Thursday, 24 July 2014

ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ..

ਬਾਦਲ ਰਾਜ ਦੀ ਬੱਤੀ ਵਾਂਗੂੰ
ਜਾਂ ਛੜਿਆਂ ਦੀ ਹੱਟੀ ਵਾਂਗੂੰ
ਟਾਕੀਆਂ ਵਾਲੀ ਛੱਤੀ ਵਾਂਗੂੰ
ਹਰ ਮਹੀਨੇ ਦੀ 'ਕੱਤੀ ਵਾਂਗੂੰ

ਹਾਲ ਹੋ ਗਿਆ ਅੱਜ-ਕੱਲ੍ਹ ਅਪਣਾ, ਬਿਲਕੁਲ ਏਦਾਂ ਦਾ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਕਦੇ-ਕਦੇ ਇੰਝ ਲੱਗਦੈ ਜੀਕਣ ਕੁੱਝ ਵੀ ਹੋ ਨਹੀਂ ਸਕਦਾ
ਮੁਲਕ ਮੇਰੇ ਵਿੱਚ ਫੈਲੇ ਗੰਦ ਨੂੰ ਕੋਈ ਧੋ ਨਹੀਂ ਸਕਦਾ
ਜਾਗਣ ਦਾ ਵਰ ਜਿਸਨੇ ਪਾਇਆ, ਬੇਸ਼ੱਕ ਸੋ ਨਹੀਂ ਸਕਦਾ
ਨਿਰਾ ਝੂਠ ਹੈ ਹਾਸੇ ਵੰਡਣ ਵਾਲਾ ਰੋ ਨਹੀਂ ਸਕਦਾ
ਆਤਮਹੱਤਿਆ ਕਰ ਗਏ ਅੱਥਰੂ, ਸਾਡੀ ਅੱਖ ਵਿੱਚ ਆ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਉੰਝ ਤਾਂ ਮਹਿਫਿਲ ਦੇ ਵਿੱਚ ਉਸਨੂੰ ਕਾਤਿਲ ਆਖ
ਬੁਲਾਈਏ
ਨਾ ਚਾਹੁੰਦੇ ਵੀ ਐਪਰ ਉਸ ਦੀ ਲੁਕ-ਲੁਕ ਖੈਰ ਮਨਾਈਏ
ਕਾਣਿਆਂ ਦੇ ਵਿੱਚ ਅਸੀਂ ਸੁਜਾਖੇ, ਅੰਨ੍ਹਿਆਂ ਆਖ ਸਦਾਈਏ
ਛੱਡ ਸੰਘਰਸ਼ਾਂ ਵਾਲਾ ਰਾਹ, ਵੋਟਾਂ ਤੇ ਟੇਕ ਲਗਾਈਏ
ਖੋਹ ਕੇ ਸੁਪਨੇ ਹੱਥਫੜਾ ਗਏ, ਠੂਠਾ ਆਟਾ-ਦਾਲ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਹਰ ਸੰਘਰਸ਼ ਨੇ ਇੱਕ ਥਾਂ ਆਕੇ ਰੁਕ ਹੀ ਜਾਣਾ ਹੁੰਦਾ
ਭੁੱਲ ਜਾਂਦੇ ਹਾਂ ਅਸੀਂ ਵੀ ਇਸਨੂੰ, ਕਿੰਝ ਨਵਿਆਉਣਾ ਹੁੰਦਾ
ਡਾਹਢੇ ਨੇ ਵੀ ਆਖਿਰ ਅਪਣਾ ਜ਼ੋਰ ਲਗਾਉਣਾ ਹੁੰਦਾ
ਹਰ ਸਿੱਧੀ ਤੇ ਅਪਣਾ ਪੁੱਠਾ ਦਾਅ ਚਲਾਉਣਾ ਹੁੰਦਾ
ਸਾਨੂੰ ਹੀ ਨਹੀਂ ਆਇਆਤੁਰਨਾ, ਤੁਰੀ ਦਾ ਏ ਕਿੱਦਾਂ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

ਗੱਗਬਾਣੀ ਵਿੱਚ ਸੱਚੀਆਂ ਗੱਲਾਂ, ਐਪਰ ਸੱਚ ਨਾ ਆਵੇ
ਭੁੱਖਿਆਂ ਹੋਵੇ ਭਗਤੀ ਨਾਹੀਂ, ਭੁੱਖਿਆਂ ਨੂੰ ਕੁੱਝ ਭਾਵੇ
ਅਪਣੇ ਪੈਰੀਂ ਆਪ ਕੁਹਾੜਾ ਮਾਰ ਕੋਈ ਮੁਸਕਾਵੇ
ਨਿੱਕੀਆਂ-ਨਿੱਕੀਆਂ ਲੋੜਾਂ ਐਪਰ ਵੱਡੇ-ਵੱਡੇ ਦਾਅਵੇ
ਸਾਡੇ ਸਿਰ ਨੂੰ ਐਸਾ ਚੜ੍ਹਿਆ, ਪ੍ਰੇਮ ਖੇਡਣ ਕਾ ਚਾਓ
ਨਾ ਮਰਿਆਂ ਦੇ ਸੋਗ ਮਨਾਈਏ, ਨਾ ਜੰਮਿਆਂ ਦੇ ਚਾਅ।

No comments:

Post a Comment