Sunday, 26 January 2014

ਜੇਲ੍ਹਾਂ

ਜੇਲ੍ਹਾਂ ਵਿੱਚ 
ਸਿਰਫ ਕੈਦੀ ਹੀ ਨਹੀਂ ਹੁੰਦੇ।

ਜੇਲ੍ਹਾਂ ਵਿੱਚ 
ਸਿਰਫ਼ ਸ਼ੈਤਾਨ ਹੀ ਨਹੀਂ ਹੁੰਦੇ।

ਜੇਲ੍ਹਾਂ ਵਿੱਚ
ਹਾਲਾਤਾਂ ਦੇ ਝੰਬੇ ਹੋਏ
ਇਨਸਾਨ ਵੀ ਹੁੰਦੇ ਨੇ।

ਜਿਨ੍ਹਾਂ ਨੂੰ
ਭੁਗਤਣੀ ਪਈ ਹੈ
ਉਮਰ ਕੈਦ
ਬਗੈਰ ਕਿਸੇ ਜ਼ੁਰਮ ਦੇ
ਬਗੈਰ ਕਿਸੇ ਬਗਾਵਤ ਦੇ।

ਜੇਲ੍ਹਾਂ
ਸਿਰਫ਼ ਪੱਥਰਾਂ ਦੀ
ਚਾਰਦੀਵਾਰੀ ਹੀ ਨਹੀਂ ਹੁੰਦੀਆਂ
ਜਿੱਥੇ ਪਾਬੰਦੀਆਂ ਦੇ ਬਾਵਜੂਦ
ਹਰ ਚੀਜ਼ ਉਪਲਬਧ ਹੋ ਜਾਂਦੀ ਹੈ।

ਚਾਰਦੀਵਾਰੀ ਤੋਂ ਬਾਹਰ ਵੀ
ਇੱਕ ਬਹੁਤ ਵੱਡਾ ਕੈਦਖਾਨਾ ਹੈ
ਜਿੱਥੇ ਧਾਰਮਿਕਤਾ ਦੇ ਨਾਂ ਹੇਠ੍ਹ
ਗੁਲਾਮੀ ਦਾ ਪਾਠ ਪੜ੍ਹਾਇਆ ਜਾਂਦਾ ਹੈ
ਤੇ ਕੀਤਾ ਜਾਂਦਾ ਹੈ ਨਿਪੁੰਸਕ
ਬਗਾਵਤੀ ਮਾਦੇ ਨੂੰ।

ਭਾਣੇ ਵਿੱਚ ਰਹਿਣ ਦਾ
ਹੁਕਮਨਾਮਾ ਜਾਰੀ ਕੀਤਾ ਜਾਂਦਾ ਹੈ।

ਜੇਲ੍ਹਾਂ, ਜੇਲ੍ਹਾਂ ਹੀ ਹਨ
ਵੇਲੇ ਸਿਰ ਰੋਟੀ ਤਾਂ ਮਿਲਦੀ ਹੈ
ਬਰਸਾਤ/ਠੰਢ ਤੋਂ ਬਚਾਅ ਤਾਂ ਹੋ ਜਾਂਦਾ ਹੈ।

ਦਨਦਨਾਉਂਦੀਆਂ ਫੌਜਾਂ ਤੋਂ
ਸੁਰੱਖਿਅਤ ਹਨ ਜੇਲ੍ਹਾਂ
ਜਿੱਥੇ ਆ ਕੇ
ਕੋਈ ਵੀ ਜਣਾ-ਖਣਾ
ਲਲਕਾਰਾ ਨਹੀਂ ਮਾਰ ਸਕਦਾ।

ਆਓ
ਜੇਲ੍ਹਾਂ ਦਾ ਦਾਇਰਾ ਵਧਾਈਏ
ਤੇ ਬਾਹਰ ਕਰੀਏ
ਮਲਿਕ ਭਾਗੋਆਂ ਨੂੰ।
(ਗੱਗ-ਬਾਣੀ)

No comments:

Post a Comment