ਹੱਕ ਤਾਂ ਤੇਰਾ ਹੀ ਸੀ
ਮੈਂ ਤਾਂ ਜ਼ਿੰਦਗੀ ਦੇ ਕੀਮਤੀ ਵਰ੍ਹਿਆਂ ਦਾ
ਇੱਕ-ਇੱਕ ਪਲ
ਤੇਰੇ ਲਈ ਸਾਂਭ ਕੇ ਰੱਖਿਆ ਸੀ
ਅਪਣੇ ਚਾਵਾਂ ਦੀ ਸੰਘੀ ਘੁੱਟਕੇ
ਤੈਨੂੰ ਅਲਵਿਦਾ ਆਖਣ ਲੱਗਿਆਂ
ਭਰ ਆਇਆ ਸੰਘ
ਜੇ ਵੇਖ ਲੈਂਦਾ
ਤਾਂ ਡਾਲਰਾਂ ਦੀ ਚਮਕ
ਫਿੱਕੀ ਪੈ ਜਾਣੀ ਸੀ....
ਮਖਮਲੀ ਸੇਜਾਂ ਨੇ
ਇਕਲਾਪੇ ਦੀ ਰੋਗਣ ਨੂੰ
ਸੰਤਾਪੀਆਂ ਰੂਹਾਂ ਦਾ
ਵਰਦਾਨ ਦੇਕੇ
ਇਹ ਸੋਚਣ ਲਈ
ਮਜ਼ਬੂਰ ਕਰ ਦਿੱਤਾ
ਕਿ ਇਹ ਕੈਦਾਂ
ਇਹ ਵਲਗਣਾਂ
ਇਹ ਬੰਧਨ
ਇਹ ਦਾਇਰੇ
ਇਹ ਲਛਮਣ ਰੇਖਾਵਾਂ
ਮੇਰੇ ਲਈ ਹੀ ਕਿਉਂ ਹਨ?
ਮੁਕਤੀ ਦਾ ਮਾਰਗ ਤਾਂ
ਜ਼ਿੰਦਗੀ ਦੇ ਰੰਗਾਂ ਵਿੱਚ ਹੈ.....
ਵਰ੍ਹ ਰਹੇ ਸਾਉਣ ਵਿੱਚ
ਤਪਦੇ ਪਿੰਡੇ ਤੇ
ਤੇਰੇ ਪਿਆਰ ਦੀ
ਇੱਕ ਬੂੰਦ ਹੀ ਕਾਫੀ ਸੀ
ਮੈਨੂੰ ਸਾਰੀ ਦੀ ਸਾਰੀ
ਭਿੱਜ ਜਾਣ ਲਈ..
ਕਾਸ਼!
ਤੂੰ ਮੇਰੀ ਖਾਮੋਸ਼ੀ ਵਿੱਚੋਂ
ਅੰਦਾਜ਼ਾ ਲਾ ਲੈਂਦਾ
ਬੀਜ ਦੇ ਫੁੱਟਣ ਤੋਂ ਪਹਿਲਾਂ
ਅਸੂਲਾਂ ਦੇ ਟੁੱਟਣ ਤੋਂ ਪਹਿਲਾਂ
ਮੇਰੇ ਬਾਗੀ ਹੋ ਜਾਣ ਤੋਂ ਪਹਿਲਾਂ
ਮੇਰੇ ਦਾਗੀ ਹੋ ਜਾਣ ਤੋਂ ਪਹਿਲਾਂ
ਕਾਸ਼, ਕਿਤੇ ਮੇਰੀ ਥਾਂ
ਤੂੰ ਹੁੰਦਾ.......
ਮੇਰੇ ਜ਼ਖਮੀ ਪਰਾਂ ਨੂੰ ਪਲੋਸਣ ਦਾ
ਹੱਕ ਤਾਂ ਆਖਿਰ
ਤੇਰਾ ਹੀ ਸੀ....।।
Wednesday, 30 April 2014
ਹੱਕ...
Subscribe to:
Post Comments (Atom)
No comments:
Post a Comment