ਮਾਹੀ ਦੇ ਵਿਛੋੜੇ ਵਿੱਚ ਮੱਚੀ ਹਾਹਾਕਾਰ ਨੂੰ
ਲਾਜ਼ਮੀ ਨਹੀਂ ਕਿ ਗੀਤ ਹੀ ਕਿਹਾ ਜਾਵੇ, ਵੰਗਾਂ ਦੀ ਛਣਕਾਰ ਨੂੰ,
ਪੱਥਰਾਂ ਤੋਂ ਚੋਟ ਬਿਨਾਂ ਉਮੀਦ ਵੀ ਕੀ ਹੋ ਸਕਦੀ ਏ,
ਉਹ ਮੈਅ ਹੀ ਸਮਝਦੇ ਨੇ ਹੰਝੂਆਂ ਦੀ ਧਾਰ ਨੂੰ,
ਲਾਹ ਲੈਂਦੇ ਝੱਟ ਵੈਰੀ ਸੱਭਿਆ ਸਮਾਜ ਦੇ
ਕੋਠੇ ਉੱਤੇ ਚੜ੍ਹੀ ਹੋਈ ਸੋਹਣੀ ਮੁਟਿਆਰ ਨੂੰ,
ਜਵਾਨੀ ਤੇ ਸੁਹੱਪਣ ਦਾ ਸੁਮੇਲ ਵੀ ਕੀ ਕਰਨਾ,
ਅੱਗ 'ਚੋਂ ਲੰਘਾ ਕੇ ਵੀ ਨਾ ਢੋਈ ਮਿਲੇ ਨਾਰ ਨੂੰ,
ਗਹਿਣਾ ਹੁੰਦਾ ਕੰਤ ਜਿਹੜਾ ਮਾਪਿਆਂ ਸਹੇੜਿਆ
ਚੱਟਣਾ ਨ੍ਹੀਂ ਹੁੰਦਾ ਕਿਸੇ ਹਾਰ ਤੇ ਸ਼ਿੰਗਾਰ ਨੂੰ,
ਤਾਂ ਵੀ ਕਿਹੜਾ ਜਿਉਣ ਦਿੰਦੇ ਸਹਿਬਾਂ ਜੀਣ-ਜੋਗੜੀ ਨੂੰ
ਚੰਗੀ ਤਰਾਂ ਜਾਣਦੀ ਸੀ ਮਿਰਜ਼ੇ ਦੇ ਵਾਰ ਨੂੰ,
ਉਹ ਤਾਂ ਵਿਚਾਰੀ ਬਾਲ਼ੀ-ਭੋਲ਼ੀ ਜਿਹੀ ਹੁੰਦੀ ਐ
ਲੋਕੀਂ ਗੌਰ ਨਾਲ ਤੱਕਦੇ ਨੇ ਅੰਗਾਂ 'ਚ ਉਭਾਰ ਨੂੰ,
ਔਰਤ ਹੈ, ਔਰਤ ਦੀ ਹੋਣੀ ਸ਼ਾਇਦ ਇਹੋ ਐ
ਹਾਰ ਜਾਂਦੀ ਘਰੇ ਆਕੇ, ਜਿੱਤ ਕੇ ਸੰਸਾਰ ਨੂੰ।।
No comments:
Post a Comment