਰ ਦਾ ਟੋਟਾ ਹਾਂ, ਤੇਰੀ ਕੁੱਖ ਦੀ ਜਾਈ ਆਂ,
ਰੱਖ ਸਿਰ ਤੇ ਹੱਥ ਬੀਬੀ, ਕੋਈ 'ਲਾਂਭਾ ਲਿਆਈ ਆਂ,
ਇਸ ਚਾਰ ਦੀਵਾਰੀ 'ਚ, ਮੈਂ ਮਰ-ਖਪ ਜਾਵਾਂਗੀ
ਪੜ੍ਹ ਲਿਖ ਕੇ ਅੰਮੀਏ ਨੀਂ, ਮੈਂ ਨਾਂ ਚਮਕਾਵਾਂਗੀ.........॥

ਸੁਣਿਆ ਵਿੱਚ ਕਾਲਜਾਂ ਦੇ, ਨਾ ਹੋਣ ਪੜ੍ਹਾਈਆਂ ਨੀਂ,
ਜਾਂ ਆਸ਼ਕੀ ਹੁੰਦੀ ਏ, ਜਾਂ ਹੋਣ ਲੜਾਈਆਂ ਨੀਂ,
ਤੂੰ ਭੋਲ਼ੀ ਏਂ ਧੀਏ, ਕਿੱਦਾਂ ਮਨ ਮਾਰਾਂਗੇ
ਫ਼ਿਕਰ ਤਾਂ ਹੁੰਦੇ ਨੇ, ਧੀਆਂ ਮੁਟਿਆਰਾਂ ਦ........॥

ਫੜਿਆ ਨਹੀਂ ਜਾਂਦਾ ਏ, ਮੂੰਹ ਬੇਸ਼ੱਕ ਲੋਕਾਂ ਦਾ,
ਪਰ ਸੋੜਾ ਹੀ ਕਿਉਂ ਏ, ਸਾਡਾ ਦਾਇਰਾ ਸੋਚਾਂ ਦਾ,
ਉਹ ਵੀ ਤਾਂ ਧੀਆਂ ਨੇ, ਜੋ ਨਾਮ ਕਮਾਉਂਦੀਆਂ ਨੇ
ਪੜ੍ਹ ਲਿਖ ਕੇ ਮਾਪਿਆਂ ਦਾ ਜੋ ਮਾਣ ਵਧਾਉਂਦੀਆਂ ਨੇ...॥

ਪਰ ਅੱਜਕਲ੍ਹ ਗੀਤਾਂ 'ਚ, ਜੋ ਦੱਸਿਆ ਜਾ ਰਿਹਾ ਏ,
ਨਾ ਰੋਇਆ ਜਾਂਦਾ ਏ, ਨਾ ਹੱਸਿਆ ਜਾ ਰਿਹਾ ਏ,
ਕੀ ਅਨਪੜ੍ਹ ਰਹਿ ਜਾਂਦੇ, ਟੱਬਰ ਕਲਾਕਾਰਾਂ ਦੇ,
ਪਰ ਫ਼ਿਕਰ ਤਾਂ ਹੁੰਦੇ ਨੇ, ਧੀਆਂ ਮੁਟਿਆਰਾਂ ਦੇ...॥

ਧੀਆਂ ਭੈਣਾਂ ਵਾਲੇ ਨੇ, ਪਰ ਅਕਲੋਂ ਖਾਲੀ ਨੇ,
ਉਸ ਬਾਗ ਨੂੰ ਵੱਢ ਰਹੇ ਨੇ, ਜਿਸ ਬਾਗ ਦੇ ਮਾਲੀ ਨੇ,
ਏਨੀ ਗੱਲ ਭੁੱਲ ਗਏ ਨੇ, ਏਹਨਾਂ ਵੀ ਜਾਈਆਂ ਨੇ,
ਬੱਕਰੇ ਦੀ ਮੰਗੀ ਏ, ਕਦ ਖੈਰ ਕਸਾਈਆਂ ਨੇ.....॥

ਚੱਲ ਮਰਜ਼ੀ ਐ ਧੀਏ, ਪਰ ਡਰ ਜਿਹਾ ਆਉਂਦਾ ਏ,
ਜਦ ਖਬਰਾਂ ਸੁਣਦੇ ਆਂ, ਦਿਲ ਬਾਹਰ ਨੂੰ ਆਉਂਦਾ ਏ,
ਤੇਰੇ ਤੇ ਭਰੋਸਾ ਹੈ, ਤੂੰ ਮਾਣ ਵਧਾਵੇਂਗੀ,
ਬਾਪੂ ਦੀ ਪੱਗੜੀ ਨੂੰ, ਕੋਈ ਲਾਜ ਨਾ ਲਾਵੇਂਗੀ....॥

ਮੈਂ ਸਭ ਕੁੱਝ ਸਮਝਦੀ ਆਂ, ਤੂੰ ਫ਼ਿਕਰ ਨਾ ਕਰ ਬੀਬੀ,
ਜੀਹਦੇ ਮਾਂ-ਪਿਓ ਨਾਲ ਹੁੰਦੇ, ਉਹਨੂੰ ਕਾਹਦਾ ਡਰ ਬੀਬੀ,
'ਗੱਗ-ਬਾਣੀ' ਵਿੱਚ ਲਿਖਿਆ, ਬਦਲ ਸਕਦੀਆਂ ਲੀਹਾਂ ਨੂੰ,
ਮੌਕਾ ਦੇ ਕੇ ਵੇਖੋ, ਓਏ ਲੋਕੋ ਧੀਆਂ ਨੂੰ
ਮੌਕਾ ਦੇ ਕੇ ਵੇਖੋ, ਓਏ ਲੋਕੋ ਧੀਆਂ ਨੂੰ
ਮੌਕਾ ਦੇ ਕੇ ਵੇਖੋ, ਓਏ ਲੋਕੋ ਧੀਆਂ ਨੂੰ

No comments:

Post a Comment