ਐ ਕਵਿਤਾ!
ਤੈਨੂੰ ਮੈਂ ਹੀ ਲੱਭਦਾ ਹਾਂ
ਛਿੱਤਰ ਪਵਾਉਣ ਨੂੰ?
ਕਿਉਂ ਨਹੀਂ ਚਲੀ ਜਾਂਦੀ
ਮੈਥੋਂ ਦੂਰ
ਬਹੁਤ ਦੂਰ
ਓਥੇ
ਜਿੱਥੇ
ਮੂਰਖਾਂ ਦਾ ਵਾਸਾ ਨਹੀਂ ਹੁੰਦਾ।
ਜਿੱਥੇ
ਧਰਮਾਂ ਦਾ ਵਿਉਪਾਰ ਨਹੀਂ ਹੁੰਦਾ।
ਜਿੱਥੇ
ਮਾਰੂ ਹਥਿਆਰਾਂ ਦੀ ਨੁਮਾਇਸ਼ ਨਹੀਂ ਲੱਗਦੀ।
ਕਿਉਂ
ਮੇਰੇ ਨਾਲ ਵੈਰ ਹੈ
ਪਿਆਰੀਏ?
ਬਹੁਤ ਵਾਰ ਸੋਚਦਾ ਹਾਂ
ਮੈਂ ਵੀ
ਭੰਗ ਪੀ ਕੇ
ਅਧਿਆਤਮਕ ਖਰੜਾ ਲਿਖਾਂ।
ਸੁਨਹਿਰੀ ਜਿਲਦ ਵਿੱਚ ਮੜ੍ਹਾ ਕੇ
ਅੱਖਾਂ ਬੰਦ ਕਰਕੇ
ਪੜ੍ਹਨ ਦਾ
ਹੁਕਮ ਸੁਣਾ ਦੇਵਾਂ।
ਤੇ ਬਣ ਜਾਵਾਂ
ਜਗਤ ਗੁਰੂ
ਥੋੜ੍ਹੇ ਜਿਹੇ ਮੂਰਖਾਂ ਦੇ ਸਿਰ ਤੇ।
ਮੈਨੂੰ ਆਇਆ ਹੀ ਨਹੀਂ
ਖੇਡ੍ਹਣਾ
ਸ਼ਬਦਾਂ ਨਾਲ।
ਮੇਰੀ ਕਲਮ ਵਿੱਚ
ਧਾਰਮਿਕ ਖੁਸਰਾਪਨ ਨਹੀਂ ਹੈ।
ਸ਼ਾਇਦ
ਕਵਿਤਾ ਮੈਨੂੰ
ਕਤਲ ਕਰਵਾ ਹੀ ਦੇਵੇ।
No comments:
Post a Comment