Tuesday, 28 June 2016

ਧੰਨ-ਧੰਨ ਹੋ ਗਏ ਯੋਗਾ ਕਰਕੇ

ਅੱਧੇ ਮੁਲਖ ਨੂੰ ਕੌਡਾ ਕਰਕੇ
ਧੰਨ-ਧੰਨ ਹੋ ਗਏ ਯੋਗਾ ਕਰਕੇ
ਮੁੜ ਆਏ ਹਾਂ ਭਰੇ ਭਰਾਏ
ਭੁੱਖੇ ਢਿੱਡ ਦਾ ਸੌਦਾ ਕਰਕੇ।

ਭੀਖ ਨਹੀਂ ਅਸੀਂ ਹੱਕ ਮੰਗੇ ਸੀ
ਕਿਹੜਾ ਵਿੱਤੋਂ ਵੱਖ ਮੰਗੇ ਸੀ
ਸੋਨ-ਤਲ਼ੇ ਦੀ ਜੁੱਤੀ ਵਾਲਿਓ
ਅਸੀਂ ਤੇ ਕੁੱਲੀ ਕੱਖ ਮੰਗੇ ਸੀ।
ਪਾੜ੍ਹਿਆਂ ਲਈ ਰੋਜ਼ਗਾਰ ਮੰਗੇ ਸੀ
ਬਣਦੇ ਜੋ ਅਧਿਕਾਰ ਮੰਗੇ ਸੀ
ਨਹੀਂ ਮੰਗੀਆਂ ਸੀ ਪਿੰਡੇ ਲਾਸ਼ਾਂ
ਨਾ ਡਾਂਗੀਂ ਸਤਿਕਾਰ ਮੰਗੇ ਸੀ।
ਵਹੁਟੀ ਆਖੇ ਵੇਲਣਾ ਫੜ ਕੇ
ਪੀਪੇ ਦੇ ਵਿੱਚ ਹੈ ਨਹੀਂ ਆਟਾ
ਦੱਸਿਓ ਬਾਦਲ ਸਾਹਬ ਤੁਹਾਡੇ
ਵੀ ਘਰੇ ਕੀ ਇਹੋ ਸਿਆਪਾ?
ਭੁੱਲ ਗਿਆ ਸਾਨੰ ਪਿੰਡ ਅਸਾਡੇ
ਵਿੱਚ ਸਕੂਲੇ ਮਾਸਟਰ ਹੈ ਨਹੀਂ
ਡਿਸਪੈਂਸਰੀ ਵਿੱਚ ਡੰਗਰ ਬੱਧੇ
ਡਾਕਟਰਨੀ ਨਾ, ਡਾਕਟਰ ਹੈ ਨਹੀਂ।
ਇਹ ਵੀ ਭੁੱਲ ਗਿਆ ਬਾਪੂ ਸਾਡਾ
ਬਿਨਾ ਦਵਾਈਓਂ ਮਰਦਾ ਪਿਆ ਏ
ਉਹ ਪਏ ਆਖਣ ਜੋਗਾ ਕਰ ਲਓ
ਵਾਹਿਗੁਰੂ-ਵਾਹਿਗੁਰੂ ਕਰਦਾ ਪਿਆ ਏ।
ਹਰੇ ਪੱਤੇ ਦੀ ਗੋਲ਼ੀ ਦੇ ਨਾਲ
ਬੇਬੇ ਡੰਗ ਟਪਾਉਂਦੀ ਪਈ ਏ
ਏਨਾ ਵੀ ਨਾ ਕਰਨ ਜੋਕਰੇ
ਖੁਦ ਤੇ ਘ੍ਰਿਣਾ ਆਉਂਦੀ ਪਈ ਏ।
ਵੇਲ ਦੇ ਵਾਂਗੂੰ ਵਧਦੀ ਜਾਂਦੀ
ਰੋਜ਼ ਬਾਲੜੀ ਧੀ ਕਹਿੰਦੀ ਏ
ਉੱਚੀ ਹੋ ਗਈ ਸਕੂਲ ਦੀ ਵਰਦੀ
ਡੈਡੀ ਜੀ! ਹੁਣ ਕੁੱਟ ਪੈਂਦੀ ਏ।
ਵਹੁਟੀ ਹੋ ਗਈ ਬੜੀ ਸਿਆਣੀ
ਮੱਝ ਵਿਕ ਗਈ ਹੁਣ ਕੀ ਮਧਾਣੀ
ਕੁੱਝ ਪੱਲਿਓਂ ਪਾ ਵਰਦੀ ਲੈ ਆਇਓ
ਪੜ੍ਹ-ਲਿਖ ਜਾਵੇ ਧੀ ਧਿਆਣੀ।
ਵਿੱਚ ਕਾਲ਼ਜੇ ਖੌਅ ਪੈਂਦੀ ਏ
ਅਕਸਰ ਗੱਲ ਕਰਦੀ ਰੋ ਪੈਂਦੀ ਏ
ਘਰ-ਘਰ ਕੈਂਸਰ ਨੇ ਘਰ ਕੀਤਾ
ਅਪਣੀ ਪੀੜ ਲੁਕੋ ਲੈਂਦੀ ਏ।
ਦਸਵੀਂ ਕਰ ਗਿਆ ਪੁੱਤ ਬਥੇ੍ਹਰਾ
ਪਿਓ ਦਾ ਹੱਥ ਵੰਡਾਵੀਂ ਸ਼ੇਰਾ
ਦੋ ਵਜੇ ਸੀ ਮੁੜਦਾ ਸਕੂਲੋਂ
ਅੱਜਕਲ੍ਹ ਆਉਂਦਾ ਕਰਕੇ 'ਨ੍ਹੇਰਾ।
ਘਰ-ਘਰ ਇਹੋ ਕਹਾਣੀ ਬੀਬਾ
ਇਹੋ ਈ ਐ ‪#‎ਗੱਗਬਾਣੀ‬ ਬੀਬਾ
ਉਹ ਹੀ ਮਰਜ਼ ਤੇ ਉਹ ਹੀ ਮੰਜਾ
ਉਹ ਹੀ ਲਾਸ਼ ਪੁਰਾਣੀ ਬੀਬਾ।
ਏਦਾਂ ਦੇ ਹਾਲਾਤ ਨੇ ਸਾਡੇ
ਏਦਾਂ ਦੇ ਦਿਨ-ਰਾਤ ਨੇ ਸਾਡੇ
ਏਦਾਂ ਦੇ ਹਾਲਾਤਾਂ ਦੇ ਵਿੱਚ
ਅਸੀਂ ਪਏ ਹਾਂ ਮੌਜਾਂ ਕਰਦੇ।
ਹੋਰ ਨੇ ਜਿਹੜੇ ਯੋਗਾ ਕਰਦੇ
ਲੰਮੇ-ਲੰਮੇ ਸਾਹ ਪਏ ਭਰਦੇ
ਲਾਸ਼ਾਂ ਉੱਤੇ ਕਰਨ ਸਿਆਸਤ
ਬਾਦਲ, ਮੋਦੀ, ਸੋਨੀਆ ਵਰਗੇ।
- ਸੁਰਜੀਤ ਗੱਗ

No comments:

Post a Comment