Thursday, 30 January 2014

ਸਿੱਧੇ-ਸਾਦੇ ਜਿਹੇ ਬੰਦੇ ਆਂ....

ਸਿੱਧੇ-ਸਾਦੇ ਜਿਹੇ ਬੰਦੇ ਆਂ 
ਲੱਗੇ ਹੋਏ ਅਪਣੇ ਧੰਦੇ ਆਂ,
'ਉਹ' ਸਦਾ ਸੁਹਾਗਣ ਪੈਸੇ ਦੀ
ਅਸੀਂ ਮੁੱਢੋਂ-ਸੁੱਢੋਂ ਰੰਡੇ ਆਂ।

ਜੋ ਕਮਾਈਦਾ ਉਹੀ ਖਾਈਦਾ ਐ
ਨਾ ਬਹੁਤ ਖਲਾਰਾ ਪਾਈਦਾ ਐ,
ਕੇ ਐਫ ਸੀ ਦੇ ਬਾਰ ਮੂਹਰਿਓਂ
ਗਾਲ਼੍ਹਾਂ ਕੱਢ ਮੁੜ ਆਈਦਾ ਐ।

ਬੱਸ ਓਦੇਂ ਸ਼ਾਹ ਬਣ ਜਾਂਦੇ ਆਂ
ਜਿੱਦੇਂ ਸੌ ਦਾ ਤੇਲ ਪਵਾਉਂਦੇ ਆਂ,
ਕਿਸ਼ਤਾਂ ਵਿੱਚ ਜ਼ਿੰਦਗ਼ੀ ਜਿਉਂਦੇ ਆਂ
ਅਸੀਂ ਕਿਹੜੀ ਜੂਨ ਹੰਢਾਉਂਦੇ ਆਂ?

ਜਦ ਹੁਣ ਜਿਹੇ ਵੋਟਾਂ ਪਈਆਂ ਸੀ
ਅਸੀਂ ਬੜੀਆਂ ਝਈਆਂ ਲਈਆਂ ਸੀ,
ਚਿਪਕੇ ਕੰਧ ਤੇ ਬਾਦਲ-ਮਰਿੰਦਰ ਨੂੰ
ਅਸੀਂ ਜੋ ਮੂੰਹ ਆਈਆਂ ਕਹੀਆਂ ਸੀ।

ਸਾਨੂੰ ਪਤਾ ਹੈ ਕਿੰਨੇ ਪਾਣੀ ਵਿੱਚ
ਕਿੰਨਾ ਦਮ ਹੈ ਏਸ ਕਹਾਣੀ ਵਿੱਚ,
ਜੱਗ ਜਿੱਤਣ ਦਾ ਦਾਅਵਾ ਕਰਦੇ ਹਾਂ
ਉਲਝੇ ਹੋਏ ਅਪਣੀ ਤਾਣੀ ਵਿੱਚ।

ਕੀ ਕਰੀਏ ਰਹਿ ਵੀ ਹੁੰਦਾ ਨਹੀਂ
ਭੌਰੇ ਵਿੱਚ ਲਹਿ ਵੀ ਹੁੰਦਾ ਨਹੀਂ
ਸਾਡੀ ਅੱਖ ਨੂੰ ਲੱਗੀ ਚੋਭ ਜਿਵੇਂ
ਸਾਥ੍ਹੋਂ ਟਿਕ ਕੇ ਬਹਿ ਵੀ ਹੁੰਦਾ ਨਹੀਂ।

'ਜੀਤੋ' ਹੁਣ ਵੰਗਾਂ ਪਾਉਂਦੀ ਨਹੀਂ
ਸੁਰਖੀ-ਬਿੰਦੀ ਵੀ ਲਾਉਂਦੀ ਨਹੀਂ,
ਸਾਡੇ ਚਾਵਾਂ ਨੂੰ ਕੋਈ ਚੋਰ ਪਿਆ
ਰਾਤਾਂ ਨੂੰ ਨੀਂਦਰ ਆਉਂਦੀ ਨਹੀਂ।

ਬੱਸ ਦਿਨ ਕਟੀਆਂ ਪਏ ਕਰਦੇ ਆਂ
ਅਪਣੀ ਹੀ ਅੱਗ ਵਿੱਚ ਸੜਦੇ ਆਂ,
ਕਾਗਜ਼ ਤੇ ਲੀਕਾਂ ਵਾਹ ਲੈਂਦੇ
ਅਸੀਂ ਏਦਾਂ ਸੂਰਜ ਫੜਦੇ ਆਂ।

ਉਹ ਕਦੇ ਤਾਂ ਸੁਰਖ਼ ਸਵੇਰ ਹੋਊ
ਜਦ ਚਾਨਣ ਚਾਰ-ਚੁਫੇਰ ਹੋਊ,
ਲੜ ਫੜਿਆ ਅਸੀਂ ਉਮੀਦ ਵਾਲਾ
ਹੋਊ ਲਾਜ਼ਮੀ, ਦੇਰ-ਸਵੇਰ ਹੋਊ।

ਸਾਨੂੰ ਜਾਗਦੇ ਰਹਿਣ ਬਿਮਾਰੀ ਐ
ਇੱਕ ਏਹੋ ਸਾਡੀ ਹੁਸ਼ਿਆਰੀ ਐ,
ਸਾਡੀ ਜਿੰਨੀ ਕੁ ਸਮਰੱਥਾ ਏ
ਓਨੀ ਤਾਂ ਕੋਸ਼ਿਸ਼ ਜਾਰੀ ਐ।

'ਗੱਗ-ਬਾਣੀ' ਦਾ ਇਹ ਹੌਕਾ ਏ
ਜੀਹਨੂੰ ਜਿੰਨਾ ਮਿਲਦਾ ਮੌਕਾ ਏ,
ਆਓ ਪੁਗਾਈਏ ਅਪਣੀ ਵਾਰੀ ਨੂੰ
ਜਿੱਦਾਂ ਵੀ ਜਿਹੜਾ ਸੌਖਾ ਏ।

ਜੱਗ ਜਿੱਤਣਾ ਬੇਸ਼ੱਕ ਸੌਖਾ ਨਹੀਂ
ਪਰ ਕਿਹੜਾ ਕੰਮ, ਅਨੌਖਾ ਨਹੀਂ,
ਜੁੱਟ ਜਾਵੋ ਜਿੱਦਾਂ ਜੁੱਟ ਸਕਦੇ
ਕਦੇ ਇਹ ਨਾ ਕਹਿਣਾ ਮੌਕਾ ਨਹੀਂ।

ਜੇਕਰ ਸ਼ੀਰੀਂ੍ਹ ਦੀ ਲੋਚਾ ਹੈ
ਫਿਰ ਪਹਾੜ ਵੀ ਬਹੁਤ ਛੋਟਾ ਹੈ
ਅੰਬਰ ਨੂੰ ਛੀਂਡਾ ਪਾਵਾਂਗੇ
ਹਾਲੇ ਕੱਦ ਸਾਡਾ ਛੋਟਾ ਹੈ।

No comments:

Post a Comment