Thursday, 30 January 2014

ਇਹ ਹੈ ਸੰਸਦ ਭਵਨ...

ਇਹ ਹੈ ਸੰਸਦ ਭਵਨ
ਉਰਫ਼ ਪਾਰਲੀਆਮੈਂਟ
ਉਰਫ਼ ਦੁਨੀਆਂ ਦੇ ਸਭ ਤੋਂ ਵੱਡੇ 
ਲੋਕਤੰਤਰ ਦਾ ਜਨਾਜਾ।

ਏਥੇ ਸਿਰ ਨਹੀਂ ਜੁੜਦੇ
ਸਿਰਫਿਰੇ ਜੁੜਦੇ ਨੇ
ਮੁਲਕ ਦੇ ਵੱਖ-ਵੱਖ ਹਲਕਿਆਂ 'ਚੋਂ
ਛਾਂਟਿਆ ਹੋਇਆ ਗੰਦ
ਏਸੇ ਗਟਰ ਵਿੱਚ ਡਿੱਗਦਾ ਹੈ।

ਹੁਣ ਏਥੇ ਬਹਿਸ ਨਹੀਂ ਹੁੰਦੀ
ਲੋਕਤਾਂਤਰਿਕ ਵਿਵਸਥਾ
ਤਹਿਸ-ਨਹਿਸ ਹੁੰਦੀ ਹੈ
ਕੀੜੀ ਦੇ ਸਿਰ ਤੇ ਕੱਦੂ ਰੱਖ ਕੇ
ਉਸ ਦਾ ਸਬਰ ਪਰਖਿਆ ਜਾਂਦਾ ਹੈ।

ਆਦਰਸ਼ ਸੋਸਾਇਟੀ
ਕਾਮਨਵੈੱਲਥ
ਚਾਰਾ, ਸੱਤਿਅਮ, ਬੋਫੋਰਸ
ਰੱਖਿਆ, ਕੋਇਲਾ
ਅਤੇ ਸ਼ਹੀਦਾਂ ਦੇ ਕੱਫਣਾਂ ਵਿੱਚੋਂ ਕਮੀਸ਼ਨ
ਇਹ ਸਾਰਾ ਕਾਰੋਬਾਰ
ਏਸੇ ਬਿਲਡਿੰਗ ਵਿੱਚੋਂ
ਨਿਰਦੇਸ਼ਿਤ ਕੀਤਾ ਜਾਂਦਾ ਹੈ।

ਏਥੇ ਘਪਲਿਆਂ ਨੂੰ
ਤੋਹਮਤਬਾਜ਼ੀ ਆਖ ਕੇ
ਇੱਕ ਅਰਬ ਵੀਹ ਕਰੋੜ ਸਿਰਾਂ ਨੂੰ
ਮੂਰਖ ਬਣਾਇਆ ਜਾਂਦਾ ਹੈ
ਏਦਾਂ ਹਲਾਲ ਕੀਤਾ ਜਾਂਦੈ
ਕਿ ਮਕਤੂਲ
ਕਾਤਲ ਦਾ ਅਹਿਸਾਨਮੰਦ ਹੋ ਨਿੱਬੜਦਾ ਹੈ।

'ਦਿਹਾੜ ਵਿੱਚ 26 ਰੁਪਏ ਖਰਚਣ ਵਾਲਾ
ਗਰੀਬ ਨਹੀਂ'
'ਗਰੀਬਾਂ ਦੇ ਜਿਆਦਾ ਖਾਣ ਨਾਲ
ਮਹਿੰਗਾਈ ਵਧਦੀ ਹੈ'
'ਗਰੀਬ ਹੀ ਹਨ
ਮਹਿੰਗਾਈ ਦੀ ਜੜ੍ਹ'
'ਦਿੱਲੀ ਵਿੱਚ ਪੰਜ ਰੁਪਏ ਵਿੱਚ
ਢਿੱਡ ਭਰ ਕੇ ਰੋਟੀ ਮਿਲ ਜਾਂਦੀ ਹੈ'
'ਭਾਰਤ ਵਿੱਚ ਇੱਕ ਰੁਪਏ ਨਾਲ ਵੀ
ਢਿੱਡ ਭਰਿਆ ਜਾ ਸਕਦਾ ਹੈ'।

ਫਟੇ ਹੋਏ ਕੰਡੋਮ ਦਾ ਨਤੀਜਾ ਹੈ
ਜੋ ਅਜਿਹੇ ਬਿਆਨ ਦੇਣ ਵਾਲੇ
ਏਸ ਭਵਨ ਦਾ
ਵੀਜ਼ਾ ਲਵਾਉਣ ਵਿੱਚ ਸਫਲ ਹੋ ਗਏ
ਜੋ ਅਪਣੀ ਨਿਪੁੰਸਕ ਸੋਚ ਦਾ
ਪ੍ਰਗਟਾਵਾ ਕਰਨ ਲੱਗਿਆਂ
ਅਪਣੀ ਔਕਾਤ ਭੁੱਲ ਜਾਂਦੇ ਹਨ
ਕਿ ਛੇ ਮਹੀਨੇ ਤੱਕ
ਉਹ ਵੀ ਦੁੱਧ ਹੀ ਚੁੰਘਦੇ ਰਹੇ
ਜਿਨ੍ਹਾਂ ਦੇ ਮੂੰਹ ਨੂੰ
ਲਹੂ ਲੱਗ ਚੁੱਕਿਆ ਹੈ।

ਏਸ ਇਮਾਰਤ ਦੇ ਕਿਸੇ ਚਬੂਤਰੇ ਹੇਠ੍ਹ
ਦਫਨ ਹੋ ਗਏ ਨੇ
ਆਜ਼ਾਦੀ ਘੁਲਾਟੀਆਂ ਦੇ ਸੁਫਨੇ
ਲੋਕ-ਪੱਖੀ ਯੋਜਨਾਵਾਂ ਦੇ ਖਰੜੇ
ਆਮ ਲੋਕਾਂ ਦੇ ਮਨੁੱਖੀ ਅਧਿਕਾਰ।

ਤੇ ਉੱਗ ਆਈਆਂ ਨੇ
ਭ੍ਰਿਸ਼ਟਾਚਾਰੀ ਦੀਆਂ ਟੋਪੀਆਂ
ਬੇਈਮਾਨੀ ਦੀਆਂ ਨਿੱਕਰਾਂ
ਤੇ ਕੁਕਰਮਾਂ ਤੇ ਪਰਦਾ ਪਾਉਂਦੀਆਂ ਧੋਤੀਆਂ।

ਹੁਣ ਏਸ ਇਮਾਰਤ ਵਿੱਚ
ਸਿਰ ਨਹੀਂ ਜੁੜਦੇ
ਸਿਰਫਿਰੇ ਜੁੜਦੇ ਨੇ
ਮੁਲਕ ਦੇ ਵੱਖ-ਵੱਖ ਹਲਕਿਆਂ 'ਚੋਂ
ਛਾਂਟਿਆ ਹੋਇਆ ਗੰਦ
ਏਸੇ ਗਟਰ ਵਿੱਚ ਡਿੱਗਦਾ ਹੈ।

No comments:

Post a Comment